HOME ਰਾਸ਼ਟਰਪਤੀ ਨਾਲ ਮਿਲਾਏ ਹੱਥ ਦਾ ਕਮਾਲ

ਰਾਸ਼ਟਰਪਤੀ ਨਾਲ ਮਿਲਾਏ ਹੱਥ ਦਾ ਕਮਾਲ

3
ਰੂਪ ਲਾਲ ਰੂਪ

    (ਸਮਾਜ ਵੀਕਲੀ)   ਰੂਪ ਲਾਲ ਰੂਪ :-  ਸੰਤ ਸਰਵਣ ਦਾਸ ਚੈਰੀਟੇਬਲ ਟਰਸਟ (ਰਜਿ) ਯੂ  ਕੇ ਵਲੋਂ ਵਾਰਾਣਸੀ ਵਿਚ ਕਿਸੇ ਵਿਸ਼ੇਸ਼ ਥਾਂ ਪੁਰ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ‘ਤੇ ਗੇਟ ਉਸਾਰਨ ਦਾ ਪ੍ਰਸਤਾਵ ਵੀਹਵੀਂ ਸਦੀ ਦੇ ਆਖਰੀ ਦਹਾਕੇ ਵਿਚ ਪਦਮ ਸ਼੍ਰੀ 108 ਸੰਤ ਨਿਰੰਜਣ ਦਾਸ ਜੀ ਅੱਗੇ ਰੱਖਿਆ ਗਿਆ। ਡੂੰਘੀਆਂ ਵਿਚਾਰਾਂ ਉਪਰੰਤ ਇਹ ਗੇਟ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਗੇਟ ਕੋਲੋਂ ਸੀਰਗੋਵਧਨਪੁਰ ਮੰਦਰ ਨੂੰ ਜਾਂਦੀ ਸੜਕ ‘ਤੇ ਬਣਾਉਣ ਦਾ ਮਤਾ ਪਾਸ ਹੋ ਗਿਆ। ਪਰ ਇਸ ਦੀ ਕੰਨਸੋਅ ਬਨਾਰਸ ਦੀ ਹਿੰਦੂ ਲਾਬੀ ਨੂੰ ਹੋਣ ‘ਤੇ ਵਿਰੋਧਤਾ ਦੇ ਸੁਰ ਉੱਠਣ ਲੱਗੇ। ਕਿਸੇ ਵਿਵਾਦ ਵਿਚ ਪੈਣ ਦੀ ਬਜਾਏ ਗੇਟ ਨਿਰਮਾਣ ਦਾ ਵਿਚਾਰ ਬੀਐਚਯੂ ਦੇ ਗੇਟ ਤੋਂ ਕੁਝ ਹੀ ਦੂਰੀ ‘ਤੇ ਲੰਕਾ ਚਰਾਹਾ, ਜੋ ਬਨਾਰਸ ਦਾ ਪ੍ਰਮੁੱਖ ਚੌਂਕ ਹੈ, ਵਿਖੇ ਸ਼ਿਫਟ ਕਰ ਦਿੱਤਾ ਗਿਆ। ਯੂ ਪੀ ਵਿਚ ਬਸਪਾ ਅਤੇ ਭਾਜਪਾ ਦੀ ਸਾਂਝੀ ਸਰਕਾਰ ਸੀ। ਮੁੱਖ ਮੰਤਰੀ ਦੇ ਅਹੁਦੇ ਲਈ ਢਾਈ ਢਾਈ ਸਾਲ ਦੇ ਸਮਝੌਤੇ ਅਧੀਨ ਬਸਪਾ ਵਲੋਂ ਮੁੱਖ ਮੰਤਰੀ ਕੁਮਾਰੀ ਮਾਇਆਵਤੀ ਦੀ ਟਰਮ ਮੁੱਕਣ ਵਾਲੀ ਸੀ। ਉਸ ਦੇ ਮੁੱਖ ਮੰਤਰੀ ਹੁੰਦੇ ਹੁੰਦੇ ਉਲੀਕਿਆ ਕਾਰਜ ਨੇਪਰੇ ਚਾੜ੍ਹਨ ਦਾ ਮਤਾ ਪਕਾਇਆ ਗਿਆ। ਇਸ ਲਈ ਗੇਟ ਦਾ ਨੀਂਹ ਪੱਥਰ ਬਸਪਾ ਸੁਪਰੀਮੋ ਬਾਬੂ ਕਾਸ਼ੀ ਰਾਮ ਵਲੋਂ 25-05-1997 ਨੂੰ ਬਨਾਰਸ ਦੀਆਂ ਪ੍ਰਮੁੱਖ ਹਸਤੀਆਂ ਅਤੇ ਅਧਿਕਾਰੀਆਂ ਦੀ ਹਾਜ਼ਰੀ ਵਿਚ ਰੱਖਿਆ ਗਿਆ। ਰਾਜਸਥਾਨ ਤੋਂ ਵਿਸ਼ੇਸ਼ ਕਾਰੀਗਰ ਬੁਲਾ ਕੇ ਦਿਨ ਰਾਤ ਕੰਮ ਕਰਦਿਆਂ ਕੁਮਾਰੀ ਮਾਇਆਵਤੀ ਦੇ ਮੁੱਖ ਮੰਤਰੀ ਹੁੰਦਿਆਂ ਗੇਟ ਦਾ ਕਾਰਜ ਮੁਕੰਮਲ ਕਰ ਦਿੱਤਾ ਗਿਆ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਕਲਿਆਣ ਸਿੰਘ ਬਣ ਗਏ। ਰਿਕਾਰਡ ਸਮੇਂ ਵਿਚ ਉਸਾਰੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਗੇਟ ਦਾ ਉਦਘਾਟਨ ਕਰਨ ਲਈ ਡੇਰਾ ਸੱਚਖੰਡ ਬੱਲਾਂ (ਜਲੰਧਰ) ਵਲੋਂ ਤਤਕਲੀ ਰਾਸ਼ਟਰਪਤੀ ਮਾਣਯੋਗ ਕੇ ਆਰ ਨਰਾਇਣਨ ਜੀ ਤਕ ਪਹੁੰਚ ਕੀਤੀ ਗਈ। ਉਨ੍ਹਾਂ ਗੇਟ ਦਾ ਉਦਘਾਟਨ 16-07-1998 ਨੂੰ ਕਰਨ ਲਈ ਸਹਿਮਤੀ ਦੇ ਦਿੱਤੀ। ਜਿਸ ਲਈ ਤਿਆਰੀਆਂ ਡੇਰਾ ਬੱਲਾਂ ਵਲੋਂ ਅਰੰਭ ਦਿੱਤੀਆਂ ਗਈਆਂ।

         ਜੁਲਾਈ 1998 ਈ ਵਿਚ ਪਿੰਡ ਹਰੀਪੁਰ ਵਾਇਆ ਆਦਮਪੁਰ (ਜਲੰਧਰ),ਜਿੱਥੇ ਮੈਂ ਸਰਕਾਰੀ ਹਾਈ ਸਕੂਲ ਵਿਚ ਮੁੱਖ ਅਧਿਆਪਕ ਨਿਯੁਕਤ ਸਾਂ, ਦੇ ਸੋਹਣਜੀਤ ਤੇ ਮੋਹਣ ਲਾਲ ਮੇਰੇ ਪਾਸ ਆਏ ਤੇ ਕਹਿਣ ਲੱਗੇ, ” ਬਨਾਰਸ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੇਟ ਦਾ ਉਦਘਾਟਨ ਰਾਸ਼ਟਪਤੀ ਜੀ ਨੇ ਕਰਨਾ ਹੈ ਤੇ ਤੁਸੀਂ ਨਾਲ ਸੇਵਾਦਾਰਾਂ ਵਿਚ ਜਾਣਾ ਹੈ।” ਉਹ ਡੇਰਾ ਬੱਲਾਂ ਦੇ ਅਨਿੰਨ ਸ਼ਰਧਾਲੂ ਸਨ ਤੇ ਉਨ੍ਹਾਂ ਦੀ ਉੱਥੇ ਤੂਤੀ ਬੋਲਦੀ ਸੀ।ਉਨ੍ਹਾਂ ਦੇ ਪ੍ਰਸਤਾਵ ਨੂੰ ਗੁਰੂ ਘਰ ਦੀ ਸੇਵਾ ਦਾ ਇਤਿਹਾਸਕ ਮੌਕਾ ਜਾਣ ਕੇ ਮੈਂ ਪਰਿਵਾਰ ਸਮੇਤ ਜਾਣ ਦੀ ਹਾਮੀ ਭਰ ਦਿੱਤੀ। ਸੇਵਾਦਾਰ ਲੈ ਜਾਣ ਲਈ ਦੋ ਕੋਚ ਡੇਰੇ ਵਲੋਂ ਬੁੱਕ ਸਨ ਤੇ ਦੋ ਕੁ ਸੌ ਸੇਵਾਦਾਰਾਂ ਦਾ ਜੱਥਾ ਸੇਵਾ ਲਈ ਮਿਤੀ 12-07-1998 ਨੂੰ ਸੀਰਗੋਵਰਧਨਪੁਰ ਮੰਦਰ ਪਹੁੰਚ ਗਿਆ।
           ਰਾਸ਼ਟਰਪਤੀ ਦੀ ਆਮਦ ਨੂੰ ਧਿਆਨ ਵਿਚ ਰੱਖਦਿਆਂ ਸਾਡੀ ਡਿਊਟੀ ਮੰਦਰ ਦੀ ਸਾਫ ਸਫਾਈ ਅਤੇ ਸਜਾਵਟ ਲਈ ਲਗਾ ਦਿੱਤੀ ਗਈ । ਇਕੋ ਦਿਨ ਵਿਚ ਅਸੀਂ ਸਾਰਾ ਮੰਦਰ ਤਿਆਰ ਕਰ ਦਿੱਤਾ । ਮਿਤੀ 13-07-1998 ਨੂੰ ਸ੍ਰੀ ਅਖੰਡਪਾਠ ਸਾਹਿਬ ਦੇ ਪਾਠ ਰੱਖ ਦਿੱਤੇ ਗਏ।ਦੇਸ਼ ਵਿਦੇਸ਼ ਦੇ ਸ਼ਰਧਾਲੂ ਮੰਦਰ ਵਿਚ ਪਹੁੰਚਣੇ ਅਰੰਭ ਹੋ ਗਏ ਅਤੇ ਮਿਤੀ 15-07-1998 ਨੂੰ ਸ੍ਰੀ ਅਖੰਡ ਸਾਹਿਬ ਜੀ ਦੇ ਭੋਗ ਬੇਮਿਸਾਲ ਸ਼ਰਧਾ ਨਾਲ ਪਾਏ ਗਏ।ਕੀਰਤਨ ਦੀ ਸਮਾਪਤੀ ‘ਤੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਗਈ ਕਿ ਮਿਤੀ 16-08-1998 ਨੂੰ ਸਵੇਰੇ 8:00 ਵਜੇ ਮੰਦਰ ਰਾਸ਼ਟਰਪਤੀ ਜੀ ਦੀ ਆਮਦ ਕਾਰਨ ਬਿਲਕੁਲ ਖਾਲੀ ਕਰਨਾ ਹੈ ਸਭ ਸੰਗਤਾਂ ਲੰਕਾ ਚੌਰਾਹਾ, ਜਿੱਥੇ ਗੇਟ ਦਾ ਉਦਘਾਟਨ ਹੋਣਾ ਹੈ, ਵਿਖੇ ਪਹੁੰਚ ਜਾਣ। ਮੰਦਰ ਵਿਚ ਪੰਜਾਹ ਕੁ ਸੇਵਾਦਾਰ ਹੀ ਡਿਊਟੀ ‘ਤੇ ਰਹਿਣਗੇ। ਸ਼ਾਮ ਚਾਰ ਕੁ ਵਜੇ ਡਿਊਟੀਆਂ ਦੀ ਵੰਡ ਕਰ ਦਿੱਤੀ ਗਈ। ਮੇਰੀ ਤੇ ਸੋਹਣਜੀਤ ਦੀ ਡਿਊਟੀ ਮੋਹਣ ਲਾਲ ਨੇ ਮੰਦਰ ਦੇ ਮੁੱਖ ਦੁਆਰ ‘ਤੇ ਲਗਵਾ ਦਿੱਤੀ ਤਾਂ ਜੋ ਮੰਦਰ ਵਿਚ ਦਾਖਲ ਹੋਣ ਸਮੇਂ ਸਾਡੀ ਰਾਸ਼ਟਰਪਤੀ ਜੀ ਨਾਲ ਯਾਦਗਾਰੀ ਫੋਟੋ ਖਿੱਚੀ ਜਾ ਸਕੇ। ਸਾਨੂੰ ਇਸ ਦਾ ਵੱਡਾ ਚਾਅ ਸੀ।ਪਰ ਸ਼ਾਮ ਹੁੰਦੇ ਹੁੰਦੇ ਭਾਰਤ ਦੀਆਂ ਖੁਫੀਆ ਏਜੰਸੀਆਂ ਦੇ ਉੱਚ ਅਧਿਕਾਰੀ ਮੰਦਰ ਵਿਚ ਆ ਗਏ। ਉਨ੍ਹਾਂ ਤਰ੍ਹਾਂ ਤਰ੍ਹਾਂ ਦੇ ਯੰਤਰਾਂ ਨਾਲ ਮੰਦਰ ਦਾ ਕੋਨਾ ਕੋਨਾ ਛਾਣ ਮਾਰਿਆ ਅਤੇ ਹੁਕਮ ਸੁਣਾਇਆ ਕਿ ਮੰਦਰ ਵਿਚ ਕੇਵਲ ਪੰਜ ਬੰਦੇ ਹੀ ਰਹਿਣਗੇ। ਸਾਨੂੰ ਇਹ ਹੁਕਮ ਸੁਣ ਕੇ ਬੜੀ ਨਿਰਾਸ਼ਾ ਹੋਈ ਕਿਉਂਕਿ ਸਾਡੀ ਡਿਊਟੀ ਬਹੁਤ ਟਿਕਾਣੇ ‘ਤੇ ਸੀ। ਸੰਤਾਂ ਵਲੋਂ ਜ਼ੋਰ ਪਾਉਣ ‘ਤੇ ਮਸਾਂ ਗਿਆਰਾਂ ਬੰਦਿਆਂ ਦੀ ਆਗਿਆ ਮਿਲੀ ਜਿਸ ਵਿਚ ਡੇਰੇ ਦੇ ਸੰਤ ਅਤੇ ਯੂ ਪੀ ਸਰਕਾਰ ਦੇ ਉੱਚ ਅਧਿਕਾਰੀ ਹੀ ਮਸਾਂ ਕਵਰ ਹੋਏ। ਬਾਕੀ ਸਭ, ਟਰਸਟੀਆਂ ਸਮੇਤ, ਲੰਕਾ ਚੌਰਾਹੈ ਪਹੁੰਚ ਗਏ।
          ਲੰਕਾ ਚੌਰਾਹੇ ਦੇ ਆਸਪਾਸ ਟਾਈਟ ਸਕਿਉਰਿਟੀ ਕਾਰਨ ਚਿੜੀ ਵੀ ਨਹੀਂ ਫੜਕ ਰਹੀ ਸੀ। ਮਰਦਾਂ ਅਤੇ ਔਰਤਾਂ ਲਈ ਅਲੱਗ ਅਲੱਗ ਯਾਰਡਾਂ ਵਿਚ ਕੁਰਸੀਆਂ ਲਗਾਈਆਂ ਹੋਈਆਂ ਸਨ। ਕੁਰਸੀਆਂ ਅੱਗੇ ਬੈਡੀਕੇਟਿੰਗ ਕੀਤੀ ਹੋਈ ਸੀ। ਮਰਦਾਂ ਵਾਲੇ ਪਾਸੇ ਪਹਿਲੀ ਕਤਾਰ ਦੀਆਂ ਕੁਰਸੀਆਂ ਸੰਤਾਂ ਲਈ ਰਾਖਵੀਆਂ ਸਨ। ਇਸ ਲਈ ਸਾਨੂੰ ਦੂਜੀ ਕਤਾਰ ਵਿਚ ਬੈਠਣਾ ਪਿਆ।
         ਰਾਸ਼ਟਰਪਤੀ ਜੀ ਮੰਦਰ ਵਿਚ ਨਤਮਸਤਕ ਹੋ ਕੇ ਗੇਟ ਦਾ ਉਦਘਾਟਨ ਕਰਨ ਲਈ ਪੁੱਜ ਗਏ। ਤਾੜੀਆਂ ਦੀ ਗੜਗੜਾਹਟ ਅਤੇ ‘ਜੋ ਬੋਲੇ ਸੋ ਨਿਰਭੈ, ਗੁਰੂ ਰਵਿਦਾਸ ਮਹਾਰਾਜ ਕੀ ਜੈ’ ਦੇ ਜੈਕਾਰਿਆਂ ਵਿਚ ਗੇਟ ਦਾ ਉਦਘਾਟਨ ਕੀਤਾ ਗਿਆ। ਉਸ ਸਮੇਂ 108 ਸੰਤ ਨਿਰੰਜਣ ਦਾਸ ਜੀ, ਸੰਤ ਰਾਮਾਨੰਦ ਜੀ, ਸੰਤ ਸੁਰਿੰਦਰ ਦਾਸ ਜੀ, ਬਸਪਾ ਸੁਪਰੀਮੋ ਬਾਬੂ ਕਾਂਸ਼ੀ ਰਾਮ, ਸੂਰਜ ਭਾਨ ਗਵਰਨਰ ਉੱਤਰ ਪ੍ਰਦੇਸ਼, ਕਲਿਆਣ ਸਿੰਘ, ਮੁੱਖ ਮੰਤਰੀ ਉੱਤਰ ਪ੍ਰਦੇਸ਼ ਆਦਿ ਰਾਸ਼ਟਰਪਤੀ ਦੇ ਨਾਲ ਸਨ। ਉਦਘਾਟਨ ਦੀ ਯਾਦਗਾਰੀ ਤਸਵੀਰ ਖਿਚਵਾ ਕੇ ਮਾਣਯੋਗ ਰਾਸ਼ਟਰਪਤੀ ਜੀ ਨੇ ਹੱਥ ਜੋੜ ਕੇ ਸਭਨਾਂ ਨੂੰ ਫਤਹਿ ਬੁਲਾਈ ਤੇ ਜਿਸ ਦਾ ਜਵਾਬ ਸਭਨਾ ਖੜੋ ਕੇ ਤੇ ਹੱਥ ਜੋੜ ਕੇ ਦਿੱਤਾ। ਦੂਜੇ ਹੀ ਪਲ ਰਾਸ਼ਟਰਪਤੀ ਜੀ ਸੁਰੱਖਿਆ ਘੇਰਾ ਤੋੜ ਕੇ ਮਰਦਾਂ ਵਾਲੇ ਪਾਸੇ ਆ ਗਏ ਅਤੇ ਇਕੱਲੇ ਇਕੱਲੇ ਨਾਲ ਹੱਥ ਮਿਲਾਉਣ ਲੱਗੇ। ਮੈਂ ਦੂਜੀ ਕਤਾਰ ਵਿਚ ਸਾਂ। ਹੱਥ ਮਿਲਾਉਣ ਦੀ ਸਾਡੀ ਵਾਰੀ ਕਿੱਥੋਂ ਆਉਣੀ ਸੀ?  ਸੋ ਮੈਂ ਝਟਕੀ ਪਟਕੀ ਛਾਲ ਮਾਰ ਕੇ ਪਹਿਲੀ ਕਤਾਰ ਵਿਚ ਖੜੋ ਗਿਆ। ਮੈਨੂੰ ਮਾਣਯੋਗ ਰਾਸ਼ਟਰਪਤੀ ਜੀ ਨਾਲ ਹੱਥ ਮਿਲਾਉਣ ਦਾ ਸੁਭਾਗ ਪ੍ਰਾਪਤ ਹੋ ਗਿਆ। ਹੱਥ ਮਿਲਾ ਕੇ ਮੈਂ ਸਤਿਕਾਰ ਵਜੋਂ ਉਨ੍ਹਾਂ ਦੇ ਗੋਡੀਂ ਹੱਥ ਲਾਉਣ ਲਈ ਝੁਕਿਆ ਤਾਂ  ਤੁਰਤ ਇਕ ਸਕਿਉਰਿਟੀ ਵਾਲੇ ਨੇ ਕਰੜੇ ਹੱਥਾਂ ਨਾਲ ਫੜ ਕੇ ਮੈਨੂੰ ਸਿੱਧਾ ਕਰ ਦਿੱਤਾ। ਇਕ ਦਮ ਮੇਰੇ ਮਨ ਵਿਚ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਦੇ ਕਤਲ ਦੀ ਰੀਲ ਘੁੰਮ ਗਈ।ਰਾਸ਼ਟਰਪਤੀ ਜੀ ਅਗਾਂਹ ਲੰਘ ਗਏ ਤੇ ਮੈਂ ਉਨ੍ਹਾਂ ਦੇ ਕੋਮਲ ਹੱਥਾਂ ਦੀ ਛੋਹ ਮਹਿਸੂਸ ਕਰਨ ਲੱਗਾ ਜੋ ਅੱਜ ਵੀ ਮੇਰੇ ਚੇਤਿਆਂ ਵਿਚ ਹੈ।
       ਸਵੇਰ ਹੋਈ ਤਾਂ ਮੰਦਰ ਵਿਚ ਆਈ ਹਿੰਦੀ ਅਖਬਾਰ ਵਿਚ ਗੇਟ ਦੇ ਉਦਘਾਟਨ ਦੀ ਫੋਟੋ ਨਾਲ ਉਹੀ ਫੋਟੋ ਛਪੀ ਜਿੱਥੇ ਮੈਂ ਰਾਸ਼ਟਰਪਤੀ ਜੀ ਨਾਲ ਹੱਥ ਮਿਲਾਇਆ ਸੀ। ਸੇਵਾਦਾਰ ਮੈਨੂੰ ਵਧਾਈਆਂ ਦੇ ਰਹੇ ਸਨ। ਯਾਦਗਾਰੀ ਅਖਬਾਰ ਲੈਣ ਲਈ ਮੈਂ ਬੀਐਚਯੂ ਦੇ ਗੇਟ ਪਾਸ ਉੱਡਦਾ ਚਲਾ ਗਿਆ। ਜਾ ਕੇ ਦੇਖਿਆ ਤਾਂ ਹਿੰਦੀ ਅਤੇ ਅੰਗਰੇਜ਼ੀ ਦੀਆਂ ਸਾਰੀਆਂ ਅਖਬਾਰਾਂ ਵਿਚ ਉਹੀ ਫੋਟੋ ਲੱਗੀ ਹੋਈ ਸੀ। ਮੈਂ ਰਿਕਾਰਡ ਲਈ ਅੱਠ ਅਖਬਾਰਾਂ ਲੈ ਲਈਆਂ। ਸਾਲ 2003 ਵਿਚ ਬਤੌਰ ਪ੍ਰਿੰਸੀਪਲ ਰਾਜ ਪੁਰਸਕਾਰ ਲਈ ਵਿਭਾਗ ਨੂੰ ਕੇਸ ਭੇਜਣ ਸਮੇਂ ਹੋਰ ਪ੍ਰਾਪਤੀਆਂ ਦੇ ਨਾਲ ਨਾਲ ਇਹ ਫੋਟੋ ਵੀ ਵਿਸ਼ੇਸ਼ ਤੌਰ ‘ਤੇ ਕੇਸ ਵਿਚ ਲਗਾਈ ਗਈ ਤੇ ਇਕ ਵਾਰ ਫਿਰ ਵਧਾਈਆਂ ਦਾ ਤਾਂਤਾ ਲੱਗ ਗਿਆ ; ਜੋ ਮੈਨੂੰ ਰਾਸ਼ਟਰਪਤੀ ਨਾਲ ਮਿਲਾਏ ਹੱਥ ਦਾ ਕਮਾਲ ਜਾਪਦਾ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਅਕਾਲੀ ਜੱਥਾ ਸ਼ਹਿਰੀ ਸਮੇਤ ਸਮੁੱਚੀਆਂ ਸੰਗਤਾਂ ਨੇ ਮੁੱਖ ਮੰਤਰੀ ਮਾਨ ਨੂੰ ਦਿਖਾਈਆਂ ਕਾਲੀਆਂ ਝੰਡੀਆਂ
Next articleਯੂਥ ਕਾਂਗਰਸ ਰਾਹੁਲ ਗਾਂਧੀ ਦਾ ਹਰਿਆਵਲ ਦਸਤਾ ਯੂਥ ਦੀ ਅਗਵਾਈ ਹੀ ਭਾਰਤ ਨੂੰ ਵਿਕਾਸ ਦੇ ਰਸਤੇ ‘ਤੇ ਲਿਆ ਸਕਦੀ ਹੈ- ਬਾਵਾ