ਨਵਾਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ) : ਕਾਠਗੜ੍ਹ ਦੇ ਨੇੜੇ ਪਿੰਡ ਜੀਓਵਾਲ ਬੱਛੂਆਂ ਦੀ ਲਿੰਕ ਸੜਕ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ, ਜਿਸ ਕਾਰਨ ਇਲਾਕਾ ਨਿਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੋਲ ਪਲਾਜ਼ੇ ਦੇ ਬਿਲਕੁਲ ਨੇੜਿਓਂ ਨਿਕਲਣ ਵਾਲੀ ਇਸ ਸੜਕ ਦੀ ਵਰਤੋਂ ਇਲਾਕੇ ਅਤੇ ਬਾਹਰਲੇ ਜ਼ਿਲ੍ਹਿਆਂ ਦੇ ਵਾਹਨ ਚਾਲਕ ਟੋਲ ਟੈਕਸ ਬਚਾਉਣ ਲਈ ਚੋਰ ਰਸਤੇ ਵਜੋਂ ਕਰ ਰਹੇ ਹਨ। ਦਿਨ-ਰਾਤ ਲੰਘਣ ਵਾਲੇ ਅਣਗਿਣਤ ਵਾਹਨਾਂ ਅਤੇ ਓਵਰਲੋਡ ਗੱਡੀਆਂ ਕਾਰਨ ਇਹ ਸੜਕ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਅਤੇ ਹੁਣ ਇੱਥੇ ਸੜਕ ਦਾ ਨਾਮੋ-ਨਿਸ਼ਾਨ ਵੀ ਨਜ਼ਰ ਨਹੀਂ ਆਉਂਦਾ। ਸੜਕ ‘ਤੇ ਪਏ ਵੱਡੇ-ਵੱਡੇ ਟੋਇਆਂ ਕਾਰਨ ਪੈਦਾ ਹੋਣ ਵਾਲੇ ਹਾਦਸਿਆਂ ਦੇ ਡਰ ਅਤੇ ਵਾਹਨਾਂ ਦੇ ਲੰਘਣ ਕਾਰਨ ਪਿੰਡ ਵਾਸੀਆਂ ਨੇ ਆਪਣੇ ਮਕਾਨਾਂ ਨੂੰ ਬਚਾਉਣ ਲਈ ਘਰਾਂ ਦੇ ਬਾਹਰ ਵੱਡੇ-ਵੱਡੇ ਪੱਥਰ, ਇੱਟਾਂ ਅਤੇ ਹੋਰ ਓਟਾਂ ਲਗਾ ਦਿੱਤੀਆਂ ਹਨ ਤਾਂ ਜੋ ਕੋਈ ਵਾਹਨ ਉਨ੍ਹਾਂ ਦੀਆਂ ਕੰਧਾਂ ਨਾਲ ਨਾ ਟਕਰਾ ਜਾਵੇ। ਇਸ ਚੋਰ ਰਸਤੇ ਕਾਰਨ ਜਿੱਥੇ ਪਿੰਡ ਵਾਸੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ, ਉੱਥੇ ਹੀ ਟੋਲ ਪਲਾਜ਼ਾ ਕੰਪਨੀ ਨੂੰ ਵੀ ਰੋਜ਼ਾਨਾ ਲੱਖਾਂ ਰੁਪਏ ਦਾ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮੁੱਖ ਟੋਲ ਪਲਾਜ਼ੇ ਤੋਂ ਇੰਨੀਆਂ ਗੱਡੀਆਂ ਨਹੀਂ ਲੰਘਦੀਆਂ, ਜਿੰਨੀਆਂ ਇਸ ਲਿੰਕ ਰੋਡ ਰਾਹੀਂ ਜੀਓਵਾਲ ਬੱਛੂਆਂ, ਸੋਭੂਵਾਲ, ਭਰਥਲਾ ਅਤੇ ਕਾਠਗੜ੍ਹ ਖੇਤਰ ਵੱਲ ਨਿਕਲ ਜਾਂਦੀਆਂ ਹਨ। ਟੋਲ ਅਧਿਕਾਰੀਆਂ ਵੱਲੋਂ ਵੀ ਇਸ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ, ਪਰ ਸਫਲਤਾ ਨਹੀਂ ਮਿਲੀ। ਬਾਰਿਸ਼ ਦੇ ਦਿਨਾਂ ਵਿੱਚ ਸਥਿਤੀ ਹੋਰ ਵੀ ਭਿਆਨਕ ਹੋ ਜਾਂਦੀ ਹੈ ਕਿਉਂਕਿ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਪੂਰੀ ਸੜਕ ਤਲਾਬ ਦਾ ਰੂਪ ਧਾਰਨ ਕਰ ਲੈਂਦੀ ਹੈ। ਇਲਾਕੇ ਦੇ ਲੋਕਾਂ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਟੋਲ ਬਚਾਉਣ ਦੇ ਚੱਕਰ ਵਿੱਚ ਪਿੰਡ ਦੇ ਅੰਦਰ ਵੜਨ ਵਾਲੇ ਬਾਹਰਲੇ ਵਾਹਨਾਂ ‘ਤੇ ਤੁਰੰਤ ਰੋਕ ਲਗਾਈ ਜਾਵੇ ਅਤੇ ਅਜਿਹਾ ਨਾ ਕਰਨ ਵਾਲੇ ਅਨਸਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤਾਂ ਜੋ ਪਿੰਡ ਦੇ ਲੋਕਾਂ ਨੂੰ ਇਸ ਵੱਡੀ ਮੁਸੀਬਤ ਤੋਂ ਨਿਜ਼ਾਤ ਮਿਲ ਸਕੇ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



