(ਸਮਾਜ ਵੀਕਲੀ)
ਔਖੇ ਸੀ ਤੀਹ ਸਾਲ ਟਪਾਏ,
ਹੁਣ ਕਿਤੇ ਮੈੰ ਸਿਹਰੇ ਸਜਾਏ,
ਹਾਏ ਗਰੀਬ ਨੂੰ ਮਸਾਂ ਹੀ
ਸੱਚੀਂ ਹੈ ਥਿਆਈ ਵਹੁਟੀ,
ਲਹਿੰਗਾ ਪਰਾਂਦਾ ਤੇ ਲਾਲ ਚੂੜਾ
ਸੱਜ ਧੱਜ ਕੇ ਘਰੇ ਹੈ ਆਈ ਵਹੁਟੀ,
ਚਾਰ ਕੂ ਦਿਨ ਬੜੇ ਪਿਆਰ ਨਾਲ ਲੰਘੇ,
ਹੁਣ ਭੁੱਲ ਗਈ ਜਵਾਂ ਨਰਮਾਈ ਵਹੁਟੀ,
ਪੁਲਸੀਆਂ ਵਾਂਗੂੰ ਰੋਹਬ ਮਾਰਦੀ,
ਮੇਰੇ ਟੱਬਰ ਦੀ ਰੇਲ ਬਣਾਈ ਵਹੁਟੀ,
ਭੰਡੇ ਹੁਣ ਸਾਨੂੰ ਆਂਡ ਗੁਆਂਢ ਵਹੁਟੀ,
ਰੋਜ ਨਵੀਂ ਹੀ ਕਰੇ ਡੀਮਾਂਡ ਵਹੁਟੀ,
ਓਸੇ ਪਾਸੇ ਭੱਜ ਜਾਂਦਾ ਹਾਂ,
ਜਿੱਧਰ ਨੂੰ ਦੇਵੇ ਕਮਾਂਡ ਵਹੁਟੀ,
ਪਹਿਲਾਂ ਸੀ ਮੈਨੂੰ ਗੂੰਗੀ ਲੱਗਦੀ,
ਹੁਣ ਗਿੱਠ ਦੀ ਕੱਢੇ ਜੁਬਾਨ ਵਹੁਟੀ,
ਭੋਲੀ ਸਮਝ ਕੇ ਲਿਆਇਆ ਸੀ ਮੈੰ,
ਹਏ ਨਿਕਲੀ ਬੜੀ ਸ਼ੈਤਾਨ ਵਹੁਟੀ,
ਸਿਰ ਖੁਰਕਣ ਦੀ ਵਿਹਲ ਨੀ ਦਿੰਦੀ,
ਜਾਰੀ ਕਰਦੀ ਰਹੇ ਫੁਰਮਾਨ ਵਹੁਟੀ,
ਅਰਦਾਸਾਂ ਕਰ ਕਰ ਮੰਗੀ ਵਹੁਟੀ,
ਪਰ ਹੁਣ ਨਾ ਲੱਗਦੀ ਚੰਗੀ ਵਹੁਟੀ,
ਸੂਟਾਂ ਨਾਲ ਓਹਦਾ ਢਿੱਡ ਨੀ ਭਰਦਾ,
ਰਾਸ਼ਨ ਕਿੱਥੋਂ ਲਿਆਵਾਂ ਘਰ ਦਾ,
ਬਣ ਗਿਆ ਕੁੱਤਾ ਆਪਣੇ ਹੀ ਦਰ ਦਾ,
ਮਰਦਾ ਬੰਦਾ ਕੀ ਨੀ ਕਰਦਾ!
ਮੇਰੀ ਇੱਕ ਨਾ ਚੱਲਦੀ ਲੋਕੋ
ਰੋਟੀ ਨਾ ਖਾਦੀ ਕੱਲ ਦੀ ਲੋਕੋ
ਆਪ ਪੀਜਾ ਡੱਫ ਕੇ ਬਹਿ ਗਈ ਕੋਕੋ,
ਕੋਈ ਤਾਂ ਇਸ ਜੁਲਮ ਨੂੰ ਰੋਕੋ,
ਨਹੀ ਤਾਂ ਹਾਲ ਮੇਰੇ ਤੇ ਤਾਲੀ ਠੋਕੋ!!
ਪੋਚਾ ਵੀ ਮੈੰ ਰੋਜ ਹੀ ਲਾਵਾਂ,
ਕੱਪੜੇ ਆਪ ਹੀ ਧੋਂਦਾ ਹਾਂ,
ਕੀ ਥੁੜ੍ਹਿਆ ਸੀ ਵਿਆਹ ਦੇ ਬਾਝੋਂ
ਹੁਣ ਕਰਮਾਂ ਨੂੰ ਰੋਂਦਾ ਹਾਂ,
ਸਕੂਟਰ ਤੇ ਓਹ ਪੱਸਰ ਕੇ ਬਹਿੰਦੀ
ਭਾਰ ਮੋਟੋ ਦਾ ਢੋਂਦਾ ਹਾਂ,
ਖੌਰੇ ਪਿੱਛਲੇ ਜਨਮਾਂ ਦਾ
ਕਰਜਾ ਕੋਈ ਲਾਹੁੰਦਾ ਹਾਂ,
ਬਿਊਟੀ ਪਾਰਲਰ ਵਿੱਚ ਭੱਜ ਕੇ ਜਾਵੇ,
ਘਰ ਦੇ ਕੰਮ ਨੂੰ ਹੱਥ ਨਾ ਲਾਵੇ,
ਕੋਈ ਤਾਂ ਇਸਨੂੰ ਅਕਲ ਸਿਖਾਵੇ,
ਜਾਂ ਇਸਤੋਂ ਮੇਰਾ ਖਹਿੜਾ ਛੁਡਾਵੇ,
ਸੋਚਾਂ ਹਏ ਮੈੰ ਪਿਆ ਮੰਜੇ ਤੇ,
ਹੱਥ ਫੇਰਿਆ ਸਿਰ ਗੰਜੇ ਤੇ,
ਸ਼ੁਕਰ ਹੈ ਰੱਬਾ!
ਸੁਪਨਾ ਹੀ ਸੀ,
ਐਵੇਂ ਪਛਤਾਉਣਾ ਸੀ ਮੈੰ ਵਕਤ ਲੰਘੇ ਤੇ,
ਤਕੜੇ ਹੋਕੇ ਰਹੀਏ ਸਜੱਣਾ,
ਦਿਨ ਚੰਗੇ ਮਾੜੇ ਆਉਣ ਬੰਦੇ ਤੇ
ਅਮਨਦੀਪ ਕੌਰ ਹਾਕਮ ਸਿੰਘ ਵਾਲਾ
9877654596
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly