ਜਲੰਧਰ (ਸਮਾਜ ਵੀਕਲੀ) ਅੰਬੇਡਕਰ ਮਿਸ਼ਨ ਸੁਸਾਇਟੀ (ਰਜਿ.) ਪੰਜਾਬ ਵੱਲੋਂ ਮਰਹੂਮ ਸ੍ਰੀ ਲਾਹੌਰੀ ਰਾਮ ਬਾਲੀ ਜੀ ਦੇ ਚੌਥੇ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਵਿੱਚ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਮੁੱਖ ਬੁਲਾਰੇ ਵਜੋਂ ਅਤੇ ਅਜੀਤ ਸਮਾਚਾਰ ਗਰੁੱਪ ਦੇ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਵਿਸ਼ੇਸ਼ ਬੁਲਾਰੇ ਵਜੋਂ ਸ਼ਾਮਿਲ ਹੋਏ। ਮੁੱਖ ਮਹਿਮਾਨ ਪ੍ਰੋਫੈਸਰ ਜਗਮੋਹਨ ਸਿੰਘ ਨੇ ਸ੍ਰੀ ਲਾਹੌਰੀ ਰਾਮ ਬਾਲੀ ਜੀ ਨਾਲ ਸ਼ਹੀਦੇ-ਆਜ਼ਮ ਸ. ਭਗਤ ਸਿੰਘ ਜੀ ਦੇ ਪਿੰਡ ਖਟਕੜ ਕਲਾ ਵਿਖੇ ਹੋਈ 1949 ਨੂੰ ਪਹਿਲੀ ਮੁਲਾਕਾਤ ਦੀ ਯਾਦ ਤਾਜ਼ਾ ਕਰਦਿਆਂ ਕਿਹਾ ਕਿ ਮੇਰੇ ਮਾਤਾ ਬੀਬੀ ਅਮਰ ਕੌਰ ਜੀ,( ਸ਼ਹੀਦ ਭਗਤ ਸਿੰਘ ਦੀ ਛੋਟੀ ਭੈਣ) ਬਾਲੀ ਸਾਹਿਬ ਨੂੰ ਆਪਣਾ ਭਰਾ ਮੰਨਦੇ ਸਨ। ਉਨ੍ਹਾਂ ਨੇ ਦੱਸਿਆ ਕਿ ਮੇਰੇ ਮਾਤਾ ਜੀ ਨੇ ਮੇਰਾ ਹੱਥ ਬਾਲੀ ਸਾਹਿਬ ਨੂੰ ਫੜਾਉਂਦਿਆਂ ਮੈਨੂੰ ਹਦਾਇਤ ਕੀਤੀ ਸੀ ਕਿ ਅੱਜ ਤੋਂ ਤੂੰ ਬਾਲੀ ਸਾਹਿਬ ਦੇ ਨਕਸ਼ੇ-ਕਦਮ ਤੇ ਚਲਦਿਆਂ ਆਪਣੇ ਵਿਚਾਰਾਂ ਵਿੱਚ ਪਰਪੱਕਤਾ ਲਿਆਉਣੀ ਹੈ। ਪ੍ਰੋਫੈਸਰ ਜਗਮੋਹਨ ਸਿੰਘ ਨੇ ਕਿਹਾ ਕਿ ਬਾਲੀ ਜੀ ਬੇਖੌਫ, ਨਿਧੜਕ ਤੇ ਬੇਮਿਸਾਲ ਸ਼ਖਸ਼ੀਅਤ ਦੇ ਮਾਲਕ ਸਨ। ਉਹ ਇੱਕ ਗੰਭੀਰ ਲੇਖਕ, ਪੱਤਰਕਾਰ, ਪੂੰਜੀਵਾਦੀ ਅਤੇ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕਰਨ ਵਾਲੇ ਪ੍ਰਭਾਵਸ਼ਾਲੀ ਬੁਲਾਰੇ ਸਨ। ਉਨ੍ਹਾਂ ਨੇ ਆਪਣੀਆਂ ਲਿਖਤਾਂ ਅਤੇ ਸਮੇਂ-ਸਮੇਂ ਤੇ ਆਰੰਭੇ ਅੰਦੋਲਨਾਂ ਰਾਹੀਂ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਅੰਬੇਡਕਰਵਾਦ ਦੀ ਇਨਕਲਾਬੀ ਵਿਚਾਰਧਾਰਾ ਲਹਿਰ ਦਾ ਝੰਡਾ ਬੁਲੰਦ ਕੀਤਾ। ਮੁਖ ਮਹਿਮਾਨ ਨੇ ਕਿਹਾ ਕਿ ਬਾਲੀ ਜੀ ਦੀ ਸਰਪਰਸਤੀ ਹੇਠ ਉਸਾਰਿਆ ਗਿਆ ਅੰਬੇਡਕਰ ਭਵਨ ਇੱਕ ਇਤਿਹਾਸਿਕ ਤੇ ਯਾਦਗਾਰੀ ਸਥਾਨ ਹੈ, ਜਿੱਥੋਂ ਡਾ. ਅੰਬੇਡਕਰ ਸਾਹਿਬ ਦੇ ਸਿਧਾਂਤਕ ਫਲਸਫੇ ਦਾ ਪ੍ਰਚਾਰ ਕੀਤਾ ਜਾਂਦਾ ਹੈ। ਉਨ੍ਹਾਂ ਨੇ ਅੰਬੇਡਕਰ ਮਿਸ਼ਨ ਸੁਸਾਇਟੀ ਨੂੰ ਸੁਝਾਅ ਦਿੱਤਾ ਕਿ ਭਵਨ ਵਿੱਚ ਨਿਰੰਤਰ ਵਰਕਸ਼ਾਪਾਂ ਦਾ ਆਯੋਜਨ ਕਰਕੇ ਨੌਜਵਾਨਾਂ, ਵਿਸ਼ੇਸ਼ ਕਰਕੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਾਬਾ ਸਾਹਿਬ ਦੇ ਸਮਤਾ, ਸੁਤੰਤਰਤਾ, ਭਾਈਚਾਰੇ, ਸਮਾਜਿਕ ਨਿਆਂ ਅਤੇ ਤਰਕਸ਼ੀਲ ਸੰਕਲਪਾਂ ਨਾਲ ਜੋੜਿਆ ਜਾਣਾ ਚਾਹੀਦਾ ਹੈ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਭਾਰਤੀਆਂ ਨੂੰ ਦਰਪੇਸ਼ ਸਮੱਸਿਆਵਾਂ ਤੇ ਗੰਭੀਰ ਤੇ ਸਾਰਥਕ ਲੇਖ ਲਿਖਣ ਵਾਲੇ ਸੀਨੀਅਰ ਪੱਤਰਕਾਰ ਉੱਘੇ ਬੁੱਧੀਜੀਵੀ ਰੋਜਾਨਾ ਅਜੀਤ ਦੇ ਸੰਪਾਦਕ ਸ੍ਰੀ ਸਤਨਾਮ ਸਿੰਘ ਮਾਣਕ ਜੀ ਨੇ ਕਿਹਾ ਕਿ ਬਾਲੀ ਸਾਹਿਬ ਮੇਰੇ ਲਈ ਸਦਾ ਪ੍ਰੇਰਨਾ ਦੇ ਸਰੋਤ ਰਹੇ ਹਨ। ਉਨ੍ਹਾਂ ਨੇ ਡਾ. ਅੰਬੇਡਕਰ ਸਾਹਿਬ ਦੀਆਂ ਧਰਮ ਨਿਰਪੱਖ, ਲੋਕਤੰਤਰਿਕ ਅਤੇ ਪਛੜੇ ਤੇ ਦਲਿਤ ਸਮਾਜ ਦੀ ਬੇਹਤਰੀ ਲਈ ਕੀਤੇ ਗਏ ਸੰਘਰਸ਼ ਦੀ ਨੀਤੀ ਨੂੰ ਆਪਣੀ ਜ਼ਿੰਦਗੀ ਦਾ ਮੂਲ ਮੰਤਵ ਸਮਝਦਿਆਂ ਆਪਣੀਆਂ ਲਿਖਤਾਂ ਅਤੇ ਅੰਦੋਲਨਾਂ ਦੁਆਰਾ ਲਗਾਤਾਰ ਸੰਘਰਸ਼ਸ਼ੀਲ ਜੀਵਨ ਬਤੀਤ ਕੀਤਾ। ਮਾਣਕ ਜੀ ਨੇ ਕਿਹਾ ਕਿ ਵਰਤਮਾਨ ਸਮੇਂ ਵਿੱਚ ਹਿੰਦੂਤਵੀ ਤਾਕਤਾਂ ਨੇ ਦੇਸ਼ ਦੇ ਸਾਰੇ ਸੰਸਥਾਨਾਂ ਤੇ ਕਬਜ਼ਾ ਕਰ ਲਿਆ ਹੈ ਅਤੇ ਇੱਕ-ਨੇਸ਼ਨ ਇੱਕ-ਚੋਣ ਅਤੇ ਨਵੀਂ ਹਲਕਾ ਬੰਦੀ ਵਰਗੀਆਂ ਸੰਵਿਧਾਨਿਕ ਸੋਧਾਂ ਕਰਕੇ ਉਹ ਦਲਿਤਾਂ, ਘੱਟ ਗਿਣਤੀਆਂ ਅਤੇ ਭਾਰਤ ਦੀ ਫੈਡਰਲ ਸੰਰਚਨਾ ਨੂੰ ਹਾਨੀ ਪਹੁੰਚਾਉਣ ਦੇ ਯਤਨ ਵਿੱਚ ਹਨ। ਉੱਚ ਵਿੱਦਿਆ ਨੂੰ ਆਮ ਵਿਅਕਤੀ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜੋਕਾ ਭਾਰਤ ਇੱਕ ਡਰਿਆ ਹੋਇਆ ਦੇਸ਼ ਹੈ। ਮਾਣਕ ਜੀ ਨੇ ਕਿਹਾ ਕਿ ਇਸ ਭਿਆਨਕ ਸਥਿਤੀ ਵਿੱਚੋਂ ਨਿਕਲਣ ਲਈ ਬੌਧਿਕ ਕ੍ਰਾਂਤੀ ਦਾ ਆਗਾਜ਼ ਕਰਨ ਵਾਲੇ ਤਥਾਗਤ ਬੁੱਧ, ਸੂਫੀਆਂ, ਭਗਤੀ ਲਹਿਰ, ਗੁਰਮਤਿ ਲਹਿਰ, ਗਦਰੀ ਲਹਿਰ ਅਤੇ ਡਾ. ਅੰਬੇਡਕਰ ਦੀ ਵਿਚਾਰਧਾਰਾ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਭਾਰਤੀ ਸੰਵਿਧਾਨ, ਲੋਕਤੰਤਰ, ਦਲਿਤਾਂ ਅਤੇ ਘੱਟ ਗਿਣਤੀਆਂ ਦੇ ਅਧਿਕਾਰਾਂ ਨੂੰ ਬਚਾਉਣ ਲਈ ਇੱਕ ਮੰਚ ਤੇ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ ਤਾਂ ਹੀ ਹਿੰਦੂ ਰਾਸ਼ਟਰ ਦੇ ਵੱਧ ਰਹੇ ਪ੍ਰਭਾਵ ਨੂੰ ਖਤਮ ਕੀਤਾ ਜਾ ਸਕਦਾ।
ਉੱਘੇ ਲੇਖਕ ਅਤੇ ਬੁੱਧੀਜੀਵੀ ਡਾ. ਸੁਰਿੰਦਰ ਅਜਨਾਤ ਨੇ ਕਿਹਾ ਕਿ ਬਾਲੀ ਸਾਹਿਬ ਇੱਕ ਗੰਭੀਰ ਚਿੰਤਕ, ਪ੍ਰਤਿਬਧ ਅੰਬੇਡਕਰੀ ਲੇਖਕ, ਪੀੜਿਤ ਲੋਕਾਂ ਲਈ ਨਿਰੰਤਰ ਸੰਘਰਸ਼ ਕਰਨ ਵਾਲੇ ਮਹਾਨ ਯੋਧਾ ਸਨ। ਉਨ੍ਹਾਂ ਦਾ ਸਮੁੱਚਾ ਜੀਵਨ ਬੁੱਧ ਸਤੇ ਅੰਬੇਡਕਰੀ ਵਿਚਾਰਧਾਰਾ ਪ੍ਰਤੀ ਸਮਰਪਿਤ ਸੀ ਅਤੇ ਆਪਣੀਆਂ ਲਿਖਤਾਂ ਅਤੇ ਭਾਸ਼ਣਾਂ ਰਾਹੀਂ ਉਨ੍ਹਾਂ ਨੇ ਦਲਿਤ ਸਮਾਜ ਵਿੱਚ ਨਵ-ਚੇਤਨਾ ਦਾ ਪਾਸਾਰ ਕੀਤਾ। ਰਮੇਸ਼ ਚੰਦਰ, ਸਾਬਕਾ ਰਾਜਦੂਤ ਨੇ ਬਾਲੀ ਸਾਹਿਬ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਬਾਲੀ ਸਾਹਿਬ ਦੀ ਅੰਦੋਲਨਕਾਰੀ ਸ਼ਖਸ਼ੀਅਤ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਸੁਸਾਇਟੀ ਵੱਲੋਂ ਬਾਲੀ ਸਾਹਿਬ ਬਾਰੇ ਆਰੰਭੀ ਗਈ ਭਾਸ਼ਨਾ ਦੀ ਲੜੀ ਨੂੰ ਲਗਾਤਾਰ ਜਾਰੀ ਰੱਖਣਾ ਚਾਹੀਦਾ ਹੈ। ਸ੍ਰੀ ਸੋਹਨ ਲਾਲ ਸਾਂਪਲਾ ਜਰਮਨੀ, ਡਾ. ਜੀ. ਸੀ. ਕੌਲ ਜਸਵਿੰਦਰ ਵਰਿਆਣਾ ,ਅਤੇ ਐਡਵੋਕੇਟ ਹਰਭਜਨ ਸਾਂਪਲਾ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਮਰਹੂਮ ਲਾਹੌਰੀ ਰਾਮ ਬਾਲੀ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਅੰਬੇਡਕਰ ਮਿਸ਼ਨ ਸੁਸਾਇਟੀ ਦੇ ਪ੍ਰਧਾਨ ਪ੍ਰੋਫੈਸਰ ਬਲਬੀਰ ਨੇ ਸਭ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਸੁਸਾਇਟੀ ਦੇ ਮੁੱਖ ਸਲਾਹਕਾਰ ਚਰਨ ਦਾਸ ਸੰਧੂ ਨੇ ਮੰਚ ਦਾ ਸੰਚਾਲਨ ਬਾਖੂਬੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਮਹਿੰਦਰ ਸੰਧੂ, ਬਲਦੇਵ ਰਾਜ ਭਾਰਦਵਾਜ ਪਰਮਿੰਦਰ ਸਿੰਘ ਖੁੱਤਣ, ਡਾ. ਰਾਹੁਲ ਬਾਲੀ, ਤਿਲਕ ਰਾਜ, ਕਮਲਸ਼ੀਲ ਬਾਲੀ, ਡਾ. ਚਰਨਜੀਤ ਸਿੰਘ, ਨਿਰਮਲ ਬਿੰਜੀ, ਚਰਨਜੀਤ ਸਿੰਘ ਚੰਨੀ, ਕਮਲ ਕੁਮਾਰ, ਪ੍ਰਿੰਸੀਪਲ ਪਰਮਜੀਤ ਜੱਸਲ, ਪ੍ਰਿੰਸੀਪਲ ਕੁਲਵੰਤ ਸਿੰਘ ਫੁੱਲ, ਡੀ.ਪੀ. ਭਗਤ, ਮਨਜੀਤ ਸਿੰਘ, ਓਮ ਪ੍ਰਕਾਸ਼, ਚਮਨ ਸਾਂਪਲਾ, ਪ੍ਰੋ. ਅਤਿੰਦਰ ਸਿੰਘ, ਪ੍ਰੋ. ਅਸ਼ਵਨੀ ਜਸਲ, ਅਜੇ ਯਾਦਵ, ਰੂਪ ਲਾਲ, ਐਮ.ਆਰ. ਸੱਲਣ, ਡਾ. ਸੰਦੀਪ ਮਹਿਮੀ, ਸੂਰਜ ਬਿਰਦੀ, ਬਲਵਿੰਦਰ ਪੁਆਰ, ਇੰਜੀ. ਜੀਤ ਸਿੰਘ, ਹੁਸਨ ਲਾਲ ਫੂਲਪੁਰ, ਮਲਕੀਤ ਸਿੰਘ, ਜਗਦੀਸ਼ ਕੁਮਾਰ ਡਾਲੀਆ, ਪਰਮਜੀਤ ਮਹੇ, ਸਵਰਨ ਦਾਸ, ਜੀ. ਰਾਜ ਅੰਗੂਰਾਨਾ, ਹਰੀ ਸਿੰਘ ਥਿੰਦ, ਧਨੀ ਰਾਮ, ਪਿਛੋਰੀ ਲਾਲ ਸੰਧੂ, ਹਿਤੇਸ਼ ਕੁਮਾਰ, ਸੋਨੀਆ ਭਾਰਦਵਾਜ, ਗੁਰਮੀਤ ਕੌਰ ਆਦਿ ਹਾਜ਼ਰ ਸਨ। ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ।
ਬਲਦੇਵ ਰਾਜ ਭਾਰਦਵਾਜ, ਜਨਰਲ ਸਕੱਤਰ, ਅੰਬੇਡਕਰ ਮਿਸ਼ਨ ਸੁਸਾਇਟੀ (ਰਜਿ.), ਪੰਜਾਬ
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly






