ਤੜਪ

(ਸਮਾਜ ਵੀਕਲੀ)

ਦਰਮਿਆਨੇ ਕੱਦ – ਕਾਠ ਦੀ ਸੋਹਣੀ- ਸੁਨੱਖੀ ਪ੍ਰੀਤ ਦਾ ਜਦ ਮਨਦੀਪ ਨਾਲ ਰਿਸ਼ਤਾ ਤੈਅ ਹੋਇਆ ਤਾਂ ਉਹ ਅੰਤਾਂ ਦੀ ਖੁਸ਼ ਸੀ। ਉਹ ਮਨ ਹੀ ਮਨ ਆਪਣੇ ਹੋਣ ਵਾਲੇ ਪਤੀ ਨੂੰ ਬਹੁਤ ਹੀ ਪਿਆਰ ਕਰਨ ਲੱਗੀ ਸੀ। ਆਪਣੇ ਦਿਲ ‘ਚ ਲੱਖਾਂ ਹੀ ਅਰਮਾਨ ਸਮੋਈ ਪ੍ਰੀਤ ਵਿਆਹ ਕੇ ਸਹੁਰੇ ਘਰ ਆ ਗਈ। ਪਰ ਉਸ ਨੂੰ ਬਹੁਤ ਜਲਦੀ ਅਹਿਸਾਸ ਹੋ ਗਿਆ ਕਿ ਉਸ ਦੀ ਸੱਸ ਬਹੁਤ ਹੀ ਤਿੱਖੇ ਸੁਭਾਅ ਦੀ ਹੈ । ਤੇ ਉਸ ਦਾ ਪਤੀ ਵੀ ਆਕੜ ਵਾਲੇ ਸੁਭਾਅ ਦਾ ਹੈ। ਵਕਤ ਬੀਤਦਾ ਗਿਆ

ਪ੍ਰੀਤ ਦੀ ਹਮੇਸ਼ਾ ਦਿਲੀ ਇੱਛਾ ਹੁੰਦੀ ਕਿ ਮਨਦੀਪ ਉਸ ਦੇ ਕੋਲ ਬੈਠੇ। ਉਸ ਨਾਲ ਦੁੱਖ – ਸੁੱਖ ਸਾਂਝਾ ਕਰੇ । ਉਸ ਨਾਲ ਢੇਰ ਸਾਰੀਆਂ ਗੱਲਾਂ ਕਰੇ । ਉਸ ਨੂੰ ਬਾਹਾਂ ਚ ਭਰ ਲਵੇ…….. ਤੇ ਉਹ ਉਸ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਤੀਤ ਕਰੇ। ਪਰ ਮਨਦੀਪ ਅਜਿਹਾ ਕੁਝ ਨਾ ਕਰਦਾ । ਉਹ ਪ੍ਰੀਤ ਤੋਂ ਬਿਲਕੁਲ ਹੀ ਬੇ – ਪ੍ਰਵਾਹ, ਕੰਮ ਤੋਂ ਆਉਂਦਿਆਂ ਜਾਂ ਮਾਂ ਕੋਲ ,ਟੀ .ਵੀ ਤੇ ਜਾਂ ਮੋਬਾਈਲ ਚ ਖੁੱਭਿਆ ਰਹਿੰਦਾ ।ਉਹ ਪ੍ਰੀਤ ਨਾਲ ਸਿਰਫ਼ ਮਤਲਬ ਦੀ ਗੱਲ ਹੀ ਕਰਦਾ ।

ਜਦ ਵੀ ਪ੍ਰੀਤ ਉਸ ਨੂੰ ਆਪਣੀਆਂ ਭਾਵਨਾਵਾਂ ਦਾ ਅਹਿਸਾਸ ਕਰਵਾਉਣਾ ਚਾਹੁੰਦੀ ਤਾਂ ਮਨਦੀਪ ਉਸ ਨੂੰ ਹੀ ਦੋਸ਼ੀ ਠਹਿਰਾ ਲੜ – ਝਗੜ ਦੂਜੇ ਕਮਰੇ ‘ਚ ਚਲਾ ਜਾਂਦਾ ਤੇ ਪ੍ਰੀਤ ਘੰਟਿਆਂ ਬੱਧੀ ਰੋਣ ਲਈ ਮਜਬੂਰ ਹੋ ਜਾਂਦੀ । ਇੰਝ ਹੀ ਵਕਤ ਬੀਤਦਾ ਗਿਆ । ਮਨਦੀਪ ਦਾ ਵਿਹਾਰ ਦੇਖ ਪ੍ਰੀਤ ਬਹੁਤ ਤੜਫਦੀ । ਉਸ ਦੇ ਅੰਦਰ ਇੱਕ ਖਾਲੀਪਣ ਵਧਦਾ ਜਾਂਦਾ । ਦੋ ਬੱਚੇ ਵੀ ਹੋ ਗਏ । ਪਰ ਉਨ੍ਹਾਂ ਦੇ ਮਨ ਦੀ ਸਾਂਝ ਨਾ ਬਣ ਸਕੀ। । ਵਕਤ ਦੀਆਂ ਤੈਹਾਂ ‘ਚ ਕਈ ਵਰ੍ਹੇ ਬੀਤ ਗਏ। ਵਕਤ ਬੀਤਣ ਨਾਲ ਪ੍ਰੀਤ ਅੰਦਰਲਾ ਖਾਲੀਪਣ ਹੋਰ ਵੀ ਵਧਦਾ ਗਿਆ । ਉਸ ਨੂੰ ਸਿਰ- ਦਰਦ, ਡਿਪਰੈਸ਼ਨ ਤੇ ਹੋਰ ਕਈ ਬਿਮਾਰੀਆਂ ਨੇ ਘੇਰ ਲਿਆ।

ਪਰ ਮਨਦੀਪ ਇਸ ਸਭ ਤੋਂ ਬੇਖ਼ਬਰ ਪ੍ਰੀਤ ਤੋਂ ਅਲੱਗ ਬੈਠਾ ਰਹਿੰਦਾ ਤੇ ਅਲੱਗ ਹੀ ਸੌਂ ਜਾਂਦਾ । ਵਕਤ ਬੀਤਣ ਨਾਲ ਦੋਵੇਂ ਬੱਚੇ ਵਿਆਹੇ ਗਏ। ਮੁੰਡਾ ਵਿਦੇਸ਼ ਵਿੱਚ ਹੀ ਸੈੱਟ ਹੋ ਗਿਆ। ਹੁਣ ਘਰ ਵਿੱਚ ਉਹ ਦੋਵੇਂ ਇਕੱਲੇ ਹੀ ਰਹਿ ਗਏ । ਪਰ ਇਸ ਦੇ ਬਾਵਜੂਦ ਅਲੱਗ -ਅਲੱਗ ਕਮਰਿਆਂ ‘ਚ ਅਜਨਬੀਆਂ ਵਾਂਗ ਬੈਠੇ ਰਹਿੰਦੇ । ਜੇਕਰ ਉਨ੍ਹਾਂ ਆਪਸ ਵਿੱਚ ਕੋਈ ਗੱਲ ਕਰਨੀ ਹੁੰਦੀ ਤਾਂ ਮੋਬਾਈਲ ਤੇ ਮੈਸੇਜ ਜ਼ਰੀਏ ਹੀ ਕਰਦੇ ।

ਅੱਜ ਪਚਵੰਜਾ ਵਰ੍ਹਿਆਂ ਨੂੰ ਢੁੱਕੀ ਉਦਾਸ ਪਈ ਪ੍ਰੀਤ ਛੱਤ ਨੂੰ ਨਿਹਾਰ ਰਹੀ ਸੀ ਕਿ ਸਵੇਰ ਦੀ ਸੈਰ ਤੇ ਗਏ ਮਨਦੀਪ ਦਾ ਮੈਸੇਜ ਆਇਆ । ਪ੍ਰੀਤ ਨੇ ਖੋਲ੍ਹ ਕੇ ਪੜ੍ਹਿਆ ਤਾਂ ਹੈਰਾਨ ਰਹਿ ਗਈ । ਲਿਖਿਆ ਸੀ , ‘ਪ੍ਰੀਤ , ਮੈਨੂੰ ਅੱਜ ਧੁਰ ਅੰਦਰ ਤੱਕ ਅਹਿਸਾਸ ਹੋ ਗਿਆ ਹੈ ਕਿ ਮੈਂ ਹੀ ਤੇਰੇ ਨਾਲ ਰੁੱਖਾ ਵਿਹਾਰ ਕਰਦਾ ਰਿਹਾ । ਜਿਸ ਕਾਰਨ ਅਸੀਂ ਅੱਜ ਤੱਕ ਦਿਲੋਂ ਇੱਕ ਨਾ ਹੋ ਸਕੇ । ਤੂੰ ਤਾਂ ਮੇਰੇ ਤੋਂ ਪਿਆਰ ਹੀ ਮੰਗਿਆ ਸੀ ਤੇ ਮੈਂ ……..ਅੱਜ ਤੋਂ ਆਪਾਂ ਇਕੱਠੇ ਜ਼ਿੰਦਗੀ ਜੀਵਾਂਗੇ । ਤੂੰ ਬੱਸ ਨਾਸ਼ਤਾ ਬਣਾ , ਆਪਾਂ ਇਕੱਠੇ ਬੈਠ ਕੇ ਖਾਵਾਂਗੇ । ਮੈਂ ਬੱਸ ਹੁਣੇ ਹੀ ਆਇਆ।’ ਇੰਨਾ ਹੀ ਪੜ੍ਹ ਪ੍ਰੀਤ ਹੱਸੀ । ਉਹ ਅੱਜ ਖੁੱਲ੍ਹ ਕੇ ਹੱਸੀ । ਉਸ ਨੇ ਜਲਦੀ ਨਾਲ ਨਾਸ਼ਤਾ ਬਣਾ ਮੇਜ਼ ਤੇ ਸਜਾਇਆ ਤੇ ਆਪ ਕੁਰਸੀ ਤੇ ਢੋ ਲਗਾ ਕੇ ਬੈਠ ਗਈ ।

ਮਨਦੀਪ ਨੇ ਆ ਕੇ ਪਿੱਛੋਂ ਹੀ ਉਸ ਨੂੰ ਬਾਹਾਂ ‘ਚ ਭਰ ਲਿਆ। ਉਹ ਕੁਝ ਨਾ ਬੋਲੀ । ਉਸਨੇ ਉਸ ਨੂੰ ਹਿਲਾਇਆ ਤਾਂ ਉਹ ਇੱਕ ਪਾਸੇ ਲੁੜਕ ਗਈ । ਮਨਦੀਪ ਨੇ ਉਸ ਨੂੰ ਜਲਦੀ ਨਾਲ ਚੁੱਕਿਆ। ਪਰ ਇਹ ਕੀ? ਪ੍ਰੀਤ ਤਾਂ ਜਾ ਚੁੱਕੀ ਸੀ………। ਰੋਣਹਾਕਾ ਹੋਇਆ ਮਨਦੀਪ ਅਣਹੋਣੀ ਹੋਈ ਦੇਖ ਮੂੰਹ ਅੱਡੀ ਖੜ੍ਹਾ ਸੀ । ਪਰ……. ਇੱਕ ਆਖਰੀ ਮੁਸਕਰਾਹਟ ਅਜੇ ਵੀ ਪ੍ਰੀਤ ਦੇ ਚਿਹਰੇ ਤੇ ਸੀ ਤੇ ਮੋਬਾਈਲ ਉਸ ਨੇ ਘੁੱਟ ਕੇ ਛਾਤੀ ਨਾਲ ਲਾਇਆ ਹੋਇਆ ਸੀ ।

ਮਨਪ੍ਰੀਤ ਕੌਰ ਭਾਟੀਆ
ਐਮ.ਏ ,ਬੀ.ਐਡ ।
ਫਿਰੋਜ਼ਪੁਰ ਸ਼ਹਿਰ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਸ਼ਿਆਂ ਕਾਰਨ ਘਰ-ਘਰ ਵਿੱਛੇ ਸੱਥਰ
Next articleਸੱਚਾ ਮੋਹ