ਇੱਕ ਰਚਨਾ…ਵੋਟ ਪਰਚੀ ਦੀ ਮਿਰਗ-ਤ੍ਰਿਸ਼ਨਾ

ਸੁਖਦੇਵ ਸਿੱਧੂ

(ਸਮਾਜ ਵੀਕਲੀ)

ਵੋਟ-ਪ੍ਰਕਿਰਿਆ ਤੇ ਵੋਟ ਮੁਦਰਾ ਨੂੰ ਬਿਲਕੁਲ ਹੀ ਪੂਰੀ ਤਰਾਂ ਹੁਣ ਤਾਂ ਦੁਰਕਾਰਨਾ ਬਾਕੀ ਹੈ !
ਜੇਕਰ ਅਜੇ ਵੀ ਉਸਦੀ ਦਗਾ-ਲਪੇਟ ‘ਚ ਹਾਂ ਤਾਂ ਸਾਡਾ ਮੁੜ ਮੁੜ ਕੇ ਹੀ ਹਾਰਨਾਂ ਬਾਕੀ ਹੈ !

ਕੁੱਝ ਕੁ ਕਰਦੇ ਨੇ ਹੋ ਕੇ ਮੁਹਰੇ,ਸੁਆਲ ਜੁਆਬ ਪੈਮਾਨਾ ਤਾਂ ਅਸਲੋਂ ਮਿਲਦਾ ਯ਼ਖ ਕੋਰਾ ਹੀ,
ਉੱਤੋ’ ਮਹਾਂਰਥੀਆਂ’ ਨੇ ਤਾਂ ਅਸੂਲਨ ਹੀ ਭੇਡਾਂ ਬੱਕਰੀਆਂ ਨੂੰ ਪੁੱਚ ਪੁੱਚ ਪੁਚਕਾਰਨਾ ਬਾਕੀ ਹੈ।

ਬੰਦੇ ਬਹਾਦਰਾਂ ਤੋਂ ਕੀ ਸਿਖਿਆ,ਸਰਹੰਦਾਂ ਦੀਆਂ ਦੀਵਾਰਾਂ ਦੇ ਅਜੋਕੇ ਹਾਉਕੇ ਰਹੇ ਅਣਗੌਲੇ,
ਬਦੋਬਦੀ ਆ ਬੁੱਕਲਾਂ ‘ਚ ਵੜੇ ਹੋਏ ਕੋਬਰਿਆਂ ਦੀਆਂ ਸਿਰੀਆਂ ਫੜ ਫਿਟਕਾਰਨਾ ਬਾਕੀ ਹੈ!

ਤਰਸੇਵਿਆਂ ਦੇ ਭੁੱਲ ਭੁਲੈਂਈਆਂ ‘ਚੋਂ,ਸਾਡੇ ‘ ਨੀਲੇ ਰੱਬ’ਨੂੰ ਵੀ ਸੱਪ ਸੁੰਘ ਗਿਆ ਤਰਸ ਕਰਨੋਂ,
ਲਾ ਲਾ ਦੋਸ਼-ਧਰੋ ਦੀਆਂ ਊਜਾਂ,ਖਾਕੀ ਰਫਲਾਂ ਨੇ ਦਹਿਸ਼ਤ ਪਰੋਸਦਿਆਂ ਲਿਤਾੜਨਾ ਬਾਕੀ ਹੈ।

ਗੰਧਲੀਆਂ ਲਾਲਚੀ ਬੋਲੀਆਂ ਕਿ ਸਮਾਂ ਦਿਓ ਏਥੇ ਹੀ ਸਵਰਗ ਮਹਿਕਦੈ ਰੁਖ਼ ਲਿਆ ਦਿਆਂਗੇ,
ਪਰ ਜੋ ਜ਼ਾਮੀਰੀ ਕਲਮਾਂ,ਖੰਭੀਂ ਉੱਡਦੀਆਂ ਨੇ,ਉਨ੍ਹਾਂ ਦੇ ਜਿਗਰੇ ਜਜਬਾਤਾਂ ਨੂੰ ਮਾਰਨਾ ਬਾਕੀ ਹੈ।

ਵਿਧਾਨ-ਸਭਾਵਾਂ/ ਸੰਸਦ ਦੇ ਬਢਿਆਲ੍ ਛੱਤੇ,ਕੁਰਸੀਆਂ ਉਛਾਲਦੇ,ਡਰਾਮੇ ਕਿਐ ਦਿਖਾਉਂਦੇ ਨੇ!
ਵਿਰੋਧੀ ਧਿਰ ਜੇ ਪਾਂ-ਪਾਸਕੂੰ ਚਲੇ ਤਾਂ ਉਸ ਲਈ ਸੰਵਿਧਾਨਕ-ਲੋਲੋ ਪੋਚੋ ਪੁਚਕਾਰਨਾ ਬਾਕੀ ਹੈ ।

ਸਿਰ ਉੱਤੇ ਭਾਰ ਕਿੰਨਾ ਮਹਿਸੂਸ ਕਰਦਾ ਮਤਦਾਤਾ,ਉਂਗਲ ਨੂੰ ਨੀਲਾ ਰੰਗਵਾਕੇ ਹਰ ਪੰਜੀਂ ਸਾਲੀਂ,
ਵੋਟ ਧਾਰਨਾ ਦੇ ਚੱਕਰਵਿਊ ਦੇ ਭਾਰ ਨੂੰ ਦਿਲੋਂ ਭਰ ਪਛਤਾਉਂਣਾ ਅਜੇ ਹੋਰ ਸਹਾਰਨਾ ਬਾਕੀ ਹੈ ।

ਨਾ ਵਿਦਿਆ,ਸਿਹਤ ਕਿਤੇ ਪਿੰਡੀਂ ਸ਼ਹਿਰੀ ਕਦੇ ਬਹੁੜੇ,ਕਰਜਿਆਂ ਨੂੰ ਤਾਂ ਆਤਮਨਿਰਭਰ ਦੱਸਦੇ
ਹੁਕਮਰਾਨ ਦੀ ਰਾਡਾਰ ਬੜ੍ਹਕ ਰਹੀ ਕਿ ਲੋਕਾਂ ਦੇ ਸ਼ੰਘਰਸ਼ੀ ਵਤੀਰੇ ਨੂੰ ਵੀ ਉਜਾੜਨਾ ਬਾਕੀ ਹੈ ।

ਝੰਡੇ,ਨਾਅਰੇ,ਗੱਜ ਵੱਜ ਰਹੇ ਬਦਮਾਸ਼ੀ-ਗਰੋਹਾਂ ਵੱਲੋਂ ਲੋਕਤੰਤਰ ਦੀਆਂ ਚੁੰਘਣੀਆਂ ਚੁੰਘਾ ਚੁੰਘਾਕੇ,
ਹਰ ਇੱਕ ਵੋਟ ਪਰਚੀ ਦੀ ਕੁੱਖ ਨੂੰ ਇਸ ਅਣਸਰਦੀ ਲੋੜ ਤੋਂ ‘ ਮੁੰਡਾ ‘ ਦੇ ਕੇ ਹੀ ਸਾਰਨਾ ਬਾਕੀ ਹੈ !

ਸਥਾਪਿਤ ਵੋਟ ਰਿਵਾਇਤ ‘ਚੋਂ ਅਸਲ ਵਿੱਚ ਜਿੰਦਗੀ ਬਣਦੀ ਨੀਂ ਲਲਕਾਰ,ਕਦੇ ਸੁਣਿਆ ਈ ਨਹੀਂ !
ਦਿੱਲੀ ਜਿੱਤ ਮੁੜੀਆਂ ਕੁੱਝ ਮਿਸ਼ਾਲਾਂ ਦੀ ਡੱਬਿਆਂ ਚੋਂ ਨਿਕਲਣੀ ਫੋਕੀ ਜਿਦੀਆ ਧਾਰਨਾ ਬਾਕੀ ਹੈ !

ਸੁਖਦੇਵ ਸਿੱਧੂ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਸਿਕ ਸਾਹਿੱਤਕ ਇਕੱਤਰਤਾ ਹੋਈ
Next articleਆਪਣੀ ਆਪਣੀ ਸੋਚ