HOME 12 ਸਿੱਖ ਅਫਗਾਨੀ ਪ੍ਰਵਾਸੀਆਂ ਨੂੰ ਟਰੱਕ ਚ ਲੁਕਾ ਕੇ ਬਰਤਾਨੀਆ ਲਿਆਉਣ ਵਾਲੇ...

12 ਸਿੱਖ ਅਫਗਾਨੀ ਪ੍ਰਵਾਸੀਆਂ ਨੂੰ ਟਰੱਕ ਚ ਲੁਕਾ ਕੇ ਬਰਤਾਨੀਆ ਲਿਆਉਣ ਵਾਲੇ ਮਨੁੱਖੀ ਤਸਕਰੀ ਗਿਰੋਹ ਦੇ ਮੈਂਬਰ ਦੋਸ਼ੀ ਕਰਾਰ

17
ਕੈਪਸਨ:- ਟਰੱਕ ਦੇ ਗੁਪਤ ਖਾਨੇ ਵਿਚੋਂ ਬਰਾਮਦ ਕੀਤੇ ਗਏ 12 ਅਫ਼ਗਾਨ ਸਿੱਖਾ ਦੀ ਬਰਮਦਗੀ ਵੇਲੇ ਦੀ ਪੁਲਿਸ ਕੈਮਰੇ ਚ ਕੈਦ ਹੋਈ ਤਸਵੀਰ. ਤਸਵੀਰ:- ਸੁਖਜਿੰਦਰ ਸਿੰਘ ਢੱਡੇ
ਲੈਸਟਰ (ਇੰਗਲੈਂਡ),     (ਸਮਾਜ ਵੀਕਲੀ)    (ਸੁਖਜਿੰਦਰ ਸਿੰਘ ਢੱਡੇ)- ਬਰਤਾਨੀਆ ਵਿਚ 12 ਅਫ਼ਗਾਨ ਸਿੱਖ ਪ੍ਰਵਾਸੀਆਂ, ਜਿਨ੍ਹਾਂ ਵਿਚ ਇੱਕ 12 ਸਾਲਾ ਬੱਚਾ ਵੀ ਸ਼ਾਮਲ ਸੀ, ਨੂੰ ਗੁਪਤ ਖਾਨੇ ਵਾਲੇ ਟਰੱਕ ਵਿਚ ਲੁਕਾ ਕੇ ਦੇਸ਼ ਅੰਦਰ ਲਿਆਉਣ ਦੀ ਸਾਜ਼ਿਸ਼ ਰਚਣ ਵਾਲੇ ਮਨੁੱਖੀ ਤਸਕਰੀ ਗਿਰੋਹ ਦੇ ਕਈ ਮੈਂਬਰਾਂ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਓਲਡ ਬੇਲੀ ਅਦਾਲਤ ਵਿਚ ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਨੈਸ਼ਨਲ ਕਰਾਈਮ ਏਜੰਸੀ (ਐਨਸੀਏ) ਦੇ ਅਧਿਕਾਰੀਆ ਨੇ ਖੜੇ ਇਕ ਟਰੱਕ ਦੀ ਤਲਾਸ਼ੀ ਲਈ ਸੀ। ਟਰੱਕ ਦੇ ਪਿਛਲੇ ਹਿੱਸੇ ਵਿਚ ਝੂਠੀ ਕੰਧ (ਫਾਲਸ ਬਲਕਹੈੱਡ) ਪਿੱਛੇ ਖਾਸ ਤੌਰ ‘ਤੇ ਬਣਾਏ ਗਏ ਗੁਪਤ ਖਾਨੇ ਵਿਚ 12 ਪ੍ਰਵਾਸੀ ਲੁਕੇ ਹੋਏ ਮਿਲੇ ਸਨ। ਇਸ ਕਾਰਵਾਈ ਦੀ ਵੀਡੀਓ ਵਿਚ ਇੱਕ ਅਧਿਕਾਰੀ ਨੂੰ ਇਹ ਪੁੱਛਦੇ ਹੋਏ ਦੇਖਿਆ ਜਾ ਸਕਦਾ ਹੈ ਕਿ ਕੀ ਸਾਰੇ ਲੋਕ ਠੀਕ ਹਨ ਅਤੇ ਕੀ ਕੋਈ ਅੰਗਰੇਜ਼ੀ ਬੋਲ ਸਕਦਾ ਹੈ। ਅਦਾਲਤ ਨੂੰ ਦੱਸਿਆ ਗਿਆ ਕਿ ਇਸ ਕਾਰਵਾਈ ਦੇ ਸਿਰਫ਼ ਚਾਰ ਦਿਨ ਬਾਅਦ ਗਿਰੋਹ ਦੇ ਮੈਂਬਰਾਂ ਨੇ ਇਸ ਤਸਕਰੀ ਲਈ ਕਰੀਬ 64 ਹਜ਼ਾਰ ਪੌਂਡ ਨਕਦ ਰਕਮ ਇਕੱਠੀ ਕੀਤੀ ਸੀ। ਗਿਰੋਹ ਵਿਚ 68 ਸਾਲਾ ਮਾਰਕ ਯੂਲ, 51 ਸਾਲਾ ਟੈਰੀ ਬਰੂਅਰ, 34 ਸਾਲਾ ਰੋਹਿਤ ਚਾਵਲਾ ਅਤੇ ਚਾਵਲਾ ਦਾ ਬਜ਼ੁਰਗ ਪਿਤਾ ਸੁਰਜੀਤ ਚਾਵਲਾ ਸਮੇਤ ਕਈ ਹੋਰ ਵਿਅਕਤੀ ਸ਼ਾਮਲ ਸਨ। ਮੁਲਜ਼ਮਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਫਰਨੀਚਰ ਦੀ ਢੁਆਈ ਕਰ ਰਹੇ ਹਨ, ਪਰ ਤਿੰਨ ਮਹੀਨੇ ਚੱਲੇ ਮੁਕੱਦਮੇ ਦੌਰਾਨ ਪੇਸ਼ ਕੀਤੇ ਗਏ ਸਬੂਤਾਂ ਨੇ ਉਨ੍ਹਾਂ ਦੇ ਦਾਵਿਆਂ ਨੂੰ ਖਾਰਜ ਕਰ ਦਿੱਤਾ। ਐਨਸੀਏ ਨੇ “ਆਪ੍ਰੇਸ਼ਨ ਜੀਓਕ੍ਰੋਨਿਕ” ਤਹਿਤ ਗਿਰੋਹ ਦੀ ਨਿਗਰਾਨੀ ਸ਼ੁਰੂ ਕੀਤੀ ਸੀ। ਜਾਂਚ ਦੌਰਾਨ ਅਧਿਕਾਰੀਆਂ ਨੇ ਗਿਰੋਹ ਦੇ ਮੈਂਬਰਾਂ ਨੂੰ ਕਈ ਵਾਰ ਪੱਬਾਂ ਅਤੇ ਕਾਰ ਪਾਰਕਾਂ ਵਿਚ ਮਿਲਦੇ ਹੋਏ ਰਿਕਾਰਡ ਕੀਤਾ। ਗੁਪਤ ਤੌਰ ‘ਤੇ ਲਗਾਏ ਗਏ ਸੁਣਨ ਵਾਲੇ ਯੰਤਰਾਂ ਰਾਹੀਂ ਗੱਲਬਾਤਾਂ ਵਿਚ ਕਿਸ਼ਤੀਆਂ, ਈਂਧਨ ਅਤੇ ਤਸਕਰੀ ਦੀ ਯੋਜਨਾ ਨਾਲ ਸਬੰਧਿਤ ਚਰਚਾਵਾਂ ਵੀ ਸਾਹਮਣੇ ਆਈਆਂ। ਜਾਂਚ ਤੋਂ ਪਤਾ ਲੱਗਾ ਕਿ ਗਿਰੋਹ ਨੇ ਪਹਿਲਾਂ ਕਿਸ਼ਤੀ ਰਾਹੀਂ ਪ੍ਰਵਾਸੀਆਂ ਨੂੰ ਇੰਗਲਿਸ਼ ਚੈਨਲ ਪਾਰ ਕਰਵਾ ਕੇ ਲਿਆਉਣ ਦੀ ਯੋਜਨਾ ਬਣਾਈ ਸੀ, ਪਰ ਬਾਅਦ ਵਿਚ ਯੋਜਨਾ ਬਦਲ ਕੇ ਟਰੱਕ ਦੀ ਵਰਤੋਂ ਕੀਤੀ ਗਈ। ਐਨਸੀਏ ਦੀ ਖੇਤਰੀ ਜਾਂਚ ਮੁਖੀ ਜੈਕ ਬੀਅਰ ਨੇ ਕਿਹਾ ਕਿ ਗਿਰੋਹ ਨੇ ਦੂਜਿਆਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਪੈਸਾ ਕਮਾਉਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਪ੍ਰਵਾਸੀਆਂ ਦੀ ਸੁਰੱਖਿਆ ਜਾਂ ਜਾਨ ਦੀ ਕੋਈ ਪਰਵਾਹ ਨਹੀਂ ਸੀ। ਉਨ੍ਹਾਂ ਕਿਹਾ ਕਿ ਮਨੁੱਖੀ ਤਸਕਰੀ ਨਾਲ ਜੁੜੇ ਅਪਰਾਧਿਕ ਨੈੱਟਵਰਕਾਂ ਨੂੰ ਤੋੜਨਾ ਐਨਸੀਏ ਦੀ ਪ੍ਰਮੁੱਖ ਤਰਜੀਹ ਹੈ ਅਤੇ ਇਸ ਲਈ ਦੇਸ਼ ਅਤੇ ਵਿਦੇਸ਼ ਦੀਆਂ ਏਜੰਸੀਆਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਕਰਾਊਨ ਪ੍ਰੋਸੀਕਿਊਸ਼ਨ ਸਰਵਿਸ ਨੇ ਵੀ ਕਿਹਾ ਕਿ ਫੋਨ ਰਿਕਾਰਡਾਂ ਅਤੇ ਹੋਰ ਸਬੂਤਾਂ ਦੇ ਆਧਾਰ ‘ਤੇ ਗਿਰੋਹ ਦੀਆਂ ਗਤੀਵਿਧੀਆਂ ਦਾ ਪਤਾ ਲਗਾਇਆ ਗਿਆ ਅਤੇ ਦੋਸ਼ੀਆਂ ਨੂੰ ਇਨਸਾਫ਼ ਦੇ ਕਟਹਿਰੇ ਵਿਚ ਲਿਆਂਦਾ ਗਿਆ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article12ਵਾਂ ਯਾਦਗਾਰੀ ਕਬੂਤਰਬਾਜੀ ਮੁਕਾਬਲਾ ਕਰਵਾਇਆ ਗਿਆ – ਵਿਸ਼ਾਲ ਫਿਲੌਰ
Next articleਨਕੋਦਰ ਵਿੱਚ ਬੋਧੀ ਸਤਵ ਡਾਕਟਰ ਅੰਬੇਡਕਰ ਐਜੂਕੇਸ਼ਨ ਸੁਸਾਇਟੀ ਦੇ ਬੈਨਰ ਹੇਠ ਬਣ ਰਹੇ ਨਵੇਂ ‘ਸਮਰਾਟ ਅਸ਼ੋਕ ਪਬਲਿਕ ਸਕੂਲ ਨਕੋਦਰ’ ਦੀ ਕਮੇਟੀ ਦਾ ਗਠੱਨ