ਪੁਸਤਕ ਦਾ ਨਾਂ – ਸੁਰਖ਼ – ਆਬ
ਕਵੀ – ਗੁਲ ਆਬ
ਪੰਨੇ – 108 ਕੀਮਤ – 200/- ਰੁਪਏ
ਪ੍ਰਕਾਸ਼ਕ – ਸਪਤ੍ਰਿਸੀ ਪਬਲੀਕੇਸ਼ਨਜ਼, ਚੰਡੀਗੜ੍ਹ।
ਰਿਵਿਊਕਾਰ – ਤੇਜਿੰਦਰ ਚੰਡਿਹੋਕ

(ਸਮਾਜ ਵੀਕਲੀ) ਮਨੁੱਖੀ ਜੀਵਨ ਵਿਚ ਦਿਨੋਂ ਦਿਨ ਨਵੇਂ ਨਵੇਂ ਅਨੁਭਵ ਪੈਦਾ ਹੁੰਦੇ ਰਹਿੰਦੇ ਹਨ। ਇਹਨਾਂ ਅਨੁਭਵਾਂ ਨੂੰ ਲਿਖਤ ਰੂਪ ਵਿਚ ਲਿਆਉਣ ਵਾਲਾ ਮਨੁੱਖ ਲੇਖਕ, ਸਾਹਿਤਕਾਰ, ਕਹਾਣੀਕਾਰ, ਨਾਵਲਕਾਰ ਜਾਂ ਕਵੀ ਹੁੰਦਾ ਹੈ। ਗੁਲ ਆਬ ਅਜਿਹਾ ਕਵੀ ਹੈ ਜਿਸ ਨੇ ਜਿੰਮੇਵਾਰੀ ਨਾਲ ਆਪਣੀ ਜ਼ਿੰਦਗੀ ਦੇ ਅਨੁਭਵ ਨੂੰ ਕਾਵਿ ਰੂਪ ਵਿੱਚ ਪੇਸ਼ ਕੀਤਾ ਹੈ। ਗੁਲ ਆਬ ਇਕ ਕਵੀ ਦੇ ਨਾਲ ਨਾਲ ਅਦਾਕਾਰ ਵੀ ਹੈ। ਹਥਲੀ ਪੁਸਤਕ ਗੱਲ ਆਬ ਉਸਦਾ ਪਲੇਠਾ ਕਾਵਿ ਸੰਗ੍ਰਹਿ ” ਸੁਰਖ਼ – ਆਬ ” ਹੈ। ਸੁਰਖ਼ ਆਬ ਦੇ ਅਰਥ ਹੀ ਲਾਲ ਰੰਗ ਦਾ ਪਾਣੀ ਹੁੰਦਾ ਹੈ। ਭਾਵ ਖੂਨ ਦਾ ਰਿਸ਼ਤਾ। ਇਹ ਕਾਵਿ ਸੰਗ੍ਰਹਿ ਉਸਨੇ ਆਪਣੇ ਪੁੱਤਰ ਸੁਰਖ਼ਾਬ ਨੂੰ ਅਰਪਿਤ ਕਰਦਿਆਂ ਸਿਰਲੇਖਤ ਕਵਿਤਾ ਪੁਸਤਕ ਵਿਚ ਇਕਤੀਵੇਂ ਨੰਬਰ ਤੇ ਸ਼ਾਮਲ ਕੀਤੀ ਹੈ ਜਿਸ ਵਿਚੋਂ ਉਹ ਆਪਣਾ ਬਚਪਨ ਦੇਖਦਾ ਹੈ।
ਇਸ ਪੁਸਤਕ ਬਾਰੇ ਜਿੱਥੇ ਉਸ ਦੇ ਆਪਣੇ ਵਿਚਾਰ ਹਨ ਕਿ ਜ਼ਿੰਦਗੀ ਦੀ ਮਜ਼ਦੂਰੀ ਕਰਦਿਆਂ ਕੁਝ ਕੁ ਅਹਿਸਾਸ ਤੇ ਕੁਝ ਕੂ ਸ਼ਬਦ ਕਮਾ ਕੇ ਨਿੱਕੇ ਨਿੱਕੇ ਅਨੁਭਵਾਂ ਨੂੰ ਸ਼ਬਦਾਂ ਰਾਹੀਂ ਸਾਹਿਤ ਦੇ ਵਿਹੜੇ ਖੇਡਣ ਲਾਇਆ ਹੈ…ਅਹਿਸਾਸ ਅਜੇ ਰਿੜਨਾ ਸਿੱਖ ਰਹੇ ਨੇ…..। ਉਸ ਦੀ ਪਲੇਠੀ ਕਿਰਤ ਦਾ ਸਬੂਤ ਦਿੰਦੇ ਹਨ। ਉੱਥੇ ਕੁਲਦੀਪ ਸਿੰਘ ਦੀਪ ਹੁਰਾਂ ਵੀ ਕਿਹਾ ਹੈ ਕਿ ਉਸ ਦੇ ਇਹ ਖਿਆਲ ਕਾਵਿਕਤਾ ਪੱਖੋਂ ਥੋੜੇ ਬਹੁਤ ਉੱਘੜੇ ਦੁਘੜੇ ਹੋ ਸਕਦੇ ਹਨ ਪਰ ਅਨੁਭਵ ਅਤੇ ਦਿਆਨਤਦਾਰੀ ਪੱਖੋਂ ਬਹੁਤ ਵਿਲੱਖਣ ਹਨ।
ਇਸ ਕਾਵਿ ਪੁਸਤਕ ਦਾ ਪਾਠ ਕਰਦਿਆਂ ਮੈਨੂੰ ਵੀ ਇੰਝ ਲੱਗਿਆ ਕਿ ਕਵੀ ਕੋਲ ਅਨੁਭਵ ਅਤੇ ਸ਼ਬਦ ਦੋਨੋ ਹਨ ਜਿਹਨਾਂ ਨੂੰ ਉਸ ਨੇ ਬੜੀ ਡੂੰਘਾਈ ਨਾਲ ਛੋਟੀਆਂ ਛੋਟੀਆਂ ਕਵਿਤਾਵਾਂ ਰਾਹੀਂ ਪਾਠਕਾਂ ਦੇ ਸਨਮੁੱਖ ਰੱਖਿਆ ਹੈ। ਉਸ ਦੀ ਕਵਿਤਾ ਵਿਚ ਸਿਆਸਤਦਾਨਾਂ ਦੀਆਂ ਚਾਲਾਂ, ਮੁਹੱਬਤਾਂ ਦੇ ਹੱਥ ਕੰਡੇ ਅਤੇ ਸਮਾਜਿਕ ਵਰਤਾਰੇ ਨਜ਼ਰ ਆਉਂਦੇ ਹਨ। ਕਈ ਕਵਿਤਾਵਾਂ ਇੱਕ ਹੀ ਸਿਰਲੇਖ ਹੇਠ ਦੋ ਜਾਂ ਤਿੰਨ ਲਿਖੀਆਂ ਹਨ। ਹਰ ਕਵਿਤਾ ਥੱਲੇ ਸਕੇਚ ਬਣਾਏ ਗਏ ਹਨ।
ਪੁਸਤਕ ਵਿਚਲੀਆਂ ਕਵਿਤਾਵਾਂ ਵਿਚ ਇਕ ਚੰਗੇ ਸੁਪਨੇ ਲਈ ਸਮੇਂ ਦੀ ਉਡੀਕ ਦਿਖਾਈ ਦਿੰਦੀ ਹੈ। ਬੁੱਤ ਪੁੱਤ ਨੀ ਹੁੰਦੇ ਅਤੇ ਧਰਤ ਵਰਗੀਆਂ ਛੋਟੀਆਂ ਛੋਟੀਆਂ ਕਵਿਤਾਵਾਂ ਬਹੁਤ ਵੱਡੇ ਅਰਥ ਰੱਖਦੀਆਂ ਹਨ। ਬੁੱਤ ਪੁੱਤ ਨੀ ਹੁੰਦੇ ਦੀਆਂ ਦੋਵੇਂ ਕਵਿਤਾਵਾਂ ਸੰਵੇਦਨਸ਼ੀਲ ਹਨ। ਜਦੋਂ ਬਜ਼ੁਰਗ ਆਪਣੀ ਢਲੀ ਜਵਾਨੀ ਵਿੱਚੋ ਬਚਪਨ ਲੱਭਦਾ ਹੈ ਤਾਂ ਉਸ ਨੂੰ ਕਿਧਰੋਂ ਬਚਪਨ ਨਹੀਂ ਮਿਲਦਾ। ਇਸੇ ਦਾ ਜਿਕਰ ਕਵਿਤਾ ਰੂੰਗਾ ਕਰਦੀ ਹੈ –
ਮੈਂ ਹੱਟੀ ‘ ਤੇ ਗਿਆ
ਪੰਜ ਪੈਸੇ
ਉਹਦੇ ਹੱਥਾਂ ‘ ਚ ਫੜਾਏ ਤੇ ਕਿਹਾ
ਬਚਪਨ ਦਈਂ
ਉਹ ਮੇਰੀ ਧੌਲੀ ਦਾੜ੍ਹੀ ਦੇਖ ਮੁਸਕਰਾਇਆ..
