HOME ਆਪ ਸਰਕਾਰ ਦੀ ਦਲਿਤਾਂ ਖਿਲਾਫ ਦਮਨਕਾਰੀ ਨੀਤੀ ਦੇ ਵਿਰੋਧ ’ਚ ਬਸਪਾ ਦਾ...

ਆਪ ਸਰਕਾਰ ਦੀ ਦਲਿਤਾਂ ਖਿਲਾਫ ਦਮਨਕਾਰੀ ਨੀਤੀ ਦੇ ਵਿਰੋਧ ’ਚ ਬਸਪਾ ਦਾ ਪ੍ਰਦਰਸ਼ਨ

2

-ਐਸਐਸਪੀ ਜਲੰਧਰ ਦਿਹਾਤੀ ਦਫਤਰ ਅੱਗੇ ਲਗਾਤਾਰ 5 ਘੰਟੇ ਚੱਲਿਆ ਧਰਨਾ ਪ੍ਰਦਰਸ਼ਨ

-ਬਸਪਾ ਇਨਸਾਫ ਲਈ ਸੰਘਰਸ਼ ਕਰਦੀ ਰਹੇਗੀ : ਤੀਰਥ ਰਾਜਪੁਰਾ-ਐਡਵੋਕੇਟ ਬਲਵਿੰਦਰ ਕੁਮਾਰ

ਜਲੰਧਰ   (ਸਮਾਜ ਵੀਕਲੀ)  ਆਪ ਸਰਕਾਰ ਦੇ ਰਾਜ ਵਿੱਚ ਦਲਿਤਾਂ ਦਾ ਦਮਨ ਕੀਤੇ ਜਾਣ ਦੇ ਵਿਰੋਧ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਅੱਜ ਸ਼ੁੱਕਰਵਾਰ ਨੂੰ ਐਸਐਸਪੀ ਜਲੰਧਰ ਦਿਹਾਤੀ ਦਫਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ। ਬਸਪਾ ਦੇ ਇਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ’ਚ ਲੋਕ ਪਹੁੰਚੇ, ਜਿਨ੍ਹਾਂ ਨੇ ਆਪ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਪ੍ਰਦਰਸ਼ਨ ਨੂੰ ਸੰਬੋਧਿਤ ਕਰਦੇ ਹੋਏ ਬਸਪਾ ਦੇ ਸੂਬਾ ਕੋਆਰਡੀਨੇਟਰ ਤੀਰਥ ਰਾਜਪੁਰਾ ਤੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਆਪ ਸਰਕਾਰ ਦੇ ਚਾਰ ਸਾਲਾਂ ਦੇ ਰਾਜ ਵਿੱਚ ਜਿੱਥੇ ਹੋਰ ਵਰਗਾਂ ਖਿਲਾਫ ਧੱਕੇਸ਼ਾਹੀ ਕੀਤੀ ਗਈ ਹੈ, ਉਥੇ ਜਲੰਧਰ ਵਿੱਚ ਦਲਿਤਾਂ ਨੂੰ ਦਬਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਇਸਦੇ ਲਈ ਦਲਿਤਾਂ ’ਤੇ ਜ਼ਿਲ੍ਹੇ ਵਿੱਚ ਕਈ ਲਾਠੀਚਾਰਜ ਹੋ ਚੁੱਕੇ ਹਨ ਤੇ ਬਹੁਤ ਵੱਡੀ ਗਿਣਤੀ ਵਿੱਚ ਉਨ੍ਹਾਂ ’ਤੇ ਝੂਠੇ ਪਰਚੇ ਪਾਏ ਗਏ ਹਨ। ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜਲੰਧਰ ਸਮੇਤ ਦੋਆਬਾ ਖੇਤਰ ਵਿੱਚ ਦਲਿਤਾਂ ਦੀ ਇੱਕ ਵੱਡੀ ਆਬਾਦੀ ਹੈ, ਜੋ ਕਿ ਆਪਣੇ ਹੱਕਾਂ ਪ੍ਰਤੀ ਜਾਗਰੂਕ ਵੀ ਹੈ। ਇਸ ਲਈ ਆਪ ਸਰਕਾਰ ਦੀ ਮੰਸ਼ਾ ਹੈ ਕਿ ਇਨ੍ਹਾਂ ਨੂੰ ਦਬਾ ਲਿਆ ਜਾਵੇ, ਤਾਂਕਿ ਇਹ ਆਪਣੇ ਹੱਕ ਹਕੂਕ ਦੀ ਗੱਲ ਹੀ ਨਾ ਕਰ ਸਕਣ। ਪਰ ਬਸਪਾ ਆਪ ਸਰਕਾਰ ਦੀ ਦਲਿਤਾਂ ਪ੍ਰਤੀ ਅਜਿਹੀ ਮੰਸ਼ਾ ਨੂੰ ਸਫਲ ਨਹੀਂ ਹੋਣ ਦੇਵੇਗੀ ਤੇ ਇਸਦੇ ਖਿਲਾਫ ਆਪਣੀ ਜੱਦੋਜਹਿਦ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਆਪ ਨੇ ਸੱਤਾ ਵਿੱਚ ਆਉਂਦਿਆਂ ਹੀ ਦਲਿਤਾਂ ਖਿਲਾਫ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਹਮਲਾਵਰ ਰੁੱਖ ਅਪਣਾਇਆ। ਸਭ ਤੋਂ ਪਹਿਲਾਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਐਸਸੀ ਵਿਦਿਆਰਥੀਆਂ ’ਤੇ ਜਲੰਧਰ ਵਿੱਚ ਲਾਠੀਚਾਰਜ ਕੀਤਾ ਗਿਆ। ਫਿਰ ਉਸ ਤੋਂ ਬਾਅਦ ਸਈਪੁਰ ਵਿੱਚ ਲਾਠੀਚਾਰਜ ਕੀਤਾ ਗਿਆ। ਫਿਲੌਰ ਦੇ ਪਿੰਡ ਧੁਲੇਤਾ ਵਿੱਚ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਦੀਆਂ ਕੰਧਾਂ ਤੋੜੀਆਂ ਗਈਆਂ ਤੇ ਉਸ ਕਾਰਵਾਈ ਦਾ ਵਿਰੋਧ ਕਰ ਰਹੇ ਪੁਰਸ਼ਾਂ ਤੇ ਔਰਤਾਂ ਨੂੰ ਗਿ੍ਰਫਤਾਰ ਕੀਤਾ ਗਿਆ। ਇਸੇ ਤਰ੍ਹਾਂ ਫਿਲੌਰ ਦੇ ਸੂਰਜਾ ਪਿੰਡ ਵਿੱਚ ਵੀ ਪੁਲਿਸ ਵੱਲੋਂ ਧੱਕੇਸ਼ਾਹੀ ਕੀਤੀ ਗਈ। ਇਸ ਤੋਂ ਇਲਾਵਾ ਜ਼ਿਲ੍ਹੇ ਭਰ ਵਿੱਚ ਦਲਿਤਾਂ ’ਤੇ ਝੂਠੇ ਪਰਚੇ ਕੀਤੇ ਜਾ ਰਹੇ ਹਨ ਤੇ ਇਨ੍ਹਾਂ ਦੇ ਚਲਾਨ ਵੀ ਪੇਸ਼ ਕੀਤੇ ਜਾ ਰਹੇ ਹਨ, ਤਾਂਕਿ ਉਹ ਸਾਲਾਂਬੱਧੀ ਧੱਕੇ ਖਾਂਦੇ ਰਹਿਣ ਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਜਲੰਧਰ ਦਿਹਾਤੀ ਤਹਿਤ ਆਉਂਦੇ ਪੰਜ ਵਿਧਾਨਸਭਾ ਹਲਕਿਆਂ ਵਿੱਚ ਅਜਿਹੇ ਮਾਮਲੇ ਸਾਹਮਣੇ ਆਏ ਹਨ। ਸਭ ਤੋਂ ਜ਼ਿਆਦਾ ਮਾਮਲੇ ਹਲਕਾ ਕਰਤਾਰਪੁਰ ਵਿੱਚੋਂ ਆਏ ਹਨ, ਜਿੱਥੋਂ ਆਪ ਦਾ ਹੀ ਵਿਧਾਇਕ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਧੱਕੇਸ਼ਾਹੀਆਂ ਕਰਕੇ ਹਲਕਾ ਕਰਤਾਰਪੁਰ ਵਿੱਚ ਇੱਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ ਤੇ ਕਈ ਨਜਾਇਜ਼ ਰੂਪ ਵਿੱਚ ਜੇਲ੍ਹ ਵੀ ਗਏ ਹਨ। ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਬਸਪਾ ਵੱਲੋਂ ਅੱਜ ਦਾ ਪ੍ਰਦਰਸ਼ਨ ਕੀਤਾ ਗਿਆ। ਮੌਕੇ ’ਤੇ ਮੌਜ਼ੂਦ ਪੁਲਿਸ ਅਧਿਕਾਰੀਆਂ ਵੱਲੋਂ ਇਨਸਾਫ ਦਾ ਭਰੋਸਾ ਦਿੱਤੇ ਜਾਣ ’ਤੇ ਕਰੀਬ ਪੰਜ ਘੰਟੇ ਬਾਅਦ ਧਰਨਾ ਸਮਾਪਤ ਕੀਤਾ ਗਿਆ। ਬਸਪਾ ਸੂਬਾ ਸਕੱਤਰ ਇੰਜ. ਜਸਵੰਤ ਰਾਏ ਤੇ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਕੁਮਾਰ ਨੇ ਕਿਹਾ ਕਿ ਜੇਕਰ ਅਜਿਹੀਆਂ ਧੱਕੇਸ਼ਾਹੀਆਂ ਨਾ ਰੁਕੀਆਂ ਤਾਂ ਬਸਪਾ ਲੋਕਾਂ ਲਈ ਮੁੜ ਸੰਘਰਸ਼ ਕਰੇਗੀ। ਇਸ ਮੌਕੇ ’ਤੇ ਜ਼ਿਲ੍ਹਾ ਇੰਚਾਰਜ ਖੁਸ਼ੀ ਰਾਮ, ਕਮਲਦੀਪ ਬਾਦਸ਼ਾਹਪੁਰ, ਸੁਖਵਿੰਦਰ ਬਿੱਟੂ, ਐਡਵੋਕੇਟ ਪਿ੍ਰਤਪਾਲ, ਵਿਜੇ ਯਾਦਵ, ਅਮਰਜੀਤ ਸਿੰਘ ਨੰਗਲ, ਵਿਜੇ ਮਡਾਰ ਨਕੋਦਰ ਨੇ ਵੀ ਧਰਨੇ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਬਸਪਾ ਆਗੂ ਬਿੰਦਰ ਹੁਸੈਨਪੁਰ, ਸ਼ਾਮ ਕਟਾਰੀਆ, ਪਰਮਜੀਤ ਮੰਨਣ, ਅਸ਼ੋਕ ਸਈਪੁਰ, ਚਮਨ ਘੋੜੇਵਾਹੀ, ਪ੍ਰਭਜਿੰਦਰ ਸਿੰਘ ਪੱਤੜ, ਗਿਆਨ ਚੰਦ ਕਰਤਾਰਪੁਰ, ਸ਼ਾਮਾ ਮਹਿਤੋ, ਕਰਮ ਚੰਦ, ਮਦਨ ਬਿੱਲਾ, ਗੁਰਮੀਤ ਰਾਮ, ਸਤਨਾਮ ਕੌਰ, ਨਰਿੰਦਰ ਕੌਰ, ਮਾਸਟਰ ਹਰਜਿੰਦਰ, ਪਾਲੀ ਹੁਸੈਨਪੁਰ, ਮਹਿੰਦਰ ਪਾਲ ਤੇਹੰਗ, ਟੀਟੂ ਰੰਧਾਵਾ, ਸਨੀ ਚਿੱਟੀ ਆਦਿ ਵੀ ਮੌਜ਼ੂਦ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਜ਼ਿਲ੍ਹਾ ਪਰਿਸ਼ਦ, ਪੰਚਾਇਤ ਸੰਮਤੀ ਮੈਂਬਰਾਂ ਨੇ ਐਸ ਬੀ ਐਸ ਨਗਰ ’ਚ ਚੁੱਕੀ ਸਹੁੰ
Next articleਅਦਾਲਤ ਨੇ ਫ਼ਰਜ਼ੀ ਸ਼ਰਾਬ ਘੁਟਾਲੇ ਵਿੱਚ ਆਪ ਸੁਪਰੀਮੋ ਕੇਜਰੀਵਾਲ ਤੇ ਸਿਸੋਦੀਆ ਨੂੰ ਬਰੀ ਕਰਕੇ ਸੱਚ ਲੋਕਾਂ ਸਾਹਮਣੇ ਲਿਆਂਦਾ :ਬ੍ਰਿਗੇਡੀਅਰ ਰਾਜ ਕੁਮਾਰ