ਨਵਾਂ ਸ਼ਹਿਰ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ) : ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਚੇਚੀ ਜਲਾਲਪੁਰ ਨੇ ਅੱਜ ਇਲਾਕੇ ਦੇ ਕਿਸਾਨਾਂ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਸਾਂਝੀ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਲਾਚੌਰ ਹਲਕੇ ਨੂੰ ਦਿੱਤੀ ਗਈ ‘ਕਾਠਗੜ੍ਹ ਲਿਫਟ ਇਰੀਗੇਸ਼ਨ ਸਕੀਮ’ ਇਲਾਕੇ ਦੇ ਕਿਸਾਨਾਂ ਲਈ ਇੱਕ ਵੱਡੀ ਸੌਗਾਤ ਸਾਬਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਸਮੁੱਚਾ ਪ੍ਰੋਜੈਕਟ 214 ਕਰੋੜ ਰੁਪਏ ਦੀ ਲਾਗਤ ਵਾਲਾ ਹੈ, ਜਿਸ ਰਾਹੀਂ ਲਗਭਗ 32 ਪਿੰਡਾਂ ਦੀ ਸਾਢੇ 11 ਹਜ਼ਾਰ ਏਕੜ ਜ਼ਮੀਨ ਨੂੰ ਸਿੰਚਾਈ ਲਈ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਇਹ ਸਕੀਮ ਵੱਖ-ਵੱਖ ਫੇਜ਼ਾਂ ਦੇ ਵਿੱਚ ਲਾਗੂ ਕੀਤੀ ਗਈ ਹੈ, ਜਿਸ ਵਿੱਚੋਂ ਪਹਿਲਾ ਫੇਜ਼ ਸਫ਼ਲਤਾਪੂਰਵਕ ਚਾਲੂ ਹੋ ਚੁੱਕਾ ਹੈ। ਪਹਿਲੇ ਫੇਜ਼ ਦੇ ਸ਼ੁਰੂ ਹੋਣ ਨਾਲ ਲਗਭਗ 12 ਪਿੰਡ ਕਵਰ ਹੋਏ ਹਨ ਅਤੇ 4,000 ਏਕੜ ਰਕਬੇ ਨੂੰ ਪਾਣੀ ਮਿਲਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਚੱਲ ਰਹੇ ਪਾਣੀ ਨੂੰ ਦੇਖ ਕੇ ਇਲਾਕੇ ਦੇ ਜ਼ਿਮੀਂਦਾਰ ਬਹੁਤ ਖੁਸ਼ੀ ਮਨਾ ਰਹੇ ਹਨ, ਕਿਉਂਕਿ ਉਨ੍ਹਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਇਸ ਖੇਤਰ ਨੂੰ ਨਹਿਰੀ ਪਾਣੀ ਮਿਲ ਸਕੇਗਾ।
ਇਸ ਪ੍ਰੋਜੈਕਟ ਦੇ ਪਿਛੋਕੜ ਅਤੇ ਭੂਗੋਲਿਕ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਚੇਅਰਮੈਨ ਸਤਨਾਮ ਚੇਚੀ ਨੇ ਦੱਸਿਆ ਕਿ ਰੋਪੜ ਤੋਂ ਨਵਾਂ ਸ਼ਹਿਰ ਜਾਣ ਵਾਲੀ ਮੁੱਖ ਸੜਕ ਦੇ ਨਾਲ ਵਗਦੀ ਨਹਿਰ ਅਤੇ ਦੂਜੇ ਪਾਸੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿਚਕਾਰ ਲਗਭਗ 343 ਪਿੰਡਾਂ ਦਾ ਖੇਤਰ ਆਉਂਦਾ ਹੈ। ਇਸ ਕੰਢੀ ਖੇਤਰ ਦੇ ਪਿੰਡਾਂ ਨੂੰ ਪਹਿਲਾਂ ਨਾ ਤਾਂ ਕੰਢੀ ਨਹਿਰ ਦਾ ਪਾਣੀ ਮਿਲਿਆ ਸੀ ਅਤੇ ਨਾ ਹੀ ਕਿਸੇ ਹੋਰ ਨਹਿਰ ਦਾ ਕੋਈ ਲਾਹਾ ਮਿਲ ਸਕਿਆ ਸੀ। ਇਸ ਗੰਭੀਰ ਸਮੱਸਿਆ ਨੂੰ ਦੇਖਦੇ ਹੋਏ ਸਾਲ 2024 ਵਿੱਚ ਸਾਡੇ ਸਿੰਚਾਈ ਮੰਤਰੀ ਵੱਲੋਂ ਲੁਧਿਆਣਾ ਵਿਖੇ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਸੀ, ਜਿਸ ਵਿੱਚ ਮੇਰੇ ਵਰਗੇ ਇੱਕ ਨਿਮਾਣੇ ਵਲੰਟੀਅਰ ਨੇ ਇਸ ਅਹਿਮ ਮੁੱਦੇ ਨੂੰ ਪ੍ਰਮੁੱਖਤਾ ਨਾਲ ਚੁੱਕਿਆ ਸੀ। ਪੰਜਾਬ ਸਰਕਾਰ ਨੇ ਇਸ ਮੰਗ ਨੂੰ ਤੁਰੰਤ ਪ੍ਰਵਾਨ ਕਰ ਲਿਆ ਅਤੇ ਇਹ ਵੱਡਾ ਪ੍ਰੋਜੈਕਟ ਪਾਸ ਹੋਇਆ, ਜਿਸ ਦੀ ਮੰਗ ਇਲਾਕਾ ਨਿਵਾਸੀ ਕਾਫੀ ਲੰਮੇ ਸਮੇਂ ਤੋਂ ਕਰ ਰਹੇ ਸਨ।
ਉਨ੍ਹਾਂ ਅੱਗੇ ਦੱਸਿਆ ਕਿ ਕੰਢੀ ਖੇਤਰ ਵਿੱਚ ਬਹੁਤ ਛੋਟੇ-ਛੋਟੇ ਜ਼ਿਮੀਂਦਾਰ ਹਨ ਜਿਨ੍ਹਾਂ ਕੋਲ ਬਹੁਤ ਥੋੜ੍ਹੀ ਜ਼ਮੀਨ ਹੈ। ਇੱਥੇ ਪਾਣੀ ਬਹੁਤ ਜ਼ਿਆਦਾ ਡੂੰਘਾਈ ਵਿੱਚ ਹੋਣ ਕਾਰਨ ਇੱਕ-ਇੱਕ ਟਿਊਬਵੈੱਲ ਲਗਾਉਣ ‘ਤੇ ਕਈ-ਕਈ ਲੱਖ ਰੁਪਏ ਦਾ ਖਰਚਾ ਆਉਂਦਾ ਸੀ, ਜਿਸ ਨੂੰ ਸਹਿਣ ਕਰਨਾ ਗਰੀਬ ਕਿਸਾਨਾਂ ਦੇ ਵੱਸ ਦੀ ਗੱਲ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਨੂੰ ਮੋਟਰਾਂ ਦੇ ਕਨੈਕਸ਼ਨ ਮਿਲ ਰਹੇ ਸਨ। ਚੇਅਰਮੈਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੋਟਿ-ਕੋਟਿ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਾਡੀਆਂ ਬੇਨਤੀਆਂ ਨੂੰ ਕਬੂਲ ਕਰਕੇ ਬਲਾਚੌਰ ਹਲਕੇ ਨੂੰ ‘ਕਾਠਗੜ੍ਹ ਲਿਫਟ ਇਰੀਗੇਸ਼ਨ ਸਕੀਮ’ ਵਰਗਾ ਇਹ ਵੱਡਾ ਤੋਹਫ਼ਾ ਦਿੱਤਾ ਹੈ। ਹੁਣ ਅਗਲੇ ਫੇਜ਼ ਦਾ ਕੰਮ ਵੀ ਬਹੁਤ ਤੇਜ਼ ਸਪੀਡ ਨਾਲ ਚੱਲ ਰਿਹਾ ਹੈ। ਇਹ ਸਮੁੱਚਾ ਪ੍ਰੋਜੈਕਟ ਕੁੱਲ ਤਿੰਨ ਫੇਜ਼ਾਂ ਦੇ ਵਿੱਚ ਮੁਕੰਮਲ ਹੋਵੇਗਾ ਅਤੇ ਉਮੀਦ ਹੈ ਕਿ ਆਉਂਦੇ ਕੁਝ ਹੀ ਮਹੀਨਿਆਂ ਦੇ ਵਿੱਚ ਇਹ ਸਾਰਾ ਕੰਮ ਪੂਰੀ ਤਰ੍ਹਾਂ ਕੰਪਲੀਟ ਹੋ ਜਾਵੇਗਾ। ਉਨ੍ਹਾਂ ਆਖਿਆ ਕਿ ਕੰਢੀ ਖੇਤਰ ਦੇ ਜਿਨ੍ਹਾਂ ਲੋਕਾਂ ਨੂੰ ਕਦੇ ਉਮੀਦ ਨਹੀਂ ਸੀ, ਅੱਜ ਉਨ੍ਹਾਂ ਦਾ ਨਹਿਰੀ ਪਾਣੀ ਲੈਣ ਦਾ ਸੁਪਨਾ ਪੂਰਾ ਹੋਇਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਮੁੱਖ ਮੰਤਰੀ ਇਸੇ ਤਰ੍ਹਾਂ ਗਰੀਬ ਲੋਕਾਂ ਦੀ ਆਵਾਜ਼ ਸੁਣਦੇ ਰਹਿਣਗੇ ਅਤੇ ਆਮ ਜਨਤਾ ਨੂੰ ਸਰਕਾਰੀ ਸਕੀਮਾਂ ਦੇ ਫਾਇਦੇ ਪਹੁੰਚਾਉਂਦੇ ਰਹਿਣਗੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



