ਸੁਰਜੀਤ ਸਿੰਘ ਫਲੋਰਾ

(ਸਮਾਜ ਵੀਕਲੀ) ਹਰ ਰੋਜ਼, ਸਵੇਰੇ ਬਹੁਤ ਤੜਕੇ, ਪੀਤੂ ਆਪਣੇ ਪਰਿਵਾਰ ਦੀਆਂ ਗਾਂਵਾਂ -ਮੱਝਾ ਨੂੰ ਆਪਣੇ ਪਿੰਡ ਦੇ ਨੇੜੇ ਢਾਬ ਵਾਲੇ ਜੰਗਲ ਦੇ ਹਰੇ-ਭਰੇ ਚਰਾਗਾਹਾਂ ਵਿੱਚ ਚਰਾਉਣ ਲਈ ਲੈ ਜਾਂਦਾ ਸੀ। ਫਿਰ ਸ਼ਾਮ ਵੇਲੇ ਉਹ ਪਸ਼ੂਆਂ ਨੂੰ ਵਾਪਸ ਘਰ ਲਿਆਉਂਦਾ ਅਤੇ ਉਹਨਾਂ ਦੇ ਵਾੜੇ ਵਿੱਚ ਬੰਨ੍ਹ ਦਿੰਦਾ ਸੀ। ਪਰ ਇੱਕ ਦਿਨ ਪੀਤੂ ਇਸ ਰੋਜ਼ਾਨਾ ਦੇ ਕੰਮ ਤੋਂ ਉੱਕਤਾ ਗਿਆ। ਉਹ ਇੱਕ ਕਿੱਕਰ ਦੇ ਰੁੱਖ ਦੀ ਛਾਂ ਹੇਠ ਬੈਠਾ ਪਸ਼ੂਆਂ ਨੂੰ ਚਰਦਾ ਵੇਖ ਰਿਹਾ ਸੀ, ਤਾਂ ਉਸਦੇ ਮਨ ਵਿੱਚ ਖਿਆਲ ਆਇਆ ਕਿ ਜੇ ਨੇੜੇ ਵਾਲੀਆਂ ਝਾੜੀਆਂ ਵਿੱਚੋਂ ਕੋਈ ਜਾਨਵਰ ਨਿਕਲ ਆਵੇ ਅਤੇ ਪਸ਼ੂਆਂ ਉੱਤੇ ਹਮਲਾ ਕਰ ਦੇਵੇ, ਤਾਂ ਉਹ ਕੀ ਕਰੇਗਾ।
ਪੀਤੂ ਨੂੰ ਆਪਣੇ ਪਿਤਾ ਦੀ ਗੱਲ ਯਾਦ ਆਈ। ਪਿਤਾ ਨੇ ਕਿਹਾ ਸੀ ਕਿ ਜੇ ਕਿਸੇ ਜੰਗਲੀ ਜਾਨਵਰ ਨੇ ਪਸ਼ੂਆਂ ਉੱਤੇ ਹਮਲਾ ਕੀਤਾ ਹੋਵੇ, ਤਾਂ ਤੁਰੰਤ ਮਦਦ ਲਈ ਆਵਾਜ਼ ਮਾਰਨੀ ਚਾਹੀਦੀ ਹੈ। ਇਹ ਸੋਚ ਕੇ ਪੀਤੂ ਦੇ ਮਨ ਵਿੱਚ ਸ਼ਰਾਰਤ ਜਾਗ ਪਈ। ਉਸਨੇ ਆਪਣੇ ਆਪ ਨਾਲ ਮੰਨ ਹੀ ਮੰਨ ਕਿਹਾ, “ਜੇ ਮੈਂ ਚੀਕ ਮਾਰ ਦਿਆਂ ਕਿ ਪਸ਼ੂਆਂ ਉੱਤੇ ਜੰਗਲੀ ਜਾਨਵਰ ਨੇ ਹਮਲਾ ਕਰ ਦਿੱਤਾ ਹੈ, ਤਾਂ ਕੀ ਹੋਵੇਗਾ? ਚਲਉ ਵੇਖੀਏ। ਪਿੰਡ ਦੇ ਮਰਦਾਂ ਨੂੰ ਮੇਰੀ ਮਦਦ ਲਈ ਦੌੜਦਾ ਦੇਖਣਾ ਬਹੁਤ ਮਜ਼ੇਦਾਰ ਹੋਵੇਗਾ।”
ਨੇੜੇ ਕਿਤੇ ਕੋਈ ਜੰਗਲੀ ਜਾਨਵਰ ਨਹੀਂ ਸੀ। ਫਿਰ ਵੀ ਪੀਤੂ ਪਿੰਡ ਵੱਲ ਮੂੰਹ ਕਰਦੇ ਇੱਕ ਟਿੱਬੇ ਉੱਤੇ ਚੜ੍ਹ ਗਿਆ ਅਤੇ ਆਪਣੀ ਪੂਰੀ ਤਾਕਤ ਨਾਲ ਚੀਕਣ ਲੱਗ ਪਿਆ, “ਬਚਾਉ – ਬਚਾਉ! ਸ਼ੇਰ ! ਸ਼ੇਰ!” ਜਿਵੇਂ ਉਸਨੇ ਸੋਚਿਆ ਸੀ, ਤਿਵੇਂ ਹੀ ਹੋਇਆ। ਮਦਦ ਦੀ ਪੁਕਾਰ ਸੁਣਦੇ ਹੀ ਪਿੰਡ ਵਾਲਿਆਂ ਨੇ ਆਪਣੇ ਹਥਿਆਰ, ਡੰਡੇ ਕਿਰਪਾਨਾ ਚੁੱਕੇ ਅਤੇ ਜੰਗਲ ਵੱਲ ਦੌੜ ਪਏ। ਕੁਝ ਲੋਕਾਂ ਦੇ ਹੱਥ ਵਿੱਚ ਮੋਟੇ ਡੰਡੇ ਸਨ, ਕੁਝ ਨੇ ਧਨੁੱਸ਼ ਤੇ ਤੀਰ ਚੁੱਕੇ ਹੋਏ ਸਨ। ਸਭ ਸ਼ੇਰ ਨੂੰ ਭਜਾਉਣ ਲਈ ਤਿਆਰ ਸਨ।
ਪਰ ਜਦੋਂ ਉਹ ਉੱਥੇ ਪਹੁੰਚੇ ਜਿੱਥੇ ਪੀਤੂ ਦੇ ਪਸ਼ੂ ਚਰ ਰਹੇ ਸਨ, ਉਨ੍ਹਾਂ ਨੂੰ ਕੋਈ ਸ਼ੇਰ ਨਹੀਂ ਦਿੱਸਿਆ। ਇਸ ਦੀ ਥਾਂ ਪੀਤੂ ਹੱਸ- ਹੱਸ ਕੇ ਲੋਟਪੋਟ ਹੋ ਰਿਹਾ ਸੀ। ਉਹ ਨਿਰਾਸ਼ ਪਿੰਡ ਵਾਸੀਆਂ ਨੂੰ ਕਹਿਣ ਲੱਗਾ, “ਹਾ – ਹਾ, ਤੁਸੀਂ ਵੱਡੇ-ਵੱਡੇ ਮਰਦ ਹੋ ਕੇ ਵੀ ਇੰਨੇ ਆਸਾਨੀ ਨਾਲ ਠੱਗੇ ਗਏ। ਮੈਨੂੰ ਨਹੀਂ ਸੀ ਪਤਾ ਕਿ ਤੁਹਾਨੂੰ ਐਨਾ ਸੌਖਾ ਮੂਰਖ ਬਣਾਇਆ ਜਾ ਸਕਦਾ ਹੈ।”
ਉਸਦੇ ਪਿਤਾ ਨੇ ਝੂਠਾ ਸੱਦਾ ਦੇਣ ਲਈ ਪੀਤੂ ਨੂੰ ਡਾਂਟਿਆ। ਫਿਰ ਵੀ ਪੀਤੂ, ਜੋ ਸੁਭਾਵ ਤੋਂ ਹੀ ਸ਼ਰਾਰਤੀ ਸੀ, ਇਸ ਗੱਲ ਵਿੱਚ ਮਜ਼ਾ ਹੀ ਲੈਂਦਾ ਰਿਹਾ। ਕੁਝ ਦਿਨ ਬਿਨਾ ਕਿਸੇ ਘਟਨਾ ਦੇ ਲੰਘ ਗਏ। ਫਿਰ ਇੱਕ ਤਪਦੀ ਦੁਪਹਿਰ ਨੂੰ ਪੀਤੂ ਨੂੰ ਆਪਣੀ ਪਹਿਲੀ ਚਾਲ ਯਾਦ ਆ ਗਈ, ਅਤੇ ਉਸਨੇ ਦੁਬਾਰਾ ਮਦਦ ਲਈ ਚੀਕ ਮਾਰਣ ਦਾ ਫੈਸਲਾ ਕਰ ਲਿਆ। ਇੱਕ ਵਾਰੀ ਫਿਰ ਪਿੰਡ ਵਾਲੇ ਉਸਦੀ ਮਦਦ ਲਈ ਦੌੜੇ ਆਏ। ਅਤੇ ਇੱਕ ਵਾਰੀ ਫਿਰ ਪੀਤੂ ਉਨ੍ਹਾਂ ਉੱਤੇ ਹੱਸਣ ਲੱਗ ਪਿਆ।
ਪੀਤੂ ਦੇ ਇਸ ਮਾੜੇ ਵਰਤਾਰੇ ਨਾਲ ਪਿੰਡ ਵਾਲੇ ਦੁਖੀ ਹੋ ਗਏ। ਉਹ ਸ਼ਰਮ ਨਾਲ ਸਿਰ ਝੁਕਾਏ ਮੁੜ ਪਿੰਡ ਵੱਲ ਚਲੇ ਗਏ। ਇਸ ਵਾਰ ਉਹ ਸਿਰਫ ਠੱਗੇ ਨਹੀਂ ਗਏ ਸਨ, ਸਗੋਂ ਉਨ੍ਹਾਂ ਦੇ ਭਰੋਸੇ ਨਾਲ ਵੀ ਮਜਾਕ ਹੋਇਆ ਸੀ।
ਫਿਰ ਇੱਕ ਸ਼ਾਮ, ਜਦੋਂ ਡੁੱਬਦਾ ਸੂਰਜ ਜੰਗਲ ਦੇ ਉੱਚੇ ਦਰੱਖਤਾਂ ਢਲ ਰਿਹਾ ਸੀ, ਪੀਤੂ ਪਸ਼ੂਆਂ ਨੂੰ ਘਰ ਵਾਪਸ ਲੈ ਜਾਣ ਲੱਗਾ। ਅਚਾਨਕ ਝਾੜੀਆਂ ਵਿੱਚੋਂ ਕੁਝ ਵੱਡੇ ਸ਼ੇਰ ਛਾਲ ਮਾਰ ਕੇ ਬਾਹਰ ਆਏ ਅਤੇ ਪਸ਼ੂਆਂ ਉੱਤੇ ਟੁੱਟ ਪਏ । ਪੀਤੂ ਡਰ ਨਾਲ ਕੰਬ ਉੱਠਿਆ। ਉਹ ਪਿੰਡ ਵੱਲ ਦੌੜਿਆ ਅਤੇ ਚੀਕਣ ਲੱਗ ਪਿਆ, “ਬਚਾਉ- ਬਚਾਉ ! ਸ਼ੇਰ! ਸ਼ੇਰ!”
ਪਿੰਡ ਵਾਲਿਆਂ ਨੇ ਉਸਦੀ ਆਵਾਜ਼ ਸੁਣੀ, ਪਰ ਇਸ ਵਾਰ ਕੋਈ ਵੀ ਉਸਦੀ ਮਦਦ ਲਈ ਨਹੀਂ ਦੌੜਿਆ। ਇੱਕ ਆਦਮੀ ਨੇ, ਜਦੋਂ ਉਹ ਹੋਰ ਲੋਕਾਂ ਨਾਲ ਬੈਠਾ ਗੋਟੀਆਂ ਦੀ ਖੇਡ ਖੇਡ ਰਿਹਾ ਸੀ, ਕਿਹਾ, “ਸੁਣਦੇ ਹੋ, ਇਹ ਮੁੰਡਾ ਫਿਰ ਸਾਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।”
ਸ਼ੇਰਾਂ ਨੇ ਕਈ ਬੱਕਰਿਆਂ ਅਤੇ ਭੇੜਾਂ ਨੂੰ ਮਾਰ ਦਿੱਤਾ। ਫਿਰ ਉਹ ਇੱਕ ਮਰੀ ਹੋਈ ਭੇਡ ਨੂੰ ਘਸੀਟਦੇ ਹੋਏ ਝਾੜੀਆਂ ਵਿੱਚ ਲੈ ਗਏ , ਤਾਂ ਜੋ ਉਸਨੂੰ ਉੱਥੇ ਖਾ ਸਕਣ। ਉਸ ਸ਼ਾਮ ਪੀਤੂ ਨੇ ਕਠੋਰ ਸਬਕ ਸਿੱਖਿਆ। ਜੋ ਲੋਕ ਝੂਠ ਬੋਲਦੇ ਹਨ, ਉਨ੍ਹਾਂ ਉੱਤੇ ਵਿਸ਼ਵਾਸ ਨਹੀਂ ਕੀਤਾ ਜਾਂਦਾ, ਭਾਵੇਂ ਉਹ ਕਿਸੇ ਦਿਨ ਸੱਚ ਹੀ ਕਿਉਂ ਨਾ ਬੋਲਣ ‘ਤੇ ਉਹ ਆਪਣਿਆਂ ਲੱਤਾਂ ਵਿੱਚਕਾਰ ਸਿਰ ਦੇ ਕੇ ਉੱਚੀ ਉੱਚੀ ਰੌਣ ਲੱਗ ਪਿਆ ਤੇ ਆਪਣੇ ਆਪ ਨੂੰ ਕੋਸਣ ਲੱਗਾ ਤੇ ਪਛਤਾਵੇਂ ਦਾ ਅਹਿਸਾਸ ਕਰਨ ਲੱਗਾ ਪਰ ਜਿਸ ਨੂੰ ਬਹੁਤ ਦੇਰ ਹੋ ਚੁੱਕੀ ਸੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


