HOME ਕੁਦਰਤ ਦੇ ਅਨੋਖੇ ਰੰਗ – ਉੱਡਦੇ ਪੰਛੀ, ਉੱਡਦੇ ਵਿਚਾਰ

ਕੁਦਰਤ ਦੇ ਅਨੋਖੇ ਰੰਗ – ਉੱਡਦੇ ਪੰਛੀ, ਉੱਡਦੇ ਵਿਚਾਰ

3
ਪਵਨ ਕੁਮਾਰ ਅੱਤਰੀ
    (ਸਮਾਜ ਵੀਕਲੀ)  ਅਸੀਂ ਅਕਸਰ ਕੁਦਰਤ ਦੇ ਸੁੰਦਰ ਨਜ਼ਾਰੇ ਦੇਖਣ ਲਈ ਪਹਾੜਾਂ ਅਤੇ ਹੋਰ ਸੈਰ-ਸਪਾਟੇ ਵਾਲੀਆਂ ਥਾਵਾਂ ਤੇ ਜਾਂਦੇ ਹਾਂ। ਉੱਚੇ-ਉੱਚੇ ਪਹਾੜ, ਡੂੰਘੀਆਂ ਖਾਈਆਂ, ਗਰਮੀਆਂ ਵਿਚ ਠੰਡੀ ਹਵਾ, ਸਰਦੀਆਂ ਵਿੱਚ ਧੁੱਪ ਅਤੇ ਦੂਰ ਤੱਕ ਫੈਲੀ ਹਰਿਆਲੀ ਮਨ ਨੂੰ ਇੱਕ ਵੱਖਰੀ ਹੀ ਖੁਸ਼ੀ ਦਿੰਦੀ ਹੈ। ਅਜਿਹੇ ਨਜ਼ਾਰੇ ਦੇਖ ਕੇ ਲੱਗਦਾ ਹੈ ਜਿਵੇਂ ਮਨ ਦਾ ਸਾਰਾ ਬੋਝ ਹਲਕਾ ਹੋ ਗਿਆ ਹੋਵੇ।ਪਰ ਸੱਚਾਈ ਇਹ ਵੀ ਹੈ ਕਿ ਕੁਦਰਤ ਸਿਰਫ਼ ਪਹਾੜਾਂ, ਦਰਿਆਵਾਂ ਜਾਂ ਜੰਗਲਾਂ ਵਿੱਚ ਹੀ ਨਹੀਂ ਵੱਸਦੀ। ਕੁਦਰਤ ਤਾਂ ਸਾਡੇ ਆਲੇ-ਦੁਆਲੇ ਹਰ ਵੇਲੇ ਮੌਜੂਦ ਰਹਿੰਦੀ ਹੈ। ਸਵੇਰੇ ਸੂਰਜ ਦੀ ਪਹਿਲੀ ਕਿਰਨ, ਸ਼ਾਮ ਦਾ ਢਲਦਾ ਸੂਰਜ, ਰੁੱਖਾਂ ਦੀ ਛਾਂ, ਖੇਤਾਂ ਵਿੱਚ ਲਹਿਰਾਉਂਦਿਆਂ ਫ਼ਸਲਾਂ ਅਤੇ ਅਸਮਾਨ ਵਿੱਚ ਉੱਡਦੇ ਪੰਛੀ ਵੀ ਕੁਦਰਤ ਦੇ ਹੀ ਅਨੋਖੇ ਰੰਗ ਹਨ। ਕੁਦਰਤ ਨੂੰ ਚਲਾਉਣ ਵਾਲੀ ਇੱਕ ਅਦ੍ਰਿਸ਼ ਸ਼ਕਤੀ ਹੈ, ਜਿਸ ਨੂੰ ਅਸੀਂ ਪਰਮਾਤਮਾ ਕਹਿੰਦੇ ਹਾਂ। ਅਸੀਂ ਭਾਵੇਂ ਉਸ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਦੇਖਿਆ, ਪਰ ਕੁਦਰਤ ਦੇ ਅਨੇਕਾਂ ਰੂਪਾਂ ਵਿੱਚ ਉਸ ਦਾ ਅਹਿਸਾਸ ਜ਼ਰੂਰ ਹੁੰਦਾ ਹੈ। ਕਈ ਵਾਰ ਇੱਕ ਛੋਟਾ ਜਿਹਾ ਦ੍ਰਿਸ਼ ਵੀ ਸਾਨੂੰ ਡੂੰਘੀਆਂ ਸੋਚਾਂ ਵਿੱਚ ਲੈ ਜਾਂਦਾ ਹੈ।
ਅੱਜ ਸ਼ਾਮ (24/06/2026) ਲਗਭਗ ਅੱਠ ਵਜੇ ਮੈਂ ਇੱਕ ਅਜਿਹਾ ਨਜ਼ਾਰਾ ਵੇਖਿਆ ਜੋ ਮਨ ਨੂੰ ਛੂਹ ਗਿਆ। ਹਨੇਰਾ ਹੋ ਚੁੱਕਾ ਸੀ ਅਤੇ ਚੰਨ ਦੀ ਰੌਸ਼ਨੀ ਇੰਜ ਲੱਗ ਰਹੀ ਸੀ ਜਿਵੇਂ ਅਕਾਸ਼ ਵਿੱਚ ਕੋਈ ਵੱਡਾ ਬਲਬ ਚਮਕ ਰਿਹਾ ਹੋਵੇ। ਉਸ ਮਿੱਠੀ ਚਾਨਣ ਹੇਠ ਅਸਮਾਨ ਵਿੱਚ ਸੈਂਕੜੇ ਕਾਂ ਪੱਛਮ ਤੋਂ ਪੂਰਬ ਵੱਲ ਉੱਡਦੇ ਜਾ ਰਹੇ ਸਨ। ਉਹ ਸਾਰੇ ਇੱਕੋ ਦਿਸ਼ਾ ਵੱਲ ਉੱਡਦੇ ਜਾ ਰਹੇ ਸਨ ਅਤੇ ਇੱਕ ਦੂਜੇ ਦੇ ਪਿੱਛੇ ਕਤਾਰਾਂ ਵਿੱਚ ਉੱਡ ਰਹੇ ਸਨ। ਕੁੱਝ ਅੱਗੇ ਸਨ, ਕੁਝ ਪਿੱਛੇ, ਪਰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਸਾਰਿਆਂ ਦੀ ਮੰਜ਼ਿਲ ਇੱਕੋ ਹੀ ਹੋਵੇ। ਕੁਦਰਤ ਦਾ ਇਹ ਸੁੰਦਰ ਅਤੇ ਅਨੋਖਾ ਦ੍ਰਿਸ਼ ਕੁੱਝ ਪਲਾਂ ਲਈ ਮਨ ਨੂੰ ਬੇਹੱਦ ਖੁਸ਼ੀ ਦੇਣ ਵਾਲਾ ਸੀ। ਉਹਨਾਂ ਨੂੰ ਦੇਖ ਕੇ ਮੈਨੂੰ ਇੰਝ ਲੱਗਿਆ ਜਿਵੇਂ ਕਿਸੇ ਵੱਡੇ ਮੇਲੇ ਜਾਂ ਇਕੱਠ ਤੋਂ ਲੋਕ ਟੋਲੀਆਂ ਬਣਾ ਕੇ ਆਪਣੇ ਘਰਾਂ ਵੱਲ ਵਾਪਸ ਜਾ ਰਹੇ ਹੋਣ। ਕੁੱਝ ਲੋਕ ਅੱਗੇ ਹੁੰਦੇ ਹਨ, ਕੁੱਝ ਪਿੱਛੇ, ਪਰ ਸਫ਼ਰ ਸਾਰਿਆਂ ਦਾ ਇੱਕੋ ਦਿਸ਼ਾ ਵਿੱਚ ਹੁੰਦਾ ਹੈ। ਬਿਲਕੁੱਲ ਇੰਝ ਹੀ ਉਹ ਕਾਂ ਵੀ ਅਸਮਾਨ ਵਿੱਚ ਆਪਣਾ ਸਫ਼ਰ ਤੈਅ ਕਰ ਰਹੇ ਸਨ। ਮੇਰੇ ਮਨ ਵਿੱਚ ਖਿਆਲ ਆਇਆ ਕਿ ਇਹ ਆਖ਼ਿਰ ਜਾ ਕਿੱਥੇ ਰਹੇ ਹੋਣਗੇ? ਕੀ ਇਹ ਆਪਣੇ ਆਲ੍ਹਣਿਆਂ ਵੱਲ ਪਰਤ ਰਹੇ ਹੋਣਗੇ? ਮੇਰੇ ਆਲੇ-ਦੁਆਲੇ ਤਾਂ ਨਾ ਕੋਈ ਵੱਡਾ ਜੰਗਲ ਹੈ ਅਤੇ ਨਾ ਹੀ ਕੋਈ ਵਿਸ਼ਾਲ ਬਾਗ਼, ਜਿੱਥੇ ਇਹ ਸਾਰੇ ਇਕੱਠੇ ਜਾ ਸਕਣ।ਫਿਰ ਇੱਕ ਹੋਰ ਵਿਚਾਰ ਮਨ ਵਿੱਚ ਆਇਆ ਕਿ ਹੋ ਸਕਦਾ ਹੈ ਇਹ ਆਪਣਾ ਟਿਕਾਣਾ ਬਦਲ ਰਹੇ ਹੋਣ। ਸ਼ਾਇਦ ਜਿੱਥੇ ਇਹ ਪਹਿਲਾਂ ਰਹਿੰਦੇ ਸਨ, ਉੱਥੇ ਖਾਣ-ਪੀਣ ਦੀ ਘਾਟ ਹੋ ਗਈ ਹੋਵੇ ਅਤੇ ਹੁਣ ਇਹ ਕਿਸੇ ਨਵੀਂ ਥਾਂ ਵੱਲ ਜਾ ਰਹੇ ਹੋਣ। ਕੁਦਰਤ ਦੇ ਜੀਵ ਵੀ ਆਪਣੀਆਂ ਲੋੜਾਂ ਅਤੇ ਮੌਸਮ ਦੇ ਹਿਸਾਬ ਨਾਲ ਆਪਣੇ ਰਸਤੇ ਅਤੇ ਟਿਕਾਣੇ ਬਦਲਦੇ ਰਹਿੰਦੇ ਹਨ। ਇਹ ਸੋਚਦਿਆਂ ਮੈਨੂੰ ਉਹਨਾਂ ਪਰਵਾਸੀ ਪੰਛੀਆਂ ਦੀ ਯਾਦ ਆਈ ਜੋ ਹਰ ਸਾਲ ਹਜ਼ਾਰਾਂ ਕਿਲੋਮੀਟਰ ਦੂਰ ਤੋਂ ਸਾਡੇ ਪੰਜਾਬ “ਹਰੀਕੇ ਪੱਤਣ” ਵਿੱਚ ਆਉਂਦੇ ਹਨ। ਕੁੱਝ ਪੰਛੀ ਤਾਂ ਵਿਦੇਸ਼ਾਂ ਤੋਂ ਉੱਡ ਕੇ ਇੱਥੇ ਪਹੁੰਚਦੇ ਹਨ, ਕੁੱਝ ਮਹੀਨੇ ਇੱਥੇ ਰਹਿੰਦੇ ਹਨ ਅਤੇ ਫਿਰ ਵਾਪਸ ਆਪਣੇ ਦੇਸ਼ਾਂ ਵੱਲ ਚਲੇ ਜਾਂਦੇ ਹਨ। ਨਾ ਉਹਨਾਂ ਕੋਲ ਕੋਈ ਨਕਸ਼ਾ ਹੁੰਦਾ ਹੈ ਅਤੇ ਨਾ ਹੀ ਕੋਈ ਰਸਤਾ ਦੱਸਣ ਵਾਲਾ, ਫਿਰ ਵੀ ਉਹ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦੇ ਹਨ। ਇਹ ਸਭ ਕੁਦਰਤ ਦਾ ਕਮਾਲ ਹੈ।ਸੱਚਮੁੱਚ, ਕੁਦਰਤ ਬਹੁਤ ਕਮਾਲ ਦੀ ਹੈ। ਇਸ ਦੇ ਅਨੇਕਾਂ ਰੰਗ ਅਤੇ ਭੇਦ ਸਾਨੂੰ ਹੈਰਾਨ ਕਰ ਦਿੰਦੇ ਹਨ। ਕਈ ਵਾਰ ਅਸਮਾਨ ਵਿੱਚ ਉੱਡਦੇ ਪੰਛੀ ਵੀ ਸਾਨੂੰ ਜ਼ਿੰਦਗੀ ਦੇ ਵੱਡੇ ਸਬਕ ਸਿਖਾ ਜਾਂਦੇ ਹਨ। ਉਹ ਸਾਨੂੰ ਦੱਸਦੇ ਹਨ ਕਿ ਸਫ਼ਰ ਜਾਰੀ ਰੱਖਣਾ ਹੀ ਜੀਵਨ ਹੈ ਅਤੇ ਸਮੇਂ ਦੇ ਨਾਲ ਬਦਲਣਾ ਵੀ ਕੁਦਰਤ ਦਾ ਹੀ ਨਿਯਮ ਹੈ।ਉਸ ਸ਼ਾਮ ਉੱਡਦੇ ਕਾਂਵਾਂ ਨੂੰ ਦੇਖ ਕੇ ਮੈਨੂੰ ਇਹ ਅਹਿਸਾਸ ਹੋਇਆ ਕਿ ਪਰਮਾਤਮਾ ਨੂੰ ਭਾਵੇਂ ਅਸੀਂ ਸਿੱਧਾ ਨਹੀਂ ਦੇਖ ਸਕਦੇ, ਪਰ ਕੁਦਰਤ ਦੇ ਹਰ ਰੰਗ ਵਿੱਚ “ਉਸਦੀ” ਮੌਜੂਦਗੀ ਮਹਿਸੂਸ ਕੀਤੀ ਜਾ ਸਕਦੀ ਹੈ। ਸ਼ਾਇਦ ਇਸੇ ਲਈ ਕੁਦਰਤ ਇੱਕ ਖੁੱਲ੍ਹੀ ਕਿਤਾਬ ਵਰਗੀ ਹੈ। ਜਿੰਨਾ ਅਸੀਂ ਇਸ ਨੂੰ ਪੜ੍ਹਨ ਅਤੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਉੱਨਾ ਹੀ ਇਹ ਸਾਨੂੰ ਆਪਣੇ ਨਵੇਂ ਰੰਗਾਂ ਅਤੇ ਨਵੇਂ ਰਾਜ਼ਾਂ ਨਾਲ ਹੈਰਾਨ ਕਰਦੀ ਰਹਿੰਦੀ ਹੈ।
ਪਵਨ ਕੁਮਾਰ ਅੱਤਰੀ (ਕਪੂਰਥਲਾ)
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article‘ਸਤਲੁਜ’ ਫ਼ਿਲਮ ਪੰਜਾਬ ਦੇ ਕਾਲੇ ਦੌਰ ਦੀ ਅਸਲੀਅਤ ਅਤੇ ਸਿਆਸੀ-ਅਫ਼ਸਰਸ਼ਾਹੀ ਗਠਜੋੜ ਦੇ ਅੱਤਿਆਚਾਰਾਂ ਦਾ ਪ੍ਰਤੱਖ ਪ੍ਰਮਾਣ: ਬ੍ਰਿਗੇਡੀਅਰ ਰਾਜ ਕੁਮਾਰ
Next articleIndia: Debating passport issue, inviting NRC nationwide