(ਸਮਾਜ ਵੀਕਲੀ)
ਇੱਟਾਂ ਸਲੂਕ ਦੀਆਂ
ਆਪਾਂ ਆਪਣੇ ਹੱਥੀਂ ਤਿਆਰ ਕਰਾਂਗੇ
ਪਿਆਰ,ਮਹੁੱਬਤ,ਭਾਈਚਾਰੇ ਦਾ
ਮਸਾਲਾ ਅਸੀ ਆਪ ਤਿਆਰ ਕਰਾਂਗੇ
ਚਿਣ-ਚਿਣ ਇੱਟਾਂ ਸਲੂਕ ਦੀਆਂ
ਨੀਹਾਂ ਡੂੰਘੀਆਂ ਆਪ ਤਿਆਰ ਕਰਾਂਗੇ
ਕਰ ਖੱੜੇ ਵਚਨ ਦੇ ਥੰਮ
ਵਿਸ਼ਵਾਸ ਪੱਕੇ ਆਪ ਤਿਆਰ ਕਰਾਂਗੇ
ਚੱਲ ਇੱਟਾਂ ਸਲੂਕ ਦੀਆਂ
ਆਪਾਂ ਆਪਣੇ ਹੱਥੀਂ ਆਪ ਤਿਆਰ ਕਰਾਂਗੇ
ਕੰਧਾਂ ਇਸਦੀਆਂ ਕਰਨਗੀਆਂ ਹਿਫਾਜ਼ਤ
ਸੱਚੇ ਰਿਸ਼ਤੇ ਦੀ ਤਾਕਤ ਨਾਲ ਤਿਆਰ ਕਰਾਂਗੇ
ਬਣਕੇ ਬੋਹੜ ਵੱਡਿਆਈਆਂ ਵਾਲੇ
ਇੱਕ ਤਿਲ ਦੀ ਵੀ, ਬਰਾਬਰ ਵੰਡ ਕਰਾਂਗੇ
ਮਜ਼ਲੂਮ ਕਿਸੇ ਨੂੰ ਬਨਣ ਨਹੀਂ ਦੇਣਾ
ਸਭ ਦੇ ਅਧਿਕਾਰ ਕਰਤੱਵ ਇੱਕ-ਸਮਾਨ ਕਰਾਂਗੇ
ਵਿਸ਼ਵਾਸ ਦੇ ਥੰਮਾਂ ਤੇ ਬਣੇਗੀ ਚਾਵਾਂ ਦੀ ਛੱਤ
ਉਸ ਛੱਤ ਥੱਲੇ ਅਸੀ ਸ਼ਗਨ-ਵਿਹਾਰ ਕਰਾਂਗੇ
ਇੱਕ ਇੱਟ ਨਾ ਬੋਲੇ,ਕਿਸੇ ਹੋਰ ਦੇ ਹੱਕ ਦੀ ਹਾਂ ਮੈਂ
ਆਪਣਿਆਂ ਲਈ ਆਸ਼ਿਆਨਾਂ ਹੌਲੀ-ਹੌਲੀ ਤਿਆਰ ਕਰਾਂਗੇ
ਚੱਲ ਇੱਟਾਂ ਸਲੂਕ ਦੀਆਂ
ਆਪਾਂ ਆਪਣੇ ਹੱਥੀਂ ਆਪ ਤਿਆਰ ਕਰਾਂਗੇ
ਅਹਿਸਾਸਾਂ ਵਾਲੀ ਮਹਿਕ ਹਮੇਸ਼ਾ ਰਹੇਗੀ
ਇਸ ਘਰ ਦਾ ਹੋਵੇਗਾ ਅਸੂਲ,
ਕਿਸੇ ਦਿਲ ਤੇ ਨਾ ਕਦੀ ਵਾਰ ਕਰਾਂਗੇ
ਤਾਨਾਸ਼ਾਹੀ ਕੋਈ ਜੰਮਣ ਨਹੀਂ ਦੇਣਾ
ਧੀ-ਪੁੱਤ ਚ ਕੋਈ ਫ਼ਰਕ ਨਹੀਂ ਕਰਾਂਗੇ
ਮੁੱਲ ਵਿਕਦੇ ਰਿਸ਼ਤੇ ਵਰਜ ਦਿਆਂਗੇ
ਆਪਾਂ ਇਖ਼ਲਾਕ ਦੀ ਪੂੰਜੀ ਨਾਲ ਸਭ ਖ੍ਰੀਦ ਕਰਾਂਗੇ
ਲਾਸ਼ ਕਰਕੇ ਕਿਸੇ ਦੀਆਂ ਜਿੰਦਾ ਭਾਵਨਾਵਾਂ ਨੂੰ
ਖ਼ੁਆਬ-ਏ-ਮਿਨਾਰ ਤਿਆਰ ਨਹੀਂ ਕਰਾਂਗੇ
ਹਰ ਅਕ੍ਰਿਤਕ ਨੂੰ ਰਹੇਗੀ ਮਨਾਹੀ
ਅਾਪਾਂ ਅਲੋਚਕ-ਸਹਿਯੋਗੀ ਸਭ ਸਵੀਕਾਰ ਕਰਾਂਗੇ
ਕੁਦਰਤ ਹੋਈ ਪਈ ਜਿਵੇਂ ਨਾਰਾਜ਼
ਆਪਾਂ ਇਸ ਘਰ ਚ ਸਰਬੱਤ ਦੇ ਭਲੇ ਦੀ ਅਰਦਾਸ ਕਰਾਂਗੇ।
ਨਵਜੋਤ ਕੌਰ ਨਿਮਾਣੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly