(ਸਮਾਜ ਵੀਕਲੀ)
ਜਦ ਵੀ ਸੋਚਾਂ ਤੇਰੇ ਬਾਰੇ
ਤੂੰ ਜੋ ਸੀ, ਹੁਣ ਨਹੀਂ ਹੈਂ
ਜਾਂ ਤੂੰ ਜੋ ਹੁਣ ਹੈ
ਸ਼ਾਇਦ ਉਦੋਂ ਵੀ ਸੀ
ਉਲਝ ਜਾਂਦਾ ਹਾਂ
ਹੈਂ ਅਤੇ ਸੀ ਦੇ
ਇਸ ਚੱਕਰ ਵਿੱਚ।
ਇੱਕੋ ਗੱਲ ਸਮਝ ਲੱਗਦੀ
ਹਰ ਬਿਰਹੋਂ ਮੇਰਾ ਬਿਰਹੋਂ ਹੈ
ਜੋਬਨ ਦੀ ਉਹ ਪਹਿਲੀ ਸੱਧਰ
ਜੋ ਸਾਰੀ ਸ੍ਰਿਸ਼ਟੀ ਨੂੰ
ਆਪਣੀ ਲਪੇਟ ਵਿੱਚ
ਭਰ ਲੈਣਾ ਚਾਹੁੰਦੀ ਹੈ
ਉਹ ਸਭ ਤੂੰ ਹੈ ਅਤੇ ਰਹੇਗੀ।
ਜਿਥੇ ਵੀ ਵੇਖਾਂ ਇਹ ਕੌਤਕ
ਖਾਲੀਪਨ ਕੁਝ ਭਰ ਜਾਂਦਾ ਹੈ,
ਮੇਰਾ ਬਿਰਹੋਂ ਘੱਟ ਜਾਂਦਾ ਹੈ।
ਸੋਚਦਾ ਹਾਂ, ਜੀਵਨ ਸੋਹਣਾ ਹੈ
ਪਰ
ਝੜਦੇ ਪੱਤੇ ਦੀ ਅਵਾਜ਼
ਤੇ ਬੁਝਣਾ ਦੀਵੇ ਦਾ
ਜੋਬਨ ਦੇ ਸ਼ੀਸ਼ੇ ਦੀਆਂ ਤ੍ਰੇੜਾਂ
ਪਤਾ ਨਹੀਂ ਕਿੰਨਾਂ ਕੁਝ ਹੈ ਹੋਰ
ਜੋ ਜਾਂਦੇ ਜਾਂਦੇ
ਰੋਜ਼ ਅਲਵਿਦਾ ਕਹਿ ਜਾਂਦਾ ਹੈ
ਮੁੜ ਸੁੰਨਾਪਣ ਦੇ ਜਾਂਦਾ ਹੈ।
ਪ੍ਰਸ਼ੋਤਮ ਪੱਤੋ, ਮੋਗਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly