HOME ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ ਵੱਲੋਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸੰਗਤਾਂ ਅਤੇ ਮੀਡੀਆ...

ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ ਵੱਲੋਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸੰਗਤਾਂ ਅਤੇ ਮੀਡੀਆ ਦਾ ਤਹਿ-ਦਿਲੋਂ ਧੰਨਵਾਦ

14

“ਹਰ ਸਿੱਖ ਨੂੰ ਕੌਮੀ ਨਿਸ਼ਾਨੇ ਖਾਲਿਸਤਾਨ ਲਈ ਕਾਰਜਸ਼ੀਲ ਕਾਫ਼ਲੇ ਦਾ ਸਾਥ ਦੇਣ ਦਾ ਸੱਦਾ”

ਲੰਡਨ, ਯੂ.ਕੇ-   (ਸਮਾਜ ਵੀਕਲੀ)   (ਰਸ਼ਪਿੰਦਰ ਕੌਰ ਗਿੱਲ): ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ (FSO) ਯੂ.ਕੇ ਵੱਲੋਂ ਜੂਨ 1984 ਦੌਰਾਨ ਸਿੱਖ ਤਵਾਰੀਖ ਵਿੱਚ ਵਾਪਰੇ ਤੀਜੇ ਖ਼ੂਨੀ ਘੱਲੂਘਾਰੇ ਦੀ ਯਾਦ ਵਿੱਚ 7 ਜੂਨ (ਦਿਨ ਐਤਵਾਰ) ਨੂੰ ਲੰਡਨ ਵਿਖੇ ਕੀਤੇ ਗਏ ਭਾਰੀ ਰੋਸ ਮੁਜ਼ਾਹਰੇ ਨੂੰ ਸਫ਼ਲ ਬਣਾਉਣ ਲਈ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਗਤਾਂ ਅਤੇ ਮੀਡੀਆ ਦਾ ਤਹਿ-ਦਿਲੋਂ ਧੰਨਵਾਦ ਕੀਤਾ ਗਿਆ ਹੈ। ਜਥੇਬੰਦੀ ਨੇ ਕਿਹਾ ਕਿ ਯੂ.ਕੇ ਦੇ ਮੌਜੂਦਾ ਨਾਜ਼ੁਕ ਮਾਹੌਲ ਦੇ ਬਾਵਜੂਦ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਾਂਤਮਈ ਅਤੇ ਅਨੁਸ਼ਾਸਨ (ਜਾਬਤੇ) ਵਿੱਚ ਰਹਿ ਕੇ ਸ਼ਮੂਲੀਅਤ ਕੀਤੀ। ਇਸ ਨੇ ਸਾਬਤ ਕਰ ਦਿੱਤਾ ਹੈ ਕਿ ਸਿੱਖ ਕੌਮ ਇਸ ਤੀਜੇ ਘੱਲੂਘਾਰੇ ਦੇ ਦਰਦ ਨੂੰ ਕਦੇ ਵੀ ਨਹੀਂ ਭੁਲਾ ਸਕਦੀ। ਇਸ ਰੋਸ ਅਤੇ ਰੋਹ ਭਰਪੂਰ ਮੁਜ਼ਾਹਰੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਮਲ ਹੋਈਆਂ ਸੰਗਤਾਂ ਨੇ ਭਾਰਤ ਸਰਕਾਰ ਅਤੇ ਸਿੱਖ ਵਿਰੋਧੀ ਤਾਕਤਾਂ ਨੂੰ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਸਿੱਖ ਇਸ ਘੱਲੂਘਾਰੇ ਨੂੰ ਕਦੇ ਵੀ ਨਹੀਂ ਭੁੱਲਣਗੇ, ਬਲਕਿ ਖਾਲਿਸਤਾਨ ਬਣਨ ਤੋਂ ਬਾਅਦ ਵੀ ਦੇਸ਼-ਵਿਦੇਸ਼ਾਂ ਵਿੱਚ ਇਸ ਇਤਿਹਾਸਕ ਦਿਹਾੜੇ ਦੀ ਯਾਦ ਨਿਰੰਤਰ ਮਨਾਈ ਜਾਂਦੀ ਰਹੇਗੀ। ਮੁਜ਼ਾਹਰੇ ਦੌਰਾਨ ਸਿੱਖ ਸੰਗਤਾਂ ਵੱਲੋਂ ਭਾਰਤ ਸਰਕਾਰ ਖ਼ਿਲਾਫ਼ ਰੋਸ, ਰੋਹ ਅਤੇ ਵਿਦਰੋਹ ਦੀ ਪ੍ਰਚੰਡ ਭਾਵਨਾ ਦਾ ਪ੍ਰਗਟਾਵਾ ਕੀਤਾ ਗਿਆ।ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ ਦੇ ਕੋਆਰਡੀਨੇਟਰਾਂ—ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਬੱਬਰ—ਵੱਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਸਮੂਹ ਸੰਗਤ, ਗੁਰਦੁਆਰਾ ਕਮੇਟੀਆਂ ਅਤੇ ਕੌਮ-ਪ੍ਰਸਤ ਮੀਡੀਆ ਤੋਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਭਰਵੇਂ ਸਹਿਯੋਗ ਦੀ ਉਮੀਦ ਪ੍ਰਗਟਾਈ ਗਈ, ਕਿਉਂਕਿ ਇਹ ਰੋਸ ਮੁਜ਼ਾਹਰਾ ਯੂ.ਕੇ ਵਿੱਚ ਵਸਦੇ ਸਮੂਹ ਸਿੱਖਾਂ ਦਾ ਇੱਕ ਸਾਂਝਾ ਪ੍ਰੋਗਰਾਮ ਹੈ। ਮੁਜ਼ਾਹਰੇ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ, ਉਨ੍ਹਾਂ ਦੀਆਂ ਅਦੁੱਤੀ ਸ਼ਹਾਦਤਾਂ ਸਦਕਾ ਨਿਰਧਾਰਿਤ ਕੀਤੇ ਗਏ ਕੌਮੀ ਨਿਸ਼ਾਨੇ ‘ਖਾਲਿਸਤਾਨ’ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦੀ ਵਚਨਬੱਧਤਾ ਦੁਹਰਾਈ। ਆਗੂਆਂ ਨੇ ਸਪੱਸ਼ਟ ਕੀਤਾ ਕਿ ਭਾਰਤ ਸਰਕਾਰ ਅਤੇ ਉਸ ਦੇ ਇਸ਼ਾਰਿਆਂ ‘ਤੇ ਕੰਮ ਕਰਨ ਵਾਲੇ ਅਨਸਰਾਂ (ਦੁੰਮਛੱਲਿਆਂ) ਵੱਲੋਂ ਸਿੱਖ ਸੰਗਤਾਂ ਨੂੰ ਕੌਮੀ ਨਿਸ਼ਾਨੇ ਤੋਂ ਭਟਕਾਉਣ, ਭਰਮਾਉਣ ਅਤੇ ਥਿੜਕਾਉਣ ਦੀ ਕੋਈ ਵੀ ਕੋਝੀ ਚਾਲ ਸਫ਼ਲ ਨਹੀਂ ਹੋਣ ਦਿੱਤੀ ਜਾਵੇਗੀ। ਸਿੱਖਾਂ ਦਾ ਕੌਮੀ ਨਿਸ਼ਾਨਾ ਕੇਵਲ ਅਤੇ ਕੇਵਲ ਖਾਲਿਸਤਾਨ ਹੈ। ਬਾਕੀ ਸਾਰੇ ਮੁੱਦੇ ਸਿੱਖ ਸੰਘਰਸ਼ ਦਾ ਅੰਗ ਜ਼ਰੂਰ ਹਨ, ਪਰ ਜੂਨ 1984 ਦਾ ਘੱਲੂਘਾਰਾ ਇੱਕ ਅਜਿਹਾ ਨਾ-ਭੁੱਲਣਯੋਗ ਜ਼ਖ਼ਮ ਹੈ, ਜਿਸ ਵਿੱਚੋਂ ਸਿੱਖ ਕੌਮ ਨੇ ‘ਖਾਲਿਸਤਾਨ’ ਰੂਪੀ ਰਾਹਤ ਪ੍ਰਾਪਤ ਕਰਨੀ ਹੈ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਡਵੀਜਨ ਰਾਏਕੋਟ ਅਗੇ ਰੋਸ ਪ੍ਰਦਰਸ਼ਨ ਕੀਤਾ
Next articleਮੋਰਿੰਡੇ ਤੋਂ ਦੋ ਅਜ਼ਾਦ ਕੌਂਸਲਰ ਕਾਂਗਰਸ ਪਾਰਟੀ ਵਿੱਚ ਸ਼ਾਮਲ