ਮੱਝ

(ਸਮਾਜ ਵੀਕਲੀ)

ਬੁੱਧੋ ਨੇ ਜਦ ਕੱਟੀ ਦਿੱਤੀ
ਘਰ ਵਿੱਚ ਬੜਾ ਹੀ ਚਾਅ ਚੜਿਆ ਸੀ
ਦੋ ਚਹੁੰ ਸਾਲਾਂ ਦੇ ਅੰਦਰ ਹੀ
ਹੋਰ ਦੁਧਾਰੂ ਆ ਖੜਿਆ ਸੀ ।
ਬੁੱਧੋ ਦੀ ਮਾਂ ਮੰਗਲੋ ਸੀ ਜਾਂ
ਹੋਰ ਸੀ ਕੋਈ ਨਾਂ ਓਸਦਾ
ਰੋਪੜ ਦੀ ਮੰਡੀ ਤੋਂ ਲੈਕੇ
ਬਾਪੂ ਤੇ ਚਾਚਾ ਆਏ ਸਨ
ਕਿੰਨਾ ਸਾਰਾ ਦੁੱਧ ਸੀ ਦੇਂਦੀ
ਸਾਰਾ ਟੱਬਰ ਪਰਚ ਗਿਆ ਸੀ।

ਉਸਨੇ ਜਦ ਸੀ ਬੁੱਧੋ ਦਿੱਤੀ
ਇੱਕ ਕੱਟੀ ਜੋ ਬਹੁਤ ਸਿਆਣੀ
ਨਾਲ ਅਸਾਡੇ ਖੇਡਾਂ ਕਰਦੀ
ਸਾਡੇ ਲਈ ਜੋ ਬਣੀ ਕਹਾਣੀ
ਖੇਤਾਂ ਦੇ ਵਿੱਚ ਖਾ ਖੇਲ ਕੇ
ਵਿੱਚ ਦਿਨਾਂ ਉਹ ਝੋਟੀ ਬਣਸੀ।

ਜੱਦ ਬੁੱਧੋ ਨੇ ਕੱਟੀ ਦਿੱਤੀ
ਮਾਂ ਵੀ ਉਹਦੀ ਸੂਣ ਸੀ ਵਾਲੀ
ਮੇਰੇ ਕਾਲਿਜ ਦੀ ਫੀਸਾਂ ਲਈ
ਬੁੱਧੋ ਦੀ ਮਾਂ ਬਣੀ ਬੇਗਾਨੀ
ਬਾਪੂ ਦਾ ਇਉਂ ਗੱਡਾ ਰੁੜਿਆ
ਸੰਵਰ ਗਈ ਮੇਰੀ ਜ਼ਿੰਦਗਾਨੀ।

ਬਾਪੂ ਬੇਬੇ ਗੱਲਾਂ ਕਰਦੇ
ਇੱਕ ਦਿਨ ਸੁਣੇ ਮੈਂ ਰਾਤ ਪਈ ਜਦ
ਬੁੱਧੋ ਦੀ ਮਾਂ ਜੇ ਨਾ ਹੁੰਦੀ
ਅੱਜ ਕਰਜ਼ੇ ਵਿੱਚ ਫਸ ਜਾਣਾ ਸੀ
ਮੁੰਡਾ ਸਾਡਾ ਦਸਵੀਂ ਰਹਿੰਦਾ
ਕਦ ਉਹਨੇ ਕਾਲਿਜ ਜਾਣਾ ਸੀ।

ਕਹਿੰਦੇ ਡੰਗਰ ਵੀ ਧਨ ਹੁੰਦਾ
ਮੈਂ ਤਾਂ ਪਹਿਲਾਂ ਸੁਣਿਆ ਹੀ ਸੀ
ਜੀਵਨ ਅਨੁਭਵ ਚੋਂ ਜਦ ਲੰਘਿਆ
ਸੱਚੋ-ਸੱਚ ਪੜਿਆ ਗੁਣਿਆ ਸੀ।

ਮੱਝ ਸਿਰਫ਼ ਨਾ ਡੰਗਰ ਹੁੰਦਾ
ਇਹ ਵੀ ਘਰ ਦਾ ਥੰਮ੍ਹ ਹੁੰਦਾ ਹੈ
ਔਖੇ ਵੇਲੇ ਧਿਰ ਬਣ ਖੜਦਾ
ਭਾਵੇਂ ਕਾਲਾ ਚੰਮ ਹੁੰਦਾ ਹੈ
ਇੱਕ ਅੱਧ ਜੇਕਰ ਘਰ ਤੇਰੇ ਵਿੱਚ
ਮੱਝ ਦਾ ਕਿੱਲਾ ਬਚਿਆ ਹੋਇਆ
ਖੁਰਲੀ ਦੇ ਵਿੱਚ ਚਾਰ ਕੂ ਪੱਠੇ
ਪਾ ਦੇਵਣ ਦਾ ਧਰਮ ਨਾ ਛੱਡਣਾ
ਅਗਲੀ ਪੀੜ੍ਹੀ ਨੂੰ ਵੀ ਦੇਖੀਂ
ਹੱਥ ਕਦੇ ਨਾ ਪੈਣਾ ਅੱਡਣਾ।

ਗੁਰਮਾਨ ਸੈਣੀ
ਰਾਬਤਾ : 9256346906

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਕਾ ਫੌਅੜ੍ਹੀ
Next articleਗੱਡਾ