ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ) – ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਖੋਜਕਾਰਾਂ ਵੱਲੋਂ ਕਬੂਤਰਾਂ ਦੀ ਉਡਾਣ ਅਤੇ ਅੱਖਾਂ ਦੀ ਹਰਕਤ ਬਾਰੇ ਕੀਤੇ ਗਏ ਨਵੇਂ ਅਧਿਐਨ ਦੇ ਨਤੀਜੇ ਭਵਿੱਖ ਵਿੱਚ ਉਡਣ ਵਾਲੇ ਸਵੈਚਾਲਿਤ ਯੰਤਰਾਂ ਨੂੰ ਪੰਛੀਆਂ ਵਾਂਗ ਵਧੇਰੇ ਸੁਚੱਜੇ ਢੰਗ ਨਾਲ ਰਸਤਾ ਲੱਭਣ ਵਿੱਚ ਸਹਾਇਕ ਹੋ ਸਕਦੇ ਹਨ। ਖੋਜਕਾਰਾਂ ਵੱਲੋਂ ਆਰਜੀ ਤੌਰ ਤੇ ਕਬੂਤਰਾਂ ਦੇ ਸਿਰਾਂ ਉੱਤੇ ਬਹੁਤ ਛੋਟੇ ਕੈਮਰੇ ਅਤੇ ਪਿੱਠ ਉੱਤੇ ਹਲਕੇ ਉਪਕਰਨਾਂ ਵਾਲੇ ਵਿਸ਼ੇਸ਼ ਥੈਲੇ ਲਗਾ ਕੇ ਇੱਕ ਨਿਵੇਕਲਾ ਤਜਰਬਾ ਕੀਤਾ ਗਿਆ ਹੈ ਇਸ ਤਜਰਬੇ ਰਾਹੀਂ ਉਡਾਣ ਦੌਰਾਨ ਕਬੂਤਰਾਂ ਦੀਆਂ ਅੱਖਾਂ, ਸਿਰ ਦੀ ਹਰਕਤ, ਦਿਸ਼ਾ ਅਤੇ ਸਰੀਰਕ ਸੰਤੁਲਨ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਹੈ । ਪੂਰੇ ਉਪਕਰਨ ਦਾ ਭਾਰ ਕੇਵਲ 27 ਗ੍ਰਾਮ ਸੀ ਅਤੇ ਇਸ ਵਿੱਚ ਨਿੱਕਾ ਕੰਪਿਊਟਰ, ਕੈਮਰਾ ਅਤੇ ਹਰਕਤ ਮਾਪਣ ਵਾਲੇ ਯੰਤਰ ਸ਼ਾਮਲ ਕੀਤੇ ਗਏ ਹਨ । ਅਧਿਐਨ ਦੌਰਾਨ ਪਤਾ ਲੱਗਿਆ ਕਿ ਕਬੂਤਰ ਉੱਡਦੇ ਸਮੇਂ ਆਪਣੀਆਂ ਅੱਖਾਂ ਨੂੰ ਪੂਰੀ ਤਰ੍ਹਾਂ ਸਥਿਰ ਨਹੀਂ ਰੱਖਦੇ। ਉਹ ਅੱਖਾਂ ਨੂੰ ਬਹੁਤ ਹੌਲੀ ਅਤੇ ਸੂਖਮ ਢੰਗ ਨਾਲ ਹਿਲਾਉਂਦੇ ਰਹਿੰਦੇ ਹਨ। ਖੋਜਕਾਰਾਂ ਦਾ ਮੰਨਣਾ ਹੈ ਕਿ ਇਸ ਤਰੀਕੇ ਨਾਲ ਕਬੂਤਰ ਆਪਣੇ ਆਲੇ-ਦੁਆਲੇ ਦੀਆਂ ਬਾਰੀਕ ਚੀਜ਼ਾਂ ਨੂੰ ਵਧੇਰੇ ਸਪਸ਼ਟਤਾ ਨਾਲ ਵੇਖਦੇ ਅਤੇ ਰਸਤੇ ਵਿਚਲੇ ਅੜਿੱਕਿਆਂ ਤੋਂ ਬਚਦੇ ਹਨ। ਜਦੋਂ ਕਬੂਤਰ ਕਿਸੇ ਥਾਂ ਉੱਤੇ ਉਤਰਨ ਲੱਗਦੇ ਹਨ ਤਾਂ ਉਨ੍ਹਾਂ ਦੀਆਂ ਦੋਵੇਂ ਅੱਖਾਂ ਅੰਦਰ ਵੱਲ ਮੁੜਦੀਆਂ ਹਨ। ਇਸ ਨਾਲ ਉਹ ਦੂਰੀ ਅਤੇ ਡੂੰਘਾਈ ਦਾ ਸਹੀ ਅੰਦਾਜ਼ਾ ਲਗਾ ਸਕਦੇ ਹਨ। ਖੋਜਕਾਰਾਂ ਅਨੁਸਾਰ ਅਜਿਹਾ ਵਿਹਾਰ ਹੁਣ ਤੱਕ ਕੁਝ ਸ਼ਿਕਾਰੀ ਪੰਛੀਆਂ ਵਿੱਚ ਹੀ ਦੇਖਿਆ ਗਿਆ ਸੀ। ਖੋਜਕਾਰਾਂ ਮੁਤਾਬਿਕ ਉਪਰੋਕਤ ਤਜਰਬੇ ਨਾਲ ਭਵਿੱਖ ਚ ਸਵੈਚਾਲਿਤ ਉਡਣ ਵਾਲੇ ਯੰਤਰ ਭੀੜ-ਭੜੱਕੇ ਅਤੇ ਔਖੇ ਮਾਹੌਲ ਵਿੱਚ ਵੀ ਵਧੇਰੇ ਸੁਰੱਖਿਅਤ ਅਤੇ ਸੁਚੱਜੀ ਉਡਾਣ ਭਰ ਸਕਣਗੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly





