ਗੱਡਾ

(ਸਮਾਜ ਵੀਕਲੀ)

ਤੇਰੇ ਬਿਨ ਮੇਰਾ ਗੱਡਾ ਖੜਿਆ ?
ਖੌਰੇ ਕਦੋਂ ਕਹਾਵਤ ਬਣਸੀ …..?

ਗ਼ਰਜ਼, ਜ਼ਰੂਰਤ ਸਭ ਤੋਂ ਭਾਰੀ
ਖੁਦ ਉਠਣੋ ਜਦ ਹੋ ਇਨਕਾਰੀ
ਕਹਿਣਾ ਪੈਂਦਾ ਸਰੇ ਬਾਜਾਰੀਂ
ਹਾਲ ਉਤਰਦੀ, ਚਾਲ ਬਿਗੜਦੀ
ਸੱਚਮੁੱਚ ਗੱਡਾ ਖੜ ਜਾਂਦਾ ਹੈ।

ਭਾਰ ਜਦੋਂ ਪੈਂਦਾ ਗੱਡੇ ਤੇ
ਮਨ ਦੇ ਬਲ਼ਦ ਬਿਦਕ ਜਾਂਦੇ ਹਨ
ਕਾਲੇ – ਫੂਲ ਬਲਦ ਨੂੰ ਲੈਕੇ
ਬਾਪੂ ਨੇ ਜਦ ਗੱਡਾ ਵਾਹਿਆ
ਤਨ ਦਾ ਭਾਰ ਪਿਆ ਖੁਦ ਚੁੱਕਣਾ
ਮਨ ਦਾ ਭੌਰ ਟਿਕਾਣੇ ਆਇਆ।
ਮਿਲਵਰਤਣ ਹੁੰਦੇ ਨੇ ਪਹੀਏ
ਸਾਂਝ ਜਦੋਂ ਵੀ ਮੁੱਕ ਜਾਂਦੀ ਹੈ
ਸੱਚਮੁੱਚ ਗੱਡਾ ਖੜ੍ਹ ਜਾਂਦਾ ਹੈ।

ਗੱਡੇ ਪਿੱਛੇ ਡੰਡੇ ਲਾ ਕੇ
ਸਾਰਾ ਭਾਰ ਗੋਡੂਏ ਪਾ ਕੇ
ਖੋਲ੍ਹ ਪੈਂਜਣੀ, ਪਹੀਏ ਲਾਹ ਕੇ
ਲੱਭਿਆ ਗੱਡਾ ਨਜ਼ਰ ਟਿਕਾ ਕੇ
ਗੱਡਾ ਉੱਥੇ ਕਿਤੇ ਨਾ ਲੱਭਾ।
ਘਰ ਦੀ ਤੀਵੀਂ, ਨਿਆਣੇ ਸਿਆਣੇ
ਗੱਡੇ ਦੇ ਹੀ ਅੰਗ ਹੁੰਦੇ ਹਨ
ਬਿਖਰ ਜਾਣ ਜੇ ਅੰਗ ਗੱਡੇ ਦੇ
ਸੱਚਮੁੱਚ ਗੱਡਾ ਖੜ੍ਹ ਜਾਂਦਾ ਹੈ।

ਕਿਰਸਾਨੀ ਦਾ ਗੱਡਾ ਵਿੰਗਾ
ਹਾਲ਼ ਸਦਾ ਉਤਰੀ ਰਹਿੰਦੀ ਹੈ
ਚਾਲ ਸਦਾ ਵਿਗੜੀ ਰਹਿੰਦੀ ਹੈ
ਰੁੱਤ ਗਰਮੀ ਦੀ, ਹੋਣ ਸਿਆਲਾਂ
ਸਬਰਾਂ ਦਾ ਘੁੱਟ ਪੀਣਾ ਪੈਂਦਾ
ਵਾਧ ਘਾਟ ਨਾਲ ਜਿਉਣਾ ਪੈਂਦਾ
ਵਾਧ ਘਾਟ ਜਦ ਸਿਰ ਪੈ ਜਾਵੇ
ਸੱਚਮੁੱਚ ਗੱਡਾ ਖੜ੍ਹ ਜਾਂਦਾ ਹੈ।

ਟਰੈਕਟਰ ਅਤੇ ਟਰਾਲੀ ਦਾ ਹੈ
ਖੜਿਆ ਭਾਵੇਂ ਆਣ ਜਮਾਨਾ
ਕੁਰਬਲ ਕੁਰਬਲ ਕਾਰਾਂ ਦੌੜਨ
ਸਮਾਂ ਨਹੀਂ ਹੈ ਹੁਣ ਇਨਸਾਨਾਂ
ਦੌੜ ਪਤਾ ਨਹੀਂ ਕਿਸ ਗੱਲ ਦੀ ਹੈ
ਬੰਦਾ ਖੁਦ ਵੀ ਸਮਝ ਨਹੀਂ ਸਕਿਆ
ਦੌੜ ਲਵੇ ਜਦ ਤਨ ਦਾ ਪੰਛੀ..
ਸੱਚਮੁੱਚ ਗੱਡਾ ਖੜ੍ਹ ਜਾਂਦਾ ਹੈ।

ਜੇ ਚਾਹੁੰਦੇ ਹੋ ਖੜ੍ਹੇ ਨਾ ਗੱਡਾ
ਨਾਮ-ਸ਼ਬਦ ਹੀ ਵਧੀਆ ਢੱਗਾ
ਹੱਥ ਦਾ ਛੱਡਕੇ, ਮਨ ਦਾ ਵਾਹ ਕੇ
ਖੜਦਾ ਖੁਦ ਉਹ ਢਾਲ ਬਣਾ ਕੇ
ਫੇਰ ਕਦੇ ਨਾ ਹਾਲ਼ ਉਤਰਦੀ
ਚੂਲਾਂ ਕਸਦਾ ਆਪ ਬਣਾ ਕੇ
ਫੇਰ ਕਦੇ ਨਾ ਥੁੜਦਾ ਝੁੱਗਾ
ਫੇਰ ਕੋਈ ਨਾ ਅੜਦਾ ਅੱਗਾ
ਸੱਚਮੁੱਚ ਕਦੇ ਨਾ ਖੜਦਾ ਗੱਡਾ।

ਗੁਰਮਾਨ ਸੈਣੀ
ਰਾਬਤਾ : 9256346906
: 8360487488

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੱਝ
Next articleਨਾਨਾ-ਨਾਨੀ