HOME ਛੋਟੀ ਗਲਤੀ ਤੋਂ ਵੱਡੀ ਤਬਾਹੀ ਤੱਕ

ਛੋਟੀ ਗਲਤੀ ਤੋਂ ਵੱਡੀ ਤਬਾਹੀ ਤੱਕ

2
ਪਵਨ ਕੁਮਾਰ ਅੱਤਰੀ
 (ਖੁਸ਼ਕਿਸਮਤ ਹੁੰਦੇ ਹਨ ਉਹ ਜਿਨ੍ਹਾਂ ਨੂੰ ਸਮੇਂ ਤੇ ਕੋਈ ਜਗਾ ਦਿੰਦਾ ਹੈ)
    (ਸਮਾਜ ਵੀਕਲੀ)   ਹਰ ਵੱਡੀ ਗਲਤੀ ਦੀ ਸ਼ੁਰੂਆਤ ਇੱਕ ਛੋਟੀ ਗਲਤੀ ਨਾਲ ਹੀ ਹੁੰਦੀ ਹੈ। ਜਿਵੇਂ ਇੱਕ ਛੋਟੀ ਚਿੰਗਾਰੀ ਪੂਰੇ ਜੰਗਲ ਨੂੰ ਸਾੜ ਸਕਦੀ ਹੈ। ਕੁੱਝ ਛੋਟੇ ਗਲਤ ਕਦਮ ਨਾਲ ਪੂਰੀ ਜ਼ਿੰਦਗੀ ਬਦਲ ਸਕਦੇ ਹਨ। ਕੋਈ ਵੀ ਇਨਸਾਨ ਜਦੋਂ ਪਹਿਲੀ ਵਾਰ ਗਲਤ ਕੰਮ ਕਰਦਾ ਹੈ, ਤਾਂ ਉਸਨੂੰ ਲੱਗਦਾ ਹੈ ਕਿ “ਇਹ ਤਾਂ ਕੁੱਝ ਵੱਡੀ ਗੱਲ ਨਹੀਂ।” ਪਰ ਇਹੀ ਸੋਚ ਹੌਲੀ ਹੌਲੀ ਉਸਨੂੰ ਅਜਿਹੇ ਰਸਤੇ ਤੇ ਲੈ ਜਾਂਦੀ ਹੈ ਜਿੱਥੋਂ ਮੁੜਨਾ ਮੁਸ਼ਕਿਲ ਹੋ ਜਾਂਦਾ ਹੈ। ਜਿਵੇਂ ਇੱਕ ਵਿਦਿਆਰਥੀ ਜੇਕਰ ਇੱਕ ਵਾਰ ਨਕਲ ਕਰਨ ਵਿੱਚ ਸਫ਼ਲ ਹੋ ਜਾਏ, ਤਾਂ ਉਸਦੇ ਅੰਦਰੋਂ ਡਰ ਖਤਮ ਹੋ ਜਾਂਦਾ ਹੈ। ਫਿਰ ਉਹ ਸੋਚਦਾ ਹੈ ਕਿ ਜਦੋਂ ਪਹਿਲਾਂ ਫੜਿਆ ਨਹੀਂ ਗਿਆ, ਤਾਂ ਅਗਲੀ ਵਾਰ ਵੀ ਨਹੀਂ ਫੜਿਆ ਜਾਵੇਗਾ। ਇਹ ਆਦਤ ਹੌਲੀ ਹੌਲੀ ਉਸਦੇ ਅੰਦਰ ਸੱਚਾਈ ਤੇ ਇਮਾਨਦਾਰੀ ਨੂੰ ਖਤਮ ਕਰ ਦਿੰਦੀ ਹੈ। ਇਹੋ ਛੋਟੀ ਗਲਤੀ ਇੱਕ ਦਿਨ ਉਸਦੀ ਆਦਤ ਅਤੇ ਬਾਅਦ ਉਸਦਾ ਸੁਭਾਅ ਬਣ ਜਾਂਦੀ ਹੈ। ਨਸ਼ਿਆਂ ਦੀ ਆਦਤ ਵੀ ਇੱਕ ਛੋਟੀ ਗਲਤੀ ਤੋਂ ਹੀ ਸ਼ੁਰੂ ਹੁੰਦੀ ਹੈ। ਪਹਿਲਾਂ ਕਈ ਦੋਸਤ ਜਾਂ ਜਾਣ-ਪਹਿਚਾਣ ਵਾਲੇ ਕਹਿੰਦੇ ਹਨ, “ਇੱਕ ਵਾਰ ਕਰ ਲੈ, ਕੁੱਝ ਨਹੀਂ ਹੁੰਦਾ,” ਅਤੇ ਕਈ ਲੋਕ ਉਸ ਗੱਲ ਵਿੱਚ ਆ ਕੇ ਮੰਨ ਵੀ ਜਾਂਦੇ ਹਨ। ਉਸ ਵੇਲੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਸਿਰਫ਼ ਮਜ਼ੇ ਲਈ ਹੈ। ਪਰ ਹੌਲੀ-ਹੌਲੀ ਇਹ ਆਦਤ ਬਣ ਜਾਂਦੀ ਹੈ, ਅਤੇ ਫਿਰ ਸਰੀਰ ਤੇ ਮਨ ਦੋਵੇਂ ਨਸ਼ੇ ਦੇ ਕਾਬੂ ਵਿੱਚ ਆ ਜਾਂਦੇ ਹਨ। ਇੱਕ ਛੋਟੀ ਖੁਸ਼ੀ ਦੀ ਖਾਤਰ ਇਨਸਾਨ ਆਪਣੀ ਜ਼ਿੰਦਗੀ, ਇੱਜ਼ਤ ਅਤੇ ਰਿਸ਼ਤੇ ਤੱਕ ਗਵਾਹ ਬੈਠਦਾ ਹੈ। ਨਸ਼ਾ ਕਿਸੇ ਵੀ ਤਰ੍ਹਾਂ ਦਾ ਹੋਵੇ—ਸ਼ਰਾਬ, ਸਿਗਰਟ, ਤੰਬਾਕੂ ਜਾਂ ਹੋਰ—ਇਹ ਹਮੇਸ਼ਾ ਇੱਕ ਛੋਟੀ ਗਲਤੀ ਵਾਂਗ ਸ਼ੁਰੂ ਹੁੰਦਾ ਹੈ ਅਤੇ ਆਖਿਰ ਵਿੱਚ ਤਬਾਹੀ ਦਾ ਕਾਰਨ ਬਣ ਜਾਂਦਾ ਹੈ। ਪਰ ਕਿਸਮਤ ਨਾਲ ਅਗਰ ਉਸ ਨੂੰ ਸਮੇਂ ਤੇ ਕੋਈ ਸਮਝਾਉਣ ਵਾਲਾ ਮਿਲ ਜਾਵੇ ਤਾਂ ਹੋ ਸਕਦਾ ਉਸਦੀ ਇਹ ਆਦਤ ਉਸੇ ਸਮੇਂ ਹੀ ਖਤਮ ਹੋ ਜਾਵੇ। ਇਹੀ ਗੱਲ ਜੀਵਨ ਦੇ ਹੋਰ ਖੇਤਰਾਂ ’ਚ ਵੀ ਲਾਗੂ ਹੁੰਦੀ ਹੈ। ਜੇਕਰ ਕੋਈ ਵਿਅਕਤੀ ਰੋਜ਼ ਦੇ ਕੰਮ ਵਿੱਚ ਥੋੜ੍ਹਾ ਥੋੜ੍ਹਾ ਝੂਠ ਬੋਲਣ ਲੱਗ ਪਏ, ਤਾਂ ਇੱਕ ਦਿਨ ਉਹ ਸੱਚ ਬੋਲਣ ਤੋਂ ਡਰਨ ਲੱਗਦਾ ਹੈ। ਝੂਠ ਉਸਨੂੰ ਆਸਾਨ ਲੱਗਦਾ ਹੈ, ਪਰ ਅੰਤ ਵਿੱਚ ਉਹੀ ਝੂਠ ਉਸਦੀ ਸਭ ਤੋਂ ਵੱਡੀ ਮੁਸੀਬਤ ਬਣ ਜਾਂਦਾ ਹੈ। ਕਈ ਵਾਰ ਲੋਕ ਛੋਟੀਆਂ ਗਲਤੀਆਂ ਨੂੰ ਹਲਕਾ ਸਮਝ ਕੇ ਕਹਿੰਦੇ ਹਨ, “ਇਹ ਤਾਂ ਸਭ ਕਰਦੇ ਨੇ।” ਪਰ ਬੁਰਾਈ ਹਮੇਸ਼ਾਂ ਛੋਟੀ ਗ਼ਲਤੀ ਤੋਂ ਹੀ ਸ਼ੁਰੂ ਹੁੰਦੀ ਹੈ, ਫਿਰ ਹੌਲੀ ਹੌਲੀ ਵੱਡੀ ਬਣ ਜਾਂਦੀ ਹੈ। ਜਦੋਂ ਤੱਕ ਅਸੀਂ ਉਸਨੂੰ ਰੋਕਦੇ ਨਹੀਂ, ਉਹ ਸਾਨੂੰ ਰੋਕ ਦਿੰਦੀ ਹੈ। ਖੁਸ਼ਕਿਸਮਤ ਉਹ ਹੁੰਦੇ ਹਨ ਜਿਨ੍ਹਾਂ ਨੂੰ ਸਮੇਂ ਤੇ ਕੋਈ ਜਗਾ ਦਿੰਦਾ ਹੈ — ਚਾਹੇ ਆਪਣੀ ਅੰਤਰ ਆਤਮਾ ਹੋਵੇ ਜਾਂ ਕੋਈ ਸੱਚਾ ਦੋਸਤ। ਜਦੋਂ ਇਨਸਾਨ ਆਪਣੀ ਗਲਤੀ ਸਮਝ ਲੈਂਦਾ ਹੈ ਤੇ ਉਸਨੂੰ ਸਹੀ ਕਰ ਲੈਂਦਾ ਹੈ, ਓਹੀ ਉਸਦੀ ਅਸਲ ਜਿੱਤ ਹੁੰਦੀ ਹੈ। ਇਸ ਲਈ ਹਰ ਛੋਟੀ ਗਲਤੀ ਨੂੰ ਨਜ਼ਰਅੰਦਾਜ਼ ਨਾ ਕਰੋ, ਕਿਉਂਕਿ ਛੋਟੀ ਗਲਤੀ ਹੀ ਵੱਡੀ ਤਬਾਹੀ ਦੀ ਸ਼ੁਰੂਆਤ ਹੁੰਦੀ ਹੈ।
ਪਵਨ ਕੁਮਾਰ ਅੱਤਰੀ (ਕਪੂਰਥਲਾ)
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਗਊ ਸੈੱਸ ਦੇ ਨਾਂ ‘ਤੇ ਕਰੋੜਾਂ ਦੀ ਵਸੂਲੀ ਦੇ ਬਾਵਜੂਦ ਸੜਕਾਂ ‘ਤੇ ਰੁਲ ਰਹੇ ਹਨ ਬੇਸਹਾਰਾ ਪਸ਼ੂ , ਕਾਠਗੜ੍ਹ ਵਿਖੇ ਸ਼ਰਾਬੀ ਵੱਲੋਂ ਬੇਸਹਾਰਾ ਪਸ਼ੂ ਨਾਲ ਸ਼ਰਾਬੀ ਦੀ ਵਾਇਰਲ ਤਸਵੀਰ
Next articleਆਲ਼ੇ ਦੁਆਲ਼ੇ ਪਿੰਡਾਂ ਦੀਆਂ ਲੋੜਵੰਦ ਬੱਚੀਆਂ ਲਈ ਇੱਕ ਵਧੀਆ ਉਪਰਾਲਾ–ਕ੍ਰਿਪਾਲ ਸਿੰਘ ਝੱਲੀ