
ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ)-ਗੁ: ਨਾਨਕ ਨਿਵਾਸ ਰਿਚਮੰਡ ਦੀ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੋਸਾਇਟੀ ਆਫ਼ ਥੌਂਪਸਨ, ਮੈਨੀਟੋਬਾ ਨੂੰ ਗੁ: ਸਾਹਿਬ ਦੀ ਨਵੀਂ ਰਸੋਈ ਦੇ ਨਿਰਮਾਣ ਲਈ 25,000 ਡਾਲਰ ਦੀ ਵਿੱਤੀ ਸਹਾਇਤਾ ਦੇਣ ਦੀ ਸੇਵਾ ਕੀਤੀ ਗਈ ਹੈ। ਬੀਤੇ ਦਿਨੀਂ ਥੌਂਪਸਨ ਗੁਰਦੁਆਰਾ ਸਾਹਿਬ ਦੇ ਇੱਕ ਵਫ਼ਦ ਨੇ ਰਿਚਮੰਡ ਦੇ ਇਸ ਇਤਿਹਾਸਕ ਗੁਰੂ ਘਰ ਦਾ ਦੌਰਾ ਕਰਕੇ ਪ੍ਰਬੰਧਕਾਂ ਸਾਹਮਣੇ ਆਪਣੀ ਵਿੱਤੀ ਲੋੜ ਦਾ ਪੱਖ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਰੱਖਿਆ ਸੀ, ਜਿਸ ‘ਤੇ ਹਮਦਰਦੀ ਨਾਲ ਵਿਚਾਰ ਕਰਦਿਆਂ ਕਮੇਟੀ ਨੇ ਤੁਰੰਤ ਇਹ ਮਦਦ ਦੇਣ ਦਾ ਫੈਸਲਾ ਕੀਤਾ। ਬੀਤੇ ਐਤਵਾਰ ਗੁਰਦੁਆਰਾ ਸਾਹਿਬ ਵਿੱਚ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਕਮੇਟੀ ਦੀ ਚੇਅਰਪਰਸਨ ਬੀਬੀ ਕਸ਼ਮੀਰ ਕੌਰ ਜੋਹਲ ਨੇ 25,000 ਡਾਲਰ ਦਾ ਚੈੱਕ ਸਿੱਖ ਸੋਸਾਇਟੀ ਆਫ਼ ਥੌਂਪਸਨ ਦੇ ਸੈਕਟਰੀ ਕੁਲਵੰਤ ਸਿੰਘ ਅਤੇ ਖਜ਼ਾਨਚੀ ਇੰਦਰਜੀਤ ਸਿੰਘ ਨੂੰ ਸੌਂਪਿਆ। ਇਸ ਮੌਕੇ ਗੁਰਦੁਆਰਾ ਨਾਨਕ ਨਿਵਾਸ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਨ ਸਿੰਘ ਸੰਧੂ, ਉਪ-ਪ੍ਰਧਾਨ ਉਬੇਦ ਸਿੰਘ ਸਿੱਧੂ, ਸੈਕਟਰੀ ਬਲਵੰਤ ਸਿੰਘ ਸੰਘੇੜਾ, ਖਜ਼ਾਨਚੀ ਕਮਲਜੀਤ ਸਿੰਘ ਦੁਸਾਂਝ, ਸਹਾਇਕ ਸੈਕਟਰੀ ਕੰਵਰਜੀਤ ਸਿੰਘ ਸਹੋਤਾ ਅਤੇ ਡਾਇਰੈਕਟਰ ਸਤਵੰਤ ਕੌਰ ਜਰਮਨ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇੰਡੀਆ ਕਲਚਰਲ ਸੈਂਟਰ ਆਫ਼ ਕੈਨੇਡਾ ਗੁਰਦੁਆਰਾ ਨਾਨਕ ਨਿਵਾਸ ਸੋਸਾਇਟੀ ਨੇ ਇਸ ਗੱਲ ‘ਤੇ ਖੁਸ਼ੀ ਪ੍ਰਗਟਾਈ ਹੈ ਕਿ ਉਨ੍ਹਾਂ ਨੂੰ ਮੈਨੀਟੋਬਾ ਦੀ ਦੂਰ-ਦੁਰਾਡੇ ਦੀ ਸੰਗਤ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


