ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਸ਼ਹੀਦ ਭਗਤ ਸਿੰਘ ਵਿਚਾਰ ਮੰਚ, ਆਰ.ਸੀ.ਐਫ. ਕਪੂਰਥਲਾ ਵੱਲੋਂ ਅੱਜ ਵਰਕਰ ਕਲੱਬ, ਆਰ.ਸੀ.ਐਫ. ਕਪੂਰਥਲਾ ਦੇ ਪ੍ਰਾਂਗਣ ਵਿੱਚ ਇੱਕ ਵਿਸ਼ੇਸ਼ “ਵਿਚਾਰ ਚਰਚਾ” ਪ੍ਰੋਗਰਾਮ ਦਾ ਬਹੁਤ ਹੀ ਸਫਲ ਆਯੋਜਨ ਕੀਤਾ ਗਿਆ। ਇਸ ਚਰਚਾ ਦਾ ਮੁੱਖ ਵਿਸ਼ਾ “ਪੈਨਸ਼ਨ, ਰੁਜ਼ਗਾਰ, ਸ਼ੇਅਰ ਬਾਜ਼ਾਰ, ਬਚਤ ਅਤੇ ਆਰਥਿਕ ਸੰਕਟ ” ਸੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਰੇਲ ਕੋਚ ਫੈਕਟਰੀ ਦੇ ਕਰਮਚਾਰੀਆਂ, ਬੁੱਧੀਜੀਵੀਆਂ ਅਤੇ ਸਮਾਜਿਕ ਚਿੰਤਕਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦੇ ਮੁੱਖ ਵਕਤਾ ਵਜੋਂ ਹਰਵਿੰਦਰ ਭੰਡਾਲ ਟਰਸਟੀ (ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ )ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਆਪਣੇ ਵਿਚਾਰ-ਉਤਸ਼ਾਹਕ ਅਤੇ ਜਾਣਕਾਰੀ ਭਰਪੂਰ ਸੰਬੋਧਨ ਦੌਰਾਨ ਉਨ੍ਹਾਂ ਨੇ ਆਰਥਿਕ ਮੰਦੀ ਦੇ ਕਾਰਨਾਂ, ਕਾਰਪੋਰੇਟ ਨੀਤੀਆਂ ਅਤੇ ਆਮ ਮਜ਼ਦੂਰ ਵਰਗ ’ਤੇ ਪੈ ਰਹੇ ਇਸ ਦੇ ਪ੍ਰਭਾਵਾਂ ਦਾ ਗੰਭੀਰ ਵਿਸ਼ਲੇਸ਼ਣ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਲੋਕ-ਹਿਤੈਸ਼ੀ ਨੀਤੀਆਂ ਅਤੇ ਸੁਧਾਰਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਆਰਥਿਕ ਸੰਕਟ ਦਾ ਇਹ ਦੌਰ ਆਮ ਅਤੇ ਮੱਧ ਵਰਗ ਲਈ ਹੋਰ ਵੀ ਵੱਡੀਆਂ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਦੇਸ਼ ਦੀ ਆਰਥਿਕ ਸਥਿਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, “ਅੱਜ ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ ਚਿੰਤਾਜਨਕ ਪੱਧਰ ’ਤੇ ਪਹੁੰਚ ਚੁੱਕੀ ਹੈ ਅਤੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਵੀ ਸੁਰੱਖਿਅਤ ਰੁਜ਼ਗਾਰ ਨਹੀਂ ਮਿਲ ਰਿਹਾ। ਦੇਸ਼ ’ਤੇ ਵਧ ਰਿਹਾ ਕਰਜ਼ਾ ਅਤੇ ਲਗਾਤਾਰ ਵਧ ਰਹੀ ਮਹਿੰਗਾਈ ਨੇ ਆਮ ਪਰਿਵਾਰਾਂ ਦੇ ਘਰੇਲੂ ਬਜਟ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਘਰੇਲੂ ਬਚਤ ਦਰ ਪਿਛਲੇ ਕਈ ਦਹਾਕਿਆਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਈ ਹੈ, ਜਿਸ ਦਾ ਅਰਥ ਹੈ ਕਿ ਲੋਕ ਆਰਥਿਕ ਤੰਗੀ ਕਾਰਨ ਆਪਣੇ ਭਵਿੱਖ ਲਈ ਬਚਤ ਕਰਨ ਤੋਂ ਅਸਮਰੱਥ ਹੋ ਰਹੇ ਹਨ। ਇਸ ਦੇ ਉਲਟ ਸ਼ੇਅਰ ਬਾਜ਼ਾਰ ਦੀ ਤੇਜ਼ੀ ਰਾਹੀਂ ਇਹ ਪ੍ਰਭਾਵ ਪੈਦਾ ਕੀਤਾ ਜਾ ਰਿਹਾ ਹੈ ਕਿ ਅਰਥਵਿਵਸਥਾ ਮਜ਼ਬੂਤ ਹੈ, ਜਦਕਿ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਵੱਖਰੀ ਹੈ ਅਤੇ ਇਸ ਦਾ ਲਾਭ ਮੁੱਖ ਤੌਰ ’ਤੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਹੀ ਮਿਲ ਰਿਹਾ ਹੈ।” ਉਨ੍ਹਾਂ ਅੱਗੇ ਕਿਹਾ, “ਜਦੋਂ ਪੂੰਜੀਵਾਦੀ ਨੀਤੀਆਂ ਦਾ ਦਬਦਬਾ ਵਧ ਰਿਹਾ ਹੈ, ਉਸ ਸਮੇਂ ਕਰਮਚਾਰੀਆਂ ਦੀ ਸਮਾਜਿਕ ਸੁਰੱਖਿਆ ਅਤੇ ਬੁਢਾਪੇ ਦੇ ਸਹਾਰੇ ‘ਪੈਨਸ਼ਨ’ ਨੂੰ ਬਾਜ਼ਾਰ ਦੇ ਜੋਖਮਾਂ ਦੇ ਹਵਾਲੇ ਕਰਨਾ ਬਹੁਤ ਹੀ ਖਤਰਨਾਕ ਹੈ। ਇੱਕ ਭਲਾਈਕਾਰੀ ਰਾਜ ਵਿੱਚ ਪੁਰਾਣੀ ਪੈਨਸ਼ਨ ਯੋਜਨਾ (OPS) ਦੀ ਬਹਾਲੀ ਕੋਈ ਵਿੱਤੀ ਬੋਝ ਨਹੀਂ, ਸਗੋਂ ਕਰਮਚਾਰੀਆਂ ਦਾ ਸੰਵਿਧਾਨਕ ਹੱਕ ਹੈ। ਜੇਕਰ ਅਸੀਂ ਆਪਣੀ ਮਿਹਨਤ ਦੀ ਕਮਾਈ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਅੰਨ੍ਹੇਵਾਹ ਨਿੱਜੀਕਰਨ ਦੇ ਖਿਲਾਫ ਅਤੇ ਲੋਕ-ਪੱਖੀ ਆਰਥਿਕ ਨੀਤੀਆਂ ਲਈ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨੀ ਹੋਵੇਗੀ।ਪ੍ਰੋਗਰਾਮ ਦੇ ਸਫਲ ਆਯੋਜਨ ਵਿੱਚ ਮੰਚ ਦੇ ਪ੍ਰਮੁੱਖ ਆਗੂਆਂ, ਜਿਨ੍ਹਾਂ ਵਿੱਚ ਪ੍ਰਧਾਨ ਧਰਮ ਪਾਲ, ਸਕੱਤਰ ਚੰਦਰਭਾਨ ਅਤੇ ਗੁਰਜਿੰਦਰ ਸਿੰਘ ਸ਼ਾਮਲ ਸਨ, ਨੇ ਅਹਿਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਮੰਚ ਦੇ ਸਰਗਰਮ ਸਾਥੀਆਂ ਅਮਰੀਕ ਸਿੰਘ, ਭਾਰਤ ਰਾਜ, ਰਾਮਦਾਸ, ਵਿਨੋਦ ਕੁਮਾਰ, ਪੰਕਜ ਕੁਮਾਰ ਸਿੰਘ, ਸਾਕੇਤ ਕੁਮਾਰ ਯਾਦਵ, ਸੁਨੀਲ ਕਸ਼ਯਪ, ਰਾਜ ਕੁਮਾਰ ਪ੍ਰਜਾਪਤੀ, ਸਰਬਜੀਤ ਸਿੰਘ, ਗੁਰਮੇਲ ਸਿੰਘ, ਮਨਜੀਤ ਸਿੰਘ ਅਤੇ ਰਜਿੰਦਰ ਕੁਮਾਰ ਸਮੇਤ ਰੇਲ ਕੋਚ ਫੈਕਟਰੀ ਦੀਆਂ ਵੱਖ-ਵੱਖ ਯੂਨੀਅਨਾਂ ਅਤੇ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ ਅਤੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਇਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਭਾਰਤ ਰਾਜ ਵੱਲੋਂ ਨਿਭਾਈ ਗਈ। ਪ੍ਰੋਗਰਾਮ ਦੇ ਅੰਤ ਵਿੱਚ ਮੰਚ ਦੇ ਆਗੂਆਂ ਨੇ ਇਹ ਸੰਕਲਪ ਦੁਹਰਾਇਆ ਕਿ ਉਹ ਸਮਾਜ ਅਤੇ ਕਰਮਚਾਰੀਆਂ ਨਾਲ ਜੁੜੇ ਗੰਭੀਰ ਆਰਥਿਕ ਅਤੇ ਸਮਾਜਿਕ ਮੁੱਦਿਆਂ ’ਤੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਵਿਚਾਰਕ ਬਹਿਸਾਂ ਦੇ ਆਯੋਜਨ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਣਗੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly




