(ਸਮਾਜ ਵੀਕਲੀ)
ਸਿਆਪੇ ਦੀ ਨੈਣ
ਇਹ ਖਾਸ ਨਾਮ ਉਸ ਔਰਤ ਲਈ ਵਰਤੀਆਂ ਜਾਂਦਾ ਸੀ ਜੋ ਪਿੰਡਾਂ ਵਿੱਚ ਕਿਸੇ ਦੀ ਮੌਤ ਹੋਣ ਤੇ ਖਾਸ ਕਿਸਮ ਦਾ ਸਿਆਪਾ ਭਾਵ ਵੈਣ ਪਾਉਣ ਲਈ ਬੁਲਾਈ ਜਾਂਦੀ ਸੀ। ਨੈਣ ਸਾਰੀਆਂ ਔਰਤਾਂ ਨੂੰ ਵੈਣ ਪਾਉਣੇ ਦੱਸਦੀ ਹੁੰਦੀ ਸੀ। ਜੇਕਰ ਕੋਈ ਔਰਤ ਗਲਤੀ ਨਾਲ ਵੀ ਇਸਦੀ ਤਰਜ਼ ਖਰਾਬ ਕਰ ਦੇਵੇ ਤਾਂ ਉਹ ਦਬਕਾ ਮਾਰ ਮਕਾਣ ਵਿੱਚੋਂ ਬਾਹਰ ਜਾਣ ਲਈ ਆਖ ਦਿੰਦੀ ਸੀ । ਕੁਝ ਸਾਲਾ ਤੋਂ ਲੋਕਾ ਵਿੱਚ ਬਹੁਤ ਬਦਲਾਓ ਆ ਗਿਆ ਜਿਵੇਂ ਹੁਣ ਵਿਆਹ ਸ਼ਾਦੀਆਂ ਤੇ ਨਾਈ ਜਾ ਝਿਊਰ ਦੀ ਖਾਸ ਲੋੜ ਨਹੀਂ ਰਹੀ ਉਸੇ ਤਰਾਂ ਹੁਣ ਮਰਗ ਹੋਣ ਤੇ ਵੀ ਕਈ ਰਸਮਾਂ ਰਿਵਾਜ ਖਤਮ ਹੋ ਗਏ ਹਨ। ਸਿਆਪੇ ਦੀ ਨੈਣ ਤੋਂ ਇੱਕ ਖਾਸ ਗੱਲ ਯਾਦ ਆ ਗਈ ਜੋ ਮੇਰੀ ਜ਼ਿੰਦਗੀ ਵਿੱਚ ਪਹਿਲੀ ਤੇ ਆਖ਼ਰੀ ਵਾਰ ਮਾਰਗ ਤੇ ਗਿੱਧਾ ਪਿਆ ਸੀ।
ਭੂਆ ਨੂੰ ਵਿਆਹੀ ਨੂੰ ਅਜੇ ਕੋਈ ਸੱਤ ਅੱਠ ਮਹੀਨੇ ਹੀ ਹੋਏ ਸਨ ਕਿ ਭੂਆ ਦਾ ਮਲਿਔਹਰਾ ਚੜਾਈ ਕਰ ਗਿਆ । ਉਹਨਾਂ ਦੀ ਉਮਰ ਦੋ ਘੱਟ ਪੂਰਾ ਸੌ ਸਾਲ ਸੀ। ਭੂਆ ਦਾ ਸਹੁਰਾ ਦੋ ਭਰਾ ਤੇ ਛੇ ਭੈਣਾਂ ਸੀ। ਸਹੁਰਾ ਹੀ ਸਭ ਤੋਂ ਛੋਟਾ ਸੀ । ਸਹੁਰੇ ਦੀਆਂ ਭੈਣਾਂ ਤਾਂ ਪੜਦਾਦੀਆਂ ਵੀ ਬਣ ਚੁੱਕੀਆਂ ਸਨ। ਮਰਨ ਵਾਲਾ ਬਾਬਾ ਤਾਂ ਨਕੜਦਾਦਾ ਬਣ ਚੁੱਕਾ ਸੀ। ਫੁੱਫੜ ਜੀ ਆ ਕੇ ਦੱਸ ਗਏ ਸੀ ਕਿ ਮੇਰਾ ਦਾਦਾ ਚੜਾਈ ਕਰ ਗਿਆ । ਉਹਨਾਂ ਦਿਨਾਂ ਵਿੱਚ ਕੋਈ ਫੋਨ ਜਾ ਵੱਟਸਅੱਪ ਨਹੀਂ ਸਨ ਹੁੰਦੇ। ਲੋਕ ਰਿਸ਼ਤੇਦਾਰਾਂ ਨੂੰ ਘਰ ਜਾ ਕੇ ਸੁਨੇਹਾ ਦਿੰਦੇ ਸਨ। ਮੇਰੀ ਦਾਦੀ ਜੀ ਨੇ ਪੂਰੇ ਪਿੰਡ ਦੀਆਂ ਖਾਸ ਬਜ਼ੁਰਗ ਔਰਤਾਂ ਜ਼ਿਹਨਾਂ ਵਿੱਚ ਬੀਬੀ ਦੁਰਗੀ, ਧਨੋ, ਜੀਤੋ, ਗਿਆਨੌ, ਹੌਲਦਾਰਨੀ ਨੂੰ ਨਾਲ ਜਾਣ ਲਈ ਸੱਦਾ ਦਿੱਤਾ ।
