HOME ਸੇਵਾ ਦੇ ਪੁੰਜ ਤੇ ਪਰਉਪਕਾਰੀ- ਸੰਤ ਬਾਬਾ ਹਰਬੰਸ ਸਿੰਘ ਕਾਰ-ਸੇਵਾ ਵਾਲੇ ...

ਸੇਵਾ ਦੇ ਪੁੰਜ ਤੇ ਪਰਉਪਕਾਰੀ- ਸੰਤ ਬਾਬਾ ਹਰਬੰਸ ਸਿੰਘ ਕਾਰ-ਸੇਵਾ ਵਾਲੇ ਜਾਂ ਪੰਥ ਰਤਨ ਸੰਤ ਬਾਬਾ ਹਰਬੰਸ ਸਿੰਘ ਕਾਰ-ਸੇਵਾ ਵਾਲੇ

21 ਅਪੈ੍ਲ ਨੂੰ ਬਰਸੀ ’ਤੇ ਵਿਸ਼ੇਸ਼
   (ਸਮਾਜ ਵੀਕਲੀ)   ਸਿੱਖ ਧਰਮ ਵਿੱਚ ਦੋ ਪ੍ਰਕਾਰ ਦੀ ਸੇਵਾ ਪ੍ਰਚਲਿਤ ਮੰਨੀ ਜਾਂਦੀ ਹੈ ਭਾਂਡੇ ਮਾਂਜਣ ਦੀ ਸੇਵਾ ਅਤੇ ਜੋੜੇ ਝਾੜਨ ਦੀ ਸੇਵਾ। ਪਰ ਅੱਜ-ਕੱਲ੍ਹ ਕੋਈ ਕਿਸੇ ਪ੍ਰਕਾਰ ਦੀ ਸੇਵਾ ਕਰਦਾ ਹੈ ਤੇ ਕੋਈ ਕਿਸੇ ਪ੍ਰਕਾਰ ਦੀ। ਕੋਈ ਗੁਰਦੁਆਰਿਆਂ, ਮੰਦਰਾਂ, ਮਸਜ਼ਿਦਾਂ ਦੀ ਉਸਾਰੀ ਲਈ ਮਾਇਆ ਦੀ, ਕੋਈ ਲੰਗਰ ਲਈ ਸਬਜ਼ੀ, ਫਲ-ਫਰੂਟ, ਭਾਂਡੇ, ਪੱਖੇ, ਦਰੀਆਂ, ਟਾਟ, ਕੋਈ ਇਮਾਰਤ ਦੀ ਉਸਾਰੀ ਲਈ ਸੀਮਿੰਟ, ਬੱਜਰੀ, ਰੇਤਾ, ਇੱਟਾਂ, ਸਰੀਆ ਆਦਿ ਦੀ ਸੇਵਾ ਕਰਦਾ ਹੈ ਪਰ ਸੰਤ ਬਾਬਾ ਹਰਬੰਸ ਸਿੰਘ ਜੀ ਨੇ ਗੁਰਦੁਆਰਿਆਂ ਦੀਆਂ ਇਮਾਰਤਾਂ, ਸਰੋਵਰਾਂ, ਹੰਸਲੀਆਂ, ਪੁਲਾਂ, ਸਰਾਵਾਂ, ਬਿਲਡਿੰਗਾਂ, ਹਸਪਤਾਲਾਂ, ਵਿੱਦਿਅਕ ਅਦਾਰਿਆਂ ਆਦਿ ਦੀ ਸੇਵਾ ਕੀਤੀ। ਸੰਤ ਬਾਬਾ ਹਰਬੰਸ ਸਿੰਘ ਨੇ ਜੋ ਸੇਵਾ ਕੀਤੀ/ਕਰਵਾਈ, ਇਹ ਭਾਗਾਂ ਨਾਲ ਮਿਲਦੀ ਹੈ। ਸੰਤ ਬਾਬਾ ਹਰਬੰਸ ਸਿੰਘ ਨੇ ਕਾਰ-ਸੇਵਾ ਦਾ ਕੁੰਭ ਜੋ ਚਲਾਇਆ ਹੈ, ਇਹ ਜੁਗਾਂ-ਜੁਗਾਂਤਰਾਂ ਤੱਕ ਚੱਲਦਾ ਰਹੇਗਾ, ਉਹਨਾਂ ਦਾ ਨਾਂ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਦਰਜ਼ ਹੈ।
ਸੰਤ ਬਾਬਾ ਹਰਬੰਸ ਸਿੰਘ ਜੀ ਦਾ ਜਨਮ ਸੰਨ 1920 ਈ: ਵਿੱਚ ਨੂਰਪੁਰ ਥਲ (ਪਾਕਿਸਤਾਨ) ਵਿੱਚ ਪਿਤਾ ਸ੍ਰ: ਆਸਾ ਸਿੰਘ ਦੇ ਗ੍ਰਹਿ ਮਾਤਾ ਧਰਮ ਕੌਰ ਦੇ ਉਦਰ (ਕੁੱਖ) ਤੋਂ ਹੋਇਆ। ਬਾਬਾ ਜੀ ਛੇ ਭਰਾ ਤੇ ਚਾਰ ਭੈਣਾਂ ਸਨ। ਬਾਬਾ ਜੀ ਆਪਣੇ ਭਰਾਵਾਂ ਵਿੱਚੋਂ ਚੌਥੇ ਨੰਬਰ ਤੇ ਸਨ। ਬਾਬਾ ਹਰਬੰਸ ਸਿੰਘ ਜੀ ਦੇ ਨੇੜਲੇ ਸੰਬੰਧੀਆਂ ਮੁਤਾਬਿਕ ਬਾਬਾ ਜੀ ਦਾ ਜਦੋਂ ਜਨਮ ਹੋਇਆ ਤਾਂ ਆਪ ਦੇ ਹੱਥਾਂ ਦੀਆਂ ਉਂਗਲਾਂ ਮੁੜੀਆਂ ਰਹਿੰਦੀਆਂ ਸਨ। ਸੰਨ 1923 ਵਿੱਚੋਂ ਜਦੋਂ ਸ਼੍ਰੀ ਹਰਿਮੰਦਰ ਸਾਹਿਬ ਦੀ ਕਾਰ-ਸੇਵਾ ਹੋਈ ਤਾਂ ਆਪ ਦੇ ਬਜ਼ੁਰਗਾਂ ਨੇ ਉਸ ਕਾਰ-ਸੇਵਾ ਦੀ ਗਾਰ (ਚਿੱਕੜ) ਨੂੰ ਘਰ ਲਿਆ ਕੇ ਬਾਬਾ ਜੀ ਦੇ ਹੱਥਾਂ ਨੂੰ ਲਾਈ ਤਾਂ ਆਪ ਜੀ ਦੀਆਂ ਉਂਗਲਾਂ ਕੁਝ ਦਿਨਾਂ ਵਿੱਚ ਹੀ ਸ਼੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਬਿਲਕੁਲ ਠੀਕ-ਠਾਕ ਹੋ ਗਈਆਂ। ਆਪ ਨੇ ਮੁੱਢਲੀ ਵਿੱਦਿਆ ਚੱਕ ਨੰਬਰ 86, ਜ਼ਿਲ੍ਹਾ ਮਿੰਟਗੁਮਰੀ ਤੋਂ ਪ੍ਰਾਪਤ ਕੀਤੀ। ਆਪ ਅੰਗਰੇਜ਼ੀ ਤੇ ਉਰਦੂ ਵੀ ਚੰਗੀ ਤਰ੍ਹਾਂ ਪੜ੍ਹ ਲੈਂਦੇ ਸਨ। ਬਾਬਾ ਜੀ ਨੇ ਫ਼ੌਜ ਦੀ ਨੌਕਰੀ ਵੀ ਕੀਤੀ। ਕੁਝ ਚਿਰ ਨੌਕਰੀ ਕਰਨ ਉਪਰੰਤ ਫਿਰ ਆਪਣੇ ਕਾਰੋਬਾਰ ਵਿੱਚ ਹੀ ਲੱਗ ਗਏ। ਸੰਤ ਬਾਬਾ ਗੁਰਮੁਖ ਸਿੰਘ ਜੀ ਪਟਿਆਲਾ ਵਾਲੇ 1943 ਵਿੱਚ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸਰੋਵਰ ਦੀ ਸੇਵਾ ਕਰਵਾ ਰਹੇ ਸਨ ਤਾਂ ਆਪ ਨੇ 40 ਦਿਨ ਸੇਵਾ ਕੀਤੀ। ਬਾਬਾ ਗੁਰਮੁਖ ਸਿੰਘ ਜੀ ਨੇ ਪੁੱਛਿਆ, ‘‘ਆਪ ਦਾ ਨਾਮ ਕੀ ਹੈ ? ਆਪ ਨੇ ਦੱਸਿਆ ਹਰੀ ਸਿੰਘ ਤਾਂ ਬਾਬਾ ਗੁਰਮੁਖ ਸਿੰਘ ਕਹਿਣ ਲੱਗੇ, ‘ਭਾਈ ਆਪ ਤਾਂ ਹਰੀ ਕੇ ਬੰਸ ਹੋ।’ ਉਸ ਦਿਨ ਤੋਂ ਬਾਅਦ ਆਪ ਦਾ ਨਾਮ  ‘ਹਰਬੰਸ ਸਿੰਘ’ ਹੋ ਗਿਆ।’’
ਸੰਨ 1947 ਵਿੱਚ ਦੇਸ਼ ਦੀ ਵੰਡ ਤੋਂ ਬਾਅਦ ਆਪ ਪੰਜਾਬ ਆਏ ਤੇ ਆਪ ਜੀ ਦੀ ਸੇਵਾ ਖਡੂਰ ਸਾਹਿਬ ਵਿਖੇ ਬਾਬਾ ਜੀਵਨ ਸਿੰਘ ਕੋਲ ਲੱਗ ਗਈ। ਉੱਥੇ ਆਪ ਨੇ ਲਾਂਗਰੀ ਦੀ ਸੇਵਾ, ਸਟੋਰ-ਕੀਪਰ ਦੀ ਸੇਵਾ, ਗੁਰੂ-ਘਰ ਦੀਆਂ ਇਮਾਰਤਾਂ ਬਣਾਉਣ ਲਈ ਇੱਟਾਂ ਬਣਾਉਣ ਵਾਲੇ ਭੱਠੇ ਦੇ ਪ੍ਰਬੰਧ ਨੂੰ ਸੰਭਾਲਿਆ। ਬਾਬਾ ਹਰਬੰਸ ਸਿੰਘ ਜੀ ਨੇ ਬਾਬਾ ਜੀਵਨ ਸਿੰਘ ਤੇ ਬਾਬਾ ਦਲੀਪ ਸਿੰਘ ਜੀ ਦੀ ਦੇਖ-ਰੇਖ ਵਿੱਚ ਕੁਰੂਕਸ਼ੇਤਰ, ਹਜ਼ੂਰ ਸਾਹਿਬ, ਸ਼ਿਕਾਰ ਘਾਟ, ਤਰਨਤਾਰਨ, ਪਿਹੋਵਾ, ਬਿਬੇਕਸਰ, ਰਾਮਸਰ, ਕੌਲਸਰ, ਸ਼੍ਰੀ ਅੰਮ੍ਰਿਤਸਰ, ਸ਼੍ਰੀ ਸੰਤੋਖਸਰ ਸਾਹਿਬ,  ਗੁਰਦੁਆਰਾ ਨਾਨਕਮਤਾ ਵਿਖੇ ਸਰੋਵਰਾਂ, ਸੜਕਾਂ, ਗੁਦਾਵਰੀ ਪੁਲਾਂ, ਇਮਾਰਤਾਂ ਦੀ ਸੇਵਾ 1973 ਈ: ਤੱਕ ਕਰਵਾਈ। ਬਾਬਾ ਹਰਬੰਸ ਸਿੰਘ ਜੀ, ਬਾਬਾ ਗੁਰਮੁਖ ਸਿੰਘ ਜੀ ਦੇ ਹੁਕਮ ਅਨੁਸਾਰ 60 ਪਾਠ ਜਪੁਜੀ ਸਾਹਿਬ ਦੇ ਰੋਜ਼ਾਨਾ ਕਰਦੇ ਸਨ।
1975 ਈ: ਵਿੱਚ ਗੁਰਦੁਆਰਾ ਮੰਜੀ ਸਾਹਿਬ ਕਰਨਾਲ ਦੀ ਸੇਵਾ ਸ਼ੁਰੂ ਹੋਈ। ਉਹਨਾਂ ਦਿਨਾਂ ਵਿੱਚ ਦਿੱਲੀ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਦੇ ਅਸਥਾਨ ’ਤੇ ਸਰੋਵਰ ਦਾ ਕੰਮ ਕਮੇਟੀ ਨੇ ਠੇਕੇਦਾਰ ਨੂੰ ਠੇਕਾ ਦੇ ਕੇ ਸ਼ੁਰੂ ਕਰਵਾਇਆ ਸੀ। ਬਾਬਾ ਹਰਬੰਸ ਸਿੰਘ ਜੀ ਦੇ ਦਿੱਲੀ ਆਉਣ ਤੇ ਉਹਨਾਂ ਦਿੱਲੀ ਦੇ ਸਾਰੇ ਅਸਥਾਨਾਂ ਦੀ ਨਵ-ਉਸਾਰੀ ਕਰਵਾਈ। ਗੁਰਦੁਆਰਾ ਨਾਨਕ ਪਿਆਓ, ਗੁਰਦੁਆਰਾ ਰਕਾਬ ਗੰਜ ਸਾਹਿਬ, ਗੁਰਦੁਆਰਾ ਮਜਨੂੰ ਟਿੱਲਾ ਸਾਹਿਬ, ਗੁਰਦੁਆਰਾ ਬਾਲਾ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਮੋਤੀ ਬਾਗ਼ ਸਾਹਿਬ, ਗੁਰਦੁਆਰਾ ਮਾਤਾ ਸੁੰਦਰ ਕੌਰ, ਗੁਰਦੁਆਰਾ ਸ਼ਹੀਦੀ ਅਸਥਾਨ ਬਾਬਾ ਬੰਦਾ ਸਿੰਘ ਬਹਾਦਰ, ਗੁਰਦੁਆਰਾ ਦਮਦਮਾ ਸਾਹਿਬ ਵਿਖੇ ਨਵੀਂ ਬਿਲਡਿੰਗਾਂ, ਸਰੋਵਰਾਂ, ਹਸਪਤਾਲਾਂ, ਦੀਵਾਨ ਹਾਲ, ਰਿਹਾਇਸ਼ੀ ਕਾਲੋਨੀਆਂ, ਸਰਾਵਾਂ, ਕਾਰ-ਪਾਰਕਿੰਗ, ਪਰਕਰਮਾ ਦੀ ਉਸਾਰੀ ਕੀਤੀ। ਇੱਥੇ ਸੇਵਾ ਕਰਦਿਆਂ ਹੀ ਆਪ ਦੇ ਨਾਂਅ ਨਾਲ ‘ਕਾਰ-ਸੇਵਾ ਦਿੱਲੀ ਵਾਲੇ’ ਸ਼ਬਦ ਜੁੜ ਗਿਆ।
ਬਾਬਾ ਹਰਬੰਸ ਸਿੰਘ ਜੀ ਨੇ 1977 ਵਿੱਚ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਸਰਹਿੰਦ, 1980 ਵਿੱਚ ਤਖ਼ਤ ਪਟਨਾ ਸਾਹਿਬ ਵਿਖੇ ਗੁਰਦੁਆਰਾ ਗਉੂਘਾਟ, ਸਰੋਵਰ, ਗੁਰੂ ਕਾ ਬਾਗ਼, 1981 ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੇ ਸਰੋਵਰ ਅਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਦੀਵਾਨ ਹਾਲ ਦੀ ਸੇਵਾ, 1990 ਵਿੱਚ ਖ਼ਾਲਸੇ ਦੇ ਸਾਜਣਾ ਦਿਵਸ ’ਤੇ 300 ਕਮਰਿਆਂ ਦੀ ਸਰਾਂ 14 ਮਹੀਨਿਆਂ ਵਿੱਚ ਤਿਆਰ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤੀ। ਬਾਬਾ ਜੀ ਨੇ ਗੁਰਦੁਆਰਾ ਚਰਨ ਕੰਵਲ ਸਾਹਿਬ ਮਾਛੀਵਾੜਾ (ਲੁਧਿਆਣਾ), ਗੁਰਦੁਆਰਾ ਮੰਜੀ ਸਾਹਿਬ ਅੰਬਾਲਾ (ਹਰਿਆਣਾ), ਗੁਰਦੁਆਰਾ ਪੰਜੋਖਰਾ ਸਾਹਿਬ (ਹਰਿਆਣਾ), ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ), ਗੁਰਦੁਆਰਾ ਕੋਟ ਸ਼ਮੀਰ ਪਾਤਸ਼ਾਹੀ ਦਸਵੀਂ (ਬਠਿੰਡਾ), ਗੁਰਦੁਆਰਾ ਸੂਲੀਸਰ ਪਾਤਸ਼ਾਹੀ ਨੌਵੀਂ, ਗੁਰਦੁਆਰਾ ਪਾਤਸ਼ਾਹੀ ਨੌਵੀਂ ਕੱਟੂ (ਬਰਨਾਲਾ), ਗੁਰਦੁਆਰਾ ਹੰਡਿਆਇਆ (ਬਰਨਾਲਾ), ਗੁਰਦੁਆਰਾ ਟਿੱਬੀ ਸਾਹਿਬ (ਮੁਕਤਸਰ), ਗੁਰਦੁਆਰਾ ਸ਼ਹੀਦ ਗੰਜ (ਮੁਕਤਸਰ), ਗੁਰਦੁਆਰਾ ਗੁਰੂ ਕਾ ਢਾਬ ਪਾਤਸ਼ਾਹੀ ਦਸਵੀਂ (ਫ਼ਰੀਦਕੋਟ), ਗੁਰਦੁਆਰਾ ਪਾਤਸ਼ਾਹੀ ਦਸਵੀਂ ਭਗਤਾ ਭਾਈ ਕਾ (ਬਠਿੰਡਾ), ਗੁਰਦੁਆਰਾ ਪਾਤਸ਼ਾਹੀ ਦਸਵੀਂ ਬਾਜਾਖਾਨਾ (ਫ਼ਰੀਦਕੋਟ), ਗੁਰਦੁਆਰਾ ਪਾਤਸ਼ਾਹੀ ਛੇਵੀਂ ਨਥਾਣਾ (ਬਠਿੰਡਾ), ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਰਾਜ (ਬਠਿੰਡਾ), ਗੁਰਦੁਆਰਾ ਲੱਖੀ-ਜੰਗਲ (ਬਠਿੰਡਾ), ਗੁਰਦੁਆਰਾ ਹਾਜੀ ਰਤਨ ਪਾਤਸ਼ਾਹੀ ਦਸਵੀਂ (ਬਠਿੰਡਾ), ਗੁਰਦੁਆਰਾ ਦੀਨਾ ਕਾਂਗੜ (ਬਠਿੰਡਾ), ਗੁਰਦੁਆਰਾ ਗਉੂਘਾਟ ਪਾਤਸ਼ਾਹੀ ਪਹਿਲੀ (ਲੁਧਿਆਣਾ), ਗੁਰਦੁਆਰਾ ਟਾਹਲੀਆਣਾ ਰਾਏਕੋਟ (ਬਰਨਾਲਾ), ਗੁਰਦੁਆਰਾ ਆਲਮਗੀਰ ਪਾਤਸ਼ਾਹੀ ਦਸਵੀਂ (ਲੁਧਿਆਣਾ), ਗੁਰਦੁਆਰਾ ਚਮਕੌਰ ਸਾਹਿਬ (ਰੋਪੜ) ਦੀ ਸੇਵਾ ਕਰਵਾਈ। ਬਾਬਾ ਹਰਬੰਸ ਸਿੰਘ ਜੀ ਨੇ ਕਾਸ਼ੀਪੁਰ, ਨਾਨਕਪੁਰੀ, ਟਾਂਡਾ, ਰੁਹੇਲਖੰਡ, ਉਤਰਾਂਚਲ, ਗੁਰਦੁਆਰਾ ਛੇਵੀਂ ਪਾਤਸ਼ਾਹੀ ਪੀਲੀਭੀਤ, ਕੋੜੀਆਲਾ ਘਾਟ, ਗੁਰਦੁਆਰਾ ਰੀਠਾ ਸਾਹਿਬ, ਬਰੇਲੀ, ਅਯੁੱਧਿਆ, ਮਥੁਰਾ, ਵਿੰਦ੍ਰਾਵਨ ਵਿੱਚ ਵੀ ਸੇਵਾ ਕਰਵਾਈ ਜੋ ਅੱਜ ਵੀ ਚੱਲ ਰਹੀ ਹੈ। ਬਾਬਾ ਹਰਬੰਸ ਸਿੰਘ ਜੀ ਸਿਰਫ਼ ਸੇਵਾ, ਭਜਨ ਨੂੰ ਹੀ ਮੁੱਖ ਰੱਖਦੇ ਸਨ। ਉਹਨਾਂ ਕਾਰ-ਸੇਵਾ ਰਾਹੀਂ ਜਿੱਥੇ ਗੁਰੂ ਦੇ ਅਸਥਾਨ ਬਣਵਾਏ, ਉੱਥੇ ਨਾਲ ਹੀ ਵਿੱਦਿਆ ਦੇ ਖੇਤਰ ਵਿੱਚ ਵੀ ਵਿਸ਼ੇਸ਼ ਯੋਗਦਾਨ ਪਾਇਆ।
ਬਾਬਾ ਹਰਬੰਸ ਸਿੰਘ ਜੀ ਗੁਰਸਿੱਖਾਂ ਨੂੰ ਗੁਰੂ ਵਾਲੇ ਬਣਨ ਦੀ ਪ੍ਰੇਰਨਾ ਵੀ ਦਿੰਦੇ ਸਨ। ਬਾਬਾ ਜੀ ਮੱਥਾ ਨਹੀਂ ਟਿਕਾਉਂਦੇ ਸਨ ਤੇ ਨਾ ਹੀ ਪੈਰੀਂ ਹੱਥ ਲਵਾਉਂਦੇ ਸਨ। ਉਹ ਕਹਿੰਦੇ ਸਨ ਕਿ ਗੁਰੂ ਦੀ ਬਖ਼ਸ਼ੀ ਹੋਈ ‘ਫ਼ਤਹਿ’ ਬੁਲਾਇਆ ਕਰੋ। ਗੁਰੂ ਦੇ ਸੇਵਕ ਬਣ ਕੇ ਰਹੋ, ਜੇ ਗੁਰੂ ਦੀ ਖ਼ੁਸ਼ੀ ਪ੍ਰਾਪਤ ਕਰਨੀ ਹੈ। ਸੇਵਾ ਦੇ ਪੁੰਜ ਬਾਬਾ ਹਰਬੰਸ ਸਿੰਘ ਜੀ ਕਾਰ-ਸੇਵਾ ਵਾਲੇ 21 ਅਪੈ੍ਲ 2011 ਈ: ਦਿਨ ਵੀਰਵਾਰ ਨੂੰ 91 ਸਾਲ ਦੀ ਉਮਰ ਬਤੀਤ ਕਰਕੇ ਸੱਚ-ਖੰਡ ਜਾ ਬਿਰਾਜੇ। 20 ਮਾਰਚ 2012 ਈ: ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਤ ਬਾਬਾ ਹਰਬੰਸ ਸਿੰਘ ਜੀ ਕਾਰ-ਸੇਵਾ ਦਿੱਲੀ ਵਾਲਿਆਂ ਨੂੰ ਮਰਨ ਉਪਰੰਤ ‘ਪੰਥ ਰਤਨ’ ਦਾ ਸਨਮਾਨ ਦਿੱਤਾ ਗਿਆ। ਸੇਵਾਪੰਥੀ ਸੰਪਰਦਾਇ ਦੇ ਪ੍ਰਮੁੱਖ ਸੇਵਾ ਕੇਂਦਰ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ, ਗੋਨਿਆਣਾ ਭਾਈ ਜਗਤਾ (ਬਠਿੰਡਾ) ਵਿਖੇ ਮਹੰਤ ਕਾਹਨ ਸਿੰਘ ਜੀ ‘ਸੇਵਾਪੰਥੀ’ ਵੱਲੋਂ ਅੱਠਵਾਂ ‘ਭਾਈ ਕਨੱਈਆ ਐਵਾਰਡ’ ਗੁਰਪੁਰਵਾਸੀ ਸੰਤ ਬਾਬਾ ਹਰਬੰਸ ਸਿੰਘ ਜੀ ਕਾਰ-ਸੇਵਾ ਦਿੱਲੀ ਵਾਲਿਆਂ ਦੇ ਉਤਰਾਧਿਕਾਰੀ ਸੰਤ ਬਾਬਾ ਬਚਨ ਸਿੰਘ ਜੀ ਨੂੰ 15 ਜਨਵਰੀ 2012 ਈ: ਵਿੱਚ ਸ੍ਰ: ਜਸਪਾਲ ਸਿੰਘ ਜੀ ਦਿੱਲੀ ਵਾਲਿਆਂ ਨੇ ਪ੍ਰਦਾਨ ਕੀਤਾ। ਇਸ ਐਵਾਰਡ ਵਿੱਚ ਇੱਕ ਲੱਖ ਰੁਪਏ ਨਕਦ, ਸਿਰੋਪਾਓ, ਪ੍ਰਮਾਣ-ਪੱਤਰ, ਮੋਮੈਂਟੋ ਦਿੱਤਾ ਗਿਆ।

ਕਰਨੈਲ ਸਿੰਘ ਐੱਮ.ਏ. ਲੁਧਿਆਣਾ
Previous articleਬਾਲ ਕਹਾਣੀ: ਪਛਤਾਵੇਂ ਦਾ ਅਹਿਸਾਸ
Next articleਹੋਂਦ ਚਿੱਲੜ ਸਮੇਤ ਹਰਿਆਣਾ ਦੇ ਵੱਖ-ਵੱਖ ਥਾਵਾਂ ਤੋਂ 1984 ਸਿੱਖ ਕਤਲੇਆਮ ਦੇ ਪੀੜਤ ਪ੍ਰੀਵਾਰਾਂ ਨੇ ਭਾਈ ਘੋਲੀਆ ਦੀ ਅਗਵਾਈ ਵਿੱਚ ਜਥੇਦਾਰ ਦਾਦੂਵਾਲ ਨੂੰ ਦਿੱਤਾ ਮੰਗ ਪੱਤਰ