HOME ‘ਸਤਲੁਜ’ ਫ਼ਿਲਮ ਪੰਜਾਬ ਦੇ ਕਾਲੇ ਦੌਰ ਦੀ ਅਸਲੀਅਤ ਅਤੇ ਸਿਆਸੀ-ਅਫ਼ਸਰਸ਼ਾਹੀ ਗਠਜੋੜ ਦੇ...

‘ਸਤਲੁਜ’ ਫ਼ਿਲਮ ਪੰਜਾਬ ਦੇ ਕਾਲੇ ਦੌਰ ਦੀ ਅਸਲੀਅਤ ਅਤੇ ਸਿਆਸੀ-ਅਫ਼ਸਰਸ਼ਾਹੀ ਗਠਜੋੜ ਦੇ ਅੱਤਿਆਚਾਰਾਂ ਦਾ ਪ੍ਰਤੱਖ ਪ੍ਰਮਾਣ: ਬ੍ਰਿਗੇਡੀਅਰ ਰਾਜ ਕੁਮਾਰ

2
ਗੁਜਰ ਵੈਲਫੇਅਰ ਬੋਰਡ ਦੇ ਚੇਅਰਮੈਨ ਨੇ ਫ਼ਿਲਮ ਨੂੰ ਜਨਤਕ ਕਰਨ ਦੀ ਕੀਤੀ ਜ਼ੋਰਦਾਰ ਵਕਾਲਤ; ਆਖਿਆ ਸਿੱਖ ਭਾਈਚਾਰੇ ਨਾਲ ਹੋਏ ਧੱਕੇ ਅਤੇ ਨੌਜਵਾਨੀ ਦੇ ਘਾਣ ਦੇ ਦੋਸ਼ੀਆਂ ਨੂੰ ਕਦੇ ਬਖਸ਼ਿਆ ਨਾ ਜਾਵੇ
ਨਵਾਂਸ਼ਹਿਰ /ਕਾਠਗੜ੍ਹ,   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ):ਪੰਜਾਬ ਦੇ ਸਿਆਸੀ ਅਤੇ ਸਮਾਜਿਕ ਹਲਕਿਆਂ ਵਿੱਚ ਇਸ ਵੇਲੇ ਚਰਚਾ ਦਾ ਵਿਸ਼ਾ ਬਣੀ ਫ਼ਿਲਮ ‘ਸਤਲੁਜ’ ਨੂੰ ਲੈ ਕੇ ਗੁਜਰ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਨੇ ਆਖਿਆ ਕਿ ਇਹ ਫ਼ਿਲਮ ਪੰਜਾਬ ਦੇ ਉਸ ਕਾਲੇ ਦੌਰ ਦੀ ਅਸਲੀਅਤ ਨੂੰ ਬਿਆਨ ਕਰਦੀ ਹੈ, ਜਿਸ ਵਿੱਚ ਸਾਡੇ ਮਾਸੂਮ ਨੌਜਵਾਨਾਂ ਅਤੇ ਬੱਚਿਆਂ ‘ਤੇ ਅੰਨ੍ਹਾ ਤਸ਼ੱਦਦ ਢਾਹਿਆ ਗਿਆ। ਇਸ ਫ਼ਿਲਮ ਰਾਹੀਂ ਸਾਹਮਣੇ ਆ ਰਹੇ ਸੱਚ ਦੀ ਪ੍ਰੌੜ੍ਹਤਾ ਕਰਦਿਆਂ ਉਨ੍ਹਾਂ ਦੱਸਿਆ ਕਿ ਸਿਸੋਦੀਆ ਸਾਹਿਬ ਵਰਗੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਵੀ ਇਸ ਧੱਕੇਸ਼ਾਹੀ ਖ਼ਿਲਾਫ਼ ਆਵਾਜ਼ ਚੁੱਕੀ ਹੈ। ਬ੍ਰਿਗੇਡੀਅਰ ਰਾਜ ਕੁਮਾਰ ਨੇ ਜ਼ੋਰ ਦੇ ਕੇ ਆਖਿਆ ਕਿ ਅੱਜ ਸਮੁੱਚੇ ਪੰਜਾਬ ਦੇ ਤਿੰਨ ਕਰੋੜ ਲੋਕਾਂ ਦੀ ਇਹੋ ਆਵਾਜ਼ ਹੈ ਕਿ ਇਸ ਫ਼ਿਲਮ ਨੂੰ ਪੂਰੀ ਤਰ੍ਹਾਂ ਜਨਤਕ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪੰਜਾਬ ਦਾ ਬੱਚਾ-ਬੱਚਾ ਇਹ ਜਾਣ ਸਕੇ ਕਿ ਕਿਵੇਂ ਉਸ ਦੌਰ ਵਿੱਚ ਸਾਡੇ ਹੀ ਲੋਕਾਂ ‘ਤੇ ਬੇਰਹਿਮੀ ਨਾਲ ਅੱਤਿਆਚਾਰ ਕੀਤੇ ਗਏ। ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਨੇ ਤਿੱਖੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਆਖਿਆ ਕਿ ਉਸ ਸਮੇਂ ਦੇ ਸਿਆਸੀ ਲੋਕਾਂ ਅਤੇ ਭ੍ਰਿਸ਼ਟ ਅਫ਼ਸਰਸ਼ਾਹੀ ਨੇ ਆਪਸ ਵਿੱਚ ਮਿਲ ਕੇ ਪੰਜਾਬ ਦੀ ਹੋਣਹਾਰ ਨੌਜਵਾਨੀ ਦਾ ਬੇਰਹਿਮੀ ਨਾਲ ਘਾਣ ਕੀਤਾ। ਉਨ੍ਹਾਂ ਜਜ਼ਬਾਤੀ ਹੁੰਦਿਆਂ ਆਖਿਆ ਕਿ ਮਾਵਾਂ ਦੇ ਪੁੱਤਾਂ ਅਤੇ ਬੀਬੀਆਂ ਦੇ ਸੁਹਾਗਾਂ ਨਾਲ ਜੋ ਕੁਝ ਵੀ ਉਸ ਦੌਰ ਵਿੱਚ ਹੋਇਆ, ਉਸ ਬਾਰੇ ਸੁਣ ਕੇ ਅਤੇ ਦੇਖ ਕੇ ਅੱਜ ਵੀ ਹਰ ਇੱਕ ਸੰਵੇਦਨਸ਼ੀਲ ਇਨਸਾਨ ਦਾ ਖੂਨ ਖੌਲ ਉੱਠਦਾ ਹੈ ਅਤੇ ਰੋਂਗਟੇ ਖੜ੍ਹੇ ਹੋ ਜਾਂਦੇ ਹਨ। ਉਨ੍ਹਾਂ ਸਾਫ਼ ਕੀਤਾ ਕਿ ਉਹ ਇਹ ਗੱਲ ਕਿਸੇ ਨਿੱਜੀ ਸਵਾਰਥ ਲਈ ਨਹੀਂ, ਸਗੋਂ ਇਲਾਕੇ ਦੇ ਲੋਕਾਂ ਅਤੇ ਆਮ ਜਨਤਾ ਦੇ ਦਿਲਾਂ ਦੀ ਜੋ ਆਵਾਜ਼ ਸੁਣੀ ਹੈ, ਉਸ ਜਨਤਕ ਭਾਵਨਾ ਨੂੰ ਬਿਆਨ ਕਰ ਰਹੇ ਹਨ। ਅਖੀਰ ਵਿੱਚ ਬ੍ਰਿਗੇਡੀਅਰ ਰਾਜ ਕੁਮਾਰ ਨੇ ਵਿਸ਼ੇਸ਼ ਤੌਰ ‘ਤੇ ਸਿੱਖ ਭਾਈਚਾਰੇ ਨਾਲ ਹੋਈਆਂ ਵਧੀਕੀਆਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਉਹ ਪੀੜਤ ਪਰਿਵਾਰਾਂ ਅਤੇ ਸਿੱਖ ਭਾਈਚਾਰੇ ਦੀ ਪੂਰੀ ਦਿਲੋਂ ਹਮਾਇਤ ਕਰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਜਿਨ੍ਹਾਂ ਵੀ ਦੋਸ਼ੀਆਂ ਨੇ ਪੰਜਾਬ ਦੀ ਧਰਤੀ ‘ਤੇ ਇਹ ਘਿਨਾਉਣੇ ਕਾਰੇ ਕੀਤੇ ਹਨ, ਉਨ੍ਹਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਆਖਿਆ ਕਿ ਦੋਸ਼ੀਆਂ ਨੂੰ ਅਜਿਹੀ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਸਰਕਾਰ, ਸਿਆਸੀ ਪਾਰਟੀ ਜਾਂ ਕੋਈ ਵੀ ਵੱਡਾ ਅਧਿਕਾਰੀ ਲੋਕਾਂ ‘ਤੇ ਅਜਿਹਾ ਅੱਤਿਆਚਾਰ ਕਰਨ ਦਾ ਕਦਮ ਚੁੱਕਣ ਤੋਂ ਪਹਿਲਾਂ ਹਜ਼ਾਰ ਵਾਰ ਸੋਚਣ ਲਈ ਮਜਬੂਰ ਹੋਵੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਡਾ ਇਕਬਾਲ ਸਿੰਘ ਸਕਰੌਦੀ ਦੇ ਕਹਾਣੀ ਸੰਗ੍ਰਹਿ ਗੁਨਾਹਗਾਰ ਕੌਣ ਉਪਰ ਗੋਸ਼ਟੀ ਕਰਵਾਈ
Next articleਕੁਦਰਤ ਦੇ ਅਨੋਖੇ ਰੰਗ – ਉੱਡਦੇ ਪੰਛੀ, ਉੱਡਦੇ ਵਿਚਾਰ