HOME ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 6ਵਾਂ ਸੈਮੀਨਾਰ...

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 6ਵਾਂ ਸੈਮੀਨਾਰ ਆਯੋਜਿਤ

2

ਸ੍ਰੀ ਗੁਰੂ ਰਵਿਦਾਸ ਜੀ ਨੇ ਇਨਸਾਨੀਅਤ ਵਿਰੁੱਧ ਹੁੰਦੀ ਕਰੂਰਤਾ ਖ਼ਿਲਾਫ਼  ਅਵਾਜ਼ ਬੁਲੰਦ ਕੀਤੀ- ਸਤਨਾਮ ਮਾਣਕ

ਕਪੂਰਥਲਾ   (ਸਮਾਜ ਵੀਕਲੀ)   ( ਕੌੜਾ  )-ਬਾਣੀ ਵਿਚਾਰ ਚੇਤਨਾ ਮੰਚ ਰਜਿ ਪੰਜਾਬ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ੁਰੂ ਕੀਤੀ ਸੈਮੀਨਾਰਾਂ ਦੀ ਲੜੀ ਤਹਿਤ 6ਵਾਂ ਸੈਮੀਨਾਰ ਵਰਕਰਜ਼ ਕਲੱਬ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਖੇ ਉਘੇ ਕਹਾਣੀਕਾਰ ਮੋਹਨ ਲਾਲ ਫਿਲੌਰੀਆ ਦੀ ਪ੍ਰਧਾਨਗੀ ਵਿਚ ਆਲ ਇੰਡੀਆ ਐਸ.ਸੀ/ਐਸ. ਟੀ. ਰੇਲਵੇ ਇੰਪਲਾਈਜ਼ ਐਸੋਸੀਏਸ਼ਨ, ਸ੍ਰੀ ਗੁਰੂ ਰਵਿਦਾਸ ਸੇਵਕ ਸਭਾ, ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਅਜੀਤ ਪ੍ਰਕਾਸ਼ਨ ਸਮੂਹ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਜਦੋਂ ਇਨਸਾਨ ਵਿਚੋਂ ਇਨਸਾਨੀਅਤ ਖ਼ਤਮ ਹੋ ਰਹੀ ਸੀ ਅਤੇ ਇਨਸਾਨ ਤੇ ਕਰੂਰਤਾ ਭਰਿਆ ਜ਼ੁਲਮ ਹੋ ਰਿਹਾ ਸੀ, ਉਸ ਵੇਲੇ ਸ੍ਰੀ ਗੁਰੂ ਰਵਿਦਾਸ ਜੀ ਨੇ ਇਨਸਾਨੀਅਤ ਵਿਰੁੱਧ ਹੁੰਦੀ ਕਰੂਰਤਾ ਖ਼ਿਲਾਫ਼ 650 ਸਾਲ ਪਹਿਲਾਂ ਅਵਾਜ਼ ਬੁਲੰਦ ਕੀਤੀ, ਜਿਸ ਦੀ ਹੂਕ ਰਾਜਿਆ ਮਹਾਰਾਜਿਆਂ, ਯੋਗੀਆਂ ਫ਼ਕੀਰਾਂ ਤੋਂ ਲੈ ਕੇ ਬੁਰਜੂਆਜ਼ੀ ਤਾਕਤਾਂ ਤੱਕ ਪੁੱਜੀ। ਅੱਜ ਵੀ ਉਸ ਸਮੇਂ ਵਾਂਗ ਇਨਸਾਨ ਨੂੰ ਇਨਸਾਨ ਨਾਲੋਂ ਵੰਡਣ ਤੇ ਇਨਸਾਨ ਤੇ ਪੱਖਪਾਤ ਕਰਕੇ ਜ਼ੁਲਮ ਕਰਨ ਦਾ ਕੋਈ ਬਹੁਤਾ ਫ਼ਰਕ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜੋਕੇ ਸਿੱਖ ਸਮਾਜ ਨੇ ਦਲਿਤ ਸਮਾਜ ਨੂੰ ਹਿੱਕ ਨਾਲ ਲਾਇਆ ਹੁੰਦਾ ਤਾਂ ਅੱਜ ਦਾ ਪੰਜਾਬ ਹੋਰ ਵੀ ਖੁਸ਼ਹਾਲ ਤੇ ਹੋਰ ਹੁੰਦਾ। ਇਸ ਵੇਲੇ ਆਪਣਾ ਮੁੱਖ ਪੇਪਰ ਪੜ੍ਹਦਿਆਂ ਕਮਲਾ ਨਹਿਰੂ ਕਾਲਜ ਫ਼ਾਰ ਵੁਮੈਨ ਦੇ ਸਹਾਇਕ ਪ੍ਰੋਫੈਸਰ ਡਾ. ਹਰਜਿੰਦਰ ਸਿੰਘ ਨੇ ‘ਦਲਿਤ ਉਥਾਨ ਸ੍ਰੀ ਗੁਰੂ ਰਵਿਦਾਸ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਤੱਕ’ ਵਿਸ਼ੇ ਤੇ ਪੜ੍ਹਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਦੀ ਬਾਣੀ ਮੌਲਿਕਤਾ ਨਾਲ ਭਰਪੂਰ ਹੈ। ਉਨ੍ਹਾਂ ਦੀ ਬਾਣੀ ਤੇ ਮਿਸ਼ਨ ਨੂੰ 10 ਗੁਰੂ ਸਾਹਿਬਾਨਾਂ ਨੇ ਪੂਰਾ ਸਮਰਥਨ ਦਿੱਤਾ। ਜਾਤ ਪਾਤ ਦੀ ਦਲ-ਦਲ ਵਿਚ ਧੱਕ ਚੁੱਕੇ ਸਮਾਜ ਨੂੰ ਜਿੱਥੇ ਦਸ ਗੁਰੂਆਂ ਨੇ ਕੱਢਣ ਲਈ ਬਾਣੀ ਦੀ ਰਚਨਾ ਕੀਤੀ, ਉੱਥੇ ਹੀ ਸ੍ਰੀ ਗੁਰੂ ਰਵਿਦਾਸ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤਾ ਗਿਆ। ਸੈਮੀਨਾਰ ਦੇ ਵਿਸ਼ੇਸ਼ ਮਹਿਮਾਨ ਕ੍ਰਿਸ਼ਨ ਸਿੰਘ ਰਿਟਾ. ਚੀਫ਼ ਵਰਕਸ਼ਾਪ ਮੈਨੇਜਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਇਸ ਸੈਮੀਨਾਰ ਲੜੀ ਦੇ ਮੁੱਖ ਕੋਆਰਡੀਨੇਟਰ ਗੁਰਨਾਮ ਸਿੰਘ ਅਕੀਦਾ ਨੇ ਕਿਹਾ ਕਿ ਬਾਣੀ ਦੀ ਜੋਤ ਜਗਦੀ ਰਹਿਣੀ ਚਾਹੀਦੀ ਹੈ, ਸਾਡਾ ਮੰਚ ਜਿੱਥੇ ਹੁਣ ਸ੍ਰੀ ਗੁਰੂ ਰਵਿਦਾਸ ਜੀ ਤੇ ਸੈਮੀਨਾਰ ਕਰਵਾ ਰਿਹਾ ਹੈ। ਉੱਥੇ ਗੁਰੂ ਸਾਹਿਬਾਨਾਂ ਸਬੰਧੀ ਵੀ ਅਕਾਦਮਿਕ ਸੈਮੀਨਾਰ ਕਰਾਉਣ ਦਾ ਫ਼ੈਸਲਾ ਕਰ ਚੁੱਕਿਆ ਹੈ। ਪ੍ਰਬੁੱਧ ਵਿਦਵਾਨ ਡਾ. ਗੁਰਮੀਤ ਕੱਲਰਮਾਜਰੀ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਤੇ ਮਿਸ਼ਨ ਨੂੰ ਸਮਝਣ ਲਈ ਸਾਨੂੰ ਅਕਾਦਮਿਕ ਖੋਜਾਂ ਵੱਲ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਹੈ। ਇਸ ਕਪੂਰਥਲਾ ਸੈਮੀਨਾਰ ਦੇ ਕੋਆਰਡੀਨੇਟਰ ਇੰਜੀਨੀਅਰ ਜੀਤ ਸਿੰਘ ਨੇ ਪੰਜਾਬ ਭਰ ਵਿਚ ਹੋ ਰਹੇ ਸੈਮੀਨਾਰਾਂ ਨੂੰ ਹਰ ਮਦਦ ਦੇਣ ਦਾ ਐਲਾਨ ਕੀਤਾ। ਇਸ ਵੇਲੇ ਗੋਬਿੰਦਰ ਸਿੰਘ ਪਟਿਆਲਾ, ਪ੍ਰੋ. ਲਾਲ ਬਹਾਦਰ ਭਾਟੀਆ, ਹਰਬੰਸ ਸਿੰਘ, ਨਰੇਸ਼ ਕੁਮਾਰ, ਜਸਵਿੰਦਰ ਸਿੰਘ, ਕ੍ਰਿਸ਼ਨ ਲਾਲ ਜੱਸਲ, ਕਸ਼ਮੀਰ ਸਿੰਘ, ਆਰ. ਸੀ. ਮੀਨਾ, ਦੇਸ ਰਾਜ, ਅਮਰਜੀਤ ਸਿੰਘ ਰੁੜਕੀ, ਐਕਸੀਅਨ ਮਨਜੀਤ ਸਿੰਘ, ਰਣਜੀਤ ਸਿੰਘ, ਸੰਧੂਰਾ ਸਿੰਘ, ਜਸਪਾਲ ਚੌਹਾਨ, ਵੈਦ ਪ੍ਰਕਾਸ਼, ਜਗਜੀਵਨ ਰਾਮ, ਕਰਮਜੀਤ ਸਿੰਘ ਮੱਟੂ, ਕਰਨ ਸਿੰਘ, ਬੀਰ ਸਿੰਘ, ਅਰਵਿੰਦ ਪ੍ਰਸਾਦ, ਦਰਸ਼ਨ ਲਾਲ, ਸਰਬਜੀਤ ਸਿੰਘ, ਰਾਜਕੁਮਾਰ, ਕਮਲਾਵਤੀ ਤੋਂ ਇਲਾਵਾ ਭਾਰਤੀ ਸਮਾਜ ਨਿਰਮਾਣ ਸੰਘ ਅਤੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਸਮੂਹ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸਤਲੁਜ ਦਰਿਆ ‘ਤੇ ਨਵੇਂ ਪੁਲ ਦੀ ਉਸਾਰੀ ਕਾਰਨ ਪੁਰਾਣਾ ਹੈੱਡ ਪੁਲ ਮੁਕੰਮਲ ਬੰਦ; ਰਾਹਗੀਰਾਂ ਨੂੰ ਨਵੇਂ ਬਾਈਪਾਸ ਦੀ ਵਰਤੋਂ ਕਰਨ ਦੀ ਅਪੀਲ
Next articleਸਰਕਾਰਾਂ ਕੁੰਭਕਰਨ ਦੀ ਨੀਂਦ ਸੁੱਤੀਆਂ ਹਨ , ਗਰੀਬਾਂ ਦਾ ਰੱਬ ਰਾਖਾ :- ਕਾਮਰੇਡ ਵੀਰ ਸਿੰਘ ਕੰਮੇਆਣਾ