ਅਜੇਤੂ

(ਸਮਾਜ ਵੀਕਲੀ)

ਪਿੰਡ ਦੇ ਬਾਹਰ ਵਾਲ਼ੇ ਪਾਸੇ ਚੌਂਕ ਵਿੱਚ ਵੈਸੇ ਤਾਂ 5-7 ਬੰਦੇ ਹਮੇਸ਼ਾ ਬੈਠੇ ਹੁੰਦੇ ਹਨ ਪਰ ਅੱਜ ਤਾਂ ਰੌਣਕਾਂ ਕੁੱਝ ਜਿਆਦਾ ਹੀ ਸਨ।2-4 ਦੁਕਾਨਾਂ ਵੀ ਨਾਲ ਨਾਲ ਹਨ ਤੇ ਇੱਕ ਪਾਸੇ ਲੱਕੜ ਦਾ ਖੋਖਾ ਜੋ ਕਿ ਦਰਸ਼ੀ ਦਾ ਟੀ ਸਟਾਲ ਹੈ।ਕੋਈ ਕਿਤੇ ਵੀ ਬੈਠੇ ,ਚਾਹ ਦਾ ਆਰਡਰ ਤਾਂ ਦਰਸ਼ੀ ਨੂੰ ਹੀ ਜਾਣਾ ਹੁੰਦਾ।ਸੜਕ ਦੇ ਦੂਜੇ ਪਾਸੇ ਕਾਫੀ ਪੁਰਾਣਾ ਬੋਹੜ ਦਾ ਰੁੱਖ ਹੈ ਅਤੇ ਆਲੇ ਦੁਆਲੇ ਕਾਫੀ ਕੁਰਸੀਆਂ ਪਿੰਡ ਦੀ ਪੰਚਾਇਤ ਨੇ ਲਵਾ ਰੱਖੀਆਂ ਨੇ ਤੇ ਬਾਕੀ ਬੈਂਚ ਪਿਛਲੇ ਸਾਲ ਪਿੰਡ ਦੇ ਯੂਥ ਕਲੱਬ ਨੇ ਲਵਾ ਦਿੱਤੇ।

ਹਰ ਮੌਸਮ ਵਿੱਚ ਇਹ ਲੋਕਾਂ ਦੇ ਮਿਲਣ ਦਾ ਅੱਡਾ ਬਣ ਗਿਆ ਸੀ।ਗਰਮੀਆਂ ਵਿੱਚ ਲੋਕ ਬੋਹੜ ਦੇ ਥੱਲੇ ਛਾਂ ਵਿੱਚ ਬਹਿੰਦੇ ਤੇ ਸਰਦੀਆਂ ਵਿੱਚ ਥੋੜ੍ਹਾ ਹੱਟ ਕੇ, ਯਾਨੀ ਕਿ ਇਹ ਸਰਦੀਆਂ ਅਤੇ ਗਰਮੀਆਂ ਵਿੱਚ ਏ. ਸੀ ਦਾ ਕੰਮ ਦਿੰਦਾ ਸੀ।

ਅੱਜ ਅਜੀਬ ਜਿਹੀ ਖੁਸ਼ੀ ਸਭ ਦੇ ਚਿਹਰਿਆਂ ਤੇ ਦਿਖ ਰਹੀ ਸੀ,ਵਜ੍ਹਾ ਸੀ ਕਿ ਪ੍ਰਧਾਨ ਮੰਤਰੀ ਨੇ ਅੱਜ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਸੀ। ਜਿਸਨੂੰ ਵੀ ਪਤਾ ਲਗਦਾ ਉਹ ਖੁਸ਼ੀ ਦਾ ਇਜ਼ਹਾਰ ਕਰਨ ਚੌਂਕ ਕੋਲ ਪਹੁੰਚ ਰਿਹਾ ਸੀ।

ਪ੍ਰਤਾਪ ਸਿੰਘ ਲੰਬੜਦਾਰ ਨੇ ਸਭ ਨੂੰ ਵਧਾਈਆਂ ਦਿੱਤੀਆਂ ਤੇ ਕਿਹਾ,” ਭਰਾਵੋ ਆਪਾਂ ਜਿੱਤ ਗਏ ਹਾਂ,ਹੁਣ ਸਾਡੀਆਂ ਜ਼ਮੀਨਾਂ ਨੂੰ ਕੋਈ ਖਤਰਾ ਨਹੀਂ ਰਿਹਾ”।

ਬੱਸ ਪ੍ਰਤਾਪੇ ਦੇ ਇੰਨੀ ਗੱਲ ਕਹਿਣ ਦੀ ਦੇਰ ਸੀ,ਸਾਰੇ ਪਾਸੇ ਕਾਵਾਂ ਰੌਲੀ ਪੈ ਗਈ।ਮੱਖਣ ਸਿੰਘ ਕਹਿੰਦਾ ,”ਮਿੱਤਰੋ ਲੱਗ ਨਹੀਂ ਰਿਹਾ ਸੀ ਕਿ ਕਿਸਾਨ ਜਿੱਤਣਗੇ”।

ਹੌਲੀ ਹੌਲੀ ਨੋਜਵਾਨਾਂ ਨੇ ਵੀ ਚੌਂਕ ਵਲ ਵਹੀਰਾਂ ਘੱਤ ਦਿੱਤੀਆਂ। ਪਿੰਡ ਦਾ ਕੱਬਡੀ ਖਿਡਾਰੀ ਜੀਤਾ ਬੋਲਿਆ,”ਉਹ ਤਾਂ ਸਾਲ ਪਹਿਲਾਂ ਹੀ ਕਰਤਾਰੇ ਬਾਈ ਨੇ ਦੱਸ ਦਿੱਤਾ ਸੀ ,ਇਹ ਵੀ ਕਿਹਾ ਸੀ ਕਿ ਕਿਸਾਨ ਨਾ ਜਿੱਤੇ ਤਾਂ ਸਭ ਦੇ ਪੈਰਾਂ ਵਿੱਚ ਬੈਠ ਕੇ ਚਾਹ ਪੀਵਾਂਗਾ”।

ਕੋਲ ਹੀ ਅਧਖੜ੍ਹ ਉਮਰ ਦਾ ਬਿਸ਼ਨਾ ਬੋਲਿਆ,”ਜੀਤੇ ਪੁੱਤ! ਕਰਤਾਰਾ ਕੌਣ”?

ਜੀਤਾ ਕਹਿੰਦਾ,”ਚਾਚਾ! ਆਪਣੇ ਜੈਲਦਾਰਾਂ ਦੇ ਮੁੰਡੇ ਕਰਤਾਰ ਸਿੰਘ ਦੀ ਗੱਲ ਕਰ ਰਿਹਾ ਹਾਂ,ਜੋ ਬਾਹਰ ਗਿਆ ਹੋਇਆ ਹੈ “।

ਅੱਛਾ ਅੱਛਾ ਆਪਣੇ ਕਰਤਾਰੇ ਨੂੰ ਕਿੰਝ ਪਤਾ ਲੱਗਿਆ , ਉਹ ਤਾਂ ਰਹਿੰਦਾ ਵੀ ਬਾਹਰ ਹੈ।

ਕੋਲ ਹੀ ਗੋਲ ਦੁਮਾਲਾ ਬੰਨ੍ਹੀ ਜਤਿੰਦਰ ਬੈਠਾ ਸੀ।ਉਹ ਗੁਰਦੁਆਰੇ ਬਹੁਤ ਸੇਵਾ ਕਰਦਾ ,ਪਿੰਡ ਦੇ ਹਰ ਜੀਅ ਦੀ ਹਰ ਵਕਤ ਸੇਵਾ ਕਰਨ ਨੂੰ ਹਮੇਸ਼ਾਂ ਤੱਤਪਰ ਰਹਿੰਦਾ।ਹਲਕੀ ਹਲਕੀ ਦਾੜ੍ਹੀ ਤੇ ਮੁੱਛਾਂ ਹੀ ਆਈਆਂ ਸਨ ਪਰ ਪੂਰਾ ਪਿੰਡ ਉਹਨੂੰ ਜਿੰਦਰ ਬਾਬੇ ਦੇ ਨਾਂ ਨਾਲ ਜਾਣਦਾ ਸੀ। ਜਿੰਦਰ ਬਾਬੇ ਨੇ ਫਿਰ ਸਾਰਿਆਂ ਨੂੰ ਪੂਰੀ ਗੱਲ ਖੋਲ੍ਹ ਕੇ ਸੁਣਾਈ।

“ਪਿਛਲੇ ਸਾਲ ਅਸੀਂ ਸਾਰੇ ਏਥੇ ਹੀ ਬੈਠੇ ਸਾਂ ਤੇ ਕਿਸਾਨਾਂ ਨੂੰ ਦਿੱਲੀ ਪਹੁੰਚਿਆਂ ਨੂੰ ਇਕ ਦਿਨ ਹੀ ਹੋਇਆ ਸੀ।ਸਾਹਮਣੇ ਗੋਲਡੀ ਬਿਜਲੀ ਵਾਲ਼ੇ ਦੀ ਦੁਕਾਨ ਤੇ ਟੀ.ਵੀ ਚੱਲ ਰਿਹਾ ਸੀ ਤੇ ਕਿਸਾਨਾਂ ਬਾਰੇ ਬਹੁਤ ਉਲਟ ਪੁਲੱਟ ਪ੍ਰਚਾਰ ਹੋ ਰਿਹਾ ਸੀ”।

ਇੰਨੇ ਨੂੰ ਥੋੜ੍ਹੀ ਦੇਰ ਪਹਿਲਾਂ ਆਏ 2-3 ਨੌਜਵਾਨ ਵੀ ਇਕੱਠੇ ਹੀ ਬੋਲ ਪਏ,”ਆਹੋ ਓਦਣ ਅਸੀਂ ਵੀ ਇੱਥੇ ਹੀ ਸੀ”।

ਬਚਨਾ ਪੰਚ ਵੀ ਉੱਥੇ ਪੁੱਜ ਗਿਆ ਤੇ ਕਹਿਣ ਲੱਗਾ,”ਬਾਬਾ ਜੀ ਫਿਰ ਕੀ ਹੋਇਆ”? ਹੈਰਾਨੀ ਵਾਲੇ ਭਾਵ ਉਸ ਦੇ ਚਿਹਰੇ ਤੇ ਸਾਫ਼ ਝੱਲਕ ਰਹੇ ਸੀ।

ਜਿੰਦਰ ਬਾਬੇ ਨੇ ਗੱਲ ਸੁਰੂ ਕੀਤੀ,” ਕਿ ਇੱਥੇ ਕਰਤਾਰਾ ਬਾਈ ਵੀ ਬੈਠਾ ਸੀ ਤੇ ਸਾਰੇ ਗੱਲਾਂ ਕਰ ਰਹੇ ਸੀ ਕਿ ਹੁਣ ਕੀ ਬਣੂ”?

ਕਰਤਾਰਾ ਥੋੜ੍ਹੀ ਦੇਰ ਤਾਂ ਸਭ ਦੀਆਂ ਨਿਰਾਸ਼ਾ ਭਰੀਆਂ ਗੱਲਾਂ ਸੁਣਦਾ ਰਿਹਾ ਫਿਰ ਗੱਜ ਕੇ ਬੋਲਿਆ,”ਤੁਸੀਂ ਜਿੱਤਣਾ ….ਤੁਸੀਂ”। ਉਹਦੇ ਚਿਹਰੇ ਤੇ ਅਜਬ ਜਿਹਾ ਜਾਹੋ ਜਲਾਲ ਸੀ ਤੇ ਅੱਖਾਂ ਆਤਮਵਿਸ਼ਵਾਸ ਨਾਲ ਭਰੀਆਂ ਚਮਕ ਰਹੀਆਂ ਸਨ।

ਬੱਸ ਸੱਥ ਤੇ ਸਿਰਫ ਕਰਤਾਰਾ ਹੀ ਗੱਜ ਰਿਹਾ ਸੀ।” ਓਏ ਤੁਸੀਂ ਭੁੱਲ ਗਏ ਇਤਹਾਸ ਆਪਣਾ…..ਤੁਹਾਨੂੰ ਕੀ ਹੋ ਗਿਆ,ਭੁੱਲ ਗਏ ਆਪਣੇ ਬਜੁਰਗਾਂ ਦਾ ਦਿੱਤਾ ਵਿਰਸਾ”।

ਜਿਉਂ ਜਿਉਂ ਕਰਤਾਰਾ ਬੋਲ ਰਿਹਾ ਸੀ ਉਸ ਦੀ ਆਵਾਜ਼ ਵਿੱਚ ਅਜੀਬ ਜਿਹੀ ਕੜਕ ਵਧੀ ਜਾ ਰਹੀ ਸੀ।

ਕਰਤਾਰਾ ਕਹਿੰਦਾ,”ਪਤਾ ਅਮਰੀਕਾ ਦੇ ਰਾਸ਼ਟਰਪਤੀ ਨੇ ਵਾਈਟ ਹਾਊਸ ਵਿੱਚ ਤੁਹਾਡੇ ਜਰਨੈਲ ਦਾ ਬੁੱਤ ਲਗਵਾਇਆ ਅਤੇ ਉੱਠਦੇ ਬੈਠਦੇ ਖਿੜਕੀ ਚੋਂ ਦੇਖਦਾ ਰਹਿੰਦਾ ਸੀ ਤੇ ਸੋਚਦਾ ਵੀ ਰਹਿੰਦਾ ਕਿ ਕਮਾਲ ਹੈ ਇਸ ਯੋਧੇ ਵਾਲੀ। ਇੰਨੀ ਮਿਲਟਰੀ ਅਤੇ ਹਥਿਆਰਾਂ ਨਾਲ ਜਿੱਤ ਨਹੀਂ ਸਕੇ ਜਿਸ ਮੁਲਕ ਅਤੇ ਉਹਦੇ ਲੋਕਾਂ ਨੂੰ,ਕਿਦਾਂ ਦੇ ਯੋਧੇ ਹੋਣਗੇ ਸਿੱਖ ਕੌਮ ਦੇ,ਜਿਹਨਾਂ ਇਹਨਾਂ ਤੇ ਰਾਜ ਕੀਤਾ”।

ਫਿਰ ਕਰਤਾਰਾ ਬਾਈ ਖੜ੍ਹਾ ਹੋ ਗਿਆ ਤੇ ਕਹਿਣ ਲੱਗਾ,” ਕਿ
ਖੁਰਾਸਾਨ ਤੋਂ ਜੋ ਲੁਟੇਰੇ ਆਉਂਦੇ ਸੀ, ਕੀ ਕਹਿੰਦੇ ਸੀ ਇਸ ਮੁਲਕ ਬਾਰੇ”?ਫਿਰ ਖੁਦ ਹੀ ਕਹਿਣ ਲੱਗਾ ਕਿ ,”ਉਹ ਕਹਿੰਦੇ ਸੀ ਹਿੰਦੁਸਤਾਨ ਬਹੁਤ ਅਮੀਰ ਮੁਲਕ ਹੈ,ਗਲੀਆਂ ਵਿੱਚ ਸੋਨਾ ਰੁੱਲਦਾ ਤੇ ਇੱਥੇ ਦੀਆਂ ਔਰਤਾਂ ਹੂਰਾਂ ਨੇ,ਇੱਥੇ ਦੇ ਬੰਦੇ ਨਾਮਰਦ ਨੇ ਕਿਸੇ ਦੀ ਹਿੰਮਤ ਨਹੀਂ ਕਿ ਸਾਨੂੰ ਰੋਕ ਸਕੇ”।

ਉਸ ਤੋਂ ਬਾਅਦ ਹਮਲੇ ਹੋਣ ਲੱਗੇ ਤੇ ਜੋ ਵੀ ਆਉਂਦਾ ਤੁਹਾਡੇ ਪੰਜਾਬ ਵਿੱਚ ਦੀ ਲੰਘਦਾ ਤੇ ਔਰਤਾਂ , ਧੰਨ ਦੌਲਤ ਲੁੱਟ ਕੇ
ਇਥੋਂ ਹੀ ਵਾਪਸ ਜਾਂਦਾ ।

ਫਿਰ ਸਿੰਘਾਂ ਨੇ ਹਥਿਆਰ,ਧੰਨ ਦੌਲਤ ਤੇ ਬੀਬੀਆਂ ਖੋਹ ਲੈਣੀਆਂ,ਉਹ ਵੀ ਗੁਰੀਲਾ ਯੁੱਧ ਨਾਲ।ਕਿਉਂਕਿ ਸਿੰਘਾਂ ਕੋਲ ਓਹਨਾਂ ਜਿੰਨੇ ਹਥਿਆਰ ਤੇ ਯੋਧੇ ਨਹੀਂ ਹੁੰਦੇ ਸਨ।

ਫਿਰ ਬੀਬੀਆਂ ਨੂੰ ਉਹਨਾਂ ਦੇ ਘਰਾਂ ਵਿੱਚ ਛੱਡ ਕੇ ਆਉਣਾ।ਕਈ ਬੀਬੀਆਂ ਦੇ ਘਰ ਵਾਲੇ ਘਰ ਰੱਖਣ ਤੋਂ ਇਹ ਕਹਿ ਕੇ ਮਨਾਂ ਕਰ ਦਿੰਦੇ ਸੀ ਕਿ ਇਸ ਨੂੰ ਮਲੇਛਾਂ ਦੇ ਹੱਥ ਲੱਗ ਗਏ ਨੇ,ਸਾਡੇ ਘਰ ਨਹੀਂ ਹੁਣ ਰਹਿ ਸਕਦੀ ।ਫਿਰ ਓਹਨਾਂ ਬੀਬੀਆਂ ਨੇ ਸਿੰਘਾਂ ਕੋਲ ਹੀ ਰਹਿ ਜਾਣਾ ਤੇ ਲੰਗਰ ਪਕਾਉਣ ਦੇ ਕਾਰਜ ਕਰਨੇ।

ਕਰਤਾਰਾ ਬਾਈ ਬੋਲ ਰਿਹਾ ਸੀ ਤੇ ਦਰਸ਼ੀ ਨੇ ਸਟੀਲ ਦੇ ਗਲਾਸ ਵਿੱਚ ਚਾਹ ਪਾ ਕੇ ਫੜਾ ਦਿੱਤੀ।”ਕਰਤਾਰੇ ਵੀਰ ਲਾਚੀ ਵਾਲੀ ਚਾਹ ਪੀ ਲਓ”।

ਕਰਤਾਰੇ ਨੇ ਥੋੜ੍ਹੀ ਨਾਹਂ ਨੁੱਕਰ ਤੋਂ ਬਾਦ ਚਾਹ ਦਾ ਗਲਾਸ ਫੜ ਲਿਆ।

ਬਿਸਨੇ ਨੇ ਪੁੱਛਿਆ ,”ਬਾਬਾ ਫੇਰ ਕੀ। ਹੋਇਆ”?
ਜਿੰਦਰ ਬਾਬਾ ਕਹਿਣ ਲਗਾ,” ਕਰਤਾਰੇ ਬਾਈ ਨੇ ਦੋ ਘੁੱਟ ਚਾਹ ਦੇ ਹੀ ਪੀਤੇ ਸੀ ਤੇ ਗਲਾਸ ਬੈਂਚ ਤੇ ਰੱਖ ਕੇ ਫਿਰ ਬੋਲਣ ਲੱਗਾ।

“ਸਿੰਘਾਂ ਨੇ ਮਤਾ ਪਕਾਇਆ ਕਿ ਇਹ ਸਭ ਧਾੜਵੀ ਖੈਬਰ ਦੱਰੇ ਤੋਂ ਭਾਰਤ ਵੱਲ ਆਉਂਦੇ ਹਨ ਤੇ ਸਿੰਘਾਂ ਨੇ ਫਿਰ ਖ਼ੈਬਰ ਦੱਰੇ ਤੇ ਕਬਜ਼ਾ ਕਰ ਲਿਆ। ਤੁਹਾਨੂੰ ਪਤਾ ਇੱਕ ਗੱਲ ਦਾ ?ਕਰਤਾਰੇ ਨੇ ਪੁੱਛਿਆ “।ਸਭ ਨੇ ਨਾਂ ਵਿੱਚ ਸਿਰ ਹਿਲਾ ਦਿੱਤੇ।

ਕਰਤਾਰਾ ਬਾਈ ਫਿਰ ਬੋਲਿਆ ਪਰ ਥੋੜਾ ਠ੍ਹਰਮਾ ਆ ਗਿਆ ਸੀ ਉਸ ਦੀ ਆਵਾਜ਼ ਵਿੱਚ।ਸਾਡੇ ਜਰਨੈਲ ਹਰੀ ਸਿੰਘ ਨਲੂਏ ਕੋਲ ਫਿਰ ਉਸ ਇਲਾਕੇ ਦੇ ਹਾਕਮ
ਦੀ ਮੰਗੇਤਰ ਆਈ ਤੇ ਦੋ ਹੱਥ ਜੋੜ ਕੇ ਪੈਰਾਂ ਭਾਰ ਬੈਠ ਕੇ ਅਰਜ਼ ਗੁਜਾਰਨ ਲੱਗੀ।

ਕਹਿੰਦੀ,” ਨਲੂਆ ਜੀ!ਆਪ ਵਰਗਾ ਪੁੱਤ ਲੈਣ ਆਈ ਹਾਂ ਆਪ ਕੋਲੋਂ”।
“ਮਤਲਬ”? ਕੋਲ ਬੈਠੇ ਮੁੰਡੇ ਨੇ ਪੁੱਛਿਆ ਸੀ।

ਕਰਤਾਰਾ ਬਾਈ ਹੌਲੀ ਦੇਣੀ ਬੋਲਿਆ ਮਤਲਬ ਇਹ ਕਿ ਉਹ ਪਤੀ ਪਤਨੀ ਦਾ ਰਿਸ਼ਤਾ ਬਣਾ ਕੇ ਨਲੂਆ ਜੀ ਤੋਂ ਔਲਾਦ ਚਾਹੁੰਦੀ ਸੀ, ਜੋ ਉਸ ਯੋਧੇ ਵਰਗੀ ਬਹਾਦੁਰ ਹੋਵੇ।
“ਫੇਰ…… “ਓਹ ਮੁੰਡਾ ਦੁਬਾਰਾ ਬੋਲਿਆ।

ਕਰਤਾਰਾ ਬਾਈ ਥੋੜੇ ਰੋਹ ਵਿੱਚ ਬੋਲਿਆ ਫੇਰ ਕੀ ਨਲੂਏ ਦੀਆਂ ਅੱਖਾਂ ਲਾਲ ਹੋ ਗਈਆਂ ਤੇ ਕਿਰਪਾਨ ਦੇ ਮਿਆਨ ਤੇ ਹੱਥ ਰੱਖ ਕੇ ਬੋਲਿਆ ,” ਬੀਬੀ ! ਜੇ ਤੂੰ ਔਰਤ ਨਾ ਹੁੰਦੀ ਤਾਂ ਫਿਰ ਦੱਸਦਾ ਕਿ ਸਿੰਘਾਂ ਦੇ ਚਰਿੱਤਰ ਨੂੰ ਅਜ਼ਮਾਉਣਾ ਕਿੰਨਾ ਮਹਿੰਗਾ ਪੈਂਂਦਾ ਹੈ”।

ਕਰਤਾਰਾ ਫੇਰ ਬੋਲਿਆ ਉਹ ਬੀਬੀ ਡਰ ਨਾਲ ਕੰਬ ਗਈ ਤੇ ਵਾਪਿਸ ਤੁੱਰ ਪਈ ਤੇ ਹੌਲੀ ਜਿਹੇ ਬੋਲੀ ,”ਮੈਂ ਤਾਂ ਸੁਣਿਆ ਸੀ ਕਿ ਸਿੰਘਾਂ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਪਰ ਮੈਂ ਜਾ ਰਹੀ ਹਾਂ”ਤੇ ਉਹ ਭੁੱਬਾਂ ਮਰ ਕੇ ਰੋ ਪਈ।

ਸਾਡੇ ਜਰਨੈਲ ਦਾ ਮਨ ਰਹਿਮਤ ਦੇ ਘਰ ਆਇਆ ਤੇ ਹੌਲੀ ਦੇਣੀ ਬੋਲਿਆ,”ਬੀਬੀ ਤੂੰ ਵੀ ਖਾਲੀ ਹੱਥ ਨਹੀਂ ਜਾਂਦੀ” ਤੇ ਨਾਲ ਹੀ ਉਹ ਓਹਦੇ ਪੈਰਾਂ ਵਿੱਚ ਬੈਠ ਗਿਆ ਤੇ ਓਹਦਾ ਹੱਥ ਆਪਣੇ ਸਿਰ ਤੇ ਰੱਖ ਕੇ ਬੋਲਿਆ,”ਤੈਨੂੰ ਨਲੂਏ ਵਰਗਾ ਪੁੱਤ ਚਾਹੀਦਾ ਸੀ ਨਾ ……
ਜਾਹ ਨਲੂਆ ਅੱਜ ਤੋਂ ਤੇਰਾ ਧਰਮ ਦਾ ਪੁੱਤ ਹੋਇਆ।”
ਉਹ ਬੀਬੀ ਕਿੰਨੀ ਦੇਰ ਅਸੀਸਾਂ ਦਿੰਦੀ ਤੇ ਜਾਣ ਲਗੇ ਕਹਿੰਦੀ ,”ਤੁਸੀਂ ਸਿੰਘ ਬਹਾਦੁਰ ਯੋਧੇ ਹੀ ਨਹੀਂ ਖ਼ੁਦਾ ਬੰਦ ਕਰੀਮ ਦੀ ਰਹਿਮਤ ਨਾਲ ਰਹਿਮ ਦਿਲ ਵੀ ਬਹੁਤ ਹੋ “। ਇਹ ਸੁਣ ਕੇ ਉੱਥੇ ਬੈਠਾ ਸਾਬਕਾ ਫ਼ੌਜੀ ਮੋਹਿੰਦਰ ਸਿੰਘ ਖੜ੍ਹਾ ਹੋ ਕੇ ਨਲੂਏ ਨੂੰ ਸਲੂਟ ਮਾਰਨ ਲੱਗਾ ਸਭ ਦੀਆਂ ਛਾਤੀਆਂ ਫ਼ਕਰ ਨਾਲ ਚੋ‌ੜ੍ਹੀਆਂ ਹੋ ਗਈਆਂ।

ਜਿੰਦਰ ਬਾਬੇ ਨੇ ਗੱਲ ਅੱਗੇ ਤੋਰੀ,ਫਿਰ ਕਰਤਾਰੇ ਬਾਈ ਨੇ ਬੈਠ ਕਿ ਥੋੜ੍ਹੀ ਚਾਹ ਪੀਤੀ ਤੇ ਫਿਰ ਬੋਲਣ ਲਗ ਪਿਆ। “ਭਰਾਵੋ ਮੇਰੇ ਗੁਵਾਂਢੀ ਪਾਕਸਤਾਨੀ ਤਾਹਿਰ ਮਹਿਮੂਦ ਨੇ ਮੈਨੂੰ ਡੁਬਈ ਦੀ ਇਕ ਗੱਲ ਦੱਸੀ ਜੋ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ”।
“ਡੁਬਈ ਵਿੱਚ ਇਕ ਫੈਕਟਰੀ ਵਿੱਚ ਇਕ ਉੱਚਾ ਲੰਬਾ ਸਰਦਾਰ ਸੁੱਚਾ ਸਿੰਘ ਫੋਰਮੋਨ ਦਾ ਕੰਮ ਕਰਦਾ ਸੀ ਤੇ ਓਹਦੇ ਕੋਲ ਸ਼੍ਰੀਲੰਕਾ,ਪਾਕਿਸਤਾਨ,ਭਾਰਤ ਤੇ ਅਫ਼ਗ਼ਾਨਿਸਤਾਨ ਤੋਂ ਗਏ ਕਾਮੇ ਕੰਮ ਕਰਦੇ ਸੀ।

ਰਹਿਮਤ ਉੱਲਾ ਨਾਂ ਦਾ ਇਕ ਵਰਕਰ ਵੀ ਸੀ ਜੋ
ਕਿ ਅਫ਼ਗ਼ਾਨਿਸਤਾਨ ਤੋਂ ਸੀ,ਸੁੱਚਾ ਸਿੰਘ ਦੇ ਨੇੜੇ ਨਹੀਂ ਜਾਂਦਾ ਸੀ।ਉਹ ਸੁੱਚਾ ਸਿੰਘ ਤੋਂ ਥੋੜਾ ਡਰ ਕੇ ਰਹਿੰਦਾ ਸੀ।

ਇੱਕ ਦਿਨ ਲੰਚ ਵੇਲੇ ਸਭ ਵਰਕਰਾਂ ਨੇ ਰਹਿਮਤ ਉੱਲਾ ਤੋਂ ਪੁੱਛਿਆ ਬਈ ਸਰਦਾਰ ਜੀ ਇੰਨੇ ਚੰਗੇ ਨੇ ਫਿਰ ਵੀ ਤੂੰ ਸਿੱਧੇ ਮੂੰਹ ਓਹਨਾਂ ਨਾਲ ਗੱਲ ਨਹੀਂ ਕਰਦਾ। ਰਹਿਮਤ ਉੱਲਾ 2-4 ਵਾਰ ਪੁੱਛਨ ਤੇ ਦੱਸਣ ਲੱਗਾ ਕਿ ਉਸਦੀ ਮਾਂ ਨੇ ਨਿੱਕੇ ਹੁੰਦੇ ਨੂੰ ਕਿਹਾ ਸੀ ਪੁੱਤਾ !ਸਿੰਘਾਂ ਤੋਂ ਬੱਚ ਕੇ ਰਹੀਂ,ਬੜੀ ਖ਼ਤਰਨਾਕ ਕੌਮ ਹੈ ਇਹ।

ਰਹਿਮਤ ਉੱਲਾ ਨੇ ਇਹ ਵੀ ਦੱਸਿਆ ਕਿ ਉਹ ਪੰਜ ਭਰਾ ਤੇ ਦੋ ਭੈਣਾ ਸਨ।ਜਦ ਵੀ ਕੋਈ ਬੱਚਾ ਰੋਂਦਾ ਜਾਂ ਜਿਆਦਾ ਜ਼ਿੱਦ ਕਰਦਾ ਤਾਂ ਉਹਨਾਂ ਦੀ ਮਾਂ ਇਹੋ ਕਹਿੰਦੀ ਸੀ ਚੁੱਪ ਕਰ ਜਾਓ ਨਹੀਂ ਤਾਂ ਨਲੂਆ ਆ ਜਾਏਗਾ। ਬੱਸ ਨਲੂਏ ਦਾ ਨਾਂ ਸੁਣਦੇ ਹੀ ਸਾਡੀ ਸਿੱਟੀ ਪਿੱਟੀ ਗੁੰਮ ਹੋ ਜਾਂਦੀ।

ਉਹਨੂੰ ਵੱਡੇ ਹੋਏ ਨੂੰ ਵੀ ਮਾਂ ਸਿੱਖਾਂ ਤੇ ਨਲੂਏ ਦੀ ਬਹਾਦਰੀ ਬਾਰੇ ਦੱਸਦੀ ਹੁੰਦੀ ਸੀ ਜੋ ਉਸਨੇ ਆਪਣੇ ਦਾਦਾ ਜੀ ਤੋਂ ਸੁਣਿਆ ਸੀ।ਕਹਿੰਦੀ ਬੇਟਾ ਯੇਹ ਕੌਮ ਅਜੀਤ ਹੈ , ਇਸੇ ਕੋਈ ਜੀਤ ਨਹੀਂ ਸਕਤਾ।

ਰਹਿਮਤ ਉੱਲਾ ਨੇ ਦੱਸਿਆ ਭਾਈ ਜਾਨ
ਮੁਝੇ ਉਸ ਸਰਦਾਰ ਜੀ ਮੇ ਨਲੂਆ ਦਿਖਾਈ ਦੇਤਾ ਹੈ।ਮੇਰੀ ਹਿੰਮਤ ਨਹੀਂ ਪੜਤੀ ਉਸ ਕੇ ਪਾਸ ਜਾਣੇ ਕੀ।

ਕਰਤਾਰਾ ਬਾਈ ਥੋੜ੍ਹਾ ਰੁੱਕ ਕੇ ਫੇਰ ਕਹਿਣ ਲੱਗਾ ਤਾਂ ਹੀ ਤਾਂ ਕਹਿੰਦਾਂ ਹਾਂ ਬਈ ਅਜੇਤੂ ਹੋ ਤੁਸੀਂ,ਅਜਿੱਤ ਹੋ ਕਹਿ ਕੇ ਉਹ ਚੁੱਪ ਕਰ ਗਿਆ।

ਬਿਜਲੀ ਵਾਲ਼ੇ ਗੋਲਡੀ ਨੇ ਜਿੰਦਰ ਬਾਬੇ ਵੱਲ ਬੜੀ ਉਤਸੁਕਤਾ ਨਾਲ ਵੇਖ ਕੇ ਪੁੱਛਿਆ,”ਬਾਬਾ!ਹੋਰ ਕੀ ਕਿਹਾ ਕਰਤਾਰੇ ਨੇ”।

ਜਿੰਦਰ ਬੋਲਿਆ ,”ਹੋਰ ਵੀ ਬਹੁਤ ਕੁੱਝ ਕਿਹਾ ਸੀ ਪਰ ਮੈਂ ਬਾਕੀ ਭੁੱਲ ਗਿਆ ਹਾਂ ਪਰ ਉਸ ਦੇ ਕੌਮ ਨੂੰ ਅਜੇਤੂ ਕਹਿਣ ਦੇ ਲਫ਼ਜ਼ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜ ਰਹੇ ਨੇ”।

ਜਿੰਦਰ ਬਾਬੇ ਦੀ ਗੱਲ ਪੂਰੀ ਹੋਈ ਹੀ ਸੀ ਕਿ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਉਸ ਦੇ ਫੋਨ ਤੋਂ ਆਉਣ ਲੱਗੀ। ਜਿੰਦਰ ਨੇ ਫੋਨ ਵੱਲ ਵੇਖ ਕੇ ਕਿਹਾ,” ਲਓ ਜੀ ਕਰਤਾਰੇ ਬਾਈ ਦਾ ਬਾਹਰੋਂ ਫੋਨ ਆਇਆ ਹੈ”।

ਇਕਦਮ ਸੁੱਨਾਟਾ ਛਾ ਗਿਆ ਘੱਟੋ ਘੱਟ ਪੰਜਾਹ ਸੱਠ ਆਦਮੀਆਂ ਦਾ ਇਕੱਠ ਸੀ ਉਸ ਵਕਤ।
ਜਿੰਦਰ ਬਾਬੇ ਨੇ ਕਰਤਾਰੇ ਬਾਈ ਨੂੰ ਫਤਹਿ ਬੁਲਾਈ ਤੇ ਇਹ ਸਾਰੀ ਗੱਲ ਬਾਤ ਉਸਨੇ ਮੋਬਾਈਲ ਦਾ ਸਪੀਕਰ ਓਨ ਕਰਕੇ ਸਭ ਨੂੰ ਸੁਣਾਈ। ਅਗੋਂ ਗੱੜਕ ਕੇ ਕਰਤਾਰਾ ਬੋਲਿਆ ,” ਕਿਹਾ ਸੀ ਨਾ! ਤੁਸੀਂ ਅਜੇਤੂ ਹੋ ਅਜੇਤੂ,ਓਏ ਅਮਰੀਕਾ, ਕੈਨੇਡਾ,ਇੰਗਲੈਂਡ ਵਾਲੇ ਸਭ ਮੰਨਦੇ ਤੁਹਾਡਾ ਲੋਹਾ”।

ਇਸ ਤੋਂ ਅੱਗੇ ਕੋਈ ਗੱਲ ਸਮਝ ਨਹੀਂ ਪੈ ਰਹੀ ਸੀ ਕਿਉਂਕਿ ਸਭ ਤਾੜੀਆਂ ਮਾਰ ਰਹੇ ਸਨ ਤੇ ਬੋਲੇ ਸੋ ਨਿਹਾਲ, ਸਤਿ ਸ਼੍ਰੀ ਆਕਾਲ ਦੇ ਜੈਕਾਰੇ ਗੂੰਜ ਰਹੇ ਸਨ।

ਜਸਵੰਤ ਸਿੰਘ ਮਜਬੂਰ
(ਫੋਨ ਨੰਬਰ 98722 28500)

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਹੰਕਾਰ ਨਾ ਹੁੰਦਾ’
Next articleਏਹੁ ਹਮਾਰਾ ਜੀਵਣਾ ਹੈ – 103