(ਸਮਾਜ ਵੀਕਲੀ)
ਕਦੇ ਸਮਾਂ ਹੁੰਦਾ ਸੀ ਕਿ ਵੱਡੇ ਇੱਕ ਘੂਰੀ ਵੱਟਣ ਤਾਂ ਬੱਚੇ ਚੁੱਪ ਕਰ ਜਾਂਦੇ ਸਨ ਜਾਂ ਸ਼ਰਾਰਤ ਕਰਨਾ ਬੰਦ ਕਰ ਦਿੰਦੇ ਸਨ। ਬੱਚੇ ਵੱਡਿਆਂ ਦੇ ਇਸ਼ਾਰੇ ਸਮਝਦੇ ਸਨ ਤੇ ਝੱਟਪਟ ਅਸਰ ਕਰਦੇ ਸਨ। ਪਰ ਹੁਣ ਉਹ ਗੱਲਾਂ ਨਹੀਂ ਰਹੀਆਂ। ਹੁਣ ਤਾਂ ਬੱਚੇ ਸਿਰਫ਼ ਮੋਬਾਈਲ ਤੇ ਟੀ. ਵੀ. ਦੀ ਹੀ ਸੁਣਦੇ ਹਨ। ਅੱਜ ਹਰ ਇੱਕ ਮਾਂ-ਬਾਪ ਦੀ ਇਹੀ ਸ਼ਿਕਾਇਤ ਹੈ ਕਿ ਬੱਚੇ ਕਹਿਣਾ ਨਹੀਂ ਮੰਨਦੇ। ਪਹਿਲਾਂ ਬੱਚੇ ਸੰਸਕਾਰੀ ਹੁੰਦੇ ਸਨ। ਆਪਣੇ ਮਾਪਿਆਂ ਦੇ ਨਾਲ਼ ਬਾਕੀਆਂ ਦਾ ਵੀ ਕਹਿਣਾ ਮੰਨਦੇ ਸਨ। ਉੱਚੀ ਬੋਲਣਾ ਤਾਂ ਦੂਰ, ਕਈ ਵਾਰੀ ਬੱਚੇ ਰਿਸ਼ਤੇਦਾਰਾਂ ਦੇ ਸਾਹਮਣੇ ਆਉਂਦੇ ਹੀ ਨਹੀਂ ਸਨ।
ਜ਼ਮਾਨਾ ਬਹੁਤ ਬਦਲ ਗਿਆ ਹੈ। ਪਰ ਦੁੱਖ ਇਸ ਗੱਲ ਦਾ ਹੈ ਕਿ ਜ਼ਮਾਨਾ ਬਦਲਣ ਨਾਲ਼ ਚੰਗੇ ਸੰਸਕਾਰ ਵੀ ਖਤਮ ਹੋ ਗਏ ਹਨ। ਇਹ ਸ਼ਾਇਦ ਮਾਵਾਂ ਦੇ ਨੌਕਰੀਆਂ ਕਰਨ ਕਰਕੇ ਵੀ ਹੋਇਆ ਹੈ। ਘਰ ਦੇ ਨਾਲ਼- ਨਾਲ਼ ਜਦੋਂ ਬਾਹਰ ਦਾ ਕੰਮ ਵੀ ਕਰਨਾ ਪੈਂਦਾ ਹੈ ਤਾਂ ਔਰਤਾਂ ਥੱਕ ਜਾਂਦੀਆਂ ਹਨ ਤੇ ਉਹ ਬੱਚਿਆਂ ਨੂੰ ਸੰਸਕਾਰ ਨਹੀਂ ਦੇ ਪਾਉਂਦੀਆਂ ਜਾਂ ਆਪਾਂ ਇੰਝ ਕਹੀਏ ਕਿ ਜੇਕਰ ਬਾਹਰ ਨਿਕਲ ਕੇ ਪੈਸਾ ਕਮਾਉਣਾ ਹੁਣ ਸਿਰਫ਼ ਮਰਦ ਦਾ ਕੰਮ ਨਹੀਂ ਸਗੋਂ ਔਰਤ ਦੀ ਵੀ ਜ਼ਿੰਮੇਦਾਰੀ ਹੈ ਤਾਂ ਇਸੇ ਤਰ੍ਹਾਂ ਘਰ ਅਤੇ ਬੱਚਿਆਂ ਦੀ ਜ਼ਿੰਮੇਵਾਰੀ ਵੀ ਦੋਵਾਂ ਦੀ ਹੋਣੀ ਚਾਹੀਦੀ ਹੈ। ਅੱਜਕਲ੍ਹ ਪਰਿਵਾਰ ਛੋਟੇ ਤੇ ਇਕਹਿਰੇ ਹੋ ਗਏ ਹਨ, ਇਹ ਵੀ ਇੱਕ ਕਾਰਨ ਹੋ ਸਕਦਾ ਹੈ। ਪਹਿਲਾਂ ਦਾਦੀਆਂ, ਨਾਨੀਆਂ ਨੈਤਿਕਤਾ ਭਰੀਆਂ ਕਹਾਣੀਆਂ ਤੇ ਸੰਸਕਾਰਾਂ ਨਾਲ਼ ਭਰੀਆਂ ਬਾਤਾਂ ਸੁਣਾਉਂਦੀਆਂ ਸਨ ਜਿਸ ਕਰਕੇ ਬੱਚੇ ਸੰਸਕਾਰੀ ਬਣਦੇ ਸਨ ਪਰ ਹੁਣ ਦਾਦੀਆਂ- ਨਾਨੀਆਂ ਨਾਲ਼ ਰਹਿਣ ਦਾ ਮੌਕਾ ਕਿਸੇ-ਕਿਸੇ ਭਾਗਾਂ ਵਾਲੇ ਬੱਚੇ ਨੂੰ ਹੀ ਮਿਲ਼ਦਾ ਹੈ।
ਸੰਸਕਾਰਾਂ ਬਾਰੇ ਘਾਣ ਦਾ ਪਤਾ ਕਿਵੇਂ ਲਗਦਾ ਹੈ?ਸੋ ਇਹ ਤਾਂ ਬਹੁਤ ਆਸਾਨ ਹੈ।ਘਰਾਂ ਵਿੱਚ ਬੱਚੇ ਮਾਂ ਬਾਪ ਦਾ ਕਹਿਣਾ ਨਹੀਂ ਮੰਨਦੇ, ਬਾਹਰ ਉਹ ਆਪਣੀ ਮਰਜ਼ੀ ਕਰਦੇ ਹਨ। ਇੱਕ ਦਿਨ ਮੈਂ ਬੱਸ ਦਾ ਸਫ਼ਰ ਕੀਤਾ ਤਾਂ ਦੇਖਿਆ ਕਿ ਸੀਟਾਂ ਉੱਤੇ ਜ਼ਿਆਦਾਤਰ ਮੁੰਡੇ-ਕੁੜੀਆਂ ਬੈਠੇ ਹੋਏ ਸਨ। ਬਜ਼ੁਰਗ ਵਿਚਾਰੇ ਬੱਸ ਦੇ ਡੰਡੇ ਫੜ੍ਹ ਕੇ ਮੁਸ਼ਕਿਲ ਨਾਲ਼ ਖੜ੍ਹੇ ਹੋਏ ਸਨ। ਪਰ ਮਜ਼ਾਲ ਹੈ ਕਿ ਕੋਈ ਉੱਠ ਕੇ ਖੜ੍ਹਾ ਹੋਇਆ ਹੋਵੇ। ਇੱਕ ਬਜ਼ੁਰਗ ਮਾਈ ਬੀਮਾਰ ਸੀ ਤੇ ਉਹਨੇ ਹਸਪਤਾਲ਼ ਜਾਣਾ ਸੀ ਉਹਨੇ ਇੱਕ ਮੁੰਡੇ ਦੀ ਮਿੰਨਤ ਕੀਤੀ ਕਿ ਉਸਨੂੰ ਸੀਟ ਦੇ ਦੇਵੇ ਪਰ ਉਹ ਚੁੱਪਚਾਪ ਆਪਣੇ ਮੋਬਾਈਲ ਵਿੱਚ ਲੱਗਾ ਰਿਹਾ। ਇੱਥੇ ਹੀ ਬੱਸ ਨਹੀਂ ਕਈ ਤਾਂ ਮੂਹਰੇ ਤੋਂ ਕਹਿ ਦਿੰਦੇ ਹਨ ਕਿ ਅਸੀਂ ਵੀ ਪੈਸੇ ਖਰਚ ਕੇ ਟਿਕਟ ਲਈ ਹੈ, ਮੁਫ਼ਤ ਵਿੱਚ ਨਹੀਂ ਮਿਲੀ ਸੀਟ। ਤੇ ਹੁਣ ਕੀ ਕਹਾਂਗੇ ਅਜਿਹੀ ਮਾਨਸਿਕਤਾ ਲਈ?
ਰੇਲਾਂ ਵਿੱਚ ਵੀ ਇਹੋ ਹਾਲ ਹੈ, ਬਲਕਿ ਹੋਰ ਵੀ ਬੁਰਾ ਹਾਲ ਹੈ। ਗੱਡੀ ਵਿੱਚ ਚੜ੍ਹਦਿਆਂ ਹੀ ਕਈਆਂ ਦੀਆਂ ਤਾਂ ਜੇਬਾਂ ਕੱਟੀਆਂ ਜਾਂਦੀਆ ਹਨ ਤੇ ਕਈ ਵਿਚਾਰੇ ਡਿੱਗ ਕੇ ਸੱਟ ਲਵਾ ਬਹਿੰਦੇ ਹਨ। ਧਾਰਮਿਕ ਥਾਵਾਂ ਤੇ ਕਈ-ਕਈ ਜਣੇ ਗਰੁੱਪ ਬਣਾ ਕੇ ਚੋਰੀਆਂ ਕਰਨ ਜਾਂਦੇ ਹਨ। ਸੜਕਾਂ ਤੇ ਤੁਰਿਆ ਜਾਂਦਾ ਕੋਈ ਵੱਡਾ-ਛੋਟਾ ਨਹੀਂ ਦੇਖਦਾ। ਵਿਆਹ-ਸ਼ਾਦੀ ਵਿੱਚ ਵੀ ਲੋਕ ਖਾਣ ਪੀਣ ਲਈ ਇੱਕ ਦੂਜੇ ਦੇ ਉੱਪਰ ਹੀ ਡਿੱਗਦੇ ਹਨ, ਕੋਈ ਬਜ਼ੁਰਗ ਜਾਂ ਬੱਚਾ ਦੇਖਦਾ।ਇੱਥੋਂ ਤੱਕ ਕਿ ਹਸਪਤਾਲਾਂ ਵਿੱਚ ਵੀ ਕੋਈ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਹਰ ਕੋਈ ਕਾਹਲ਼ੀ ਵਿੱਚ ਹੈ। ਪਤਾ ਨਹੀਂ ਕਿਹੋ ਜਿਹੀ ਦੌੜ ਹੈ ਜਿਸ ਵਿੱਚ ਸਭ ਨੂੰ ਪਿੱਛੇ ਛੱਡ ਰਿਹਾ ਹੈ ਅੱਜ ਦਾ ਮਨੁੱਖ। ਆਖ਼ਿਰ ਕਿੱਥੇ ਪਹੁੰਚਣਾ ਹੈ ਅਸੀਂ?
ਹੁਣ ਤਾਂ ਇੰਝ ਲੱਗਦਾ ਹੈ ਕਿ ਲੋਕਾਂ ਵਿੱਚ ਸਬਰ, ਸੰਤੋਖ, ਨਿਮਰਤਾ,ਇਮਾਨਦਾਰੀ ਆਦਿ ਸੱਭ ਖਤਮ ਹੋ ਚੱਲਿਆ ਹੈ। ਬੱਚਿਆਂ ਵਿੱਚ ਚੋਰੀ ਅਤੇ ਮਾਰ-ਧਾੜ ਦਾ ਰੁਝਾਨ ਵਧਿਆ ਹੈ। ਉਹਨਾਂ ਨੂੰ ਬਹੁਤ ਕੁੱਝ ਚਾਹੀਦਾ ਹੈ ਉਹ ਵੀ ਆਸਾਨ ਅਤੇ ਤੇਜ਼ ਤਰੀਕੇ ਤੋਂ। ਉਹ ਮਿਹਨਤ ਨਹੀਂ ਕਰਨਾ ਚਾਹੁੰਦੇ ਸਗੋਂ ਦਿਮਾਗ ਨਾਲ਼ ਬੈਠੇ ਬਿਠਾਏ ਅਮੀਰ ਹੋਣਾ ਚਾਹੁੰਦੇ ਹਨ।
ਪਤਾ ਨਹੀਂ ਆਉਣ ਵਾਲ਼ੀ ਪੀੜ੍ਹੀ ਦਾ ਕੀ ਬਣੇਗਾ? ਪਰ ਜੇਕਰ ਅਸੀਂ ਥੋੜ੍ਹੇ ਜਿਹੇ ਸਤਰਕ ਹੋ ਜਾਈਏ ਤਾਂ ਸ਼ਾਇਦ ਕੁੱਝ ਸੁਧਾਰ ਹੋ ਸਕਦੇ ਹਨ। ਬੇਸ਼ੱਕ ਸਾਡੇ ਕੋਲ਼ ਸਮਾਂ ਘੱਟ ਹੈ ਪਰ ਫੇਰ ਵੀ ਥੋੜ੍ਹਾ ਜਿਹਾ ਸਮਾਂ ਬੱਚਿਆਂ ਨੂੰ ਦੇਣਾ ਜ਼ਰੂਰੀ ਹੈ। ਮੋਬਾਈਲ ਫ਼ੋਨ ਦਾ ਇਸਤੇਮਾਲ ਜੇਕਰ ਆਪ ਘੱਟ ਕਰਾਂਗੇ ਤਾਂ ਹੀ ਬੱਚਿਆਂ ਨੂੰ ਵੀ ਕਹਿ ਸਕਾਂਗੇ। ਚੰਗੀਆਂ ਕਿਤਾਬਾਂ ਪੜ੍ਹਨ ਦੀ ਆਦਤ ਅਪਣਾਈਏ ਤਾਂ ਸਾਨੂੰ ਦੇਖ ਕੇ ਬੱਚੇ ਵੀ ਪੜ੍ਹਨਗੇ। ਬੱਚਿਆਂ ਨੂੰ ਸਹੀ ਵਕਤ ਤੇ ਸੌਣ ਲਈ ਕਹੀਏ ਕਿਉਂਕਿ ਨੀਂਦ ਪੂਰੀ ਹੋਣੀ ਵੀ ਜ਼ਰੂਰੀ ਹੈ ਤੇ ਸੌਣ ਵੇਲੇ ਕੋਈ ਸਿੱਖਿਆਦਾਇਕ ਕਹਾਣੀ ਜਾਂ ਪਾਠ ਸੁਣਾਈਏ ਜਿਸ ਨਾਲ਼ ਬੱਚਿਆਂ ਨੂੰ ਕੋਈ ਪ੍ਰੇਰਨਾ ਮਿਲ਼ ਸਕੇ।
ਯਾਦ ਰੱਖੋ ਕਿ ਜੇਕਰ ਆਪਣੇ ਮਾਂ ਬਾਪ ਨੂੰ ਇੱਜ਼ਤ ਦੇਵਾਂਗੇ ਤਾਂ ਹੀ ਸਾਨੂੰ ਵੀ ਆਪਣੇ ਬੱਚਿਆਂ ਤੋਂ ਇੱਜ਼ਤ ਮਿਲੇਗੀ। ਸੋ ਆਓ ਨਵੀਂ ਪੀੜ੍ਹੀ ਨੂੰ ਦੋਬਾਰਾ ਸਹੀ ਦਿਸ਼ਾ ਵੱਲ ਲੈ ਕੇ ਚੱਲੀਏ। ਰਾਹ ਦਸੇਰੇ ਬਣੀਏ ਤੇ ਪੁਰਾਣੇ ਸਹੀ ਸੰਸਕਾਰ ਸਿਖਾ ਕੇ ਉਹਨਾਂ ਨੂੰ ਕਾਬਲ ਬਣਾਈਏ। ਉਹਨਾਂ ਨੂੰ ਮੋਬਾਈਲ ਅਤੇ ਹੋਰ ਮਸ਼ੀਨਾਂ ਦੇ ਗੁਲਾਮ ਬਣਨ ਤੋਂ ਬਚਾਈਏ।
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly