ਰੋਮੀ ਘੜਾਮਾਂ
(ਸਮਾਜ ਵੀਕਲੀ) ਅਖੌਤੀ ਆਜ਼ਾਦੀ ਦੇ ਸਾਲ 1947 ਤੋਂ 10 ਕੁ ਬਾਅਦ ਬਾਅਦ, ਉਦੋਂ ਹੋਈ ਵੱਢ-ਟੁੱਕ ਨਾਲ਼ ਸਭ ਤੋਂ ਵੱਧ ਝੰਬੇ ਪੰਜਾਬ ਦੇ ਹਾਲਾਤ ਕੁੱਝ ਕੁ ਸੁਖਾਵੇਂ ਹੋਣੇ ਸ਼ੁਰੂ ਹੋਏ। ਖਾਸਕਰ ਪਿੰਡਾ ਵਿੱਚ ਮੇਲੇ, ਛਿੰਝਾਂ, ਅਖਾੜੇ ਲੱਗਣ ਅਤੇ ਤਮਾਸ਼ੇ ਵਗੈਰਾ ਕਰਨ ਵਾਲ਼ਿਆਂ ਦਾ ਆਉਣਾ ਦੁਬਾਰਾ ਸ਼ੁਰੂ ਹੋਣ ਲੱਗਾ। ਇਹਨਾਂ ਹੀ ਦਿਨਾਂ ਦੀ ਗੱਲ ਹੈ ਕਿ ਹਰਿਆਣੇ ਦੀ ਸਰਹੱਦ ਤੋਂ ਪਹਿਲਾਂ ਪੰਜਾਬ ਦੇ ਆਖਰੀ ਤੇ ਉਜਾੜ ਜਿਹੇ ਨਿੱਕੇ ਰੇਲਵੇ ਸਟੇਸ਼ਨ ਸ਼ੰਭੂ ‘ਤੇ ਪੈਸੇਂਜਰ ਗੱਡੀ ਰੁਕੀ। ਜਿਸ ਵਿੱਚੋਂ ਇੱਕ 22-23 ਕੁ ਸਾਲਾਂ ਦਾ ਨੌਜਵਾਨ ਬੈਗ ਚੁੱਕੀਂ ਉਤਰਿਆ। ਉਤਰਨ ਸਾਰ ‘ਕੇਰਾਂ ਤਾਂ ਉਸਨੇ ਅਣਜਾਣਾਂ ਵਾਂਗ ਇੱਧਰ-ਉੱਧਰ ਵੇਖਿਆ ਪਰ ਯਕਦਮ ਕਿਸੇ ਰੋਜ਼ ਦੇ ਜਾਣਕਾਰ ਵਾਂਗ ਲੰਮੀਆਂ ਪੁਲਾਘਾਂ ਪੁੱਟਦਾ ਹੋਇਆ ਮੁੱਖ ਸੜਕ ਵੱਲ ਜਾਂਦੇ ਕੱਚੇ ਰਾਹ ‘ਤੇ ਪੈ ਗਿਆ ਅਤੇ ਮੁਗਲ ਸਰਾਏ, ਨੌਸ਼ਹਿਰਾ, ਸ਼ੰਭੂ ਤੇ ਨਨਹੇੜਾ ਪਿੰਡਾਂ ਨੂੰ ਪਾਰ ਕਰਦਾ ਪਿੰਡ ਘੜਾਮਾਂ ਜਾ ਪੁੱਜਾ। ਫਿਰ ਪਿੰਡੋ ਬਾਹਰ ਇੱਕ ਪੁਰਾਣੀ ਨਾਨਕਸ਼ਾਹੀ ਇੱਟਾਂ ਦੀ ਢਹਿ ਢੇਰੀ ਹੋ ਚੁੱਕੀ ਇਮਾਰਤ ਕੋਲ਼ ਪਹੁੰਚ ਕੇ ਨੇੜੇ ਚੱਲ ਰਹੇ ਖੂਹ ‘ਤੇ ਹੱਥ-ਮੂੰਹ ਧੋਤੇ ਅਤੇ ਆਪਣਾ ਬੈਗ ਖੋਲ੍ਹ ਕੇ ਸਮਾਨ ਖਿਲਾਰ ਲਿਆ। ਵੇਖਦੇ ਹੀ ਵੇਖਦੇ ਉਸ ਆਪਣਾ ਹਾਰ-ਸ਼ਿੰਗਾਰ ਲਗਾਇਆ ਅਤੇ ਭਗਵਾਨ ਹਨੂੰਮਾਨ ਦਾ ਰੂਪ ਧਾਰਨ ਕਰ ਲਿਆ। ਸਮਾਨ ਨੂੰ ਇੱਕ ਪਾਸੇ ਸਾਂਭ ਅਤੇ ਲੁਕਵਾਂ ਹੋਣਾ ਯਕੀਨੀ ਬਣਾ ਕੇ ਪਿੰਡ ਵੱਲ ਤੁਰ ਪਿਆ।
ਪਹਿਲੀ ਹੀ ਗਲੀ ਵਿੱਚ ਵੜਦਿਆਂ ਮਿਲੀ ਨਿਆਣਿਆਂ ਦੀ ਟੋਲੀ “ਨਕਲੀਆ ਆਇਆ ਉਏ ਨਕਲੀਆ ਆਇਆ” ਦੀ ਰੋਲ਼ੀ ਪਾਉਂਦੀ ਉਸਦੇ ਮਗਰ ਚੱਲ ਪਈ। ਇੱਲਤੀ ਕਿਸਮ ਉਹਦੀ ਪੂਛ ਨਾਲ਼ ਪੰਗੇ ਲੈਂਦੀ ਤੇ ਹੋਰ ਸ਼ਰਾਰਤਾਂ ਕਰਨ ਲੱਗੀ। ਨਕਲੀਆ ਬੂਹੇ ਦਰ ਬੂਹੇ ਪਹੁੰਚ “ਜੈ.. ਸ਼੍ਰੀ ਰਾਮ” ਦਾ ਨਾਹਰਾ ਲਾਉਂਦਾ ਅਤੇ ਬਾਰ ਖੋਲਣ ਵਾਲੇ ਵੱਲ ਆਸ਼ੀਰਵਾਦ ਦੇਣ ਵਾਂਗ ਹੱਥ ਕਰ ਅੱਗੇ ਤੁਰ ਪੈਂਦਾ। ਇੱਦਾਂ ਕਾਹਲੀ ਕਾਹਲੀ ਤੁਰਦਿਆਂ ਅੱਗੇ ਨਿਹਾਲ ਸਿੰਹੁ ਸੀ ਦੀ ਹਵੇਲੀ (ਡੰਗਰਾਂ-ਪਸ਼ੂਆਂ ਲਈ ਖੁੱਲ੍ਹਾ ਵਾੜਾ) ਆ ਗਈ। ਜਿਸ ਦੇ ਨੇੜੇ ਪਹੁੰਚਦਿਆਂ ਹੀ ਉਸ ਦੀ ਚਾਲ ਆਮ ਨਾਲ਼ੋਂ ਮੱਠੀ ਪੈ ਗਈ। ਖੁੱਲ੍ਹੇ ਗੇਟ ਦੇ ਸਾਹਮਣੇ ਹੀ ਵੱਡੀ ਪਿਲਕਣ ਦੀ ਛਾਵੇਂ ਮੰਜੇ ‘ਤੇ ਚਿੱਟੇ ਕੁੜਤੇ-ਪਜਾਮੇ ਅਤੇ ਸਾਫੇ ਨਾਲ਼ ਸਜੇ ਬੈਠੇ ਬਜ਼ੁਰਗ (ਨਿਹਾਲ ਸਿੰਘ) ਨੂੰ ਉਸ ਜ਼ੋਰ ਦੀ ਆਖਿਆ “ਸਤ ਸ਼੍ਰੀ ਅਕਾਲ ਬਾਬਾ ਜੀ।” “ਸਤਿ ਸ੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ” ਬਾਬੇ ਨੇ ਮੁਸਕੁਰਾਉਂਦੇ ਚਿਹਰੇ ਨਾਲ਼ ਮੋੜਵਾਂ ਜਵਾਬ ਦਿੱਤਾ ਤੇ ਮਜ਼ਾਕੀਆ ਲਹਿਜੇ ਵਿੱਚ ਦੁਬਾਰਾ ਬੋਲਿਆ “ਆਹ ਭਗਵਾਨ ਹਨੂਮਾਨ ਤੇ ਸਤਿ ਸ਼੍ਰੀ ਅਕਾਲ ਦਾ ਕੀ ਮੇਲ ਹੋਇਆ ਬਈ।” “ਰੱਬ ਸੱਚੇ ਨੇ ਤਾਂ ਸੱਭੇ ਈ ਬੰਦਿਆਂ ਨੂੰ ਇੱਕੋ ਈ ਮੇਲ ਦੇ ਬਣਾ ਕੇ ਘੱਲਿਆ ਜੇ ਬਾਬਾ ਜੀ ਪਰ ਆਹ ਜ਼ੁਬਾਨਾ, ਰੰਗਾ, ਮਜ੍ਹਬਾਂ, ਜਾਤਾਂ ਦੇ ਵਖਰੇਵੇਂ ਤਾਂ ਆਪ ਈ ਸ੍ਹੇੜ ਛੱਡੇ ਨੇ ਆਪਾਂ ਸਾਰਿਆਂ ਈ।” ਗੱਲ ਅੱਗੇ ਤੋਰਦਿਆਂ ਨਕਲੀਏ ਨੇ ਇੱਕ ਇੱਟ ਚੁੱਕੀ ਤੇ ਮੰਜੇ ਦੇ ਕੋਲ਼ ਹੀ ਬੈਠ ਗਿਆ। “ਉਏ ਤੂੰ ਤਾਂ ਪਤਿਉਰਿਆ ਜਮ੍ਹਾ ਈ ਹਾਅਡੀ ਬੋਲੀ ਵਿੱਚ ਗੱਲ ਪਿਆ ਕਰਨੈ, ਕਿੱਧਰੂੰ ਆਉਣਾ ਹੋਇਆ ਭਲਾਂ?” ਬਾਬੇ ਨੇ ਸਵਾਲ ਕੀਤਾ। “ਪਤੇ, ਟਿਕਾਣੇ ਦੇ ਮਾਮਲੇ ਵਿੱਚ ਤਾਂ ਤਾਂ ਬਾਬਾ ਜੀ ‘ਰਹਿਨੇ ਕੋ ਘਰ ਨਹੀਂ ਔਰ ਸਾਰਾ ਜਹਾਂ ਹਮਾਰਾ’ ਵਾਲ਼ਾ ਹਾਲ ਈ ਹਾਅਡਾ। ਨਕਲੀਏ ਹੁੰਨੇ ਆਂ ਜੀ। ਸੋ ਰੋਜ਼ੀ-ਰੋਟੀ ਦੇ ਚੱਕਰਾਂ ਵਿੱਚ ਚੱਕਰ-ਚੱਕਰੀ ਹੋਏ ਵਾਹਵਾ ਥਾਵਾਂ ‘ਤੇ ਘੁੰਮਣ-ਫਿਰਨ ਹੋ ਜਾਂਦੈਂ। ਬੱਸ ਇਵੇਂ ਬੋਲੀਆਂ ਵੀ ਕਈ ਸਾਰੀਆਂ ਟਿਕੀ ਜਾਂਦੀਆਂ ਜ਼ੁਬਾਨ ‘ਤੇ। ਬਾਕੀ ਤੁਹੀਂ ਸੁਣਾਉ, ਧਾਡੀ ਜ਼ਬਾਨ ਵੱਖਰੀ ਕਿਵੇਂ ਵੇ, ਆਹ ਬਾਕੀ ਸਾਰੇ ਪਿੰਡ ਤੋਂ ?” ਸਵਾਲ ਕਰਦੇ ਨਕਲੀਏ ਨੂੰ ਆਪ ਨੂੰ ਹੀ ਪਤਾ ਨਾ ਲੱਗਾ ਕਿ ਸੰਕਿਟਾਂ ਵਿੱਚ ਹੀ ਉਹ ਕਿਵੇਂ ਕਿਸੇ ਪੁਰਾਣੇ ਜਾਣੂੰ ਵਾਂਗ ਬਾਬੇ ਨਾਲ਼ ਗੱਲੀਂ ਡਹਿ ਪਿਆ ਤੇ ਇਸੇ ਤਰ੍ਹਾਂ ਬਾਬਾ ਵੀ। ਬਾਬੇ ਨੇ ਨਕਲੀਏ ਦੀ ਪਿੱਠ ਵੱਲ ਹਵੇਲੀ ਦੇ ਨਾਲ਼ ਹੀ ਲੱਗਦੇ ਘਰ ਵਿੱਚ ਕੰਮਕਾਰ ਸਮੇਟਦੀ ਆਪਣੀ ਨੂੰਹ ਨੂੰ ਚਾਹ ਲਈ ਆਵਾਜ਼ ਮਾਰੀ ਤੇ ਗੱਲਬਾਤ ਦੀ ਲੜੀ ਅੱਗੇ ਤੋਰੀ। “ਅਹੀਂ ਪੁੱਤਰਾ ਆਏ ਜੇ ਪਾਕਿਸਤਾਨੋ। ਪਹਿਲੋਂ ਲ੍ਹੋਰ ਦੇ ਲਾਗੇ ਪਿੰਡ ਹੀ ਹਾਅਡਾ। ਫੇਰ ਰੋਲ਼ਿਆਂ ਤੋਂ ਬਾਅਦ ਇੱਧਰ ਤਿੰਨ-ਚਾਰ ਥਾਵਾਂ ‘ਤੇ ਟੁੱਟਵੀਂ ਜ੍ਹੀ ਪੈਲ਼ੀ ‘ਲਾਟ ਹੋ ਗਈ ਤੇ ‘ਖੀਰ ਨਵੀਂ ਮੁਰੱਬੇਬੰਦੀ ਤੋਂ ਬਾਅਦ ਹੁਣ ਕਿਤੇ ਇੱਥੇ ਇੱਕੋ ਪਿੰਡ ਵਿੱਚ ‘ਕੱਠੀ ਕਰ ਛੱਡੀ ਗੋਰਮਿੰਟ ਨੇ।” ਐਨੇ ਨੂੰ ਚਾਹ ਆ ਗਈ ਤੇ ਦੋਵੇਂ ਕੁੱਝ ਹੋਰ ਗੱਲਾਂ-ਬਾਤਾਂ ਕਰਦੇ ਚਾਹ ਪੀਣ ਲੱਗੇ। ਇੱਦਾਂ ਹੀ ਨਕਲੀਆ ਰੋਜ਼ਾਨਾ ਹੀ ਕਿਸੇ ਨਾ ਕਿਸੇ ਨਵੇਂ ਰੂਪ ਵਿੱਚ ਫੇਰੀ ਪਾਉਂਦਾ ਤੇ ਚਾਹ ਬਾਬੇ ਕੋਲ਼ ਹੀ ਪੀਂਦਾ ਅਤੇ ਗੱਲਾਬਾਤਾਂ ਕਰ ਚਲਾ ਜਾਂਦਾ। ਇਹ ਸਭ ਦਰਮਿਆਨ ਬਾਬੇ ਹੁਰਾਂ ਦਾ ਲੱਗਭਗ ਨਕਲੀਏ ਦਾ ਹਾਣੀ ਸੀਰੀ ਬ੍ਹੀਰਾ ਡੰਗਰਾਂ ਨੂੰ ਪੱਠੇ-ਲੱਥੇ ਪਾਉਂਦਾ ਉਹਨਾਂ ਕੋਲ਼ ਗੇੜੀਆਂ ਜਿਹੀਆਂ ਮਾਰਦਾ ਤੇ ਨਕਲੀਏ ਨਾਲ਼ ਕੋਈ ਛੇੜਖਾਨੀ ਕਰਨ ਦੀ ਕੋਸ਼ਿਸ਼ ਕਰਦਾ ਪਰ ਨਕਲੀਆ ਉਸ ਤੋਂ ਹਮੇਸ਼ਾ ਹੀ ਨੀਵੀਂ ਪਾ ਲੈਂਦਾ ਅਤੇ ਚੁੱਪ ਕਰ ਜਾਂਦਾ ਜਾਂ ਆਵਾਜ਼ ਧੀਮੀ ਕਰ ਲੈਂਦਾ।
ਇੱਕ ਦਿਨ ਦੀ ਮਿਲਣੀ ਦੌਰਾਨ ਚਲਦੀਆਂ ਗੱਲਾਂ ਵਿੱਚ ਹੀ ਬਾਬਾ ਕਹਿਣ ਲੱਗਾ “ਛੇ ਪੁੱਤਰ ਨੇ ਮੇਰੇ ਤੇ ਸਾਰੇ ਹੀ ਜਾਨ ਹੂਲ ਕੇ ਕੰਮ ਕਰਦੇ ਨੇ ਪੈਲ਼ੀ ‘ਚ ਪਰ ਪਤਾ ਨਹੀਂ ਕਿਉਂ ? ਹਾਂ ਫੇਰ ਵੀ ਔਖੇ ਦੇ ਔਖੇ…. ।” “ਉਹ ਬਾਬਾ ਜੀ ‘ਕੱਲੀ ਮਿਹਨਤ ਵੀ ਰਾਸ ਨਹੀਂ ਜੇ ਆਇਆ ਕਰਦੀ ਕਈ ਵਾਰ। ਥਾਂ, ਕੁਥਾਂ ਦੇ ਰਾਸ ਆਉਣਾ ਵੀ ਮਾਇਨੇ ਰੱਖਦੈ ਅਸਲ ‘ਚ। ਹੋ ਸਕਦੈ ਇਹ ਨਵੀਂ ਧਰਤੀ ਫਵਾ ਨਾ ਕਰਦੀ ਔਵ੍ਹੇ ਧਾਅਨੂੰ ? ਜੇ ਆਖੋਂ ਤੇ ਮੈਂ ਵੇਖਾਂ ਕੋਈ ਉਪਾਅ ਕਰਕੇ।” ਨਕਲੀਆ ਜਿਵੇਂ ਬਾਬੇ ਦੀ ਗੱਲ ਵਿੱਚੋਂ ਹੀ ਕੱਟ ਕੇ, ਇੱਕੋ ਹੀ ਸਾਹਵੇਂ ਬੋਲ ਪਿਆ। “ਤੂੰ ਭੈੜਿਆ ਕੀ ਉਪਾਅ ਕਰਨਾ ਹੋਇਆ ਭਲਾਂ ? ਤੂੰ ਤੇ ਆਪ ਈ ਆਖੀ ਜਾਨੈ ‘ਰਹਿਨੇ ਕੋ ਘਰ ਨਹੀਂ….’ ਪਤਾ ਨ੍ਹੀ ਕੀ ਕੀ …?” “ਬਾਬਾ ਜੀ ਛੱਡੋ ਇਹਨਾਂ ਗੱਲਾਂ ਨੂੰ ਤੇ ਮੇਰੀ ਸਣਿਆ ਜੇ ਧਿਆਨ ਨਾਲ਼। ਕੁੱਝ ਕੁ ਮੰਤਰ-ਜਾਪ ਆਉਂਦੇ ਜੇ ਮੈਨੂੰ। ਇੱਦਾਂ ਕਰੋ ਕੱਲ੍ਹ ਮੈਂ ਆਉਨਾ ਸ਼ਿਵਜੀ ਮਹਾਰਾਜ ਦਾ ਰੂਪ ਧਾਰਨ ਕਰ ਕੇ ਤੇ ਫੇਰ ਮੰਤਰ ਪੜ੍ਹ ਪੜ੍ਹ ਜਟਾਵਾਂ ਵਿੱਚੋਂ ਗੰਗਾਜਲ ਦਾ ਛਿੜਕਾਅ ਕਰਦਾਂ ਧਾਅਡੇ ਸਾਰੇ ਘਰ ‘ਚ। ਦੱਸੋ ਜੇ ਊਕ੍ਹਮ ਹੋਵੇ ਤੇ ?” “ਅੱਛਿਆ… ਇੱਦਾਂ ਦਾ ਵੀ ਹੂੰਦੈ ਕੁੱਝ ? ਵੇਖ ਲੈ ਆ ਜਵੀਂ ਭਲਕੇ ਤੇ ਕਰ ਦਵੀਂ ਜਿਵੇਂ, ਕਿਵੇਂ ਸਹੀ ਜਾਪਦੈ ਤੈਨੂੰ।”
ਅਗਲੇ ਹੀ ਦਿਨ ਉਸਨੇ ਪਾਣੀ ਨਾਲ਼ ਫੁਟਬਾਲ ਦਾ ਬਲੈਡਰ ਭਰਿਆ ਤੇ ਉਸ ਨਾਲ਼ ਇੱਕ ਬਰੀਕ ਪਾਈਪ ਨਲੀ ਫਿੱਟ ਕਰਕੇ ਬਲੈਡਰ ਲੁਕਾ ਕੇ ਕੱਛ ਵਿੱਚ ਦੇ ਲਿਆ। ਨਲੀ ਵੀ ਲੁਕਵੇਂ ਤਰੀਕੇ ਨਾਲ਼ ਜੂੜੇ ਵਿੱਚ ਪਹੁੰਚਦੀ ਕਰ ਦਿੱਤੀ। ਹੁਣ ਸ਼ਿਵਜੀ ਮਹਾਰਾਜ ਦੇ ਰੂਪ ਵਿੱਚ ਸਜਿਆ ਨਕਲੀਆ ਜਦੋਂ ਵੀਂ ਡੋਲ਼ੇ ਨਾਲ਼ ਬਲੈਡਰ ‘ਤੇ ਦਬਾਅ ਪਾਉਂਦਾ ਤਾਂ ਜੂੜੇ (ਸਿਰ) ਵਿੱਚੋਂ ਪਾਣੀ ਦੀ ਤਤੀਰੀ ਵੱਜਦੀ। ਆਖਿਰ ਅੱਜ ਪਹਿਲਾਂ ਨਾਲੋਂ ਕੁੱਝ ਸੁਵੱਖਤੇ ਹੀ ਹਵੇਲੀ ਪਹੁੰਚ ਗਿਆ। ਆਮ ਵਾਂਗ ਬੈਠੇ ਬਾਬੇ ਕੋਲ਼ ਪਹੁੰਚ ਉਸ ਆਪਣੀ ਕਲਾਕਾਰੀ ਨਾਲ਼ ਜੂੜੇ ਵਿੱਚੋਂ ਪਾਣੀ ਦਾ ਛਿੜਕਾਅ ਕਰਦਿਆਂ ਆਖਿਆ “ਸਤਿ…. ਸ੍ਰੀ ਅਕਾਲ, ਬਾਬਾ ਜੀ। ਕਰੀਏ ਫੇਰ ਉਪਾਅ ਸ਼ੁਰੂ ?” ਜੂੜੇ ਵਿੱਚੋਂ ਵੱਜਦੀਆਂ ਤਤਰੀਆਂ ਨਾਲ਼ ਸ਼ਿਵਜੀ ਦੇ ਰੂਪ ਵਿੱਚ ਖੜ੍ਹੇ ਨਕਲੀਏ ਸਾਹਮਣੇ ਬਾਬਾ ਹੱਥ ਜੋੜ ਕੇ ਖੜ੍ਹ ਗਿਆ। “ਮ੍ਹਾਰਾਜ…, ਮ੍ਹਾਰਾਜ…, ਮ੍ਹਾਰਾਜ, ਤੁਸੀ ਤਾਂ ਸੱਚੀਉਂ ਸਾਖਸ਼ਾਤ ਭਗਵਾਨ ਨਿੱਕਲੇ।” ਅੱਜ ਬਾਬਾ ਜਿਵੇਂ ਕੀਲਿਆ ਗਿਆ। “ਆਉ ਜੀ ਆਉ, ਕਰੋ ਉਪਾਅ ਤੇ ਗੰਗਾਜਲ ਦਾ ਛਿੜਕਾਅ।” ਕਹਿੰਦਿਆਂ ਬਾਬੇ ਨੇ ਕਿਸੇ ਖਾਸ ਰਿਸ਼ਤੇਦਾਰ ਦੇ ਆਉਣ ਸਮੇਂ ਸੁਆਗਤ ਕਰਨ ਵਾਂਗ ਦੋਵੇਂ ਹੱਥਾਂ ਦੇ ਇਸ਼ਾਰੇ ਨਾਲ਼ ਨਕਲੀਏ ਨੂੰ ਘਰ ਦੇ ਅੰਦਰੂਨੀ ਹਿੱਸਿਆਂ ਵੱਲ ਵਧਣ ਦਾ ਇਸ਼ਾਰਾ ਕੀਤਾ। ਨਕਲੀਆ ਵੀ ਮੂੰਹ ਵਿੱਚ ਹੀ ਕੋਈ ਜਾਪ ਕਰਦਾ ਉਹੀ ਕਲਾਕਾਰੀ ਨਾਲ਼ ਛਿੜਕਾਅ ਕਰਨ ਲੱਗਾ। ਇੱਧਰ-ਉੱਧਰ ਘੁੰਮਦਾ ਉਹ ਹਵੇਲੀ ਦੀ ‘ਕੱਲੀ-‘ਕੱਲੀ ਚੀਜ਼ ਕੋਲ਼ ਰੁਕਣ ਦੀ ਕੋਸ਼ਿਸ਼ ਕਰਦਾ। ਸਾਰੀ ਪ੍ਰਕ੍ਰਿਆ ਦੌਰਾਨ ਪਤਾ ਨਹੀਂ ਕਿਉਂ ਉਸਦੀਆਂ ਅੱਖਾਂ ਸਿੱਲ੍ਹੀਆਂ ਹੋਣ ਲੱਗੀਆਂ। ਜਿਸ ਕਾਰਨ ਉਸਦੇ ਮੂੰਹ ‘ਤੇ ਲੱਗਾ ਨੀਲਾ ਰੰਗ ਮਿਲਿਆ ਪਾਊਡਰ ਖ਼ਰਾਬ ਹੋਣ ਲੱਗਾ। ਬਾਬੇ ਦਾ ਸੀਰੀ ਬ੍ਹੀਰਾ ਇਹ ਸਭ ਵੇਖ ਮਖੌਲ ਕਰਦਾ ਬੋਲਿਆ “ਇਹ ਤਾਂ ਲਗਦਾ ਪਿਘਲਣ ਲੱਗ ਪਿਆ ਬਾਬਾ ਜੀ!” “ਤੂੰ ਚੁੱਪ ਕਰ ਉਏ, ਉਹਨੂੰ ਕਰਨ ਦੇ ਆਪਣਾ ਕੰਮ।” ਬਾਬੇ ਨੇ ਝਿੜਕ ਕੇ ਬ੍ਹੀਰੇ ਨੂੰ ਚੁੱਪ ਕਰਵਾ ਦਿੱਤਾ। ਆਪਣੇ ਕੰਮ ਵਿੱਚ ਲੱਗਾ ਨਕਲੀਆ ਜਿਉਂ ਹੀ ਹਵੇਲੀ ਵਿੱਚ ਲੱਗੀ ਇੱਕ ਜਾਮਣ ਕੋਲ਼ ਪਹੁੰਚਿਆ ਤਾਂ ਉਸ ਦੀ ਧਾਹ ਨਿੱਕਲ਼ ਗਈ ਤੇ ਉਹ ਜਾਮਣ ਦੇ ਤਣੇ ਨੂੰ ਜੱਫੀ ਪਾ ਉੱਚੀ-ਉੱਚੀ ਰੋਣ ਲੱਗ ਪਿਆ। ਉਸ ਵੱਲ ਵੇਖ ਬਾਬਾ ਤੇ ਬ੍ਹੀਰਾ ਦੋਵੇਂ ਡੋਰ-ਭੋਰ ਜਿਹੇ ਹੋ ਗਏ। ਭੱਜ ਕੇ ਦੋਵੇਂ ਹੀ ਕਾਹਲੀ ਨਾਲ਼ ਉਸ ਕੋਲ਼ ਪਹੁੰਚੇ ਤਾਂ ਨਕਲੀਆ ਬੇਹੋਸ਼ ਹੋ ਚੁੱਕਾ ਸੀ ਤੇ ਜਾਮਣ ਦੀਆਂ ਜੜ੍ਹਾਂ ਵਿੱਚ ਮੁਰਦੇ ਵਾਂਗ ਅੱਧ-ਮੁੱਧਾ ਹੀ ਡਿੱਗ ਪਿਆ ਸੀ। “ਪਾਣੀ ਲਿਆ ਉਏ ਬ੍ਹੀਰਿਆ, ਪਾਣੀ ਲਿਆ ਭੱਜ ਕੇ।” ਕਹਿੰਦਿਆਂ ਹੀ ਬਾਬੇ ਨੇ ਉਹਨੂੰ ਸਿੱਧਿਆਂ ਕੀਤਾ ਤੇ ਬ੍ਹੀਰਾ ਪਾਣੀ ਦੀ ਪੀਪੀ ਚੁੱਕੀਂ ਕੋਲ਼ ਆ ਖੜ੍ਹ ਗਿਆ। “ਖੜ੍ਹਾ ਕੀ ਵੇਖੀ ਜਾਨੈ ਸਹੁਰੀ ਦਿਆ ? ਛਿੱਟੇ ਮਾਰ ਪਿਉ ਆਪਣੇ ਦੇ ਮੂੰਹ ‘ਤੇ।” ਬ੍ਹੀਰੇ ਨੇ ਜਦੇ ਹੀ ਉਸਦੇ ਮੂੰਹ ‘ਤੇ ਛਿੱਟੇ ਮਾਰਨੇ ਸ਼ੁਰੂ ਕਰ ਦਿੱਤੇ। ਜ਼ੋਰ ਜ਼ੋਰ ਦੀ ਛਿੱਟੇ ਮਾਰਨ ਨਾਲ਼ ਨਕਲੀਏ ਦੇ ਮੂੰਹ ਤੋਂ ਬਹੁਤਾ ਮੇਕ-ਅੱਪ ਲਹਿ ਗਿਆ। ਇਹ ਸਭ ਵੇਖ ਹੈਰਾਨ ਜਿਹੇ ਹੋਏ ਬ੍ਹੀਰੇ ਨੇ ਬਾਕੀ ਬਚਦੇ ਪਾਣੀ ਨਾਲ਼ ਉਸਦਾ ਮੂੰਹ ਧੋ ਦਿੱਤਾ ਤੇ ਯਕਦਮ ਬੋਲਿਆ “ਉਹ ਤੇਰੀ ਦੀ..! ਨਜ਼ੀਰਾ.., ਇਹ ਤਾਂ ਨਜ਼ੀਰਾ ਬਾਬਾ ਜੀ, ਰਹਿਮੇ ਨੰਬੜਦਾਰ ਕਾ ਨਜ਼ੀਰਾ!”
“ਨਜ਼ੀਰਾ ???.. ਰਹਿਮਾ ???.. ਉਏ ਮਤਲਬ ਕੀ ਤੇਰਾ, ਕੀ ਬੋਲੀ ਜਾਨੈ ?”
“ਦੱਸਦਾਂ ਬਾਬਾ ਜੀ, ਇਹਨੂੰ ਸਾਂਭੋ ਤਾਂ ਸਹੀ ਪਹਿਲਾਂ।” ਐਨਾ ਕਹਿੰਦਾ ਬ੍ਹੀਰਾ ਭੱਜ ਕੇ ਹੋਰ ਪਾਣੀ ਲੈ ਆਇਆ ਤੇ ਨਕਲੀਏ ਤੇ ਹੋਰ ਛਿੱਟੇ ਮਾਰ ਉਸਨੂੰ ਹਿਲਾਇਆ-ਹਲੂਇਆ। ਕੁੱਝ ਹੀ ਮਿੰਟਾਂ ਬਾਅਦ ਉਹ ਹੋਸ਼ ਵਿੱਚ ਆਇਆ ਤੇ ਥੋੜ੍ਹਾ ਪਾਣੀ ਪੀਤਾ। ਉਲਝਣ ਵਿੱਚ ਪਿਆ ਬਾਬਾ ਉਸਨੂੰ ਗਿੱਚੀ ਤੋਂ ਫੜ੍ਹ ਕੇ ਬੋਲਿਆ “ਉਹ ਹੈ ਕੌਣ ਤੂੰ ਤੇ ਆਹ ਕੀ ਡਰਾਮਾ ਫੜਿਆ ਹੀ ਕਿੰਨਿਆਂ ਦਿਨਾਂ ਤੋਂ ?” ਨਕਲੀਆ ਅਜੇ ਚੰਗੀ ਤਰ੍ਹਾਂ ਬੋਲਣ ਦੀ ਸਥਿਤੀ ਵਿੱਚ ਨਹੀਂ ਸੀ ਆਇਆ ਪਰ ਬ੍ਹੀਰਾ ਵਿੱਚੋਂ ਹੀ ਬੋਲ ਪਿਆ “ਹੋਲ਼ੀ ਬੋਲੋ ਬਾਬਾ ਜੀ, ਮੈਂ ਸਮਝ ਗਿਆਂ ਮਾੜੀ-ਮੋਟੀ ਜਿਹੀ ਕਹਾਣੀ ਤਾਂ ?” ਬਾਬੇ ਨੂੰ ਜਿਆਦਾ ਹੀ ਉਲਝਿਆ ਵੇਖ ਬ੍ਹੀਰਾ ਭੱਜ ਕੇ ਉਹਦਾ ਮੰਜਾ ਖਿੱਚ ਲਿਆਇਆ ਤੇ ਉਹਨੂੰ ਬਹਿਣ ਨੂੰ ਕਿਹਾ। ਬਹਿੰਦਿਆਂ ਹੀ ਬਾਬਾ ਬੋਲਿਆ “ਉਹ ਹੁਣ ਦੱਸ ਵੀ ਸਹੀ, ਆਹ ਸਾਰੀ ਕਾਣ੍ਹੀ ਹੈ ਕੀ ਵੇ ਅਸਲੋਂ ‘ਚ” ਤੇ ਬ੍ਹੀਰੇ ਨੇ ਦੱਸਣਾ ਸ਼ੁਰੂ ਕੀਤਾ “ਬਾਬਾ ਜੀ ਇਹ ਕੋਈ ਨਕਲੀਆ ਨਹੀਂ, ਨਜ਼ੀਰਾ ਹੈ ਜੀ ਅਸਲ ਵਿੱਚ। ਆਹ ਥੋਡੇ ਆਲ਼ਾ ਘਰ ਤੇ ਹਵੇਲੀ ਪਹਿਲਾਂ ਇਹਨਾਂ ਦੇ ਹੀ ਹੁੰਦੇ ਸਨ। ਜੋ ਹੱਲਿਆਂ ਵੇਲੇ ਛੱਡਣੇ ਪਏ ਇਹਨਾਂ ਨੂੰ। ਇਹਦਾ ਅੱਬਾ ਰਹਿਮਤ ਅਲੀ ਨੰਬੜਦਾਰ ਹੁੰਦਾ ਸੀ ਆਪਣੇ ਪਿੰਡ ਦਾ। ਜਿਹਨੂੰ ਰਹਿਮਤਾ ਨੰਬੜਦਾਰ ਕਹਿੰਦੇ ਸਨ ਸਾਰੇ। ਇਹ ਨਜ਼ੀਰੇ ਦਾ ਅਸਲੀ ਨਾਮ ਵੀ ਨਜ਼ੀਰ ਮੁਹੰਮਦ ਹੈ। ਸਾਡੇ ਨਾਲ਼ ਕਦੇ ਕਦੇ ਖੇਡਣ ਵੀ ਆ ਜਾਂਦਾ ਸੀ। ਹੈ ਤਾਂ ਸਾਡਾ ਹਾਣੀ ਪਰ ਇਹ ਪੜ੍ਹਨ ਬਨੂੜ ਜਾਂਦੇ ਸਨ ਕੁਝ ਕੁ ਵੱਡਿਆਂ ਘਰਾਂ ਦੇ ਮੁੰਡੇ। ਅਸੀ ਪਿੰਡ ਹੀ ਗੁਰੂਦੁਆਰੇ ਭਾਈ ਜੀ ਕੋਲ਼ ਸਬਕ ਪੜ੍ਹਦੇ ਸੀ ਮਾੜੇ-ਮੋਟੇ।” ਬ੍ਹੀਰੇ ਦੀ ਚਲਦੀ ਗੱਲ ਵਿੱਚ ਹੀ ਬਾਬੇ ਨੇ ਨਜ਼ੀਰੇ ਨੂੰ ਦੁਬਾਰਾ ਧੌਣ ਤੋਂ ਫੜ ਲਿਆ ਤੇ ਗੁੱਸੇ ਵਿੱਚ “ਤੇਰੀ ਯਵਾਂ ਭੈਂ…., ਯੱਦੀ ਦਿਆ ਸੱਚੋ-ਸੱਚ ਬਕ ਦੇ ਆਇਆਂ ਕਿਹੜੀ ਨੀਤੇ ਜੇ ਪਾਕਿਸਤਾਨੋਂ। ਭੈਣ ਯਵਿਆ… ਹਾਨੂੰ ਵੀ ਫਸਾ ਛੱਡਣਾ ਈ ਤੂੰ ਕਿਸੇ ਜਸੂਸੀ-ਜਸਾਸੀ ਦੇ ਕੇਸ ਵਿੱਚ ਕਿਤੇ। ਕਰਦੇਂ ਆਂ ਤੈਨੂੰ ਮਿਲਟਰੀ ਹਵਾਲੇ।” ਬਾਬੇ ਨੇ ਉਸਦਾ ਗੁੱਟ ਘੁੱਟ ਕੇ ਫੜ ਲਿਆ। “ਬਾਬਾ ਜੀ ਮਾਰੋ, ਭਾਵੇਂ ਛੱਡੋ ਪਰ ਮੇਰੀ ਵੀ ਸੁਣ ਲਓ ਇੱਕ ਵਾਰ।” ਡੁਸਕਦੇ ਹੋਏ ਨਜ਼ੀਰੇ ਨੇ ਜਿਵੇਂ ਤਰਲਾ ਕੀਤਾ। “ਸੁਣਾ, ਕੀ ਰਹਿੰਦੈ ਅਜੇ ਸੁਣਾਉਣ ਨੂੰ। ਸਾਲੀ ਦਿਆ, ਕੀ ਲਗਦੈ ਮੈਂ ਅਜੇ ਵੀ ਯਕੀਨ ਕਰੂੰ ਤੇਰੀਆਂ ਗੱਲਾਂ ‘ਤੇ। ਛੋਕਰੀ ਯੋਹਣੀ ਦਿਆ ਜਸੂਸਾ, ਤੈਨੂੰ ਹਾਅਡਾ ਈ ਘਰ ਲੱਭਿਆ ਟਿਕਾਣੇ ਖਾਤਰ ?”
“ਨਹੀਂ ਬਾਬਾ ਜੀ, ਯਕੀਨ ਕਰੋ, ਕੋਈ ਜਸੂਸ-ਜਸਾਜ਼ ਨਹੀਂ ਜੀ ਹੈਗਾ ਮੈਂ। ਮੈਂ ਤਾਂ ਪਿਛਲੇ ਦਸਾਂ ਸਾਲਾਂ ਦੀ ਤੜਫ਼ ਦਾ ਤੜਫਾਇਆ ਆ ਪਹੁੰਚਿਆਂ ਜੀ ਧਾਅਡੇ ਇੱਧਰ। ਪੈਲ਼ੀਆ, ਮਕਾਨ ਹਾਅਨੂੰ ਵੀ ਵਧੀਆ ਅਲਾਟ ਹੋ ਗਏ ਜੇ ਓਧਰ ਪਰ ਮੈਂ ਇੱਕ ਸਕਿੰਟ ਲਈ ਵੀ ਜੀਅ ਨਹੀਂ ਜੇ ਲਾ ਸਕਿਆਂ ਹੁਣ ਤੀਕਰ। ਜਾਗਦਿਆਂ ਮੇਰੀ ਖਿਆਲਾਂ ਦੀ ਲੜੀ ਨਹੀਂ ਜੇ ਟੁੱਟਦੀ ਤੇ ਸੌਦਿਆਂ ਸੁਪਨਿਆਂ ਦੀ। ਵਿੱਚ ਹੁੰਦਾ ਹਮੇਸ਼ਾ ਈ ਇੱਧਰ ਰਹਿ ਚੁੱਕਿਆ ਸਭ ਕੁੱਝ। ਇਹ ਘਰ, ਇਹ ਚੁੱਲ੍ਹੇ-ਚੌਂਕੇਂ, ਇਹ ਕੰਧਾ, ਇਹ ਕੋਠੇ, ਇਹ ਬਨੇਰੇ, ਇਹ ਹਵੇਲੀ, ਇਹ ਖੁਰਲੀਆਂ ਤੇ ਆਹ ਮੇਰੀ ਹੱਥੀਂ ਲਗਾਈ ਜਾਮਣ!…” ਰੌਂਅ ਵਿੱਚ ਬੋਲਦੇ ਨਜ਼ੀਰੇ ਨੇ ਦੁਬਾਰਾ ਜਾਮਣ ਨੂੰ ਕਿਸੇ ਚਿਰਾਂ ਦੇ ਵਿਛੜੇ ਜੁਆਕ ਵਾਂਗ ਜੱਫੀ ਪਾ ਲਈ ਤੇ ਰੋਣ ਲੱਗ ਪਿਆ। ਇਸ ਵਾਰ ਬਾਬਾ ਕੁੱਝ ਢਿੱਲਾ ਜਿਹਾ ਪੈ ਗਿਆ ਤੇ ਬ੍ਹੀਰੇ ਵੱਲ ਮੁਖਾਤਿਬ ਹੁੰਦਾ ਬੋਲਿਆ “ਉਹ ਗੱਲ ਸੁਣ ਬ੍ਹੀਰਿਆ, ਭਲਾਂ ਰਹਿਮਾ ਰੰਘੜ ਵੀ ਇਹਦੇ ਪਿਉ ਨੂੰ ਈ ਸੱਦਦੇ ਹੁੰਦੇ ਸਣ ਪਹਿਲੋਂ ?”
“ਹਾਂਜੀ, ਹਾਂਜੀ.. ਉਹਦੇ ਹਾਣੀ ਅਕਸਰ ਪਿੱਠ ਪਿੱਛੇ ਆਮ ਈ ਰਹਿਮਾ ਜਾਂ ਰਹਿਮਾ ਰੰਘੜ ਈ ਕਹਿੰਦੇ ਸਨ ਜੀ।” ਬਾਬੇ ਨੇ ਨਜ਼ੀਰੇ ਦਾ ਗੁੱਟ ਛੱਡ ਦਿੱਤਾ ਤੇ ਅੱਧ-ਨੀਵੀਂ ਜਿਹੀ ਪਾ ਆਪ-ਮੁਹਾਰੇ ਈ ਬੋਲਣ ਲੱਗਾ “ਆ ਗਿਆ ਈ ਯਾਦ, ਆ ਗਿਆ ਈ, ਹਾਅਡੇ ਤੋਂ ਪਹਿਲੋਂ ਇਹ ਘਰ ਪਾਕਿਸਤਾਨੋਂ ਆਏ ਕਿਸੇ ਹੋਰ ਪਰਿਵਾਰ ਨੂੰ ‘ਲਾਟ ਹੋਇਆ ਹੀ। ਉਨ੍ਹਾਂ ਦੇ ਬਜ਼ੁਰਗ ਨੇ ‘ਕੇਰਾਂ ਗੱਲ ਕੀਤੀ ਹੀ ਮੇਰੇ ਨਾਲ਼ ਕਿ ਜਦੋਂ ਉਹ ਇੱਥੇ ਆਏ ਤਾਂ ਘਰ ਨੂੰ ਨਵੀਆਂ ਜੋੜੀਆਂ-ਤਾਕੀਆਂ ਲੱਗੀਆਂ ਸਣ। ਪਿੰਡ ਦੇ ਕੁਝ ਸਿਆਣਿਆਂ ਨੇ ਉਹਨੂੰ ਦੱਸਿਆ ਕਿ 47 ਤੋਂ ਪਹਿਲਾਂ ਇਹ ਘਰ ਰਹਿਮੇ ਰੰਘੜ ਦਾ ਹੁੰਦਾ ਹੀ। ਜਦੋਂ ਪਾਕਿਸਤਾਨ ਬਣਨ ਬਾਰੇ ਅਫਵਾਹਾਂ ਬਿਲਕੁੱਲ ਯਕੀਨ ਵਿੱਚ ਬਦਲ ਗਈਆਂ ਤਾਂ ਰਹਿਮੇ ਨੂੰ ਵੀ ਪੱਕਾ ਹੋ ਗਿਆ ਕਿ ਇਹ ਘਰ ਹੁਣ ਜਲਦ ਹੀ ਛੱਡਣਾ ਪੈਣੈ। ਉਦੋਂ ਉਹਨੇ ਬਿਨਾਂ ਕਿਸੇ ਦੇਰੀ ਤੋਂ ਘਰ ਦਾ ਸਾਰਾ ਟੀਪ-ਟਪੱਲਾ ਕਰਵਾਇਆ ਤੇ ਪੁਰਾਣੀਆਂ ਹੋ ਚੁੱਕੀਆਂ ਸਾਰੀਆਂ ਜੋੜੀਆਂ-ਤਾਕੀਆਂ ਬਦਲਵਾ ਕੇ ਵਧੀਆ ਕਿਸਮ ਦੀਆਂ ਨਵੀਆਂ ਲਗਵਾ ਛੱਡੀਆਂ।”
“ਹਾਂਜੀ ਮੈਂ ਵੀ ਖੁਦ ਕੋਲ਼ ਖੜ੍ਹ ਕੇ ਕਰਵਾਇਆ ਜੀ ਸਾਰਾ ਕੰਮ।” ਕਿਸੇ ਕਹਾਣੀ ਦੇ ਸਰੋਤੇ ਵਾਂਗੂੰ ਹੁੰਗਾਰਾ ਭਰਨ ਦੇ ਅੰਦਾਜ਼ ਵਿੱਚ ਨਜ਼ੀਰਾ ਬੋਲਿਆ। ਹੁਣ ਬਾਬੇ ਨੇ ਉਹਦੇ ਸਿਰ ਨੂੰ ਹੱਥ ਦੇ ਕਲਾਵੇ ਵਿੱਚ ਲੈ ਕੇ ਆਪਣੇ ਗੋਡੇ ‘ਤੇ ਰੱਖ ਲਿਆ। “ਪੁੱਤਰਾ…, ਕਹਿੰਦੇ ਲੋਕਾਂ ਦੇ ਪੁੱਛਣ’ ‘ਤੇ ਤੇਰੇ ਅੱਬੇ ਦਾ ਆਖਣਾ ਹੁੰਦਾ ਕਿ ਹਾਡੇ ਜਾਣ ਤੋਂ ਬਾਅਦ ਜਿੰਨ੍ਹਾ ਨੂੰ ਵੀ ਘਰ ਅਲਾਟ ਹੋਇਆ, ਉਹ ਘੱਟੋ-ਘੱਟ ਗਾਲ਼ਾ ਤਾਂ ਨਹੀਂ ਕੱਢਣਗੇ ਕਿ ਕਿਹੜੇ ਨੰਗਾਂ ਦਾ ਮਕਾਨ ਮੱਥੇ ਮਾਰਿਆ ਸੂ ਗੋਰਮਿੰਟ ਨੇ।”
“ਹਾਂਜੀ ਸਭ ਯਾਦ ਈ ਮੈਨੂੰ ਚੰਗੀ ਤਰ੍ਹਾਂ।” ਨਜ਼ੀਰੇ ਫਿਰ ਹੁੰਗਾਰਾ ਜਿਹਾ ਭਰਿਆ। ਯਕਦਮ ਬਾਬੇ ਨੇ ਗੱਲਾਂ ਦੀ ਦਿਸ਼ਾ ਬਦਲੀ ਤੇ ਬ੍ਹੀਰੇ ਵੱਲ ਹੋ ਗਿਆ। “ਫੇਰ ਬ੍ਹੀਰਿਆ, ਕੀਤਾ ਕੀ ਜਾਏ ਹੁਣ, ਜੇ ਕਿਤੇ ਕੋਈ ਪੁਲਸ ਦਾ ਚੱਕਰ ਪੈ ਗਿਆ, ਤਾਣੀ ਆਪਣੀ ਵੀ ਉਲ਼ਝ ਜਾਣੀ ਊ ਨਾਲ਼ ਈ, ਕਿਤੇ ਮਾਈ ਯਾਹਣਾ ਸਾਰਾ ਟੱਬਰ ਈ ਨਾ ਗਵਾਹੀਆਂ ਭੁਗਤਦਾ ਫਿਰੇ ਇਹਦੇ ਚੱਕਰਾਂ ‘ਚ। ਉੱਪਰੋਂ ਸਹੁਰੀ ਦੀ ਤਰੀਕ ਵੀ ਦਿੱਲੀ ਤੋਂ ਊਰ੍ਹਾਂ ਨਹੀਂ ਜੇ ਪੈਣੀ ਕੋਈ ਨਾਲ਼ੇ ਬੰਦਾ ਏਹ ਸਹੀਉ ਪਿਆ ਜਾਪਦਾ ਈ ਮੈਨੂੰ।” ਬਾਬਾ ਡਰ ਤੇ ਹਮਦਰਦੀ ਦੇ ਰਲ਼ਵੇ-ਮਿਲਵੇਂ ਪ੍ਰਭਾਵਾਂ ਨਾਲ਼ ਬੋਲਿਆ। “ਚੱਲ ਇਉਂ ਕਰ ਤੂੰ ਸ਼ੰਭੂ ਤੋਂ ਰੇਲਗੱਡੀ ਚਾੜ੍ਹ ਆ ਇਹਨੂੰ ਅੰਬਰਸਰ ਤੀਕਰ ਦੀ। ਅੱਗੇ ਆਪ ਈ ਜਾਂਦਾ ਲੱਗੇਗਾ ਜਿਵੇਂ-ਕਿਵੇਂ ਆਇਆ ਪਹਿਲੋਂ ਪਰ ਤੂੰ ਦੱਸ ਉਏ ਆਹ ਨਕਲੀਆ ਜਿਹਾ ਬਣਨ ਦਾ ਡਰਾਮਾ ਕਾਹਦੇ ਲਈ ਬਣਾਇਆ ਸੂ ਐਡਾ।” ਬ੍ਹੀਰੇ ਨਾਲ਼ ਗੱਲ ਕਰਦਾ ਨਿਹਾਲ ਸਿੰਹੁ ਨਜ਼ੀਰੇ ਵੱਲ ਹੋ ਤੁਰਿਆ। “ਮੈਂ ਬਾਬਾ ਜੀ ਲ੍ਹੋਰ ਪੜ੍ਹਨ ਲੱਗਾਂ ਸਾਂ ਹੁਣੇ ਈ। ਉਹਤੂੰ ਪਹਿਲੋਂ ਤੇ ਪਤਾ ਈ ਕੋਈ ਨਹੀਂ ਸੀ ਬਾਰਡਰ ‘ਤੇ ਲੰਘਣ ਦਾ ਕੀ ਹੀਲਾ-ਵਸੀਲਾ ਹੋ ਸਕਦੈ। ਉੱਥੇ ਈ ਬਾਰਡਰ ਏਰੀਏ ਦੇ ਇੱਕ ਦੋ ਬੇਲੀਆਂ ਤੋਂ ਪਤਾ ਲੱਗਾ ਕਿ ਅਜੇ ਤਾਂ ਲੋਕ ਆਮ ਈ ਇੱਧਰ-ਉੱਧਰ ਤੁਰੇ ਫਿਰਦੇ ਦੋਵੇਂ ਪਾਸੇ। ਫਿਰ ਕਿਤਾਬਾਂ ਵਿੱਚ ਪੁਰਾਣੇ ਕੁੱਝ ਰਾਜਿਆਂ-ਮਹਾਰਾਜਿਆਂ ਬਾਰੇ ਭੇਸ ਬਦਲ ਕੇ ਆਵਾਮ ਵਿੱਚ ਘੁੰਮਣ-ਫਿਰਨ ਦੀਆਂ ਕਥਾਵਾਂ ਪੜ੍ਹੀਆਂ/ਸੁਣੀਆਂ। ਬੱਸ ਇੱਦਾਂ ਈ ਦਿਮਾਗ ਘੁੰਮ ਗਿਆ ਇੱਧਰ ਨੂੰ।”
“ਦਿਮਾਗ ਤਾਂ ਘੁੰਮ ਗਿਆ ਪਤੰਦਰਾ ਪਰ ਕੋਈ ਅੰਦਾਜ਼ਾ ਨਹੀਂ ਜੇ ਲਾਇਆ ? ਬੀ ਜੇ ਕਿਤੇ ਮਿਲਟਰੀ ਦੇ ਹੱਥ ਲੱਗ ਜਾਂਦਾ ਤੇ ਮੁੜ ਹੱਡੀਆਂ ਵੀ ਨਹੀਂ ਸਣ ਪਰਤਣੀਆਂ ਤੇਰੀਆਂ ਪਾਕਿਸਤਾਨ। ਅਗਲਿਆਂ ਜਸੂਸੀ ਦੇ ਕੇਸ ‘ਚ ਠੋਕ ਛੱਡਣਾ ਸੀ ਸਾਰੀ ਉਮਰ ਲਈ। ਚੱਲ ਹੁਣ ਮਿੱਟੀ ਪਾ ਸਾਰੀ ਗੱਲ ‘ਤੇ, ਤੇ ਚੁੱਕ ਆਪਣਾ ਸਮਾਨ ਤੇ ਜਾਂਦਾ ਲੱਗ ਜਲਦੀ ਇੱਥੋਂ।”
“ਸਮਾਨ ਤਾਂ ਬਾਬਾ ਜੀ ਮਸਜਿਦ ਵਿੱਚ ਪਿਐ ਮੇਰਾ।”
“ਮਸਜਿਦ, ਕਿਹੜੀ ਮਸਜਿਦ ???… ਛੋਟੀ ਮੋਹੀ ਵਾਲ਼ੀ ਕਿ ?? “
“ਨਹੀਂ ਜੀ, ਇੱਥੇ.., ਘੜਾਮੇਂ ਵਾਲ਼ੀ ਹੀ।”
“ਇੱਥੇ ਵਾਲ਼ੀ, ਇੱਥੇ ਕਿਹੜੀ ਮਸਜਿਦ ਏ ਘੜਾਮੇਂ ?”
