ਨਵਾਂਸ਼ਹਿਰ (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ) : ਬੀਤੇ ਦਿਨੀਂ ਹੁਸ਼ਿਆਰਪੁਰ ਦੇ ਟਾਂਡਾ ਵਿਖੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ‘ਝਾੜੂ’ ਦੀ ਕਥਿਤ ਬੇਅਦਬੀ ਦੇ ਦੋਸ਼ਾਂ ਹੇਠ ਇੱਕ ਕਾਂਗਰਸ ਸਮਰਥਕ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਜੇਲ੍ਹ ਭੇਜਣ ਦੇ ਮਾਮਲੇ ‘ਤੇ ਕਾਂਗਰਸ ਪਾਰਟੀ ਨੇ ਸਖ਼ਤ ਰੁਖ਼ ਇਖ਼ਤਿਆਰ ਕਰ ਲਿਆ ਹੈ। ਇਸ ਘਟਨਾ ਦੀ ਤਿੱਖੀ ਨਿਖੇਧੀ ਕਰਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ‘ਆਪ’ ਸਰਕਾਰ ‘ਤੇ ਸਿਆਸੀ ਬਦਲਾਖੋਰੀ ਅਤੇ ਸੱਤਾ ਦੀ ਦੁਰਵਰਤੋਂ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਗੱਲਬਾਤ ਕਰਦਿਆਂ ਅਜੇ ਮੰਗੂਪੁਰ ਨੇ ਆਖਿਆ ਕਿ ਸਥਾਨਕ ਚੋਣਾਂ ਵਿੱਚ ਹੋਈ ਹਾਰ ਨੂੰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਪਚਾ ਨਹੀਂ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਜਨਤਾ ਨੇ ਲੋਕਤੰਤਰੀ ਤਰੀਕੇ ਨਾਲ ‘ਆਪ’ ਦੇ ਉਮੀਦਵਾਰਾਂ ਨੂੰ ਨਕਾਰ ਦਿੱਤਾ, ਤਾਂ ਹੁਣ ਬੌਖਲਾਹਟ ਵਿੱਚ ਆ ਕੇ ਵਿਰੋਧੀ ਧਿਰ ਦੇ ਸਮਰਥਕਾਂ ਅਤੇ ਆਮ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇੱਕ ਚੋਣ ਨਿਸ਼ਾਨ ਦੇ ਅਪਮਾਨ ਦਾ ਬਹਾਨਾ ਬਣਾ ਕੇ ਇੱਕ ਬੇਕਸੂਰ ਨੌਜਵਾਨ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਧੱਕਣਾ ਪੰਜਾਬ ਦੇ ਇਤਿਹਾਸ ਵਿੱਚ ਸਿਆਸੀ ਗਿਰਾਵਟ ਦੀ ਸਭ ਤੋਂ ਮਾੜੀ ਮਿਸਾਲ ਹੈ। ਜ਼ਿਲ੍ਹਾ ਪ੍ਰਧਾਨ ਨੇ ਸਰਕਾਰ ਦੀ ਨੀਅਤ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਦੇ ਲੋਕ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਵੱਡੀਆਂ ਬੇਅਦਬੀਆਂ ਦੇ ਇਨਸਾਫ਼ ਲਈ ਤੜਫ਼ ਰਹੇ ਹਨ, ਜਿੱਥੇ ਸਰਕਾਰ ਕੋਈ ਠੋਸ ਕਾਰਵਾਈ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਿੱਧ ਹੋਈ ਹੈ। ਪਰ ਦੂਜੇ ਪਾਸੇ ਆਪਣੀ ਪਾਰਟੀ ਦੇ ਚੋਣ ਨਿਸ਼ਾਨ (ਝਾੜੂ) ਲਈ ਪੁਲਿਸ ਪ੍ਰਸ਼ਾਸਨ ਨੂੰ ਅੱਗੇ ਕਰਕੇ ਰਾਤੋ-ਰਾਤ ਪਰਚੇ ਅਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਅਜੇ ਮੰਗੂਪੁਰ ਨੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਸੱਤਾਧਾਰੀ ਧਿਰ ਦੇ ਕਠਪੁਤਲੀ ਬਣ ਕੇ ਕੰਮ ਕਰਨਾ ਬੰਦ ਕਰਨ। ਕਾਂਗਰਸ ਪਾਰਟੀ ਆਪਣੇ ਵਰਕਰਾਂ ਅਤੇ ਨੌਜਵਾਨਾਂ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ ਅਤੇ ਇਸ ਸਿਆਸੀ ਜਬਰ ਦੇ ਖਿਲਾਫ਼ ਅਦਾਲਤ ਤੋਂ ਲੈ ਕੇ ਸੜਕਾਂ ਤੱਕ ਹਰ ਪੱਧਰ ‘ਤੇ ਕਾਨੂੰਨੀ ਅਤੇ ਸਿਆਸੀ ਲੜਾਈ ਲੜੀ ਜਾਵੇਗੀ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



