ਇੱਕ ਗੁਸਤਾਖ਼ ਜਹੀ ਗੁਸਤਾਖ਼ੀ।

ਬਲਰਾਜ ਚੰਦੇਲ
ਬਲਰਾਜ ਚੰਦੇਲ ਜੰਲਧਰ
(ਸਮਾਜ ਵੀਕਲੀ) ਬਹੁਤ ਛੋਟੀ ਹੁੰਦੀ ਸੀ।ਕੋਈ ਸੱਤਵੀਂ ਅੱਠਵੀਂ ਵਿੱਚ ਪੜ੍ਹਦੀ ਸੀ। ਕੋਠੇ ਉੱਪਰ ਕੰਧ ਨਾਲ ਮੰਜਾ ਖੜਾ ਕਰਕੇ ਉੱਪਰ ਚਾਦਰ ਪਾਕੇ ਇੱਕ ਝੌਂਪੜੀ ਜਿਹੀ ਬਣਾ ਲਈ ਦੀ ਸੀ।ਛੱਤ ਤੇ ਬੰਨੇ ਨਾਲ ਨਾਲ ਹੀ ਹੁੰਦੇ ਸੀ।ਉੱਪਰੋਂ ਹੀ ਨਾਲ ਦੇ ਘਰਾਂ ਵਿੱਚ ਅਵਾਜ਼ਾਂ ਮਾਰਕੇ ਸਹੇਲੀਆਂ ਇਕੱਠੀਆਂ ਕਰ ਲੈਣੀਆਂ ਤੇ ਪੜਾਈ ਦੇ ਬਹਾਨੇ ਛੱਤ ਤੇ ਇਕੱਠੀਆਂ ਹੋਕੇ ਅਪਣੀ ਬਣਾਈ ਝੌਪੜੀ ਵਿੱਚ ਬਹਿ ਕੇ ਸਕੀਮਾਂ ਬਣਾਉਣੀਆਂ। ਹਰ ਕਿਸੇ ਨੇ ਕੁੱਝ ਨਾ ਕੁੱਝ ਅਪਣੇ ਘਰੋਂ ਖਾਣ ਪੀਣ ਦਾ ਸਮਾਨ ਲੈਕੇ ਆ ਜਾਣਾ।ਮਸਤੀ ਕਰਨੀ ਤੇ ਖਾਈ ਪੀਈ ਜਾਣਾ।ਸਾਡੇ ਘਰ ਦੇ ਪਿੱਛੇ ਰਾਜੀ ਛਿੰਦੀ ਤੇ ਊਸ਼ਾ ਦਾ ਘਰ ਸੀ।ਉਨ੍ਹਾਂ ਦੇ ਵੇਹੜੇ ਵਿੱਚ ਬੇਰੀ ਲੱਗੀ ਹੋਈ ਸੀ।ਬੇਰੀ ਦੀਆਂ ਟਾਹਣੀਆਂ ਉਨ੍ਹਾਂ ਦੀ ਕੱਚੀ ਕੋਠਰੀ ਦੇ ਉੱਪਰ ਤੱਕ ਆਉਂਦੀਆਂ ਸੀ।ਅਸੀਂ ਸਾਰੀਆਂ ਸਹੇਲੀਆਂ ਛੱਤ ਤੇ ਜਾਕੇ ਕੋਠਰੀ ਦੇ ਬਨੋਂਬੱਨੀਂ ਹੋਕੇ ਬੇਰ ਤੋੜ ਲਿਆਉਣੇ ।ਨਾਲੇ ਸਕੂਲ ਦਾ ਕੰਮ ਕਰੀ ਜਾਣਾ ਤੇ ਨਾਲੇ ਬੇਰ ਖਾਈ ਜਾਣੇ।ਘਰਾਂ ਵਿੱਚ ਕਿਸੇ ਨੂੰ ਪਤਾ ਨਹੀਂ ਸੀ ਲੱਗਦਾ। ਬੀਬੀਆਂ ਕੁੜੀਆਂ ਛੱਤ ਤੇ ਪੜਾਈ ਕਰ ਰਹੀਆਂ ਹੁੰਦੀਆਂ।ਇੱਕ ਦਿਨ ਸਾਰੀਆਂ ਕਹਿੰਦੀਆਂ ਬੇਰ ਪੱਕ ਕੇ ਜਿਆਦਾ ਮਿੱਠੇ ਹੋ ਗਏ ਹੋਣੇ।