HOME ਗੁਰਮਤਿ ਵਿੱਚ ਸੇਵਾ ਦਾ ਸੰਕਲਪ

ਗੁਰਮਤਿ ਵਿੱਚ ਸੇਵਾ ਦਾ ਸੰਕਲਪ

3
    (ਸਮਾਜ ਵੀਕਲੀ)   ਸਿੱਖ ਧਰਮ ਵਿੱਚ ਸੇਵਾ ਦਾ ਬਹੁਤ ਮਹੱਤਵ ਹੈ।  ਸੇਵਾ ਦੁਆਰਾ ਸੇਵਕ ਦੇ ਅੰਦਰ ਦੀ ਮੈਲ ਦੂਰ ਹੋ ਜਾਂਦੀ ਹੈ । ਸੇਵਾ ਦੁਆਰਾ ਮਨੁੱਖ ਵਿਕਾਰਾਂ ਤੋਂ ਮੁਕਤ ਹੋ ਕੇ ਦੁਨਿਆਵੀ ਸੁੱਖ ਭੋਗਾਂ ਦਾ ਅਨੰਦ ਮਾਣਦਿਆਂ ਵੀ ਸਹੀ ਜੀਵਨ ਜੁਗਤ ਪ੍ਰਾਪਤ ਕਰ ਸਕਦਾ ਹੈ। ਸੇਵਾ ਤੋਂ ਬਿਨਾਂ ਵਿਅਕਤੀ ਸਿਮਰਨ ਵਿੱਚ ਵੀ ਪੂਰਾ ਨਹੀਂ ਉਤਰ ਸਕਦਾ । ਸੇਵਾ ਕਰਨ ਲੱਗਿਆਂ ਕੋਈ ਭੇਦ-ਭਾਵ ਨਹੀਂ ਕੀਤਾ ਜਾ ਸਕਦਾ। ਸੇਵਾ ਮਨ ਨੂੰ ਕੋਮਲਤਾ ਦਿੰਦੀ ਹੈ । ਸੇਵਕ ਦਾ ਮਨ ਨਰਮ ਹੋ ਜਾਂਦਾ ਹੈ । ਸੇਵਾ ਮਨ ਨੂੰ ਪਵਿੱਤਰ ਕਰਨ ਵਾਸਤੇ ਹੈ। ਸੇਵਾ ਕੀਤੇ ਬਿਨਾਂ ਧਰਮ ਗ੍ਰੰਥਾਂ ਦੇ ਉਪਦੇਸ਼ ਮਨ ਵਿੱਚ ਨਹੀਂ ਟਿਕਦੇ। ਸੇਵਾ ਮਨ ਵਿੱਚ ਸਤ, ਸੰਤੋਖ, ਦਇਆ, ਖਿਮਾ, ਨਿਮਰਤਾ, ਪ੍ਰੇਮ ਅਤੇ ਭਾਈਚਾਰੀ ਦੀ ਭਾਵਨਾ ਪੈਦਾ ਕਰਨ ਦਾ ਸਭ ਤੋਂ ਉੱਤਮ ਸਾਧਨ ਹੈ ।
       ਦੁਖੀ ਨੂੰ ਸੁੱਖ, ਭੁੱਖੇ ਨੂੰ ਭੋਜਨ, ਪਿਆਸੇ ਨੂੰ ਜਲ-ਪਾਣੀ, ਜ਼ਖ਼ਮੀ ਨੂੰ ਮਲ੍ਹਮ-ਪੱਟੀ ਕਰਨਾ ‘ਸੇਵਾ’ ਹੈ । ਸਿੱਖ ਧਰਮ ਵਿੱਚ ਸੇਵਾ ਕਈ ਤਰ੍ਹਾਂ ਨਾਲ ਕੀਤੀ ਜਾਂਦੀ ਹੈ, ਜਿਵੇਂ ਗੁਰਦੁਆਰੇ ਦੀ ਇਮਾਰਤ ਲਈ ਸੀਮਿੰਟ, ਬੱਜਰੀ, ਰੇਤਾ, ਇੱਟਾਂ, ਸਰੀਆ । ਇਸ ਤੋਂ ਇਲਾਵਾ ਦਰੀਆਂ, ਚਾਦਰਾਂ, ਪਾਲਕੀ, ਚੰਦੋਆ (ਚਾਨਣੀ), ਰੁਮਾਲੇ, ਚਵਰ (ਚੌਰ), ਪ੍ਰਸਾਦ, ਪੱਖੇ, ਕੂਲਰ, ਏ.ਸੀ.ਸਰਵਿਸ ਦੀ ਸੇਵਾ, ਗਲੀਚੇ ਸਾਫ਼ ਕਰਨ ਦੀ ਸੇਵਾ, ਫ਼ਰਸ਼ ਧੋਣ ਦੀ ਸੇਵਾ ਆਦਿ। ਪਰ ਦੋ ਪ੍ਰਕਾਰ ਦੀ ਸੇਵਾ ਸਿੱਖ ਧਰਮ ਵਿੱਚ ਵਧੇਰੇ ਪ੍ਰਚਲਿਤ ਮੰਨੀ ਜਾਂਦੀ ਹੈ — ਭਾਂਡੇ ਮਾਂਜਣ (ਸਾਫ਼ ਕਰਨ) ਦੀ ਸੇਵਾ ਅਤੇ ਜੋੜੇ ਝਾੜਨ ਦੀ ਸੇਵਾ ।
        ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸੇਵਾ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਖ਼ਿਦਮਤ, ਉਪਾਸ਼ਨਾ । ਸਿੰਧੀ ਵਿੱਚ ਸੇਵਾ ਦਾ ਉਚਾਰਨ ‘ਸੇਵਾ’ ਹੈ ਅਤੇ ਇਸਦਾ ਅਰਥ ਪੂਜਾ ਭੇਟਾ ਵੀ ਹੈ । ਡਾ: ਇੰਦਰਪਾਲ ਕੌਰ ਅਨੁਸਾਰ ਸੇਵਾ ਦਾ ਅਰਥ–ਬਿਨਾਂ ਸਵਾਰਥ ਤੋਂ ਕਿਸੇ ਲਈ ਕੁਝ ਕਰਨਾ ਅਤੇ ਬਦਲੇ ਵਿੱਚ ਆਸ ਦੀ ਭਾਵਨਾ ਨਾ ਰੱਖਣ ਨੂੰ ‘ਸੇਵਾ’ ਕਿਹਾ ਜਾਂਦਾ ਹੈ।
  ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਹੀ ਸੇਵਾ ਚੱਲ ਰਹੀ ਹੈ। ਭਾਈ ਲਹਿਣਾ ਜੀ ਕਰਤਾਰਪੁਰ ਵਿਖੇ ਗੁਰੂ ਨਾਨਕ ਦੇਵ ਜੀ ਕੋਲ ਖੇਤਾਂ ਵਿੱਚ ਸੇਵਾ ਕਰਦੇ ਸਨ। ਗੁਰੂ ਨਾਨਕ ਦੇਵ ਜੀ ਸਿੱਖਾਂ ਸਮੇਤ ਝੋਨੇ ਵਿੱਚੋਂ ਨਦੀਨ ਜਾਂ ਘਾਹ ਫੂਸ ਕੱਢ ਰਹੇ ਸਨ। ਭਾਈ ਲਹਿਣਾ ਜੀ ਵੀ ਉਸ ਕੰਮ ਵਿੱਚ ਲੱਗ ਪਏ । ਆਪਣੇ ਨਵੇਂ ਰੇਸ਼ਮੀ ਲਿਬਾਸ ਦੇ ਲਿੱਬੜ ਜਾਣ ਦਾ ਉਹਨਾਂ ਨੂੰ ਰੱਤੀ ਭਰ (ਭੋਰਾ) ਵੀ ਖ਼ਿਆਲ ਨਾ ਆਇਆ।  ਝੋਨੇ ਵਿੱਚ ਨਿਕਲੇ ਨਦੀਨ ਦੀ ਪੰਡ ਬੰਨ੍ਹ ਕੇ ਭਾਈ ਲਹਿਣਾ ਜੀ ਨੇ ਸਿਰ ਤੇ ਚੁੱਕ ਲਈ ਅਤੇ ਗੁਰੂ ਜੀ ਨਾਲ ਤੁਰ ਪਏ । ਘਾਹ ਗਿੱਲਾ ਤੇ ਚਿੱਕੜ ਵਾਲਾ ਹੋਣ ਕਰਕੇ ਉਸ ਵਿੱਚੋਂ ਛਿੱਟਾਂ ਚੋ-ਚੋ ਕੇ ਭਾਈ ਲਹਿਣਾ ਜੀ ਦੇ ਪਾਏ ਹੋਏ ਸੋਹਣੇ ਰੇਸ਼ਮੀ ਕੱਪੜਿਆਂ ਉੱਪਰ ਪੈ ਰਹੀਆਂ ਸਨ, ਪਰ ਉਹਨਾਂ ਨੇ ਕੋਈ ਪ੍ਰਵਾਹ ਨਹੀਂ ਕੀਤੀ । ਉਹ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਦੇ ਹੋਏ ਅੰਤਰਧਿਆਨ ਹੋਏ ਤੁਰਦੇ ਗਏ।
     ਡੇਰੇ (ਅਸਥਾਨ ਤੇ) ਪਹੁੰਚ ਕੇ ਉਹਨਾਂ ਘਾਹ-ਫੂਸ ਦੀ ਪੰਡ ਸਿਰ ਉਤੋਂ ਲਾਹ ਕੇ ਧਰਤੀ ‘ਤੇ ਰੱਖੀ। ਮਾਤਾ ਜੀ ਨੇ ਭਾਈ ਲਹਿਣਾ ਦੇ ਕੱਪੜਿਆਂ ਉੱਤੇ ਪਈਆਂ ਚਿੱਕੜ ਦੀਆਂ ਛਿੱਟਾਂ ਵੇਖੀਆਂ ਅਤੇ ਬੋਲੇ, “ਵੇਖੋ ! ਇਸ ਦੇ ਸੋਹਣੇ ਰੇਸ਼ਮੀ ਕੱਪੜਿਆਂ ਤੇ ਚਿੱਕੜ ਦੀਆਂ ਛਿੱਟਾਂ ਪੈ-ਪੈ ਮੈਲਾ ਹੋ ਗਿਆ ਹੈ ।” ਸ਼੍ਰੀ ਗੁਰੂ ਨਾਨਕ ਦੇਵ ਜੀ ਬੋਲੇ, “ਇਸ ਦੇ ਸਿਰ ਉੱਪਰ ਘਾਹ-ਫੂਸ ਦੀ ਪੰਡ ਨਹੀਂ ਸੀ, ਦੀਨ-ਦੁਨੀ ਦਾ ਛਤਰ ਸੀ। ਇਹ ਚਿੱਕੜ ਦੀਆਂ ਛਿੱਟਾਂ ਨਹੀਂ ਸਨ, ਕੇਸਰ ਦੇ ਛਿੱਟੇ ਹਨ।”
       ਭਾਈ ਲਹਿਣਾ ਜੀ ਗੁਰ ਸੇਵਾ ਵਿੱਚ ਤੱਤਪਰ, ਗੁਰੂ ਆਗਿਆ ਪਾਲਣ ਲਈ ਹਰ ਸਮੇਂ ਤਿਆਰ- ਬਰ-ਤਿਆਰ ਰਹਿੰਦੇ । ਗੁਰੂ ਨਾਨਕ ਦੇਵ ਜੀ ਜੋ ਵੀ ਹੁਕਮ ਕਰਦੇ, ਭਾਈ ਲਹਿਣਾ ਸਤਬਚਨ ਕਹਿ ਕੇ ਚਾਅ ਤੇ ਪ੍ਰੇਮ ਨਾਲ ਉਸ ਦੀ ਪਾਲਣਾ ਕਰਦੇ । ਭਾਈ ਲਹਿਣਾ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਗੱਦੀ ਸੌਂਪੀ ਤੇ ਗੁਰੂ ਅੰਗਦ ਦੇਵ ਜੀ ਬਣੇ।
       ਗੁਰੂ ਅਮਰਦਾਸ ਜੀ ਖਡੂਰ ਸਾਹਿਬ ਤੋਂ ਢਾਈ- ਤਿੰਨ ਕੋਹ ਦੂਰ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਭਰ ਕੇ ਲਿਆਉਂਦੇ ਤੇ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਵਾਉਂਦੇ ਸਨ । ਇੱਕ ਦਿਨ ਸ਼੍ਰੀ ਅਮਰਦਾਸ ਜੀ ਨੇਮ ਅਨੁਸਾਰ ਬਿਆਸ ਤੋਂ ਜਲ ਦੀ ਗਾਗਰ ਭਰ ਕੇ ਲਿਆ ਰਹੇ ਸਨ। ਜ਼ੋਰ ਦਾ ਮੀਂਹ ਪੈਣ ਲੱਗ ਪਿਆ, ਹਨੇਰ ਵੇਲਾ ਸੀ । ਬਿਰਧ ਸਰੀਰ, ਮੋਢੇ ਉੱਤੇ ਜਲ ਦੀ ਭਰੀ ਗਾਗਰ, ਢਾਈ-ਤਿੰਨ ਕੋਹ ਦਾ ਪੈਂਡਾ, ਰਾਹ ਵਿੱਚ ਚਿੱਕੜ ਤੇ ਤਿਲਕਣ । ਪਰ ਸ਼੍ਰੀ ਅਮਰਦਾਸ ਜੀ ਵਾਹਿਗੁਰੂ-ਵਾਹਿਗੁਰੂ ਕਰਦੇ ਅਤੇ ਪ੍ਰਭੂ ਚਰਨਾਂ ਦਾ ਧਿਆਨ ਧਰਦੇ ਤੁਰੇ ਗਏ । ਪਿੰਡ ਪਹੁੰਚਣ ਤੱਕ ਸਾਰੇ ਪਾਸੇ ਪਾਣੀ-ਪਾਣੀ ਹੋ ਗਿਆ । ਉੱਪਰੋਂ ਹਨੇਰਾ ਸੀ, ਦਿੱਸਦਾ ਕੁਝ ਨਹੀਂ ਸੀ । ਰਾਹ ਦਾ ਪਤਾ ਨਾ ਲੱਗਾ, ਨੇੜੇ ਜੁਲਾਹਿਆਂ ਦਾ ਘਰ ਸੀ। ਕਿੱਲੇ ਦਾ ਠੇਡਾ ਲੱਗਾ ਅਤੇ ਆਪ ਖੱਡੀ ਦੇ ਟੋਏ ਵਿੱਚ ਡਿੱਗ ਪਏ, ਪਰ ਗਾਗਰ ਮੋਢੇ ਉੱਤੋਂ ਡਿੱਗਣ ਨਾ ਦਿੱਤੀ । ਖੜਕਾ ਸੁਣ ਕੇ ਜੁਲਾਹੇ ਨੇ ਜੁਲਾਹੀ ਨੂੰ ਕਿਹਾ, “ਕੋਈ ਖੱਡੀ ਵਿੱਚ ਡਿੱਗ ਪਿਆ ਜਾਪਦਾ ਹੈ, ਪਤਾ ਨਹੀਂ ਕੌਣ ਹੈ” ਜੁਲਾਹੀ ਬੋਲੀ, “ਅਮਰੂ ਨਿਥਾਵਾਂ ਡਿੱਗਿਆ ਹੋਣੈ, ਜਿਸ ਨੂੰ ਨਾ ਦਿਨੇ ਚੈਨ ਤੇ ਨਾ ਰਾਤ ਆਰਾਮ, ਜਿਹੜਾ ਨਾ ਘਰ ਦਾ ਨਾ ਘਾਟ ਦਾ । ਪੇਟ ਦੀ ਖਾਤਰ ਗੁਰੂ ਦਾ ਪਾਣੀ ਭਰਦਾ ਹੈ, ਹੋਰ ਕੌਣ ਹੋਣਾ ਏ ।”
     ਗੁਰੂ ਅੰਗਦ ਦੇਵ ਜੀ ਨੇ ਅਮਰਦਾਸ ਤੇ ਮਿਹਰਾਂ ਬਖ਼ਸ਼ਿਸ਼ਾਂ ਕਰਦਿਆਂ ਕਿਹਾ, “ਤੁਸੀਂ ਨਿਮਾਣਿਆਂ ਦੇ ਮਾਣ, ਨਿਥਾਂਵਿਆਂ ਦੇ ਥਾਂ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ, ਨਿਧਿਰਿਆਂ ਦੀ ਧਿਰ ਹੋ । ਗੁਰੂ ਅੰਗਦ ਦੇਵ ਜੀ ਨੇ ਅਮਰਦਾਸ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰਗੱਦੀ ਦੀ ਜ਼ੁੰਮੇਵਾਰੀ ਆਪਣੇ ਦੋਨਾਂ ਪੁੱਤਰਾਂ ਦਾਸੂ ਜੀ ਤੇ ਦਾਤੂ ਜੀ ਨੂੰ ਦੇਣ ਦੀ ਬਜਾਏ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਸੌਂਪੀ ।
        ਸ਼੍ਰੀ ਗੁਰੂ ਅਮਰਦਾਸ ਜੀ ਨੇ ਜਦ ਬਾਉਲੀ ਦੀ ਤਿਆਰੀ ਆਰੰਭੀ ਤਾਂ ਸ਼੍ਰੀ ਰਾਮਦਾਸ ਜੀ ਨੂੰ ਕਾਰਜ ਦਾ ਸਾਰਾ ਪ੍ਰਬੰਧ ਸੰਭਾਲਿਆ।  ਨਾਲ-ਨਾਲ ਆਪ ਸੰਗਤਾਂ ਨਾਲ ਮਿਲ ਕੇ ਕਾਰ-ਸੇਵਾ ਕਰਦੇ । ਇੱਕ ਵਾਰ ਆਪ ਸੇਵਾ ਵਿੱਚ ਮਗਨ ਹੋਏ ਟੋਕਰੀ (ਮਿੱਟੀ, ਬੱਜਰੀ) ਢੋ ਰਹੇ ਸਨ । ਲਾਹੌਰ ਤੋਂ ਸ਼ਰੀਕੇ ਦੇ ਕੁਝ ਸੱਜਣ ਆਏ । ਉਹਨਾਂ ਨੂੰ ਇਹ ਗੱਲ ਚੰਗੀ ਨਾ ਲੱਗੀ । ਸਾਡਾ ਭਾਈ ਸਹੁਰੇ ਘਰ ਟੋਕਰੀ ਢੋ ਰਿਹਾ ਹੈ। ਉਹ ਕਹਿਣ ਲੱਗੇ, ਜੇ ਇਸ ਨੇ ਮਿਹਨਤ ਮਜ਼ਦੂਰੀ ਹੀ ਕਰਨੀ ਸੀ ਤਾਂ ਹੋਰ ਥਾਂ ਥੋੜ੍ਹੇ ਸਨ, ਸਾਡੀ ਨੱਕ ਵਢਾ ਦਿੱਤੀ ਹੈ । ਇਸ ਤਰ੍ਹਾਂ ਦੇ ਬੋਲ-ਕੁਬੋਲ ਬੋਲਦੇ ਉਹ ਸ਼੍ਰੀ ਗੁਰੂ ਅਮਰਦਾਸ ਜੀ ਪਾਸ ਪੁੱਜੇ । ਉਹਨਾਂ ਨੇ ਗੁਰੂ ਜੀ ਨੂੰ ਉਲਾਂਭਾ ਦਿੱਤਾ । ਅੱਗੋਂ ਗੁਰੂ ਜੀ ਨੇ ਮੁਸਕਰਾ ਕੇ ਕਿਹਾ, “ਪੁਰਖਾ ! ਰਾਮਦਾਸ ਦੇ ਸਿਰ ਉੱਪਰ ਗਾਰੇ-ਮਿੱਟੀ ਦੀ ਟੋਕਰੀ ਨਹੀਂ ਸਗੋਂ ਦੀਨ-ਦੁਨੀ ਦਾ ਛਤਰ ਹੈ।”
      ਸ਼੍ਰੀ ਗੁਰੂ ਅਮਰਦਾਸ ਜੀ ਨੇ ਇੱਕ ਦਿਨ ਆਪਣੀ ਵੱਡੀ ਸਪੁੱਤਰੀ ਦੇ ਘਰਵਾਲੀ ਸ਼੍ਰੀ ਰਾਮਾ ਜੀ ਨੂੰ ਕਿਹਾ ਕਿ ਬਾਉਲੀ ਦੀ ਇਮਾਰਤ ਬਣਦੀ ਵੇਖਣ ਲਈ ਇੱਕ ਥੜ੍ਹਾ ਬਣਾਊ ਜਿੱਥੇ ਆ ਕੇ ਅਸੀਂ ਬੈਠ ਜਾਇਆ ਕਰੀਏ । ਇਸੇ ਤਰ੍ਹਾਂ ਇੱਕ ਹੋਰ ਟਿਕਾਣਾ ਦੱਸ ਕੇ ਆਪ ਨੇ ਸ਼੍ਰੀ ਰਾਮਦਾਸ ਜੀ ਨੂੰ ਆਗਿਆ ਕੀਤੀ ਕਿ ਇੱਥੇ ਇਸ ਤਰ੍ਹਾਂ ਦਾ ਬਣਾਓ । ਦੋਹਾਂ ਨੇ ਜ਼ੋਰ ਲਾ ਕੇ ਥੜ੍ਹੇ ਬਣਾਏ, ਸ਼ਾਮ ਨੂੰ ਗੁਰੂ ਜੀ ਨੇ ਥੜ੍ਹੇ ਵੇਖੇ ਤਾਂ ਕਿਹਾ, “ਕਿ ਥੜ੍ਹੇ ਠੀਕ ਨਹੀਂ ਬਣੇ, ਇਹਨਾਂ ਨੂੰ ਢਾਹ ਦਿਉ ਅਤੇ ਇਸ ਪ੍ਰਕਾਰ ਨਵੇਂ ਸਿਰਿਓਂ ਬਣਾਓ।” ਥੜ੍ਹੇ ਫਿਰ ਬਣਾਏ ਗਏ । ਦੂਜੇ ਦਿਨ ਫਿਰ ਗੁਰੂ ਜੀ ਨੇ ਇਹਨਾਂ ਨੂੰ ਨਾ-ਪਸੰਦ ਕੀਤਾ ਅਜੇ ਢਾਹ ਕੇ ਮੁੜ ਬਣਾਉਣ ਦਾ ਹੁਕਮ ਦਿੱਤਾ । ਪੰਜ-ਛੇ ਦਿਨ ਇਸ ਤਰ੍ਹਾਂ ਹੁੰਦਾ ਰਿਹਾ। ਸ਼੍ਰੀ ਰਾਮਾ ਜੀ ਅੱਕ ਕੇ ਕਹਿਣ ਲੱਗੇ, “ਗੁਰੂ ਜੀ ਦੀ ਉਮਰ ਵਡੇਰੀ ਹੋ ਗਈ ਹੈ । ਯਾਦਦਾਸ਼ਤ ਕਮਜ਼ੋਰ ਹੋ ਗਈ ਹੈ, ਉਹਨਾਂ ਨੂੰ ਚੇਤਾ ਨਹੀਂ ਰਹਿੰਦਾ । ਜਿਵੇਂ ਉਹ ਆਖ ਜਾਂਦੇ ਸਨ।  ਮੈਂ ਉਸੇ ਤਰ੍ਹਾਂ ਥੜ੍ਹਾ ਉਸਾਰਦਾ ਹਾਂ ਪਰ ਉਹ ਅਗਲੇ ਦਿਨ ਹੋਰ ਕੁਝ ਕਹਿ ਦਿੰਦੇ ਹਨ ਕਿ ਅਸੀਂ ਤਾਂ ਇਸ ਤਰ੍ਹਾਂ ਕਿਹਾ ਸੀ । ਇਹ ਆਖ ਕੇ ਥੜਾ ਢੁਹਾ ਦਿੰਦੇ ਹਨ । ਬਿਰਧ ਅਵਸਥਾ ਹੋਣ ਕਰਕੇ ਉਹਨਾਂ ਦੇ ਵੱਸ ਦੀ ਗੱਲ ਨਹੀਂ ।” ਜਦ ਕਿਸੇ ਨੇ ਸ਼੍ਰੀ ਰਾਮਦਾਸ ਜੀ ਨੂੰ ਇਸ ਬਾਰੇ ਕਿਹਾ ਤਾਂ ਉਹ ਕਹਿਣ ਲੱਗੇ, ਮੈਂ ਅੰਜਾਣ ਹਾਂ, ਗੱਲ ਸਮਝਣ ਵਿੱਚ ਕੋਈ-ਨਾ-ਕੋਈ ਕਸਰ ਰਹਿ ਜਾਂਦੀ ਹੈ, ਗੁਰੂ ਜੀ ਮਿਹਰ ਕਰਦੇ ਹਨ, ਖ਼ਫ਼ਾ ਨਹੀਂ ਹੁੰਦੇ । ਸਗੋਂ ਨਵੇਂ ਸਿਰੇ ਜੁਗਤ ਦੱਸਦੇ ਸਮਝਾਉਂਦੇ ਹਨ । ਮੈਂ ਫਿਰ ਉਸਾਰਦਾ ਹਾਂ, ਮੈਨੂੰ ਤਾਂ ਉਹਨਾਂ ਦਾ ਹੁਕਮ ਮੰਨਣ ਵਿੱਚ ਖ਼ੁਸ਼ੀ ਹੈ । ਜਦ ਉਹ ਕਹਿੰਦੇ ਹਨ ‘ਥੜ੍ਹਾ ਬਣਾਉ’ ਤਾਂ ਮੈਨੂੰ ਚਾਅ ਚੜ੍ਹ ਜਾਂਦਾ ਹੈ । ਜਦ ਉਹ ਕਹਿੰਦੇ ਹਨ ‘ਥੜ੍ਹਾ ਢਾਹੋ’ ਤਾਂ ਮੈਨੂੰ ਆਪਣੀ ਬੇਸਮਝੀ ਉੱਪਰ ਅਫ਼ਸੋਸ ਹੁੰਦਾ ਹੈ ।ਪਰ ਥੜ੍ਹਾ ਢਹਿੰਦਾ ਵੇਖ ਕੇ ਉਹ ਖ਼ੁਸ਼ ਹੁੰਦੇ ਹਨ, ਉਹਨਾਂ ਦੀ ਖ਼ੁਸ਼ੀ ਹੀ ਤਾਂ ਮੈਂ ਚਾਹੁੰਦਾ ਹਾਂ ।” ਸ਼੍ਰੀ ਗੁਰੂ ਅਮਰਦਾਸ ਜੀ ਵੱਲੋਂ ਲਈ ਹਰ ਪ੍ਰੀਖਿਆ ਵਿੱਚ ਸ਼੍ਰੀ ਰਾਮਦਾਸ ਜੀ ਸਫਲ ਹੋਏ । ਗੁਰੂ ਅਮਰਦਾਸ ਜੀ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਅੱਗੇ ਪੰਜ ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਅਤੇ ਆਪਣੇ ਹੱਥੀਂ ਉਹਨਾਂ ਨੂੰ ਆਪਣੀ ਗੱਦੀ ਤੇ ਬਿਠਾਇਆ।
    ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਤਬੇਲੇ ਵਿੱਚ ਭਾਈ ਕਨੱਈਆ ਜੀ ਨੇ ਘੋੜਿਆਂ ਨੂੰ ਜਲ ਛਕਾਉਣ, ਘਾਹ-ਦਾਣਾ ਲਿਆਉਣ, ਲਿੱਦ ਇਕੱਠੀ ਕਰਨ ਤੇ ਨਵ੍ਹਾਉਣ ਦੀ ਸੇਵਾ ਕਰਦੇ । ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1704 ਈਸਵੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲੜੇ ਗਏ ਯੁੱਧਾਂ ਵਿੱਚ ਭਾਈ ਕਨੱਈਆ ਜੀ ਨੇ ਬਿਨਾਂ ਭੇਦ-ਭਾਵ ਦੇ ਵੈਰੀ ਤੇ ਮਿੱਤਰ ਨੂੰ ਇੱਕ ਸਮਾਨ(ਬਰਾਬਰ ) ਸਮਝ ਕੇ ਜਲ ਛਕਾਉਣ ਤੇ ਮਲ੍ਹਮ-ਪੱਟੀ ਕਰਨ ਦੀ ਸੇਵਾ ਕੀਤੀ । ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਵਰ ਦਾ ਸਦਕਾ ਹੀ  ‘ਸੇਵਾਪੰਥੀ’ ਸੰਪਰਦਾਇ ਹੋਂਦ ਵਿੱਚ ਆਈ।
   ਸੇਵਾਪੰਥੀ ਡੇਰਿਆਂ/ ਟਿਕਾਣਿਆਂ/ ਧਰਮਸਾਲਾ ਵਿੱਚ ਆਏ ਹੋਏ ਮੁਸਾਫ਼ਰਾਂ ਦੀ ਬੜੀ ਸੇਵਾ ਕੀਤੀ ਜਾਂਦੀ ਸੀ । ਉਹਨਾਂ ਨੂੰ ਪ੍ਰਸ਼ਾਦਾ-ਪਾਣੀ ਛਕਾਇਆ ਜਾਂਦਾ ਸੀ ਤੇ ਮੁੱਠੀ-ਚਾਪੀ ਵੀ ਕੀਤੀ ਜਾਂਦੀ ਸੀ । ਬਿਮਾਰਾਂ, ਬਿਰਧਾਂ ਤੇ ਦੁਖੀਆਂ ਦੀ ਸੇਵਾ-ਸੰਭਾਲ ਹੁੰਦੀ ਰਹੀ ਹੈ। ਭਾਈ ਜਗਤਾ ਰਾਮ ਜੀ ਕੋਲ ਅਛੂਤ  ਇੱਕ ਬਿਰਧ ਇਸਤਰੀ ਜਿਸ ਦੇ ਸਰੀਰ ਵਿੱਚ ਕੀੜੇ ਪਏ ਹੋਏ ਸਨ । ਉਸ ਨੂੰ ਘਰ ਵਾਲਿਆਂ ਨੇ ਘਰੋਂ ਕੱਢ ਦਿੱਤਾ । ਉਹ ਭਾਈ ਜਗਤਾ ਜੀ ਪਾਸ ਆ ਫ਼ਰਿਆਦੀ ਹੋਈ। ਆਪ ਨੇ ਉਸ ਦੀ ਆਪਣੇ ਹੱਥੀਂ ਸੇਵਾ ਕੀਤੀ । ਉਸ ਦੇ ਕੱਪੜੇ ਧੋਂਦੇ, ਕੰਘੀ ਕਰਦੇ, ਕੀੜੇ ਕੱਢ ਕੇ ਹਰ ਪ੍ਰਕਾਰ ਦੀ ਸੇਵਾ ਕੀਤੀ।
       ਸੇਵਾਪੰਥੀ ਮਹਾਂਪੁਰਸ਼ਾਂ ਨੇ ਜਲ (ਪਾਣੀ) ਦੀ ਕਮੀ ਵਾਲੇ ਇਲਾਕਿਆਂ ਵਿੱਚ ਖੂਹ ਲਗਵਾਏ ਤੇ ਤਲਾਅ ਖੁਦਵਾਏ । ਜਿੱਥੇ ਇਹ ਮਨੁੱਖਾਂ ਦੀ ਸੇਵਾ ਕਰਦੇ ਹਨ, ਉੱਥੇ ਜਾਨਵਰਾਂ ਦੀ ਸੇਵਾ ਨੂੰ ਵੀ ਬਹੁਤ ਉੱਤਮ ਮੰਨਦੇ ਹਨ । ਪੰਛੀਆਂ ਨੂੰ ਚੋਗਾ ਪਾਉਣਾ, ਕੁੱਤਿਆਂ ਨੂੰ ਰੋਟੀ ਪਾਉਣਾ, ਹੋਰ ਜਾਨਵਰਾਂ ਲਈ ਪਾਣੀ ਦਾ ਪ੍ਰਬੰਧ ਕਰਨਾ ਤੇ ਬਿਮਾਰ ਜਾਨਵਰਾਂ ਦੀ ਸੇਵਾ-ਸੰਭਾਲ ਕਰਨੀ ਇਹਨਾਂ ਮਹਾਂਪੁਰਖਾਂ ਨੂੰ ਬੜੀ ਚੰਗੀ ਲੱਗਦੀ ਹੈ । ਸੇਵਾਪੰਥੀ ਡੇਰਿਆਂ /ਟਿਕਾਣਿਆਂ ਵਿੱਚ ਪਸ਼ੂਆਂ ਦੀ ਸੇਵਾ ਦਾ ਵੀ ਵਿਸ਼ੇਸ਼ ਪ੍ਰਬੰਧ ਹੁੰਦਾ ਸੀ । ਸੰਤ ਸੁਭਾਇਆ ਸਿੰਘ ਜੀ ਨੇ ਅੰਮ੍ਰਿਤਸਰ ਵਿਖੇ ਗਊਸ਼ਾਲਾ ਖੋਲ੍ਹੀ ਸੀ, ਜਿੱਥੇ ਭੁੱਖੀਆਂ,ਚ ਨਿਕਾਰੀਆਂ ਅਤੇ ਬਿਮਾਰ ਗਊਆਂ ਨੂੰ ਰੱਖਿਆ ਜਾਂਦਾ ਸੀ ।
    ਸੇਵਾ ਕਰਨ ਨਾਲ ਮਨ ਦੀ ਮੈਲ ਦੂਰ ਹੋ ਜਾਂਦੀ ਹੈ । ਭਾਈ ਕਨੱਈਆ, ਹੈਨਰੀ ਡਿਊਨਾਂ, ਫਲੋਰੈਂਸ ਨਾਈਟਿੰਗੇਲ ਨੇ ਬਿਨਾਂ ਭੇਦ-ਭਾਵ ਦੇ ਸੇਵਾ ਕੀਤੀ ।
     ਮਹੰਤ ਤੀਰਥ ਸਿੰਘ ਜੀ ‘ਸੇਵਾਪੰਥੀ’ ਕਿਹਾ ਕਰਦੇ ਸਨ ਕਿ ਸੇਵਾ ਮਨ ਲਾ ਕੇ ਕਰਨ ਨਾਲ ਸੇਵਾ ਦਾ ਫ਼ਲ ਇੱਕ ਦਿਨ ਅਵੱਸ਼ ਪ੍ਰਾਪਤ ਹੋ ਜਾਂਦਾ ਹੈ ।ਦਾਸ ਨੇ ਪਰਮ ਪੂਜ ਸ਼੍ਰੀਮਾਨ ਮਹੰਤ ਤੀਰਥ ਸਿੰਘ ਜੀ ਤੇ ਵਰਤਮਾਨ ਗੱਦੀਨਸ਼ੀਨ ਸ਼੍ਰੀਮਾਨ ਮਹੰਤ ਕਾਹਨ ਸਿੰਘ ਜੀ ‘ਸੇਵਾਪੰਥੀ’ ਕੋਲ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ ਗੋਨਿਆਣਾ ਮੰਡੀ (ਬਠਿੰਡਾ) ਵਿਖੇ ਰਹਿ ਕੇ ਜ਼ਿੰਦਗੀ ਦੇ 12 ਸਾਲ ਬਤੀਤ ਕੀਤੇ । ਇਹਨਾਂ 12 ਸਾਲਾਂ ਵਿੱਚ ਸੰਤਾਂ ਮਹਾਂਪੁਰਸ਼ਾਂ ਤੋਂ ਬਹੁਤ ਸਿੱਖਿਆ ਗ੍ਰਹਿਣ ਕੀਤੀ। ਜਦੋਂ ਸਮੇਂ ਮੈਨੂੰ ਸਰਕਾਰੀ ਨੌਕਰੀ ਮਿਲੀ, ਤਾਂ ਮੈਂ ਮਹੰਤ ਜੀ ਨੂੰ ਦੱਸਿਆ, ਤਾਂ ਬਹੁਤ ਖੁਸ਼ ਹੋਏ । ਮੈਨੂੰ (ਕਰਨੈਲ ਸਿੰਘ) ਕਹਿਣ ਲੱਗੇ ! ਤੂੰ ਸੱਚੇ ਮਨ ਨਾਲ ਸੇਵਾ ਕੀਤੀ ਹੈ, ਇਹ ਸੇਵਾ ਦਾ ਫ਼ਲ ਤੈਨੂੰ ਮਿਲਿਆ ਹੈ।”  ਮਹਾਂਪੁਰਸ਼ ਮਹੰਤ ਤੀਰਥ ਸਿੰਘ ਜੀ ਕਹਿਣ ਲੱਗੇ ,”ਕਰਨੈਲ ਸਿੰਘ !  ਤੂੰ ਜਿੱਥੇ ਵੀ ਨੌਕਰੀ ਕਰੇਂ, ਉਸ ਦੇ ਨਾਲ-ਨਾਲ ਸਾਡਾ ਵੀ ਕੰਮ ਗੁਰਬਾਣੀ ਦੀਆਂ ਪੁਸਤਕਾਂ, ਸੇਵਾਪੰਥੀ ਸਾਹਿਤ, ਲਿਟਰੇਚਰ ਸ਼ੁੱਧ ਕਰਕੇ ਲਿਖਣ/ ਛਪਵਾਉਣ ਦੀ ਸੇਵਾ ਨੂੰ ਇਸੇ ਤਰ੍ਹਾਂ ਜਾਰੀ ਰੱਖਣਾ ਹੈ । ਮਹਾਂਪੁਰਸ਼ਾਂ ਦੇ ਬਚਨਾਂ ਅਨੁਸਾਰ ਅਤੇ ਵਰਤਮਾਨ ਗੱਦੀਨਸ਼ੀਨ ਮਹੰਤ ਕਾਹਨ ਸਿੰਘ ਜੀ ਦੇ ਹੁਕਮ ਅਨੁਸਾਰ ਸੇਵਾ ਕਰਦਾ ਰਿਹਾ/ ਕਰ ਰਿਹਾ ਹਾਂ । ਦਾਸ ਨੌਕਰੀ ਲੱਗਣ ਉਪਰੰਤ ਹੁਣ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਵੀ ਹੋ ਚੁੱਕਾ ਹੈ । ਸੱਚੇ ਮਨ ਨਾਲ ਕੀਤੀ ਸੇਵਾ ਵਿਅਰਥ ਨਹੀਂ ਜਾਂਦੀ, ਉਸ ਦਾ ਫਲ ਇੱਕ-ਨਾ-ਇੱਕ ਦਿਨ ਜ਼ਰੂਰ ਮਿਲਦਾ ਹੈ । ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਸੇਵਾ ਦੀਆਂ ਅਨੇਕਾਂ ਪੰਕਤੀਆਂ ਹਨ ਜਿਵੇਂ
        ਸੇਵਾ ਕਰੇ ਸੁ ਚਾਕਰ ਹੋਇ ।।
                        (ਸੂਹੀ ਮਹਲਾ ੧, ਅੰਗ ੭੨੮)
        ਸੇਵਾ ਕਰਤ ਹੋਇ ਨਿਹਕਾਮੀ।।
        ਤਸ ਕਉ ਹੋਤ ਪਰਾਪਤਿ ਸੁਆਮੀ ।।
                     (ਗਉੜੀ ਮਹਲਾ ੫, ਅੰਗ ੨੮੬)
        ਸੇਵਾ ਤੇ ਸਦਾ ਸੁਖੁ ਪਾਇਆ।।
    ‌                    (ਮਾਝ ਮਹਲਾ ੩,ਅੰਗ ੧੨੫)
        ਸੇਵਾ ਥੋਰੀ ਮਾਗਨੁ ਬਹੁਤਾ।।
                       ( ਸੂਹੀ ਮਹਲਾ ੫, ਅੰਗ ੭੩੮)
       ਸੇਵਾ ਲਾਗੈ ਸੇ ਵਡਭਾਗੇ ।।
  ‌‌                   (ਵਡਹੰਸ ਮਹਲਾ ੩, ਅੰਗ ੫੭੧)
ਵਿਣ ਸੇਵਾ ਧ੍ਰਿਗ ਹੱਥ ਪੈਰ ਹੋਰ ਨਿਹਫਲ ਕਰਣੀ।
                              (ਵਾਰ ੨੭, ਪਉੜੀ ੧੦)
ਵਿਣ ਸੇਵਾ ਦੋਹਾਗਣੀ ਪਿਰ ਮਿਲੈ ਨ ਹਾਸੈ।
                             (ਵਾਰ ੩੬, ਪਉੜੀ ੧੨)
   ਸੋ ਅੱਜ ਲੋੜ ਹੈ ਮਨੁੱਖੀ ਸੇਵਾ ਨਾਲ ਸੰਬੰਧਿਤ ਸੰਸਥਾਵਾਂ ਜੋ ਸੇਵਾ ਦੇ ਕਾਰਜ ਕਰ ਰਹੀਆਂ ਹਨ, ਬੜੀ ਚੰਗੀ ਗੱਲ ਹੈ । ਸੇਵਾ ਦਿਖਾਵੇ ਨਾਲ ਨਾ ਕਰੋ । ਸੇਵਾ ਕਰਨ ਲੱਗਿਆਂ ਭੇਦ ਭਾਵ ਨਾ ਕਰੋ, ਤੇ ਨਾ ਹੀ ਸੰਸਥਾ/ ਵਿਅਕਤੀ ਕਿਸੇ ਦੀ ਸਿਫਾਰਸ਼ ਮੰਨਣ। ਸੇਵਾ ਕਰਨ ਨਾਲ ਮਨ ਦੇ ਅੰਦਰੋਂ ਹਉਂਮੈਂ ਦੂਰ ਹੁੰਦੀ ਹੈ । ਤੁਹਾਡੇ ਵੱਲੋਂ ਕੀਤੀ ਸੇਵਾ ਤਾਂ ਸਫਲ ਹੋ ਸਕਦੀ ਹੈ, ਜੇਕਰ ਊਚ ਨੀਚੀ, ਭੇਦ ਭਾਵ ਤੋਂ ਉੱਪਰ ਉੱਠ ਕੇ ਕੀਤੀ ਜਾਵੇ ।
ਕਰਨੈਲ ਸਿੰਘ ਐੱਮ.ਏ. ਲੁਧਿਆਣਾ 
Previous articleਨੇਕੀ ਦੀ ਕੀਮਤ ਅਤੇ ਰਿਸ਼ਤਿਆਂ ਦੀ ਹਕੀਕਤ
Next articleਸਾਬਕਾ ਸਰਪੰਚ ਤਰਲੋਚਨ ਸਿੰਘ ਗੋਸ਼ੀ ਵੱਲੋਂ ਸਰਕਾਰੀ ਮਿਡਲ ਸਕੂਲ ਸੁੰਨੜਵਾਲ ਨੂੰ ਏ ਸੀ ਦਾਨ