ਬਚਪਨ ਵਾਲੀ ਲੋਹੜੀ

ਸਤਨਾਮ ਕੌਰ ਤੁਗਲਵਾਲਾ

(ਸਮਾਜ ਵੀਕਲੀ)

ਮੇਰੀ ਬਚਪਨ ਵਾਲ਼ੀ ਲੋਹੜੀ ਪਿਛਲੀ ਸਦੀ  ਵਿੱਚ ਜੰਮੇ ਲੋਕਾਂ ਦੀ ਲੋਹੜੀ ਏ। ਜਦੋਂ ਲੋਹੜੀ ਪੈਲਸਾਂ ਵਿੱਚ ਨਹੀ, ਘਰਾਂ ਦੇ ਵਿਹੜਿਆਂ ਵਿੱਚ ਮਨਾਉਣ ਦਾ ਰਿਵਾਜ ਸੀ। ਓਦੋਂ ਅਜੇ ਲੋਹੜੀ ਮੇਲੇ ਵੀ ਨਹੀ ਸੀ ਲੱਗਦੇ,ਨਾ ਹੀ ਲੋਹੜੀ ਮੰਗਣ  ਜਾਣ ਨੂੰ ਮਾੜਾ ਮੰਨਿਆ ਜਾਂਦਾ ਸੀ।‌ਵੱਖ ਵੱਖ ਉਮਰ ਦੀਆਂ ਸਭ ਵਰਗਾਂ ਦੀਆਂ ਟੋਲੀਆਂ ਆਮ ਹੀ ਲੋਹੜੀ ਮੰਗਦੀਆਂ ਨਜ਼ਰੀਂ ਪੈਂਦੀਆਂ ਸਨ। ਬੱਚਿਆਂ ਵੱਲੋਂ ਲੋਹੜੀ ਕਈ ਦਿਨ ਪਹਿਲਾਂ ਮੰਗਣੀ ਸ਼ੁਰੂ ਹੋ ਜਾਂਦੀ ਸੀ। ਮੈਨੂੰ ‌ਯਾਦ ਏ ਮੈ ਤੇ ਮੇਰੀ ਸਹੇਲੀ ਵੀ ਲੋਹੜੀ ਵਾਲੇ ਦਿਨ ਲੋਹੜੀ ਮੰਗਣ ਜਾਂਦੀਆਂ ਸਾਂ। ਅੰਬੇ ਨੀ ਮਾਏ ਅੰਬੇ ਤੋਂ ਸ਼ੁਰੂ ਹੁੰਦੀਆਂ ਫਿਰ ਤਿਲੀ ਹਰੀਆਂ ਭਰੀ, ਤਿਲੀ ਮੋਤੀਆਂ ਜੜੀ, ਤੇ ਜਾ ਮੁਕਾਉਂਦੀਆਂ। ਜੇ ਘਰ ਵਾਲੇ ਨਾ ਸੁਣਦੇ ਤਾਂ ਸਾਡੇ ਪੈਰਾਂ ਹੇਠ ਸਲਾਈਆਂ,ਅਸੀ ਕਿਹੜੇ ਵੇਲੇ ਦੀਆਂ ਆਈਆਂ, ਸਾਡੇ ਪੈਰਾਂ ਹੇਠ ਰੋੜ, ਸਾਨੂੰ ਛੇਤੀ ਛੇਤੀ ਤੋਰ ਤੇ ਅੱਪੜ ਜਾਂਦੀਆ। ਲੋਹੜੀ ਦੇ ਗੀਤ ਵੀ ਸਮੇਂ  ਦੇ ਨਾਲ ਬਦਲ ਰਹੇ ਸਨ। ਓਦੋਂ ਹੀ ਡੈਕ ਨਵੇਂ ਨਵੇਂ ਆਏ ਸਨ।ਉਹਦੇ ਤੇ ਵੀ ਮੁੰਡਿਆਂ ਗੀਤ ਬਣਾ ਲਿਆ। ਡੈਕ ਬਈ ਡੈਕ। ਡੈਕ ਵਿੱਚ ਗਾਣੇ, ਲਿਆ ਮਾਈ ਦਾਣੇ।ਓਦੋਂ ਨੋਟ ਤਾਂ ਮਿਲਦੇ ਨਹੀ ਸੀ ਚਵੰਨੀ, ਅਠਿਆਨੀ ਹੀ ਬੜੀ ਹੁੰਦੀ ਸੀ। ਫਿਰ ਰਲ ਕੇ ਵੰਡਣੇ। ਉਹ ਇੱਕ ਵੱਖਰਾ ਅਨੰਦ ਸੀ। ਨਾਲ ਦੇ ਪਿੰਡ ਤੋਂ ਵਹੁਟੀਆਂ ਤੇ ਮੁਟਿਆਰਾਂ ਪਰਾਤਾਂ ਲੈ ਕੇ ਲੋਹੜੀ ਮੰਗਣ ਆਉਂਦੀਆਂ। ਮੰਮੀ ਕਿੰਨੇ ਸਾਰੇ ਪੈਸੇ, ਮੂੰਗਫਲੀ, ਰਿਉੜੀਆਂ, ਫੁੱਲੇ ਪਹਿਲਾਂ ਹੀ ਤਿਆਰ ਰੱਖਦੇ। ਖਾਲੀ ਮੋੜਨ ਦਾ ਉੱਕਾ ਰਿਵਾਜ਼ ਨਹੀ ਸੀ। ਉਸ ਦਿਨ ਰੋਹ ਵਾਲੀ ਖੀਰ ਵੀ ਜ਼ਰੂਰ ਬਣਦੀ ਤੇ ਸਾਗ ਵੀ। ਜਿਸ ਘਰ ਲੋਹੜੀ ਹੁੰਦੀ ਉਸ ਘਰ ਦੀਆਂ ਔਰਤਾਂ ਨਾਲ ਆਂਢ ਗੁਆਂਢ ਦੀਆਂ ਔਰਤਾਂ ਪਰਾਤਾਂ ਚੁੱਕ ਕੇ ਲੋਹੜੀ ਵੰਡਣ ਜਾਂਦੀਆਂ। ਕਿਉਂਕਿ ਸ਼ਹਿਰਾਂ ਵਿੱਚ ਲਾਗੀ ਨਹੀ ਹੁੰਦੇ। ਹੁਣ ਵਾਂਗ ਡੱਬਿਆਂ ਦਾ ਰਿਵਾਜ਼ ਨਹੀ ਸੀ। ਲੱਡੂ, ਮੂੰਗਫਲੀ, ਰਿਉੜੀਆਂ, ਚਿੜਵੜੇ ਤੇ ਕਿਸੇ ਕਿਸੇ ਦੇ ਘਰੋਂ ਪਤਾਸੇ ਤੇ ਗੁੜ ਵੀ ਆਉਂਦਾ ਸੀ। ਸ਼ਾਮ ਨੂੰ ਜਿਸ ਘਰ ਵੀ ਲੋਹੜੀ ਹੁੰਦੀ ਰੀਝ ਨਾਲ ਮਨਾਈ ਜਾਂਦੀ।‌ਮੁੰਡੇ ਢੋਲੀ ਨੂੰ ਲੈ ਕੇ ਲੋਹੜੀ ਮੰਗਣ ਆਉਦੇ। ਖੂਬ ਭੰਗੜਾ ਪੈਂਦਾਂ। ਲੋਹੜੀ ਦੇ ਭੁੰਗੇ ਕੋਲ ਬੈਠ ਕੇ ਗੀਤ ਵੀ ਗਾਏ ਜਾਂਦੇ।   ਤਿਲ ,ਸੁੱਟੇ ਜਾਂਦੇ  ਤੇ  ਜੀਆਂ ਦੀ ਸੁੱਖ ਮੰਗੀ ਜਾਂਦੀ।ਦਲਿੱਦਰ ਦੀ ਜੜ੍ਹ  ਵੀ ਚੁੱਲ੍ਹੇ ਪਾਈ ਜਾਂਦੀ।ਖਾਧਾ ੍ਪੀਤਾ ਵੀ ਜਾਂਦਾ। ਬੋਲੀਆਂ ਪਾ ਕੇ ਨੱਚਿਆ ਵੀ ਜਾਂਦਾਂ।ਅੱਜ ਵਾਂਗ ਰੈਡੀਮੇਡ ਸਭਿਆਚਾਰਕ ਟੋਲੀਆਂ ਨਹੀ ਸੀ ਆਈਆਂ।ਇਸ ਕਰਕੇ ਸਭ ਕੰਮ ਆਪਸੀ ਪਿਆਰ ਨਾਲ ਹੀ ਕੀਤੇ ਜਾਂਦੇ। ਵਿਆਹ ਤੋਂ ਬਾਅਦ ਸਹੁਰੇ ਆ ਕੇ ਦੇਖਿਆ ਕਿ ਲੋਹੜੀ ਤੇ ਪਤੰਗਬਾਜ਼ੀ ਵੀ ਹੁੰਦੀ ਏ। ਦੁਆਬੇ ਵਿੱਚ ਬਸੰਤ ਤੇ ਜੋ ਨਜ਼ਾਰਾ ਹੁੰਦਾ।ਇੱਥੇ ਲੋਹੜੀ ਤੇ ਹੁੰਦਾ। ਇੱਕ ਭਾਜੀ ਹੋਰ ਨਵੀਂ ਦੇਖੀ ਚੋਲਾਂ ਦੀਆਂ ਪਿੰਨੀਆਂ ਦੀ। ਮੈਨੂੰ ਯਾਦ ਏ ਮੈ ਜਦੋਂ ਪਹਿਲੀ ਵਾਰ ਦੇਖੀਆਂ ਤਾਂ ਖਾਣ ਲੱਗਿਆਂ ਟੁੱਟਣ ਹੀ ਨਾਂ। ਵੇਲਣੇ ਨਾਲ ਪਿੰਨੀ ਤੋੜਨ ਲੱਗੀ, ਪਿੰਨੀ ਤਾਂ ਨਾ ਟੁੱਟੀ, ਵੇਲਣਾ ਜਰੂਰ ਟੁੱਟ ਗਿਆ। ਸੱਚਮੁੱਚ ਹੀ ਸਮਾਂ ਬੜੀ ਤੇਜ਼ੀ ਨਾਲ ਬਦਲਿਆ।ਲੋਹੜੀ ਦਾ ਪੁਰਾਣਾ ਰੰਗ ਤਾਂ ਨਹੀ ਪਰ ਰੀਝ ਅਜੇ ਵੀ ਉਝ ਹੀ ਕਾਇਮ ਏ।ਸਭ ਨੂੰ ਲੋਹੜੀ ਦੀਆਂ ਢੇਰ ਮੁਬਾਰਕਾਂ।                       ‌‌
ਸਤਨਾਮ ਕੌਰ ਤੁਗਲਵਾਲਾ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ
Next articleਮਾਘੀ ਮੁਕਤਸਰ ਦੀ