ਪੰਜ ਪੈਸੇ ਵਾਪਿਸ ਕਰ
ਮੇਰੀ ਤਲ਼ੀ ‘ ਤੇ ਧਰ ਦਿੱਤੇ, ਰੁੰਗਾ ਦਿੱਤਾ ਤੇ ਕਹਿੰਦਾ
ਇਸ ਰੁੱਤੇ ਇਹੀ ਮਿਲ ਸਕਦਾ, ਬਸ… (ਪੰਨਾ 26)
ਆਦਿ ਮਾਨਵ ਤੋਂ ਬੰਦਾ ਬਣਨ ਲਈ ਮੁੱਦਤਾਂ ਲੱਗੀਆਂ ਪਰ ਅਜੇ ਵੀ ਮਨੁੱਖ ਇਨਸਾਨ ਨਹੀਂ ਬਣ ਸਕਿਆ ਬੰਦੇ ਅਤੇ ਕੁਦਰਤ ਦਾ ਸੁਮੇਲ ਦਰਸਾਉਂਦੀ ਕਵਿਤਾ ਕੁਦਰਤ ਹੈ ਅਤੇ ਬੰਦਾ ਜੇਕਰ ਚਾਹੇ ਤਾਂ ਕੀ ਨਹੀਂ ਕਰ ਸਕਦਾ। ਕਵਿਤਾ ਹੋਰ ਕੀ ਚਾਹੀਦੈ… ਦੱਸਦੀ ਹੈ। ਇਕ ਸਖ਼ਤ ਮਿਹਨਤ ਕਰਕੇ ਬੰਦਾ ਬਹੁਤ ਕੁਝ ਬਦਲ ਸਕਦਾ ਹੈ। ਕਵਿਤਾ ਨਿਸ਼ਾਨ ਆਪਣੀਆਂ ਪੈੜਾਂ ਦੇ ਨਿਸ਼ਾਨ ਬਣਾਉਂਦੀ ਹੈ। ਕਵਿਤਾ ਅਸੰਭਵ ? ਮਨੁੱਖ ਨੂੰ ਉਤਸਾਹਿਤ ਕਰਦੀ ਨਜ਼ਰ ਆਉਂਦੀ ਹੈ ਜਦੋਂ ਮਨੁੱਖੀ ਜੀਵਨ ਅਕਾਸ਼ ਵਰਗਾ ਸਿਰੜ ਅਤੇ ਧਰਤੀ ਵਰਗੀ ਕਾਇਆ ਰੱਖਦਾ ਹੋਵੇ ਤਾਂ ਫਿਰ ਕੀ ਸੰਭਵ ਨਹੀਂ ਹੁੰਦਾ। ਅਸਲ ਵਿੱਚ ਇਹ ਕਵਿਤਾ ਅਸੰਭਵਤਾ ਨੂੰ ਨਕਾਰਦੀ ਹੈ।
ਮੌਜੂਦਾ ਯੁੱਗ ਵਿਚ ਸਿਆਸਤ ਦਾ ਰੰਗ ਦਿਖਾਉਂਦੀ ਕਵਿਤਾ ਰਿਉੜੀਆਂ ਦੱਸਦੀ ਹੈ ਕਿ ਤੁਸੀ ਸਿਆਸਤਦਾਨਾਂ ਤੋਂ ਜੋ ਮਰਜੀ ਮੰਗੋ ਪਰ ਉਹ ਰਿਉੜੀਆਂ (ਲਾਰੇ) ਦੇ ਤੋਰ ਦਿੰਦੇ ਨੇ ਅਤੇ ਭੋਲੀ ਭਾਲੀ ਜਨਤਾ ਇਹਨਾਂ ਰਿਉੜੀਆਂ ਨਾਲ ਹੀ ਖੁਸ਼ ਹੋ ਜਾਂਦੀ ਹੈ। ਕਵਿਤਾ ਦਰਿਆ ਬੜ੍ਹੇ ਵੱਡੇ ਅਰਥ ਸਿਰਜਦੀ ਹੈ। ਮਨੁੱਖਤਾ ਦੀ ਏਕਤਾ ਦੀ ਗੱਲ ਕਰਦੀ ਹੈ। ਜਦੋਂ ਕਹਿੰਦੀ ਹੈ –
ਬੂੰਦ ਸੀ ਉਹ
ਤੁਪਕਾ ਤੁਪਕਾ ਮਿਲਕੇ
ਦਰਿਆ ਹੋ ਗਿਆ (ਪੰਨਾ 80)
ਅੱਜ ਦੇ ਆਧੁਨਿਕ ਸਹੂਲਤਾਂ ਅਤੇ ਉਹਨਾਂ ਦੇ ਪ੍ਰਭਾਵਾਂ ਦੀ ਗੱਲ ਕਰਦੀਆਂ ਕਵਿਤਾਵਾਂ ਆਨਲਾਈਨ, ਫਿਲਟਰ, ਅੱਪਡੇਟ ਸੋਸ਼ਲ ਮੀਡੀਆ ਨੇ ਮਨੁੱਖ ਅੰਦਰ ਕੀਤੇ ਬਦਲਾਅ ਨੂੰ ਉਜਾਗਰ ਕੀਤਾ ਹੈ। ਇਸ ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਅਸੀਂ ਰਿਸ਼ਤੇ, ਪਿਆਰ, ਵਪਾਰ ਅਤੇ ਹੋਰ ਪਤਾ ਨਹੀਂ ਕੀ ਕੀ ਗੁਆ ਦਿੱਤਾ ਹੈ।
ਉਸ ਦੀ ਹਰ ਫੋਟੋ ਤੇ
ਲੱਗਾ ਸੀ ਫਿਲਟਰ
ਮਿਲਦਿਆਂ ਬੋਲਿਆ
ਪਛਾਣਿਆਂ ਨਹੀਂ ?
ਇੰਸਟਾ ਵਾਲਾ ਸੀ… (ਪੰਨਾ 71)
ਪਿਆਰਿਆਂ ਦੇ ਪਰਿਵਾਰ ਵਿਚ ਬਦਲਦੇ ਸਮੀਕਰਨ ਦੀ ਗੱਲ ਕਰਦੀ ਕਵਿਤਾ ਆਫਟਰ ਬਰੇਕ ਪ੍ਰੇਮੀਆਂ ਦੇ ਵਿਆਹ ਤੋਂ ਬਾਅਦ ਦੇ ਰਵਈਏ ਨੂੰ ਦਰਸਾਉਂਦੀ ਹੈ। ਨਾਲ ਹੀ ਪਰਾਤ ਵਿੱਚ ਗੁੰਨੇ ਆਟੇ ਅਤੇ ਹੋਟਲ ਦੇ ਆਟੇ ਦੀ ਜਾਣਕਾਰੀ ਦਿੰਦੀਆਂ ਕਵਿਤਾਵਾਂ ਪਰਾਤ ਦਾ ਆਟਾ ਅਤੇ ਰੱਜ ਖੂਬਸੂਰਤ ਬਿਰਤਾਂਤ ਸਿਰਜਦੀਆਂ ਹਨ। ਇਸੇ ਤਰ੍ਹਾਂ ਪੁਸਤਕ ਦੀਆਂ ਰਚਨਾਵਾਂ ਤਹਿਆਂ, ਖੂਨ, ਬਲੈਕ ਮੇਲਰ -2, ਝੱਲਪੁਣਾ, ਵਿਆਜ਼, ਨੰਗੇ, ਪੂਰੇ ਸੂਰੇ, ਅਸਮਾਨ ਨੂੰ ਪੁੱਛੀਏ ਆਦਿ ਵੀ ਵਧੀਆ ਰੋਲ ਨਿਭਾ ਰਹੀਆਂ ਹਨ।
ਪੁਸਤਕ ਵਿਚ ਗਿਆਰਾਂ ਟੱਪੇ ਵੀ ਸ਼ਾਮਲ ਹਨ। ਲੇਖਕ ਦੀ ਇਹ ਪਲੇਠੀ ਪੁਸਤਕ ਹੋਣ ਕਾਰਨ ਕੁਝ ਊਣਤਾਈਆਂ ਨਜ਼ਰ ਆਉਂਦੀਆਂ ਹਨ ਪਰ ਫਿਰ ਵੀ ਪਾਠਕਾਂ ਨੂੰ ਪੜ੍ਹਦੇ ਸਮੇਂ ਇਕ ਪ੍ਰੋੜ੍ਹ ਕਵੀ ਦੀ ਕਵਿਤਾ ਦਾ ਅਹਿਸਾਸ ਹੁੰਦਾ ਹੈ।






