(ਸਮਾਜ ਵੀਕਲੀ)
ਹਰਪ੍ਰੀਤ ਕੌਰ ਸੰਧੂ ਦਾ ਦੂਸਰਾ ਕਾਵਿ ਸੰਗ੍ਰਹਿ “ਚੁੱਪ ਨਾ ਰਿਹਾ ਕਰ” ਕੈਲੀਬਰ ਪਬਲੀਕੇਸ਼ਨ ਵੱਲੋਂ ਛਾਪਿਆ ਗਿਆ ਹੈ।ਇਸ ਕਾਵਿ ਸੰਗ੍ਰਹਿ ਨਾਲ ਕਵਿੱਤਰੀ ਦੇ ਕਾਵਿ ਜਗਤ ਵਿੱਚ ਆਪਣੀ ਪਕੜ ਹੋਰ ਪੀਢੀ ਕੀਤੀ ਹੈ।ਇਸ ਕਾਵਿ ਸੰਗ੍ਰਹਿ ਵਿਚ ਕਵਿਤਾ ਦਾ ਹਰ ਰੰਗ ਹੈ।ਕਵਿੱਤਰੀ ਵੱਲੋਂ ਇਹ ਕਾਵਿ ਸੰਗ੍ਰਹਿ ਆਪਣੇ ਨਾਨਾ ਨਾਨੀ ਨੂੰ ਸਮਰਪਿਤ ਕੀਤਾ ਗਿਆ ਹੈ।ਇਸ ਕਾਵਿ ਸੰਗ੍ਰਹਿ ਵਿਚ ਔਰਤ ਮਰਦ ਦੇ ਰਿਸ਼ਤੇ ਨੂੰ ਅਤੇ ਮੁਹੱਬਤ ਨੂੰ ਬਾਖ਼ੂਬੀ ਬਿਆਨ ਕੀਤਾ ਗਿਆ ਹੈ।ਰਿਸ਼ਤਿਆਂ ਦੀ ਗਹਿਰਾਈ ਬਾਰੇ ਗੱਲ ਕਰਦਿਆਂ ਕਵਿੱਤਰੀ ਦੀ ਸੁਰ ਕਿਤੇ ਵੀ ਪੁਰਸ਼ ਦੇ ਖਿਲਾਫ ਖੜ੍ਹੀ ਨਹੀਂ ਲੱਗਦੀ ।ਔਰਤ ਤੇ ਪੁਰਸ਼ ਦੇ ਰਿਸ਼ਤੇ ਨੂੰ ਬੜੀ ਨਜ਼ਦੀਕੀ ਤੋਂ ਜਾਣਦਿਆਂ ਸਮਝਦਿਆਂ ਲਿਖੀਆਂ ਗਈਆਂ ਇਹ ਕਵਿਤਾਵਾਂ ਗਹਿਰੇ ਰਿਸ਼ਤੇ ਦੀ ਗੱਲ ਕਰਦੀਆਂ ਹਨ।ਦੋਵੇਂ ਇੱਕ ਦੂਜੇ ਤੋਂ ਬਿਨਾਂ ਅਧੂਰੇ ਹਨ।
ਮੁੜਦੀ ਹਾਂ
ਜਦੋਂ ਤੈਨੂੰ
ਮਿਲ ਕੇ
ਪਹਿਲਾਂ ਵਰਗੀ ਨਹੀਂ ਰਹਿੰਦੀ
ਕੁਝ ਰਹਿ ਜਾਂਦੀ ਹਾਂ ਤੇਰੇ ਕੋਲ
ਕੁਝ ਤੂੰ ਆ ਜਾਨਾ
ਮੇਰੇ ਨਾਲ
“ਆਜ਼ਾਦ ਔਰਤ ਦੀ ਗਾਥਾ” ਕਵਿਤਾ ਔਰਤ ਦੇ ਆਜ਼ਾਦ ਹੋਣ ਦੀ ਗੱਲ ਕਰਦੀ ਹੈ ਪਰ ਮਾਨਸਿਕਤਾ ਦੀ।ਕਵਿੱਤਰੀ ਇਹ ਜਾਣਦੀ ਹੈ ਔਰਤ ਨੂੰ ਆਜ਼ਾਦੀ ਮਰਦ ਤੋਂ ਨਹੀਂ ਆਪਣੀ ਮਾਨਸਿਕਤਾ ਵੀ ਚਾਹੀਦੀ ਹੈ।ਇਕ ਅਜਿਹੀ ਆਜ਼ਾਦੀ ਜਿਸ ਵਿਚ ਵਧ ਫੁੱਲ ਸਕੇ।ਬੇਜਾਨ ਵਸਤਾਂ ਨਾਲ ਗੱਲਾਂ ਕਰਦੀ ਕਵਿੱਤਰੀ ਉਨ੍ਹਾਂ ਵਿੱਚ ਜਾਨ ਪਾ ਦਿੰਦੀ ਹੈ।ਕੰਬਲ ਕਵਿਤਾ ਵਿੱਚ ਕੰਬਲ ਦਾ ਬਿੰਬ ਲੈ ਕੇ ਉਹ ਰਿਸ਼ਤਿਆਂ ਦੀ ਗੱਲ ਕਰਦੀ ਹੈ।ਚੁਰਾਹੇ ਖੜ੍ਹਾ ਬੁੱਤ ਕਵਿਤਾ ਵਿੱਚ ਅੱਜ ਦੀ ਜ਼ਿੰਦਗੀ ਦੇ ਖੋਖਲੇਪਣ ਦੀ ਗੱਲ ਹੈ।ਸੰਤਾਪ ਸੰਤਾਲੀ ਕਵਿਤਾ ਪੰਜਾਬ ਦੀ ਵੰਡ ਦਾ ਜ਼ਿਕਰ ਕਰਦੀ ਹੈ।ਬੇਵੱਸ ਹੱਥ ਕਵਿਤਾ ਇੱਕ ਵੱਖਰਾ ਹੀ ਰੰਗ ਪੇਸ਼ ਕਰਦੀ ਹੈ ਕਿ ਕਿਵੇਂ ਇਕ ਇਕੱਲਾ ਹੀ ਸਾਰੇ ਮਾਹੌਲ ਨੂੰ ਵਿਗਾੜ ਸਾਹਮਣੇ ਵਾਲੇ ਨੂੰ ਬੇਵੱਸ ਕਰ ਦਿੰਦਾ ਹੈ।
ਇਸ ਕਾਵਿ ਸੰਗ੍ਰਹਿ ਵਿੱਚ ਅਜਿਹੀਆਂ ਬਹੁਤ ਕਵਿਤਾਵਾਂ ਹਨ ਜੋ ਸਾਹਿਤ ਵਿਚ ਇਕ ਨਵਾਂ ਪੱਖ ਪੇਸ਼ ਕਰਦੀਆਂ ਹਨ।ਉਹ ਪੱਖ ਜਿਨ੍ਹਾਂ ਤੋਂ ਪਹਿਲਾਂ ਕਦੀ ਕਿਸੇ ਨੇ ਗੱਲ ਨਹੀਂ ਕੀਤੀ।ਹਰਪ੍ਰੀਤ ਕੌਰ ਸੰਧੂ ਦੀ ਮਨੋਵਿਗਿਆਨਿਕ ਪਕੜ ਬੜੀ ਮਜ਼ਬੂਤ ਹੈ।ਰਿਸ਼ਤਿਆਂ ਦੇ ਤਾਣੇ ਬਾਣੇ ਨੂੰ ਉਹ ਬਾਖੂਬੀ ਸਮਝਦੀ ਹੈ।ਪੁਰਸ਼ ਸਿਰਫ਼ ਪ੍ਰੇਮੀ ਨਹੀਂ ਹੁੰਦਾ ਕਵਿਤਾ ਵਿਚ ਪੁਰਸ਼ ਦੇ ਅਨੇਕਾਂ ਰੂਪਾਂ ਦਾ ਜ਼ਿਕਰ ਕਰਦਿਆਂ ਕਵਿੱਤਰੀ ਇਸ ਸਾਬਿਤ ਕਰਦੀ ਹੈ ਕਿ ਉਹ ਕਿਵੇਂ ਔਰਤ ਨੂੰ ਆਪਣਾ ਸਮਝ ਕੇ ਉਸ ਨੂੰ ਸੰਭਾਲਣਾ ਚਾਹੁੰਦਾ ਹੈ।ਊਰਜਾ ਬਰਾਬਰ ਹੀ ਲੱਗਦੀ ਹੈ ਕਵਿਤਾ ਇਹ ਦੱਸਦੀ ਹੈ ਕਿ ਰਿਸ਼ਤਿਆਂ ਨੂੰ ਨਿਭਾਉਣ ਵਿੱਚ ਬਰਾਬਰ ਹੀ ਉਰਜਾ ਲੱਗਦੀ ਹੈ ਬੇਸ਼ੱਕ ਉਹ ਨਫ਼ਰਤ ਦੇ ਹੋਣ ਜਾਂ ਮੁਹੱਬਤ ਦੇ।ਕਵਿਤਾ ਇਕ ਸਫਲ ਲੇਖਿਕਾ ਵੀ ਹੈ।ਉਸ ਦੇ ਲਿਖੇ ਲੇਖ ਅਖ਼ਬਾਰਾਂ ਵਿੱਚ ਛਪਦੇ ਰਹਿੰਦੇ ਹਨ।
ਉਸ ਦੀ ਕਲਮ ਦੀ ਤੇਜ਼ੀ ਬਾਕਮਾਲ ਹੈ।ਕਲਮ ਦੀ ਪਕੜ ਦੇ ਨਾਲ ਨਾਲ ਲਿਖਣ ਦੀ ਤੇਜ਼ੀ ਅਜਿਹੀ ਹੈ ਕਿ ਕੁਝ ਮਿੰਟਾਂ ਵਿਚ ਹੀ ਕਿਸੇ ਵਿਸ਼ੇ ਤੇ ਸਾਰੇ ਪੱਖਾਂ ਤੋਂ ਲੇਖ ਲਿਖ ਦਿੰਦੀ ਹੈ।ਜੀਵਨ ਦੇ ਹਰ ਪੱਖ ਬਾਰੇ ਉਸਦੇ ਲੇਖ ਮਨੋਵਿਗਿਆਨਕ ਪੱਖ ਉਘਾੜਦੇ ਹਨ।ਪੇਸ਼ੇ ਵਜੋਂ ਅਧਿਆਪਕਾ ਹੋਣ ਕਰਕੇ ਉਹ ਅਕਸਰ ਨੌਜਵਾਨਾ ਤੇ ਬੱਚਿਆਂ ਨਾਲ ਦਰਪੇਸ਼ ਸਮੱਸਿਆਵਾਂ ਬਾਰੇ ਲਿਖਦੀ ਹੈ।ਉਸ ਦਾ ਪਹਿਲਾ ਕਾਵਿ ਸੰਗ੍ਰਹਿ “ਅੰਤਰਨਾਦ” ਵੀ ਕਾਵਿ ਜਗਤ ਵਿੱਚ ਬਹੁਤ ਪਸੰਦ ਕੀਤਾ ਗਿਆ ਸੀ।ਦੂਸਰਾ ਕਾਵਿ ਸੰਗ੍ਰਹਿ “ਚੁੱਪ ਨਾ ਰਿਹਾ ਕਰ” ਮਜ਼ਬੂਤੀ ਨਾਲ ਆਪਣੀ ਪਕੜ ਬਣਾ ਰਿਹਾ ਹੈ।ਜਿਸ ਤਰ੍ਹਾਂ ਦੀ ਮਨੋਵਿਗਿਆਨਕ ਸੂਝ ਬੂਝ ਨਾਲ ਹਰਪ੍ਰੀਤ ਕੌਰ ਸੰਧੂ ਕਵਿਤਾਵਾਂ ਲਿਖ ਰਹੀ ਹੈ ਉੱਥੇ ਹੀ ਪਤਾ ਲੱਗਦਾ ਹੈ ਕਿ ਉਹ ਕਾਵਿ ਜਗਤ ਵਿੱਚ ਆਪਣੀ ਥਾਂ ਬਣਾ ਚੁੱਕੀ ਹੈ।
ਰਮੇਸ਼ਵਰ ਸਿੰਘ
ਸੰਪਰਕ ਨੰਬਰ- 9914880392
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly