ਨਸ਼ਿਆਂ ਕਾਰਨ ਘਰ-ਘਰ ਵਿੱਛੇ ਸੱਥਰ

(ਸਮਾਜ ਵੀਕਲੀ)

ਹਾਲ ਹੀ ਵਿੱਚ ਅੰਮ੍ਰਿਤਸਰ ਦੇ ਕੱਟੜਾ ਬੱਗੀਆਂ ਇਲਾਕੇ ਵਿੱਚ ਦੋ ਸਕੇ ਭਰਾਵਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਈ ਹੈ। ਇਕ ਭਰਾ ਜੇਲ ਵਿਚ ਬੰਦ ਸੀ ,ਜਿਸ ਦੀ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋ ਚੁੱਕੀ ਹੈ। ਤੇ ਦੂਜੇ ਭਰਾ ਦੀ ਨਸ਼ੇ ਦੀ ਜ਼ਿਆਦਾ ਓਵਰਡੋਜ਼ ਕਾਰਨ। ਆਏ ਦਿਨ ਦੋ ਜਾਂ ਤਿੰਨ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤਾਂ ਹੋ ਰਹੀਆਂ ਹਨ। ਹੁਣ ਤਾਂ ਕੁੜੀਆਂ ਵੀ ਚਿੱਟੇ ਦੀ ਸ਼ੌਕੀਨ ਹੋ ਚੁੱਕੀਆਂ ਹਨ।ਖਬਰ ਪੜ੍ਹਨ ਨੂੰ ਮਿਲੀ ਕਿ ਕਪੂਰਥਲਾ ਵਿਖੇ ਇਕ ਕੁੜੀ ਲੋਕਾਂ ਤੋਂ ਪੈਸੇ ਮੰਗ ਕੇ ਚਿੱਟਾ ਪੀਂਦੀ ਹੈ।

ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਹੈਰਾਨੀ ਦੀ ਗੱਲ ਹੈ ਕਿ ਇਸ ਵਿਆਹੁਤਾ ਦਾ ਪਤੀ ਨਸ਼ੇ ਦੀ ਤਸਕਰੀ ਕਾਰਨ ਜੇਲ ਵਿੱਚ ਹੈ।ਹਾਲ ਹੀ ਵਿੱਚ ਚੋਹਲਾ ਸਾਹਿਬ ਵਿਖੇ ਇਕ ਕਿਸਾਨ ਪਰਿਵਾਰ ਦੇ ਦੋਵਾਂ ਪੁੱਤਰਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਵੱਡੇ ਪੁੱਤਰ ਦੀਆਂ ਅੰਤਿਮ ਰਸਮਾਂ ਵੀ ਹਜੇ ਪੂਰੀਆਂ ਵੀ ਨਹੀਂ ਹੋਈਆਂ ਸਨ ,ਕਿ ਛੋਟੇ ਪੁੱਤਰ ਦੀ ਵੀ ਪਹਿਲਾਂ ਹੀ ਮੌਤ ਹੋ ਗਈ।ਹਾਲ ਹੀ ਵਿਚ ਪੰਜਾਬ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ਤੇ ਗੁਜਰਾਤ ਤੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ। ਸਰਹੱਦ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਨਸ਼ਿਆਂ ਦੀ ਤਸਕਰੀ ਲਗਾਤਾਰ ਜਾਰੀ ਹੈ। ਹਾਲ ਹੀ ਵਿਚ ਫਿਰੋਜ਼ਪੁਰ ਵਿਖੇ ਬੀਐਸਐਫ ਵੱਲੋਂ ਨਸ਼ਿਆਂ ਦੇ ਪੈਕਟ ਬਰਾਮਦ ਕੀਤੇ ਗਏ।

ਅਫ਼ਗ਼ਨਿਸਤਾਨ ਮੁਲਕ ਵਿੱਚ ਅਫ਼ੀਮ ਦੀ ਖੇਤੀ ਕੀਤੀ ਜਾਂਦੀ ਹੈ।ਹੁਣ ਸਮੁੰਦਰੀ ਰਸਤਿਆਂ ਰਾਹੀਂ ਵੀ ਨਸ਼ਿਆਂ ਦੀ ਤਸਕਰੀ ਹੋ ਰਹੀ ਹੈ। ਨਸ਼ਾ ਕਰਨ ਵਾਲਿਆਂ ਦੇ ਘਰ ਵੀ ਤਬਾਹ ਹੋ ਰਹੇ ਹਨ । ਮਾਂ-ਪਿਉ ਮਰ ਮਰ ਕੇ ਜੀਉਂਦੇ ਹਨ। ਨਸ਼ੇ ਦੀ ਪੂਰਤੀ ਲਈ ਕਈ ਨਸ਼ੇੜੀ ਘਰ ਦਾ ਵੀ ਸਮਾਨ ਵੇਚਦੇ ਹਨ। ਇਹੀ ਕਾਰਨ ਹੈ ਕਿ ਪੰਜਾਬ ਵਿੱਚ ਲਗਾਤਾਰ ਪ੍ਰਵਾਸ ਵੱਧ ਰਿਹਾ ਹੈ। ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ।ਵਿਚਾਰਨ ਵਾਲੀ ਗੱਲ ਹੈ ਕਿ ਚੋਰ ਮੋਰੀਆਂ ਰਾਹੀਂ ਵੱਡੇ ਵੱਡੇ ਤਸਕਰ ਭਾਰਤ ਵਿਚ ਹੈਰੋਇਨ ਪਹੁੰਚਾਉਣ ‘ਚ ਕਾਮਯਾਬ ਹੋ ਗਏ ਹਨ।

ਇਸ ਦਾ ਤਾਂ ਸਿੱਧਾ ਮਤਲਬ ਹੀਂ ਹੈ ਕਿ ਦੇਸ਼ ਵਿੱਚ ਵੱਡੀ ਮਾਤਰਾ ਵਿੱਚ ਲੋਕ ਨਸ਼ੇ ਦੇ ਆਦੀ ਹੋ ਚੁੱਕੇ ਹਨ । ਹਰ ਰੋਜ਼ ਪੰਜਾਬ ਵਿੱਚ ਚਿੱਟੇ ਦੀ ਭੇਟ ਕਈ ਨੌਜ਼ਵਾਨ ਚੜ੍ਹ ਰਹੇ ਹਨ।ਦੋ ਕੁ ਮਹੀਨੇ ਪਹਿਲਾਂ ਵੀ ਗੁਜਰਾਤ ਦੀ ਮੁੰਦਰਾ ਤੇ ਕਾਂਡਲਾ ਬੰਦਰਗਾਹਾਂ ਚਰਚਾ ‘ਚ ਸੀ। ਚੇਤੇ ਕਰਵਾ ਦੇਈਏ ਕਿ 2017 ਵਿੱਚ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਵੱਡੇ ਸਿਆਸਤਦਾਨਾਂ ਨੇ ਸਹੁੰ ਚੁੱਕੀ ਸੀ। ਪਿਛਲੇ ਹੀ ਮਹੀਨੇ ਪੰਜਾਬ ਵਿੱਚ ਆਪ ਸਰਕਾਰ ਵੱਲੋ ਨਸ਼ਿਆਂ ਤੇ ਨਕੇਲ ਕੱਸਣ ਲਈ ਸੂਬੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਕੁਝ ਕੁ ਨਸ਼ਾ ਤਸਕਰਾਂ ਨੂੰ ਫੜਿਆ ਵੀ ਗਿਆ ਤੇ ਸੁਣਨ ਵਿੱਚ ਵੀ ਆਇਆ ਕਿ ਕੁਝ ਨਸ਼ੇ ਦੇ ਸੌਦਾਗਰ ਘਰ ਨੂੰ ਤਾਲਾ ਲਗਾ ਕੇ ਫਰਾਰ ਹੋ ਗਏ।ਅੱਜ ਕੱਲ ਨਸ਼ੀਲੇ ਪਦਾਰਥਾਂ ਦੀ ਖਰੀਦ ਵਿਕਰੀ ਲਈ ਸੋਸ਼ਲ ਨੈੱਟਵਰਕਿੰਗ ਸਾਈਟ ਦਾ ਧੜੱਲੇ ਨਾਲ ਪ੍ਰਯੋਗ ਹੋ ਰਿਹਾ ਹੈ।

ਸੋਚਣ ਵਾਲੀ ਗੱਲ ਹੈ ਕਿ ਜੇ ਪੁਲਿਸ ਪ੍ਰਸ਼ਾਸਨ ਨਸ਼ਿਆਂ ਦੇ ਖਿਲਾਫ ਸਖ਼ਤ ਕਦਮ ਚੁੱਕਣਗੇ , ਤਾਂ ਆਪਣੇ ਆਪ ਹੀ ਨਸ਼ਿਆਂ ਦੀਆਂ ਜੜ੍ਹਾਂ ਪੁੱਟੀਆਂ ਜਾਣਗੀਆਂ। ਸਰਹੱਦੀ ਮੂਲਕਾਂ ਦੇ ਆਲਾ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਬਣਾ ਕੇ ਨਸ਼ਿਆਂ ਦੀ ਸਮਗਲਿੰਗ ਨੂੰ ਰੋਕਿਆ ਜਾ ਸਕਦਾ ਹੈ। ਦੇਸ਼ ਦਾ ਭਵਿੱਖ ਬਚਾਓਣ ਲਈ ਸਰਕਾਰਾਂ, ਆਮ ਜਨਤਾ, ਸਿਆਸਤਦਾਨਾਂ ਨੂੰ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ।

ਸੰਜੀਵ ਸਿੰਘ ਸੈਣੀ

ਮੋਹਾਲੀ 7888966168

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰੋਵਰ ਦੀ ਸੇਵਾ
Next articleਤੜਪ