ਸਵਾਸਾਂ ਦੀ ਮਾਲਾ

(ਸਮਾਜ ਵੀਕਲੀ)-ਇਹ ਮੰਨਿਆ ਜਾਂਦਾ ਰਿਹਾ ਹੈ ਕਿ ਜੋ ਪ੍ਰਾਣੀ ਇਸ ਮਾਤ – ਲੋਕ ਧਰਤੀ ‘ਤੇ ਆਉਂਦਾ ਹੈ , ਪ੍ਰਭੂ – ਪਰਮੇਸ਼ਵਰ ਵੱਲੋਂ ਉਸਦੇ ਸਵਾਸਾਂ ਦੀ ਗਿਣਤੀ ਨਿਸ਼ਚਿਤ ਕੀਤੀ ਗਈ ਹੁੰਦੀ ਹੈ। ਜਨਮ ਸਮੇਂ ਤੋਂ ਹੀ ਆਰੰਭ ਹੋ ਜਾਂਦੀ ਹੈ ਇਹ ਸਵਾਸਾਂ ਦੀ ਗਿਣਤੀ ਅਤੇ ਜਿਵੇਂ – ਜਿਵੇਂ ਵਖ਼ਤ ਬਤੀਤ ਹੁੰਦਾ ਜਾਂਦਾ ਹੈ , ਪ੍ਰਾਣੀ ਤਾਂ ਸੰਸਾਰਕ ਖਿੱਚੋਤਾਣ ਵਿੱਚ ਗਲਤਾਨ ਹੋਇਆ ਪਿਆ ਰਹਿੰਦਾ ਹੈ , ਪਰ ਉਸਦੇ ਸਵਾਸਾਂ ; ਜੋ ਕਿ ਬਹੁਤ ਅਮੋਲਕ ਤੇ ਗਿਣਵੇਂ ਹੁੰਦੇ ਹਨ , ਦੀ ਗਿਣਤੀ ਦਿਨ ਪ੍ਰਤੀ ਦਿਨ , ਹਰ ਘੜੀ , ਹਰ ਪਲ ਘਟਦੀ ਜਾਂਦੀ ਹੈ , ਬਸ ਘਟਦੀ ਹੀ ਜਾਂਦੀ ਹੈ ਤੇ ਸਵਾਸਾਂ ਦੇ ਸੰਪੂਰਨ ਹੁੰਦੇ ਸਾਰ ਹੀ ਪ੍ਰਾਣੀ ਇਸ ਝੂਠੇ ਸੁਫ਼ਨੇ , ਇਸ ਮਿੱਥਿਆ , ਇਸ ਬਾਲੂ ਦੇ ਢੇਰ ਜਿਹੇ , ਇਸ ਫ਼ਾਨੀ , ਅਸਥਾਈ ਸੰਸਾਰ ਤੋਂ ਆਪਣੇ ਕੰਮਾਂਕਾਰਾਂ ਦਾ ਲੇਖਾ ਪੂਰਾ ਕਰਕੇ ਮ੍ਰਿਤੂ ਨੂੰ ਪ੍ਰਾਪਤ ਹੋ ਜਾਂਦਾ ਹੈ। ਇਹ ਸਿਲਸਿਲਾ ਜਨਮ – ਮਰਨ ਦਾ ਅਨੰਤ ਸਮੇਂ ਤੋਂ ਚਲਿਆ ਆ ਰਿਹਾ ਹੈ।

ਪ੍ਰਾਣੀ ਦੇ ਜਨਮ ਤੋਂ ਬਾਅਦ ਉਸ ਦੀਆਂ ਚੰਗੀਆਂ – ਮਾੜੀਆਂ ਯਾਦਾਂ , ਉਸਦੇ ਵਿਹਾਰ , ਸੰਸਾਰ ਨੂੰ ਉਸ ਦੀ ਦੇਣ ਆਦਿ ਇੱਕ ਯਾਦ ਬਣ ਕੇ ਰਹਿ ਜਾਂਦੇ ਹਨ। ਜਿਨ੍ਹਾਂ ਪ੍ਰਾਣੀਆਂ ਨੇ ਇਸ ਜਗਤ , ਇਸ ਸੰਸਾਰ , ਮਾਨਵਤਾ , ਪਸ਼ੂ – ਪੰਛੀ ਤੇ ਪ੍ਰਾਣੀ ਮਾਤਰ ਦੀ ਭਲਾਈ ਦੇ ਲਈ ਤਨ , ਮਨ ਤੇ ਧਨ ਅਰਪਣ ਕਰਕੇ ਯਥਾਸੰਭਵ ਯੋਗਦਾਨ ਪਾਇਆ ਹੋਇਆ ਹੁੰਦਾ ਹੈ ; ਉਹ ਹਮੇਸ਼ਾ ਦੁਨੀਆਂ ਵਿਚ ਸਤਿਕਾਰੇ ਜਾਂਦੇ ਹਨ ਤੇ ਮਾਨਵਤਾ ਲਈ ਵੀ ਪ੍ਰੇਰਨਾ ਸਰੋਤ ਬਣਦੇ ਹਨ। ਚੰਗੇ ਕੰਮਾਂ ਨਾਲ ਹੀ ਵਿਅਕਤੀ ਦੀ ਸੰਸਾਰ ਵਿੱਚ ਪਹਿਚਾਣ ਬਣਦੀ ਹੈ।

ਇਸ ਲਈ ਮਾਨਵ ਨੂੰ ਚਾਹੀਦਾ ਹੈ ਇਸ ਫ਼ਾਨੀ – ਮਿੱਥਿਆ ਸੰਸਾਰ ਵਿੱਚ ਹੰਕਾਰ ਮੁਕਤ ਹੋ ਕੇ ਪ੍ਰੇਮ – ਪੂਰਵਕ ਵਿਚਰਨ ਕਰੇ ਤੇ ਭਾਵੇਂ ਕਿਸੇ ਵੀ ਦੁਨਿਆਵੀ ਅਹੁਦੇ ‘ਤੇ ਪਹੁੰਚਿਆ ਹੋਵੇ , ਉਸ ਨੂੰ ਚਾਹੀਦਾ ਹੈ ਕਿ ਮਾਨਵ ਨੂੰ ਮਾਨਵ ਸਮਝੇ , ਹਰ ਪਸ਼ੂ – ਪੰਛੀ , ਪਰਿੰਦੇ ਤੇ ਸਮਾਜਿਕ ਪ੍ਰਾਣੀ ਦੀ ਇੱਜ਼ਤ ਤੇ ਸਹਾਇਤਾ ਕਰੇ ਤੇ ਕਿਸੇ ਨੂੰ ਵੀ ਮਨ , ਕਰਮ , ਬਚਨ ਤੋਂ ਦੁੱਖ – ਦਰਦ ਨਾ ਪਹੁੰਚਾਵੇ ; ਕਿਉਂ ਜੋ ਇਹ ਵੀ ਮੰਨਿਆ ਜਾਂਦਾ ਹੈ ਕਿ ਸਾਡੇ ਚੰਗੇ – ਮਾੜੇ ਕਰਮਾਂ ਦਾ ਫਲ ਸਾਨੂੰ ਇਸ ਧਰਤੀ ‘ਤੇ ਅਤੇ ਮ੍ਰਿਤੂ ਤੋਂ ਬਾਅਦ ਵੀ ਮਿਲਦਾ ਹੈ ਤੇ ਉਸ ਦਾ ਚਿਰ ਸਥਾਈ ਪ੍ਰਭਾਵ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ‘ਤੇ ਵੀ ਪੈਂਦਾ ਹੈ। ਇਸ ਲਈ ਮਾਨਵਤਾ ਦੀ ਭਲਾਈ ਇਸੇ ਵਿੱਚ ਹੈ ਕਿ ਘਟਦੀ ਜਾਂਦੀ ਇਸ ਸਵਾਸਾਂ ਦੀ ਲੜੀ ਦੇ ਖ਼ਤਮ ਹੋ ਜਾਣ ਤੋਂ ਪਹਿਲਾਂ – ਪਹਿਲਾਂ ਸੰਸਾਰ ਮਾਨਵਤਾ ਪ੍ਰਾਣੀ ਮਾਤਰ ਲਈ ਕੁਝ ਚੰਗਾ ਕਰਨ ਬਾਰੇ ਸੋਚੀਏ ਤੇ ਕਰੀਏ ; ਤਾਂ ਜੋ ਸਾਡੇ ਹਿੱਸੇ ਚੰਗੇ ਕੰਮਾਂ ਦੀ ਸੂਚੀ ਆ ਸਕੇ ਅਤੇ ਦੁਨੀਆਂ ਦਾ ਤਿਆਗ ਕਰਨ ਸਮੇਂ ਮਾੜੇ ਕੰਮਾਂ ਦਾ ਬੋਝ ਵੀ ਸਾਡੇ ਮਨ ‘ਤੇ ਨਾ ਰਹੇ। ਮਾਨਵ ਲਈ ਇਸ ਸਰੀਰਿਕ ਚੋਲੇ ਵਿੱਚ ਰਹਿ ਕੇ ਪ੍ਰਭੂ ਦੇ ਨਾਮ ਦਾ ਸਿਮਰਨ ਵੀ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਜੀਵਨ ਦੇ ਆਖ਼ਰੀ ਪੜਾਅ ‘ਤੇ ਆ ਕੇ ਮਨ ਵਿੱਚ ਆਤਮ ਗਿਲਾਨੀ ਨਾ ਹੋਵੇ। ਹਰ ਨਵੀਂ ਸਵੇਰ ਨਵੀਂ ਸੋਚ , ਨਵਾਂ ਗਿਆਨ , ਨਵੀਂ ਆਸ , ਨਵੀਂ ਉਮੰਗ ਲੈ ਕੇ ਆਉਂਦੀ ਹੈ। ਇਸ ਨੂੰ ਸਮਝਣਾ ਅਤੇ ਅਪਨਾਉਣਾ ਕੇਵਲ ਮਾਨਵ ਦੇ ਹੱਥ ਹੈ ; ਕਿਉਂਕਿ ਸਵਾਸਾਂ ਦੀ ਮਾਲਾ ਦੇ ਖ਼ਤਮ ਹੁੰਦੇ ਹੀ ਇੱਕ ਦਿਨ ਅਜਿਹਾ ਵੀ ਹੋਵੇਗਾ , ਜਦੋਂ ਸਰੀਰ ਹੀ ਨਹੀਂ ਹੋਵੇਗਾ ।
” ਮੇਰੀ – ਮੇਰੀ ਕਰਦੇ ਇਹ ਜੀਵਨ ਖ਼ਤਮ ਹੋ ਜਾਣਾ ,
ਨਾ ਇਸ ਨੇ , ਨਾ ਉਸ ਨੇ , ਕਿਸੇ ਨੇ ਨਹੀਂ ਕੰਮ ਆਉਣਾ।”

                                                                                     ਅੰਤਰਰਾਸ਼ਟਰੀ ਲੇਖਕ
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਹੁੰਆਂ ਅਤੇ ਐਲਾਨ
Next articleਸਾਲ ਨਵਾਂ