ਚਲੋ ਲਾਅ ਲਿਆਈਏ। ਟੱਪ ਲਏ ਬੰਨੇ ਤੇ ਜਾ ਪਹੁੰਚੀਆਂ ਕੋਠਰੀ ਤੇ, ਬੇਰੀ ਦੀਆਂ ਟਾਹਣੀਆਂ ਕੋਲ।ਸਾਰੀਆਂ ਬਨੋਂਬੱਨੀਂ ਹੋ ਗਈਆਂ। ਮੈਂ ਬਹੁਤੀ ਹੁਸ਼ਿਆਰ ਉਨ੍ਹਾਂ ਨੂੰ ਹੱਲਾ ਸ਼ੇਰੀ ਦਿੰਦੀ ਆਪ ਬੰਨੇ ਤੋਂ ਛੱਤ ਤੇ ਹੋ ਗਈ।ਕੋਠਰੀ ਦੀ ਛੱਤ  ਬਹੁਤੀ ਉੱਚੀ ਨਹੀਂ ਸੀ ਪਰ  ਬਾਲਿੱਆਂ ਵਾਲੀ ਕੱਚੀ ਛੱਤ ਸੀ।ਮੈਂ ਛੜੱਪਾ ਮਾਰਿਆ ਤੇ ਟਾਹਣੀ ਨੂੰ ਹੱਥ ਪਾਇਆ। ਧੜਾਮ ਦੇਣੀ ਛੱਤ ਡਿੱਗ ਪਈ।ਸਾਰੀਆਂ ਕੁੜੀਆਂ ਰੌਲਾ ਪਾਉਂਦੀਆਂ ਕੋਠਰੀ ਦੇ ਨਾਲ ਵਾਲੀ ਪੌੜੀ ਤੋਂ ਹੇਠਾਂ ਉੱਤਰ ਗਈਆਂ। ਬਲਰਾਜ ਛੱਤ ਤੋਂ ਡਿੱਗ ਪਈ।ਮੈਂ ਲੰਬੀ ਸੀ ਤੇ ਮੇਰੇ ਹੱਥ ਬਾਲਿੱਆਂ ਨੂੰ ਪੈ ਗਏ।ਛਾਲ ਮਾਰੀ ਤੇ ਫ਼ਟਾਫ਼ਟ ਉਹੀ ਪੌੜੀਆਂ ਚੜ੍ਹਕੇ ਅਪਣੀ ਛੱਤ ਤੋਂ ਉੱਤਰ ਕੇ ਹੇਠਾਂ ਅਪਣੇ ਕਮਰੇ ਵਿੱਚ ਕਿਤਾਬ ਲੈਕੇ ਪੜ੍ਹਣ ਬੈਠ ਗਈ।ਪੈਣੀਆਂ ਜੋ ਬਹੁਤ ਸੀ।
ਕੋਈ ਕੋਠਰੀ ਦਾ ਮਲਵਾ ਫਰੋਲੇ ਤੇ ਬਾਕੀ ਮੇਰੇ ਘਰ ਪਿਛਲੀ ਗਲੀ ਲੰਘ ਕੇ ਦੱਸਣ ਆ ਗਈਆਂ।ਤੁਹਾਡੀ ਕੁੜੀ ਬੇਰ ਤੋੜਦੀ ਛੱਤ ਦੇ ਮਲਵੇ ਹੇਠਾਂ ਆ ਗਈ। ਮੇਰੀ ਮੰਮੀ ਕਹਿੰਦੀ ਕੁੜੇ ਉਹ ਤਾਂ ਅੰਦਰ ਬੈਠੀ ਪੜ੍ਹਦੀ ਪਈ ਆ।ਮੇਰੀਆਂ ਸਹੇਲੀਆਂ ਮਿੰਨਾ ਮਿੰਨਾ ਹੱਸਦੀਆਂ ਭੱਜ ਗਈਆਂ। ਕੁੱਟ ਤੋਂ ਤਾਂ ਉਹ ਵੀ ਬੱਚ ਗਈਆਂ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੰਚਾਇਤੀ ਚੋਣਾਂ
Next articleਪੰਜਾਬ ਦੇ ਹਾਲਾਤ