“ਹੈਗੀ ਜੀ ਹੈਗੀ ਚਰਾਂਦ ਵਾਲ਼ੇ ਪਾਸੇ ਪਰ ਮਸਜਿਦ ਨਹੀਂ ਕਹਿ ਸਕਦੇ ਹੁਣ ਉਹਨੂੰ। ਖੰਡਰ ਐ ਮਸਜਿਦ ਦਾ। ਢਾਹ ਕੇ ਮਲੀਆ-ਮੇਟ ਕਰ ਦਿੱਤੀ ਸੀ ਰੋਲ਼ਿਆਂ ਵੇਲੇ ਧਾੜਵੀਆਂ ਨੇ ਇਹਨਾਂ ਦੇ ਜਾਣ ਤੋਂ ਕੁਝ ਚਿਰ ਬਾਅਦ ਈ। ਉੱਥੇ ਪਿਆ ਤੇਰਾ ਸਮਾਨ ਨਜ਼ੀਰੇ।” ਵਿੱਚੋਂ ਹੀ ਬ੍ਹੀਰਾ ਬੋਲ ਪਿਆ।
“ਹਾਂਜੀ ਉੱਥੇ ਈ ਪਿਐ, ਮੈਂ ਰਿਹਾ ਵੀ ਉੱਥੇ ਆਂ ਪਿਛਲੇ ਦਿਨਾਂ ਤੋਂ। ਬੜੀਆਂ ਰੋਣਕਾਂ ਲਗਦੀਆਂ ਰਹੀਆਂ ਉੱਥੇ ਸਾਡੇ ਬਚਪਨ ਦੇ ਵੇਲ਼ੇ। ਉਹਨਾਂ ਅਹਿਸਾਸਾਂ ਦੀ ਨਿੱਘ ਵਿੱਚ ਹੀ ਕੱਟੀਆਂ ਮੈਂ ਪਿਛਲੇ ਹਫ਼ਤੇ ਦੀਆਂ ਰਾਤਾਂ।” ਸਿਰਫ਼ ਹਾਂ ਜਾਂ ਨਾਂਹ ਦੇ ਸਵਾਲ ਦੇ ਜਵਾਬ ਨੂੰ ਨਜ਼ੀਰਾ ਕਿੰਨਾ ਲੰਮਾ ਲਮਕਾ ਗਿਆ। ਉਹਨੂੰ ਆਪ ਨੂੰ ਵੀ ਪਤਾ ਨਾ ਲੱਗਾ।
“ਸਮਾਨ ਨੂੰ ਛੱਡ ਹੁਣ। ਮੈਂ ਆਪੇ ਬ੍ਹੀਰੇ ਤੋਂ ਟਿਕਾਣੇ ਲਵਾ ਦੂੰ ਕਿਧਰੇ। ਤੂੰ ਇਉਂ ਕਰ, ਨਿਕਲਣ ਦੀ ਕਰ ਹੁਣ। ਮਤੇ ਕੋਈ ਵੱਡਾ ਚੱਕਰ ਨਾ ਪੈ ਜਵੇ ਹੋਰ।”
“ਜਾਣਾ ਤਾਂ ਪੈਣਾ ਈ ਜੇ ਬਾਬਾ ਜੀ ਤੇ ਪਰਤ ਤਾਂ ਮੈਂ ਉੰਝ ਵੀ ਜਾਣਾ ਈ ਹੀ ਕੁੱਝ ਦਿਨਾਂ ਤੱਕ ਪਰ ਹੱਥ ਬੰਨ੍ਹ ਕੇ ਇੱਕ ਗੁਜ਼ਾਰਿਸ ਜੇ ਧਾਅਨੂੰ। ਮਿਹਰਬਾਨੀ ਕਰ ਕੇ ਆਹ ਜਾਮਣ ਤੋਂ ਕੁੱਝ ਜਾਮਣਾਂ ਤੋੜ ਲੈਣ ਦੋ ਮੈਨੂੰ ਤੇ ਮਸਜਿਦ ਵਿੱਚ ਜਾ ਆਉਣ ਦੋ ਇੱਕ ਵਾਰ। ਫਿਰ ਜਿਵੇਂ ਧਾਅਡਾ ਹੁਕਮ।”
“ਜਾਮਣਾਂ ਤਾਂ ਤੋੜ ਲੈ ਪਰ ਮਸੀਤੇ ਜਾ ਕੇ ਕਿਹੜੀ ਨਮਾਜ਼ ਪੜ੍ਹਨੀ ਊ ਤੂੰ ਹੁਣ, ਛੱਡ ਪਰ੍ਹਾਂ ਹੁਣ ਤੱਕ ਬਚਾਅ ਰਿਹਾ। ਮਤੇ ਹੁਣ ਨਾ ਕੋਈ ਸਾੜ੍ਹਸਤੀ ਵਾਪਰ ਜੇ। ਵਕਤ ਦਾ ਕੁੱਝ ਨਹੀਂ ਜੇ ਪਤਾ ਹੁੰਦਾ।”
“ਵੇਖੀ ਜਾਊਗੀ ਬਾਬਾ ਜੀ, ਜੋ ਵੀ ਪਿਆ ਹੋਵੇ ਹੁਣ ਪਰ ਆਹ ਮਿਹਰਬਾਨੀ ਜ਼ਰੂਰ ਕਰ ਛੱਡੋ ਹੁਣ। ਮਸੀਤੇ ਸਮਾਨ ਜਾਂ ਨਮਾਜ਼ ਖਾਤਰ ਨਹੀਂ ਜੇ ਜਾਣਾ। ਉੱਥੋਂ ਥੋੜ੍ਹੀ ਮਿੱਟੀ ਲੈ ਜਾਵਾਂਗਾ ਤੇ ਇਹਨਾਂ ਜਾਮਣਾਂ ਦੀਆਂ ਗਿੱਟਕਾਂ ਤੋਂ ਉਸ ਮਿੱਟੀ ਚੋਂ ਬੂਟੇ ਪੁੰਗਰਾਵਾਂਗਾ। ਫਿਰ ਲਗਾਵਾਂਗਾ ਜਾ ਕੇ ਆਪਣੀ ਪਾਕਿਸਤਾਨ ਵਾਲ਼ੀ ਪੈਲ਼ੀ ਵਿੱਚ ਤੇ ਫਿਰ ਰਹਿੰਦੀ ਸਾਰੀ ਉਮਰ ਆਪਣੀ ਇਸ ਜਾਮਣ ਦੇ ਬੱਚਿਆਂ (ਬੂਟਿਆਂ) ਨਾਲ਼ ਕੱਟਾਂਗਾ।” ਇਸ ਵਾਰ ਬਾਬੇ ਨੇ ਉਹਨੂੰ ਜੱਫੀ ਵਿੱਚ ਘੁੱਟ ਲਿਆ ਅਤੇ ਆਪ ਵੀ ਅੱਖਾਂ ਭਰ ਆਇਆ। ਦੋਵਾਂ ਤੋਂ ਜਾਮਣਾਂ ਤੁੜਵਾਈਆਂ, ਮਸਜਿਦ ਵੱਲ ਭੇਜ ਮਿੱਟੀ ਮੰਗਵਾਈ ਅਤੇ ਸਟੇਸ਼ਨ ਵੱਲ ਤੋਰ ਦਿੱਤਾ। ਅਜੇ ਕੁੱਝ ਹੀ ਕਦਮ ਤੁਰੇ ਸਨ ਕਿ ਬਾਬੇ ਨੇ ਪਿੱਛੋਂ ‘ਵਾਜ਼ ਮਾਰੀ “ਗੱਲ ਸੁਣ ਪੁੱਤਰ ਨਜ਼ੀਰ ਮੁਹੰਮਦਾ।” ਦੋਵੇਂ ਰੁਕ ਗਏ। “ਇਉਂ ਕਰੀਂ ਇੱਕ ਮਿਹਰਬਾਨੀ ਤੈਨੂੰ ਵੀ ਕਰਨੀ ਪੈਣੀ ਜੇ ਹੁਣ ਮੇਰੇ ‘ਤੇ।”
“ਹੁਕਮ ਕਰੋ ਬਾਬਾ ਜੀ।”
“ਲ੍ਹੋਰ ਨਾਲ਼ ਲਗਦੀ ਮਾਂਗੇ-ਸ਼ਾਂਗੇ ਦੀ ਬਾਰ ਕੋਲ਼ ਈ ਚੱਕ ਨੰਬਰ 283 ਪੁਰਾਣਾ ਪਿੰਡ ਏ ਹਾਡਾ। ਮੇਰੇ ਪਿਉ ਦਾ ਟਹਿਲ ਸਿੰਹੁ ਤੇ ਦਾਦੇ ਦਾ ਬਖ਼ਤਾਵਰ ਸਿੰਹੁ ਸੀਗਾ। ਹਾਡੀ ਪੈਲ਼ੀ ਪਤਾ ਕਰੀਂ ਕਿਹਨਾ ਨੂੰ ਅਲਾਟ ਹੋਈ ਜੇ। ਫੇਰ ਇਹਨਾਂ ਜਾਮਣਾਂ ਵਿੱਚੋਂ ਉੱਗੇ ਦੋ-ਚਾਰ ਬੂਟੇ ਉੱਥੇ ਵੀ ਲਗਾ ਆਵੀਂ ਮੇਰਾ ਬੀਬਾ ਪੁੱਤ।” ਸੁਣਦਿਆਂ ਹੀ ਨਜ਼ੀਰੇ ਨੇ ਬਾਬੇ ਨੂੰ ਬਾਹਵਾਂ ਵਿੱਚ ਘੁੱਟ ਲਿਆ ਤੇ ਦੋਵੇਂ ਡੁਸਕਣ ਲੱਗ ਪਏ ਅਤੇ ਕੋਲ਼ ਖੜ੍ਹਾ ਬ੍ਹੀਰਾ ਵੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