ਸਿਆਪਾ ਕਰਨ ਲਈ ਲਾਗਲੇ ਪਿੰਡ ਤੋਂ ਸਿਆਪੇ ਦੀ ਨੈਣ ਬੁਲਾਈ ਗਈ। ਸਾਰੀਆਂ ਮਾਈਆਂ ਦਸ ਦਸ ਮੀਟਰ ਵਾਲੇ ਘੱਗਰੇ, ਗੋਟੇ ਵਾਲੀਆਂ ਚੁੰਨੀਆਂ, ਨਾਲ ਦੋਹਰੀ ਚੁੰਨੀ ਫੁਲਕਾਰੀਆਂ, ਹਾਰ, ਹਮੇਲ, ਸੱਗੀ ਫੁੱਲ, ਕੰਢੀਆਂ, ਬਾਜੂਬੰਦ, ਚੂੜੀਆਂ, ਪਿੱਪਲ਼ ਪੱਤੀਆਂ, ਰੇਲਾਂ, ਮਾਮੇ ਮੁਰਕੀਆ, ਟਿੱਕਾ, ਨੱਥ, ਮਛਲੀ , ਡੰਡੀਆਂ , ਕੋਕਾ, ਕਲਿੱਪ ਆਦਿ ਸਭ ਹਾਰ ਸ਼ਿੰਗਾਰ ਲਾ ਕੇ ਚੱਲ ਪਈਆਂ । ਫੁੱਫੜ ਦੇ ਪਿੰਡ ਦੀ ਫਿਰਨੀ ਤੋਂ ਮਾਈਆਂ ਨੇ ਪੂਰੀ ਖਿੱਲੀ ਪਾਈ ਜਿਵੇਂ ਵਿਆਹ ਤੇ ਪੈਂਦੀ ਹੋਵੇ। ਘਰ ਦੇ ਮੁਹਰੇ ਜਾ ਕੇ ਇਹਨਾਂ ਸਾਰੀਆਂ ਹਾਰੀਆਂ ਸ਼ਿੰਗਾਰੀਆਂ ਮਾਈਆਂ ਨੇ ਗਿੱਧੇ ਦੀ ਪੂਰੀ ਧਮਾਲ ਪਾਈ ਕਿਉਂਕਿ ਬਾਬੇ ਨੂੰ ਬੜਾ ਕਰਕੇ ਕੱਢਣਾ ਸੀ । ਅਰਥੀ ਦੇ ਆਲੇ ਦੁਆਲ਼ੇ ਕਈ ਤਰਾਂ ਦੀਆਂ ਲੜੀਆਂ, ਭਗਾਨੇ ਤੇ ਕਈ ਹੋਰ ਰੰਗ ਬਰੰਗੇ ਸਾਜ ਸੁਆਰ ਦਾ ਸਮਾਨ ਲਾਈਆਂ ਗਿਆ। ਸੰਸਕਾਰ ਤੋਂ ਬਾਅਦ ਸਾਰੀਆਂ ਮਾਈਆਂ ਇੰਜ ਘਰਾਂ ਨੂੰ ਆਈ ਜਿਵੇਂ ਕੋਈ ਮੇਲਾ ਦੇਖ ਕੇ ਆਈਆਂ ਹੋਵਣ ।
ਹੋ ਸਕਦਾ ਕਈ ਸਾਥੀ ਇਸ ਨੂੰ ਗਲਤ ਰਸਮ ਸਮਝਣ ਪਰ ਉਹਨਾਂ ਮਾਈਆਂ ਦਾ ਇੰਜ ਕਰਨਾ ਕਿਤੇ ਨਾ ਕਿਤੇ ਸਾਡੇ ਵਿਰਸੇ ਦਾ ਹੀ ਹਿੱਸਾ ਸੀ ਕਿਉਂਕਿ ਅੱਜ ਕੋਈ ਵਿਰਲਾ ਹੀ ਉਮਰ ਭੋਗ ਕੇ ਮਰਦਾ ਹੈ । ਬਹੁਤੇ ਲੋਕ ਬੀਮਾਰੀ ਨਾਲ ਜਲਦੀ ਮਰ ਜਾਂਦੇ ਹਨ ਤੇ ਬਹੁਤੇ ਆਤਮਹੱਤਿਆ ਕਰਦੇ ਨੇ ਤੇ ਬਹੁਤੀਆਂ ਨੂੰ ਗੋਲੀਆਂ ਮਾਰ ਦਿੰਦੀਆ ਹਨ। ਕਿਸਮਤ ਦੇ ਧਨੀ ਲੋਕ ਜੋ ਪੜਦਾਦੇ, ਨੱਕੜਦਾਦੇ, ਪੱਕੜਦਾਦੇ ਬਣਕੇ ਦੁਨੀਆਂ ਨੂੰ ਅਲਵਿਦਾ ਕਹਿਣ। ਅਰਦਾਸ ਹੈ ਉਸ ਕੁੱਲ ਮਾਲਕ ਅੱਗੇ ਕਿ ਸਭ ਜੀਅ ਚੰਗੀ ਉਮਰਾ ਭੋਗ ਕੇ ਉਸ ਕੋਲ ਜਾਣ । ਕਿਸੇ ਦਾ ਕੁਵੇਲ਼ੇ ਤੁਰ ਜਾਣਾ ਕਈਆਂ ਦੀ ਜ਼ਿੰਦਗੀ ਖਤਮ ਕਰ ਜਾਂਦਾ ਹੈ।
ਸਰਬਜੀਤ ਲੌਂਗੀਆਂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly