ਰਵਿੰਦਰ ਸਿੰਘ ਸੋਢੀ

(ਸਮਾਜ ਵੀਕਲੀ) ਆਧੁਨਿਕ ਪੰਜਾਬੀ ਕਵਿਤਾ ਦਾ ਇੱਕ ਮਹੱਤਵਪੂਰਨ ਰੁਝਾਨ ਇਹ ਹੈ ਕਿ ਉਹ ਬਾਹਰੀ ਯਥਾਰਥ ਨਾਲੋਂ ਮਨੁੱਖ ਦੀ ਅੰਦਰਲੀ ਦੁਨੀਆ ਨੂੰ ਵੱਧ ਮਹੱਤਵ ਦੇਣ ਲੱਗੀ ਹੈ। ਇਸੇ ਧਾਰਾ ਵਿੱਚ ਰਾਜੀਵ ਸੇਠ ਦਾ ਨਵ-ਪ੍ਰਕਾਸ਼ਿਤ ਕਾਵਿ ਸੰਗ੍ਰਹਿ ‘ਮੇਰੇ ਹਿੱਸੇ ਦਾ ਸੂਰਜ’ ਆਪਣੀ ਵੱਖਰੀ ਪਛਾਣ ਬਣਾਉਂਦਾ ਹੈ। ਇਹ ਸੰਗ੍ਰਹਿ ਕਿਸੇ ਵਿਚਾਰਧਾਰਾ ਦਾ ਨਾਅਰਾ ਨਹੀਂ ਲਾਉਂਦਾ, ਨਾ ਹੀ ਸਮਾਜਿਕ ਵਿਸੰਗਤੀਆਂ ਦਾ ਸਿੱਧਾ ਬਿਆਨ ਕਰਦਾ ਹੈ; ਸਗੋਂ ਮਨੁੱਖ ਦੇ ਅੰਦਰੂਨੀ ਪ੍ਰਕਾਸ਼ ਦੀ ਖੋਜ ਨੂੰ ਆਪਣਾ ਕਾਵਿਕ ਉਦੇਸ਼ ਬਣਾਉਂਦਾ ਹੈ। ਕਵੀ ਲਈ “ਸੂਰਜ” ਕੇਵਲ ਆਕਾਸ਼ੀ ਵਸਤੂ ਨਹੀਂ, ਸਗੋਂ ਅੰਤਰ-ਚੇਤਨਾ, ਪ੍ਰੇਮ, ਸੱਚ ਅਤੇ ਆਤਮ-ਬੋਧ ਦਾ ਪ੍ਰਤੀਕ ਹੈ। ਸੰਗ੍ਰਹਿ ਦਾ ਸਿਰਲੇਖ ਹੀ ਇਸ ਅੰਦਰੂਨੀ ਯਾਤਰਾ ਦੀ ਦਿਸ਼ਾ ਨਿਰਧਾਰਤ ਕਰ ਦਿੰਦਾ ਹੈ।
ਸੰਗ੍ਰਹਿ ਦੀਆਂ 50 ਕਵਿਤਾਵਾਂ ਨੂੰ ਪੜ੍ਹਦਿਆਂ ਸਭ ਤੋਂ ਪਹਿਲਾਂ ਜੋ ਗੱਲ ਧਿਆਨ ਖਿੱਚਦੀ ਹੈ ਕਿ ਕਵੀ ਦੇ ਵਿਚਾਰ ਕਿਤਾਬੀ ਨਹੀਂ ਲੱਗਦੇ, ਸਗੋਂ ਜੀਵਨ ਵਿਚੋਂ ਪ੍ਰਾਪਤ ਤਜ਼ਰਬਿਆਂ ਨੂੰ ਕਾਵਿਕ ਰੂਪ ਵਿਚ ਪ੍ਰਗਟਾਉਂਦੇ ਹਨ। ‘ਯੰਮੀ’ ਵਰਗੀ ਕਵਿਤਾ ਇਸ ਦਾ ਵਧੀਆ ਉਦਾਹਰਨ ਹੈ। ਇੱਕ ਸਧਾਰਨ ਜਿਹੀ ਰਸੋਈ ਅਤੇ ਪੀਜ਼ਾ ਬਣਾਉਣ ਦੀ ਪ੍ਰਕਿਰਿਆ ਨੂੰ ਕਵੀ ਪ੍ਰੇਮ, ਸਿਰਜਣ ਅਤੇ ਜੀਵਨ ਦੀ ਰਸਾਇਣਕ ਕਿਰਿਆ ਵਿੱਚ ਬਦਲ ਦਿੰਦਾ ਹੈ। ਮੈਦੇ, ਖਮੀਰ, ਅੱਗ ਅਤੇ ਸਵਾਦ ਦੇ ਬਿੰਬ ਅਚਾਨਕ ਮਨੁੱਖੀ ਰਿਸ਼ਤਿਆਂ ਅਤੇ ਸਿਰਜਣ ਦੀ ਪ੍ਰਕਿਰਿਆ ਨਾਲ ਜੁੜ ਜਾਂਦੇ ਹਨ। ਆਮ ਚੀਜ਼ ਨੂੰ ਅਸਾਧਾਰਨ ਅਰਥ ਦੇਣ ਦੀ ਇਹ ਸਮਰੱਥਾ ਕਵੀ ਦੀ ਸਿਰਜਣਾਤਮਕ ਸ਼ਕਤੀ ਦਾ ਪ੍ਰਮਾਣ ਹੈ।
ਸੰਗ੍ਰਹਿ ਦਾ ਦੂਜਾ ਮਹੱਤਵਪੂਰਨ ਪੱਖ ਅੰਦਰੂਨੀ ਸੰਘਰਸ਼ ਅਤੇ ਆਤਮ-ਮੰਥਨ ਹੈ। ‘ਟੇਢ’ ਵਿੱਚ ਕਵੀ ਆਪਣੇ ਆਪ ਨੂੰ ਹੀ ਤਰਾਸ਼ਣ ਦੀ ਪ੍ਰਕਿਰਿਆ ਵਿੱਚ ਹੈ। ਇੱਥੇ ਸੰਘਰਸ਼ ਕਿਸੇ ਬਾਹਰੀ ਦੁਸ਼ਮਣ ਨਾਲ ਨਹੀਂ, ਮਨੁੱਖ ਦੇ ਆਪਣੀ ਹੀ ਅੰਤਰ-ਆਤਮਾ ਦੇ ਅਧੂਰੇਪਣ ਨਾਲ ਹੈ। ਇਸੇ ਤਰ੍ਹਾਂ ‘ਅਣਹੋਇਆ’, ਮਨੁੱਖ ਦੀ ਹੋਂਦ, ਰੰਗਾਂ ਅਤੇ ਖਾਲੀਪਣ ਦੇ ਦਰਮਿਆਨ ਖੜ੍ਹੇ ਪ੍ਰਸ਼ਨਾਂ ਨੂੰ ਕਾਵਿਕ ਰੂਪ ਵਿਚ ਚਿੱਤਰਦੀ ਹੈ। ਇਹ ਕਵਿਤਾਵਾਂ ਇੱਕ ਵਾਰ ਹੀ ਪੜ੍ਹਨ ਨਾਲ ਪੂਰੀ ਤਰ੍ਹਾਂ ਪਕੜ ਵਿਚ ਨਹੀਂ ਆਉਂਦੀਆਂ; ਇਹ ਪਾਠਕ ਤੋਂ ਧਿਆਨ ਅਤੇ ਗੰਭੀਰਤਾ ਦੀ ਮੰਗ ਕਰਦੀਆਂ ਹਨ।
ਕਵੀ ਦੀ ਕਾਵਿ-ਦ੍ਰਿਸ਼ਟੀ ਦਾ ਇੱਕ ਵਿਲੱਖਣ ਪੱਖ ਉਸ ਦੀ ਆਧਿਆਤਮਿਕ ਸੰਵੇਦਨਾ ਹੈ। ਇਹ ਆਧਿਆਤਮਿਕਤਾ ਕਿਸੇ ਸੰਪਰਦਾਇਕ ਜਾਂ ਉਪਦੇਸ਼ਕ ਰੂਪ ਵਿੱਚ ਨਹੀਂ ਆਉਂਦੀ, ਸਗੋਂ ਜੀਵਨ-ਅਨੁਭਵਾਂ ਵਿੱਚੋਂ ਫੁੱਟਦੀ ਹੈ। ‘ਸਿਰੜ’ ਵਿੱਚ ਪ੍ਰੇਮ, ਆਸ ਦਾ ਰੂਪ ਧਾਰ ਲੈਂਦਾ ਹੈ, ਜਦਕਿ ‘ਖੂਹ’ ਵਿੱਚ ਡੂੰਘਾਈ ਕੇਵਲ ਜਲ ਦੀ ਨਹੀਂ, ਮਨੁੱਖੀ ਚੇਤਨਾ ਦੀ ਵੀ ਬਣ ਜਾਂਦੀ ਹੈ।
ਸੰਗ੍ਰਹਿ ਵਿੱਚ ਸ਼ਾਮਲ ‘ਸ਼ਬਦ ਚਿੱਤਰ’ ਵਿਸ਼ੇਸ਼ ਧਿਆਨ ਖਿੱਚਦੇ ਹਨ। ਮਨਮੋਹਨ ਬਾਵਾ, ਸੁਰਜੀਤ ਪਾਤਰ, ਦੇਵ ਅਤੇ ਪ੍ਰੇਮ ਪ੍ਰਕਾਸ਼ ਵਰਗੇ ਰਚਨਾਕਾਰਾਂ ਨੂੰ ਸਮਰਪਿਤ ਇਹ ਕਵਿਤਾਵਾਂ ਸੰਬੰਧਿਤ ਕਵੀਆਂ ਦੇ ਰਚਨਾਤਮਕ ਵਿਅਕਤਿਤਵ ਨਾਲ ਸੰਵਾਦ ਰਚਾਉਂਦੀਆਂ ਹਨ ਅਤੇ ਉਨ੍ਹਾਂ ਦੀ ਸਿਰਜਣਾ ਦੇ ਮੂਲ ਤੱਤਾਂ ਨੂੰ ਕਾਵਿਕ ਰੂਪ ਵਿੱਚ ਪਕੜਨ ਦੀ ਕੋਸ਼ਿਸ਼ ਕਰਦੀਆਂ ਹਨ। ਇਹ ਪ੍ਰਯੋਗ ਪੰਜਾਬੀ ਕਵਿਤਾ ਵਿੱਚ ਘੱਟ ਮਿਲਦਾ ਹੈ ਅਤੇ ਇਸ ਸੰਗ੍ਰਹਿ ਦੀ ਵਿਲੱਖਣ ਪ੍ਰਾਪਤੀ ਹੈ। ਮੇਰੇ ਵਿਚਾਰ ਅਨੁਸਾਰ ਸੁਰਜੀਤ ਪਾਤਰ ਦਾ ਸ਼ਬਦ ਚਿੱਤਰ ਕੁਝ ਹੋਰ ਵਿਸਥਾਰ ਦੀ ਮੰਗ ਕਰਦਾ ਹੈ।
ਭਾਸ਼ਾ ਦੇ ਪੱਧਰ ‘ਤੇ ਕਵੀ ਦੀ ਸ਼ਬਦਾਵਲੀ ਸਾਦੀ ਹੋਣ ਦੇ ਬਾਵਜੂਦ ਸੰਕੇਤਾਂ ਨਾਲ ਭਰਪੂਰ ਹੈ। ਉਹ ਅਲੰਕਾਰਾਂ ਦਾ ਬੋਝ ਨਹੀਂ ਪਾਂਦਾ, ਸਗੋਂ ਬਿੰਬਾਂ ਅਤੇ ਪ੍ਰਤੀਕਾਂ ਰਾਹੀਂ ਅਰਥਾਂ ਦੀਆਂ ਪਰਤਾਂ ਖੋਲ੍ਹਦਾ ਹੈ। ਇਸੇ ਕਾਰਨ ਕਵਿਤਾਵਾਂ ਪੜ੍ਹਨ ਤੋਂ ਬਾਅਦ ਵੀ ਪਾਠਕ ਦੇ ਮਨ ਵਿੱਚ ਦੇਰ ਤੱਕ ਗੂੰਜਦੀਆਂ ਰਹਿੰਦੀਆਂ ਹਨ।
ਇਸ ਦੇ ਨਾਲ ਹੀ ਇਹ ਵੀ ਕਹਿਣਾ ਪਵੇਗਾ ਕਿ ਕਈ ਥਾਵਾਂ ਕਵੀ ਦੀ ਦਰਸ਼ਨਿਕ ਪ੍ਰਵਿਰਤੀ ਇੰਨੀ ਸੰਘਣੀ ਹੋ ਜਾਂਦੀ ਹੈ ਕਿ ਆਮ ਪਾਠਕ ਲਈ ਕਵਿਤਾ ਦਾ ਤੁਰੰਤ ਅਰਥ-ਗ੍ਰਹਿਣ ਆਸਾਨ ਨਹੀਂ ਰਹਿੰਦਾ। ਕਿਤੇ-ਕਿਤੇ ਸੰਕੇਤ ਇੰਨੇ ਨਿੱਜੀ ਹੋ ਜਾਂਦੇ ਹਨ ਕਿ ਉਨ੍ਹਾਂ ਦੀਆਂ ਅਰਥ-ਪਰਤਾਂ ਖੋਲ੍ਹਣ ਲਈ ਦੁਬਾਰਾ ਪਾਠ ਦੀ ਲੋੜ ਪੈਂਦੀ ਹੈ। ਪਰ ਗੰਭੀਰ ਕਵਿਤਾ ਦੀ ਇਹ ਸੁਭਾਵਿਕ ਵਿਸ਼ੇਸ਼ਤਾ ਵੀ ਹੈ ਕਿ ਉਹ ਆਪਣੇ ਅਰਥ ਇੱਕੋ ਵਾਰ ਵਿੱਚ ਨਹੀਂ ਖੋਲ੍ਹਦੀ।
ਪ੍ਰਸੁਤਤ ਕਾਵਿ ਸੰਗ੍ਰਹਿ ਰਾਜੀਵ ਦੀ ਕਾਵਿ-ਯਾਤਰਾ ਨੂੰ ਇੱਕ ਨਵੇਂ ਪੱਧਰ ‘ਤੇ ਲੈ ਜਾਂਦਾ ਹੈ। ਇਹਨਾਂ ਕਵਿਤਾਵਾਂ ਵਿੱਚ ਕਵੀ ਆਪਣੇ ਅੰਦਰਲੇ ਸੰਸਾਰ ਨਾਲ ਸੰਵਾਦ ਕਰਦਾ ਹੈ ਅਤੇ ਆਪਣੇ ਸਮਕਾਲੀ ਰਚਨਾਕਾਰਾਂ, ਲੋਕ-ਸੰਵੇਦਨਾ ਅਤੇ ਜੀਵਨ-ਦਰਸ਼ਨ ਨਾਲ ਵੀ ਸੰਵਾਦ ਸਥਾਪਿਤ ਕਰਦਾ ਹੈ। ਇਸੇ ਕਾਰਨ ‘ਮੇਰੇ ਹਿੱਸੇ ਦਾ ਸੂਰਜ’ ਕੇਵਲ ਨਿੱਜੀ ਅਨੁਭਵਾਂ ਦਾ ਹੀ ਨਹੀਂ, ਸਗੋਂ ਇੱਕ ਵਿਸ਼ਾਲ ਸੱਭਿਆਚਾਰਕ ਅਤੇ ਆਧਿਆਤਮਿਕ ਵਿਚਾਰਾਂ ਦਾ ਸੰਗ੍ਰਹਿ ਹੈ।
‘ਪ੍ਰਗੀਤ’ ਅਤੇ ‘ਰਸ ਸੰਧੂਰੀ’ ਵਰਗੀਆਂ ਕਵਿਤਾਵਾਂ ਵਿੱਚ ਕਵੀ ਦਾ ਇੱਕ ਹੋਰ ਰੂਪ ਸਾਹਮਣੇ ਆਉਂਦਾ ਹੈ। ਇੱਥੇ ਭਾਸ਼ਾ ਗੀਤਮਈ ਹੋ ਜਾਂਦੀ ਹੈ। ਲੋਕ-ਬੋਲੀ, ਦੁਹਰਾਵਾਂ, ਲੈ ਅਤੇ ਸੰਗੀਤਕਤਾ ਇਨ੍ਹਾਂ ਕਵਿਤਾਵਾਂ ਨੂੰ ਲੋਕ-ਗੀਤਾਂ ਦੀ ਮਿੱਠਾਸ ਨਾਲ ਜੋੜਦੇ ਹਨ। ਵਿਸ਼ੇਸ਼ ਕਰਕੇ ‘ਰਸ ਸੰਧੂਰੀ’ ਵਿੱਚ ਇੱਕ ਅੰਬ ਦੀ ਗੁਠਲੀ ਤੋਂ ਸ਼ੁਰੂ ਹੋਣ ਵਾਲਾ ਬਿੰਬ ਹੌਲੀ-ਹੌਲੀ ਜੀਵਨ, ਸੰਘਰਸ਼, ਵਿਕਾਸ ਅਤੇ ਕੁਦਰਤ ਦੀ ਅਸੀਮ ਜੀਵਨ-ਸ਼ਕਤੀ ਦਾ ਪ੍ਰਤੀਕ ਬਣ ਜਾਂਦਾ ਹੈ। ਇਹ ਕਵਿਤਾ ਦੱਸਦੀ ਹੈ ਕਿ ਸੁਹਿਰਦ ਕਵੀ ਵਿਚ ਛੋਟੀ ਤੋਂ ਛੋਟੀ ਵਸਤੂ ਵਿੱਚੋਂ ਵੀ ਜੀਵਨ ਦਾ ਵਿਸ਼ਾਲ ਚਿੱਤਰ ਸਿਰਜਣ ਦੀ ਸਮਰੱਥਾ ਹੁੰਦੀ ਹੈ।
ਭਾਸ਼ਾ ਦੇ ਪੱਖ ਤੋਂ ਇਹ ਸੰਗ੍ਰਹਿ ਪ੍ਰਭਾਵਸ਼ਾਲੀ ਹੈ। ਉਸ ਦੀ ਕਵਿਤਾ ਦਾ ਸੰਗੀਤ ਅੰਦਰੂਨੀ ਹੈ। ਬਿੰਬਾਂ, ਪ੍ਰਤੀਕਾਂ ਅਤੇ ਧੁਨੀਆਂ ਦੇ ਸਹਾਰੇ ਉਹ ਘੱਟ ਸ਼ਬਦਾਂ ਵਿੱਚ ਵੱਡੇ ਅਰਥ ਸਿਰਜਦਾ ਹੈ। ਕਿਤੇ ਗੁਰਬਾਣੀ ਦੀ ਅੰਤਰਧਾਰਾ ਹੈ, ਕਿਤੇ ਸੂਫ਼ੀ ਵਿਚਾਰਧਾਰਾ ਦੀ ਮਹਿਕ ਅਤੇ ਕਿਤੇ ਆਧੁਨਿਕ ਮਨੁੱਖ ਦੀ ਇਕੱਲਤਾ ਦੀ ਗੂੰਜ। ਇਹ ਤਿੰਨੇ ਤੱਤ ਬਿਨਾਂ ਕਿਸੇ ਟਕਰਾਅ ਦੇ ਇੱਕ-ਦੂਜੇ ਵਿੱਚ ਰਲ ਜਾਂਦੇ ਹਨ।
ਸਮੁੱਚੇ ਤੌਰ ‘ਤੇ ‘ਮੇਰੇ ਹਿੱਸੇ ਦਾ ਸੂਰਜ’ ਆਧੁਨਿਕ ਪੰਜਾਬੀ ਕਵਿਤਾ ਵਿੱਚ ਇੱਕ ਵਿਲੱਖਣ ਅਤੇ ਵਿਚਾਰ-ਉਤੇਜਕ ਕਾਵਿ-ਸੰਗ੍ਰਹਿ ਹੈ। ਇਸ ਦੀ ਤਾਕਤ ਇਸ ਦੇ ਉੱਚੇ ਸੁਰ ਵਿੱਚ ਨਹੀਂ, ਸਗੋਂ ਇਸ ਦੀ ਸ਼ਾਂਤ, ਡੂੰਘੀ ਅਤੇ ਧਿਆਨਮਈ ਆਵਾਜ਼ ਵਿੱਚ ਹੈ। ਇਹ ਕਵਿਤਾਵਾਂ ਪਾਠਕ ਨੂੰ ਤੁਰੰਤ ਪ੍ਰਭਾਵਿਤ ਕਰਨ ਦੀ ਬਜਾਏ ਹੌਲੀ-ਹੌਲੀ ਉਸ ਦੇ ਅੰਦਰ ਉਤਰਦੀਆਂ ਹਨ ਅਤੇ ਆਪਣੇ ਅਰਥ ਸਮੇਂ ਦੇ ਨਾਲ ਖੋਲ੍ਹਦੀਆਂ ਹਨ। ਇਹੀ ਕਿਸੇ ਗੰਭੀਰ ਕਾਵਿ ਦੀ ਸਭ ਤੋਂ ਵੱਡੀ ਕਸੌਟੀ ਹੁੰੰਦੀ ਹੈ।
ਕਰਵਟ ਪ੍ਰਕਾਸ਼ਨ ਦਿੱਲੀ ਵੱਲੋਂ ਪ੍ਰਕਾਸ਼ਿਤ 96 ਪੰਨਿਆ ਦੀ ਪੁਸਤਕ ਦੀ ਕੀਮਤ 175 ਰੁਪਏ ਹੈ।
ਇਕ ਗੱਲ ਹੋਰ, ਆਪਣੀ ਪੜਚੋਲ ਵਿਚ ਕਾਵਿ ਟੂਕਾਂ ਮੈਂ ਇਸ ਲਈ ਨਹੀਂ ਦਿੱਤੀਆਂ ਕਿ ਪਾਠਕ ਆਪ ਕਵਿਤਾਵਾਂ ਪੜ੍ਹ ਕੇ ਉਹਨਾਂ ਦਾ ਰਸ ਗ੍ਰਹਿਣ ਕਰਨ।
ਰਵਿੰਦਰ ਸਿੰਘ ਸੋਢੀ
ਕੈਲਗਰੀ, ਕੈਨੇਡਾ





