ਨਵਾਂਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ) : ਸਰਕਾਰੀ ਹਸਪਤਾਲ ਕਾਠਗੜ੍ਹ (ਸੀ.ਐਚ.ਸੀ.) ਵਿਖੇ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਨ੍ਹਾਂ ਨੇ ਪ੍ਰਸ਼ਾਸਨ ਅਤੇ ਪੁਲਿਸ ਨੂੰ ਟਿੱਚ ਜਾਣਦਿਆਂ ਬੀਤੀ ਰਾਤ ਹਸਪਤਾਲ ਨੂੰ ਲਗਾਤਾਰ 10ਵੀਂ ਵਾਰ ਆਪਣਾ ਨਿਸ਼ਾਨਾ ਬਣਾਇਆ। ਰੋਜ਼ਾਨਾ ਦੀ ਤਰ੍ਹਾਂ ਜਦੋਂ ਸਵੇਰੇ ਹਸਪਤਾਲ ਦਾ ਸਟਾਫ਼ ਡਿਊਟੀ ‘ਤੇ ਪਹੁੰਚਿਆ ਤਾਂ ਉੱਥੋਂ ਦੇ ਟੁੱਟੇ ਅਤੇ ਖੁੱਲ੍ਹੇ ਹੋਏ ਦਰਵਾਜ਼ੇ ਦੇਖ ਕੇ ਹੜਕੰਪ ਮਚ ਗਿਆ। ਸਟਾਫ਼ ਵੱਲੋਂ ਅੰਦਰ ਜਾ ਕੇ ਜਾਂਚ ਕਰਨ ‘ਤੇ ਪਤਾ ਲੱਗਿਆ ਕਿ ਚੋਰਾਂ ਨੇ ਹਸਪਤਾਲ ਦੇ ਪਿਛਲੇ ਪਾਸੇ ਵਾਲੇ ਇੱਕ ਦਰਵਾਜ਼ੇ ਨੂੰ ਬੜੀ ਬੇਰਹਿਮੀ ਨਾਲ ਤੋੜਿਆ ਅਤੇ ਅੰਦਰ ਦਾਖ਼ਲ ਹੋ ਕੇ ਬਾਥਰੂਮ ਵਿੱਚ ਲੱਗੀਆਂ ਸਟੀਲ ਦੀਆਂ ਕੀਮਤੀ ਟੂਟੀਆਂ ਪੁੱਟ ਲਈਆਂ ਅਤੇ ਵਾਸ਼ ਬੇਸਨ ਵੀ ਭੰਨ ਦਿੱਤੇ। ਇਸ ਵਾਰਦਾਤ ਸਬੰਧੀ ਮੌਜੂਦਾ ਸਟਾਫ਼ ਇੰਚਾਰਜ ਡਾਕਟਰ ਵਿਸ਼ਾਲੀ ਸ਼ਰਮਾ, ਸਿਹਤ ਕਰਮਚਾਰੀ ਕਮਲ ਕੁਮਾਰ ਅਤੇ ਪਰਮਜੀਤ ਸਮੇਤ ਹੋਰਨਾਂ ਸਟਾਫ਼ ਮੈਂਬਰਾਂ ਨੇ ਦੱਸਿਆ ਕਿ ਹਸਪਤਾਲ ਵਿੱਚ ਹੋਈ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਬਲਕਿ ਇਸ ਨੂੰ ਚੋਰਾਂ ਵੱਲੋਂ ਦਿੱਤੀ ਗਈ 10ਵੀਂ ਚੋਰੀ ਦੀ ਵਾਰਦਾਤ ਕਿਹਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਚੋਰ ਇੱਥੋਂ ਤਿੰਨ ਇਨਵਰਟਰ, ਪਾਣੀ ਦਾ ਗੀਜ਼ਰ ਅਤੇ ਜਿੰਦਰੇ ਭੰਨ ਕੇ ਏ.