ਮੁਆਫੀ ਨਾਮਾ,ਚੱਲ ਪੰਜਾਬ ਨੂੰ ਚੱਲੀਏ ਅਤੇ ਕੁੜੀਆਂ ਚਿੜੀਆਂ ਕਵਿਤਾਵਾਂ ਨੇ ਸਰੋਤਿਆਂ ਦੇ ਮਨ ਟੁੰਬੇ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)-ਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ ਪ੍ਰਧਾਨ ਡਾ. ਸਵਰਨ ਸਿੰਘ, ਸਕੱਤਰ ਮੁਖਤਾਰ ਸਿੰਘ ਚੰਦੀ ਅਤੇ ਪ੍ਰਮੁੱਖ ਸਲਾਹਕਾਰ ਐਡ. ਰਜਿੰਦਰ ਸਿੰਘ ਰਾਣਾ ਦੀ ਅਗਵਾਈ ਹੇਠ ਕੈਨੇਡਾ ਵਾਸੀ ਸ਼ਾਇਰ ਕਵਿੰਦਰ ਚਾਂਦ ਨਾਲ ਕਰਵਾਇਆ ਰੂ-ਬ-ਰੂ ਸਮਾਗਮ ਡੂੰਘੀਆਂ ਪੈੜਾ ਛੱਡਦਾ ਯਾਦਗਾਰੀ ਹੋ ਨਿਬੜਿਆ। ਇਸ ਸਮਾਗਮ ਦੌਰਾਨ ਜਿੱਥੇ ਸ਼ਾਇਰੀ ਦਾ ਪ੍ਰਵਾਹ ਚੱਲਿਆ ਉੱਥੇ ਵੱਖ-ਵੱਖ ਵਿਦਵਾਨਾਂ ਤੇ ਸਾਹਿਤ ਪ੍ਰੇਮੀਆਂ ਵੱਲੋਂ ਕਵਿੰਦਰ ਚਾਂਦ ਦੀ ਗਜ਼ਲ, ਗੀਤ ਤੇ ਕਾਵਿ- ਸਿਰਜਨਾ ਬਾਰੇ ਭਾਵਪੂਰਤ ਵਿਚਾਰ ਪੇਸ਼ ਕੀਤੇ ਗਏ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰਧਾਨ ਡਾ. ਸਵਰਨ ਸਿੰਘ, ਸੰਤ ਬਾਬਾ ਸੁਖਜੀਤ ਸਿੰਘ ਸੀਚੇਵਾਲ, ਐਡਵੋਕੇਟ ਰਜਿੰਦਰ ਸਿੰਘ ਰਾਣਾ, ਸਾਬਕਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ ਅਤੇ ਪ੍ਰੈੱਸ ਕਲੱਬ ਪ੍ਰਧਾਨ ਸੁਰਿੰਦਰਪਾਲ ਸਿੰਘ ਸੋਢੀ ਵੱਲੋਂ ਕਵਿੰਦਰ ਚਾਂਦ ਦਾ ਸਵਾਗਤ ਕਰਦਿਆਂ ਸਾਹਿਤ ਸਭਾ ਵੱਲੋਂ ਉਹਨਾਂ ਨੂੰ ਟਰਾਫੀ ਤੇ ਦੁਸ਼ਾਲਾ ਭੇਂਟ ਕੀਤਾ। ਸੰਤ ਬਾਬਾ ਸੁਖਜੀਤ ਸਿੰਘ ਸੀਚੇਵਾਲ ਨੇ ਕਵਿੰਦਰ ਚਾਂਦ ਨੂੰ ਅਸ਼ੀਰਵਾਦ ਦਿੰਦਿਆਂ ਚੰਦ ਨੂੰ ਮਾਂ ਬੋਲੀ ਦਾ ਲਾਡਲਾ ਪੈਰੋਕਾਰ ਦੱਸਦਿਆਂ ਉਹਨਾਂ ਵੱਲੋਂ ਰਚੀਆਂ ਜਾ ਰਹੀਆਂ ਕਵਿਤਾਵਾਂ ਦੀ ਭਰਪੂਰ ਸਲਾਘਾ ਕੀਤੀ। ਸਾਹਿਤ ਸਭਾ ਪ੍ਰਧਾਨ ਡਾ. ਸਵਰਨ ਸਿੰਘ ਨੇ ਜਿੱਥੇ ਰਸਮੀ ਤੌਰ ਤੇ ਸਾਹਿਤ ਸਭਾ ਵੱਲੋਂ ਕਵਿੰਦਰ ਚਾਂਦ ਨੂੰ ਜੀ ਆਇਆ ਕਿਹਾ ਉੱਥੇ ਸਾਹਿਤ ਸਭਾ ਦੀਆਂ ਜੜਾਂ, ਹੋਂਦ ਅਤੇ ਪ੍ਰਾਪਤੀਆਂ ਬਾਰੇ ਸਰੋਤਿਆਂ ਨਾਲ ਸਾਂਝ ਪਾਈ। ਸਾਹਿਤ ਸਭਾ ਸਕੱਤਰ ਮੁਖਤਾਰ ਚੰਦੀ ਨੇ ਜਿੱਥੇ ਲਾਜਵਾਬ ਤਰੀਕੇ ਅਤੇ ਸ਼ਾਇਰਾਨਾ ਅੰਦਾਜ਼ ਨਾਲ ਮੰਚ ਸੰਚਾਲਨ ਕੀਤਾ ਉਥੇ ਸ਼ਾਇਰ ਕਵਿੰਦਰ ਚਾਂਦ ਦੀਆਂ ਵੱਖ-ਵੱਖ ਬਹੁਮੁੱਲੀਆਂ ਅਤੇ ਬੇਸ਼ਕੀਮਤੀ ਰਚਨਾਵਾਂ ਦੀ ਸਰੋਤਿਆਂ ਨਾਲ ਭਰਵੀ ਸਾਂਝ ਪਾਈ। ਉਹਨਾਂ ਵੱਲੋਂ ਕਵਿੰਦਰ ਚਾਂਦ ਦੀਆਂ ਰਚਨਾਵਾਂ “ਬੰਸਰੀ ਕਿੱਧਰ ਗਈ”, “ਨਾਨਕ ਨਾਨਕ”, “ਤੇਗ ