ਹਜ਼ਾਰਾਂ ਸਿੱਖ ਸੰਗਤਾਂ ਦੀ ਹਾਜ਼ਰੀ ਵਿੱਚ ਕਿਤਾਬ ਕੀਤੀ ਗਈ ਲੋਕ-ਅਰਪਿਤ
ਲੰਡਨ, (ਸਮਾਜ ਵੀਕਲੀ) (ਰਸ਼ਪਿੰਦਰ ਕੌਰ ਗਿੱਲ): ਹਾਲ ਹੀ ਦੌਰਾਨ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵੱਲੋਂ ਲਿਖੀ ਅਤੇ ਬੀਬੀ ਰਸ਼ਪਿੰਦਰ ਕੌਰ ਗਿੱਲ ਵੱਲੋਂ ਸੰਪਾਦਤ ਕਿਤਾਬ “ਸਿੱਦਕੀ ਤੇ ਸੰਘਰਸ਼ੀ” ਨੂੰ ਬੀਤੇ ਐਤਵਾਰ ਤਿੰਨ ਦੇਸ਼ਾਂ—ਇੰਗਲੈਂਡ, ਫਰਾਂਸ ਅਤੇ ਬੈਲਜੀਅਮ ਵਿੱਚ ਰਿਲੀਜ਼ ਕੀਤਾ ਗਿਆ। ਜੂਨ 1984 ਦੇ ਖੂਨੀ ਘੱਲੂਘਾਰੇ ਦੀ ਯਾਦ ਵਿੱਚ ਲੰਡਨ ਵਿਖੇ ‘ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ.’ ਵੱਲੋਂ ਭਾਰੀ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਟਰਫਾਲਗਰ ਸੁਕੇਅਰ ਵਿਖੇ ਹਜ਼ਾਰਾਂ ਸਿੱਖ ਸੰਗਤਾਂ ਦੀ ਮੌਜੂਦਗੀ ਵਿੱਚ ਫੈਡਰੇਸ਼ਨ ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਜੋਗਾ ਸਿੰਘ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਬ੍ਰਿਟਿਸ਼ ਸਿੱਖ ਕੌਂਸਲ ਦੇ ਮੁਖੀ ਭਾਈ ਤਰਸੇਮ ਸਿੰਘ, ਧਰਮਯੁੱਧ ਜਥਾ ਦਮਦਮੀ ਟਕਸਾਲ ਯੂ.ਕੇ. ਟਿਵੀਡੇਲ, ਵਰਲਡ ਸਿੱਖ ਪਾਰਲੀਮੈਂਟ ਦੇ ਭਾਈ ਮਨਪ੍ਰੀਤ ਸਿੰਘ, ਧਰਮਯੁੱਧ ਜਥਾ ਯੂ.ਕੇ. ਦੇ ਮੁਖੀ ਭਾਈ ਬਲਵਿੰਦਰ ਸਿੰਘ ਵੁਲਵਰਹੈਪਟਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ.ਕੇ. ਦੇ ਪ੍ਰਧਾਨ ਭਾਈ ਜਸਪਾਲ ਸਿੰਘ ਬੈਂਸ ਅਤੇ ਬੀਬੀ ਪਾਲਜੀਤ ਕੌਰ ਪੰਜਵੜ ਦੇ ਭਰਾ ਭਾਈ ਕਸ਼ਮੀਰ ਸਿੰਘ ਨੇ ਸਾਂਝੇ ਤੌਰ ‘ਤੇ “ਸਿੱਦਕੀ ਤੇ ਸੰਘਰਸ਼ੀ” ਕਿਤਾਬ ਦਾ ਲੋਕ ਅਰਪਣ ਕੀਤਾ। ਬੈਲਜੀਅਮ ਵਿੱਚ ਘੱਲੂਘਾਰਾ ਜੂਨ 1984 ਦੀ ਯਾਦ ਵਿੱਚ ਹੋਏ ਸ਼ਹੀਦੀ ਸਮਾਗਮ ਦੌਰਾਨ ਭਾਈ ਮਨਜੋਤ ਸਿੰਘ ਭੂਰਾ, ਭਾਈ ਗੁਰਦਿਆਲ ਸਿੰਘ ਢਕਾਨੂਸ ਅਤੇ ਸਾਥੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਹ ਕਿਤਾਬ ਰਿਲੀਜ਼ ਕੀਤੀ ਗਈ। ਇਸੇ ਤਰ੍ਹਾਂ ਪੈਰਿਸ (ਫਰਾਂਸ) ਵਿਖੇ ਪੰਜਾਬ ਤੋਂ ਕੁਝ ਦਿਨ ਪਹਿਲਾਂ ਪੁੱਜੇ ਕਵੀਸ਼ਰ ਭਾਈ ਨਿਸ਼ਾਨ ਸਿੰਘ ਦੇ ਕਵੀਸ਼ਰੀ ਜਥੇ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਇਸ ਕਿਤਾਬ ਨੂੰ ਲੋਕ-ਅਰਪਿਤ ਕੀਤਾ ਗਿਆ। ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਉਹ ਸ਼ਖਸਿਅਤ ਹਨ ਜੋ ਆਪਣਾ ਸਾਰਾ ਜੀਵਨ ਸਿੱਖ ਸੰਘਰਸ਼ ਨੂੰ ਸਮਰਪਿਤ ਕਰ ਚੁੱਕੇ ਹਨ। ਉਹ ਅੱਜ-ਕੱਲ੍ਹ ਯੂ.ਕੇ. ਵਿੱਚ ਰਹਿ ਕੇ ਸੋਸ਼ਲ ਮੀਡੀਆ ਰਾਹੀਂ ਵੀਡੀਓਜ਼ ਬਣਾ ਕੇ ਸ਼ਹੀਦ ਸਿੰਘਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹਨ ਅਤੇ ਅਗਲੀ ਪੀੜ੍ਹੀ ਨੂੰ ਵਾਪਰੀ ਹਰ ਇਤਿਹਾਸਕ ਘਟਨਾ ਦੀ ਸਟੀਕ ਜਾਣਕਾਰੀ ਦਿੰਦੇ ਹਨ। ਪੰਥ ਅਤੇ ਕੌਮ ਪ੍ਰਤੀ ਹਰ ਪੱਖੋਂ ਸੁਚੇਤ ਭਾਈ ਡੱਲੇਵਾਲ ਆਪਣੀ ਕਲਮ ਰਾਹੀਂ ਪੰਜਾਬ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਨਿਰੰਤਰ ਯੋਗਦਾਨ ਪਾ ਰਹੇ ਹਨ।ਇਸ ਤੋਂ ਪਹਿਲਾਂ ਉਨ੍ਹਾਂ ਨੇ ਸਿੱਖ ਇਤਿਹਾਸ ਦੀ ਝੋਲੀ ਵਿੱਚ ਆਪਣੀ ਕਿਤਾਬ “ਸੰਘਰਸ਼ ਦਾ ਦੌਰ” ਪਾਈ ਸੀ, ਜਿਸ ਦੇ ਹੁਣ ਤੱਕ ਦੋ ਐਡੀਸ਼ਨ (ਸਾਲ 2024 ਅਤੇ 2025 ਵਿੱਚ) ਆ ਚੁੱਕੇ ਹਨ। ਉਸ ਕਿਤਾਬ ਵਿੱਚ ਉਨ੍ਹਾਂ ਨੇ ਉਨ੍ਹਾਂ ਜੁਝਾਰੂ ਸਿੰਘਾਂ ਦੀ ਹਕੀਕਤ ਬਿਆਨ ਕੀਤੀ ਸੀ, ਜੋ ਸਿੱਖ ਕੌਮ ਦੇ ਗਲੋਂ ਗੁਲਾਮੀ ਲਾਹੁਣ ਦੀ ਚਾਹਤ ਰੱਖਦਿਆਂ ਆਪਣਾ ਆਪ ਵਾਰ ਕੇ ਸ਼ਹਾਦਤਾਂ ਦਾ ਜਾਮ ਪੀ ਗਏ। ਆਪਣੀ ਨਵੀਂ ਕਿਤਾਬ “ਸਿੱਦਕੀ ਤੇ ਸੰਘਰਸ਼ੀ” ਵਿੱਚ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਨੇ ਉਨ੍ਹਾਂ ਬੀਬੀਆਂ ਨੂੰ ‘ਸਿਦਕੀ’ ਕਹਿ ਕੇ ਵਡਿਆਇਆ ਹੈ, ਜਿਨ੍ਹਾਂ ਨੇ ਆਪਣੇ ਸ਼ਹੀਦ ਹੋਏ ਸਿੰਘਾਂ ਦੇ ਨਾਮ ਨਾਲ ਆਪਣੀ ਸਾਰੀ ਜ਼ਿੰਦਗੀ ਪੰਥ ਨੂੰ ਸਮਰਪਿਤ ਕਰ ਦਿੱਤੀ। ਸਰਕਾਰਾਂ ਦੇ ਭਾਰੀ ਤਸ਼ਦੱਦ ਸਹਿਣ ਦੇ ਬਾਵਜੂਦ ਉਨ੍ਹਾਂ ਨੇ ਮਾਣ ਨਾਲ ਆਪਣਾ ਜੀਵਨ ਬਤੀਤ ਕੀਤਾ ਅਤੇ ਸ਼ਹੀਦ ਸਿੰਘਾਂ ਦੇ ਮਾਤਾ-ਪਿਤਾ ਜਾਂ ਬੱਚਿਆਂ ਦੀ ਦੇਖਭਾਲ ਕਰਨਾ ਆਪਣਾ ਪਰਮ-ਫ਼ਰਜ਼ ਸਮਝਿਆ। ਦੂਜੇ ਪਾਸੇ, ਇਸ ਕਿਤਾਬ ਵਿੱਚ ਉਨ੍ਹਾਂ ਜੁਝਾਰੂ ਸਿੰਘਾਂ ਨੂੰ ‘ਸੰਘਰਸ਼ੀ’ ਦਰਸਾਇਆ ਗਿਆ ਹੈ, ਜੋ ਕਿਸੇ ਨਾ ਕਿਸੇ ਤਰ੍ਹਾਂ ਪੁਲਿਸ ਦੀ ਗੋਲੀ ਦੀ ਮਾਰ ਤੋਂ ਤਾਂ ਬਚ ਗਏ, ਪਰ ਉਨ੍ਹਾਂ ਨੇ ਆਪਣਾ ਬਾਕੀ ਸਾਰਾ ਜੀਵਨ (ਚਾਹੇ ਪੰਜਾਬ ਵਿੱਚ ਰਹਿ ਕੇ ਜਾਂ ਵਿਦੇਸ਼ਾਂ ਵਿੱਚ ਜਲਾਵਤਨੀ ਕੱਟ ਕੇ) ਕੌਮ ਲੇਖੇ ਲਾ ਦਿੱਤਾ। ਉਹ ਕਦੇ ਵੀ ਜ਼ਾਲਮ ਸਰਕਾਰਾਂ ਅੱਗੇ ਨਹੀਂ ਝੁਕੇ, ਨਾ ਹੀ ਉਨ੍ਹਾਂ ਦੀ ਈਨ ਮੰਨੀ ਅਤੇ ਆਪਣਾ ਸਿੱਖੀ ਸਿਦਕ ਆਖ਼ਰੀ ਸਾਹਾਂ ਤੱਕ ਨਿਭਾਉਣ ਲਈ ਵਚਨਬੱਧ ਰਹੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