ਸੀ. ਤੱਕ ਚੋਰੀ ਕਰਕੇ ਲੈ ਜਾ ਚੁੱਕੇ ਹਨ। ਹਸਪਤਾਲ ਸਟਾਫ਼ ਮੁਤਾਬਕ ਨਸ਼ਾ ਛੁੜਾਊ ਕੇਂਦਰ ਵੀ ਚੋਰਾਂ ਦੇ ਨਿਸ਼ਾਨੇ ਤੋਂ ਬਚ ਨਹੀਂ ਸਕਿਆ, ਜਿੱਥੋਂ ਪਹਿਲਾਂ ਕਈ ਵਾਰ ਗੋਲੀਆਂ ਵੀ ਚੋਰੀ ਕੀਤੀਆਂ ਜਾ ਚੁੱਕੀਆਂ ਹਨ। ਲਗਾਤਾਰ ਹੋ ਰਹੀਆਂ ਇਨ੍ਹਾਂ ਚੋਰੀਆਂ ਕਾਰਨ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ ਅਤੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪੁਲਿਸ ਇਨ੍ਹਾਂ ਚੋਰਾਂ ਨੂੰ ਨੱਥ ਪਾਉਣ ਵਿੱਚ ਬਿਲਕੁਲ ਅਸਮਰੱਥ ਸਾਬਤ ਹੋ ਰਹੀ ਹੈ। ਇਸ ਪੂਰੇ ਮਾਮਲੇ ਵਿੱਚ ਸਭ ਤੋਂ ਵੱਡੀ ਅਤੇ ਹੈਰਾਨੀਜਨਕ ਗੱਲ ਇਹ ਸਾਹਮਣੇ ਆਈ ਹੈ ਕਿ ਹਸਪਤਾਲ ਵਰਗੀ ਸੰਵੇਦਨਸ਼ੀਲ ਜਗ੍ਹਾ ‘ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਪਿਛਲੇ ਕਈ ਸਾਲਾਂ ਤੋਂ ਖ਼ਰਾਬ ਪਏ ਹਨ। ਪ੍ਰਸ਼ਾਸਨ ਦੀ ਇਸ ਵੱਡੀ ਲਾਪਰਵਾਹੀ ਦਾ ਫ਼ਾਇਦਾ ਚੋਰਾਂ ਨੂੰ ਸਿੱਧੇ ਤੌਰ ‘ਤੇ ਮਿਲ ਰਿਹਾ ਹੈ ਅਤੇ ਉਹ ਬਿਨਾਂ ਕਿਸੇ ਡਰ ਦੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਸ ਸਬੰਧੀ ਜਦੋਂ ਮੌਜੂਦਾ ਸਿਵਲ ਸਰਜਨ ਡਾਕਟਰ ਗੁਰਿੰਦਰਜੀਤ ਸਿੰਘ, ਜੋ ਖ਼ੁਦ ਵੀ ਪਹਿਲਾਂ ਇਸ ਹਸਪਤਾਲ ਵਿਖੇ ਐਸ.ਐਮ.ਓ. ਵਜੋਂ ਸੇਵਾਵਾਂ ਨਿਭਾ ਚੁੱਕੇ ਹਨ, ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫ਼ੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ। ਫਿਲਹਾਲ ਹਸਪਤਾਲ ਪ੍ਰਬੰਧਕਾਂ ਵੱਲੋਂ ਚੋਰੀ ਦੀ ਇਸ ਤਾਜ਼ਾ ਘਟਨਾ ਬਾਰੇ ਪੁਲਿਸ ਸਟੇਸ਼ਨ ਕਾਠਗੜ੍ਹ ਵਿਖੇ ਲਿਖਤੀ ਸੂਚਨਾ ਦੇ ਦਿੱਤੀ ਗਈ ਹੈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਜਲਦ ਹੀ ਚੋਰਾਂ ਨੂੰ ਕਾਬੂ ਕਰਨ ਦਾ ਭਰੋਸਾ ਦਿੱਤਾ ਗਿਆ ਹੈ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



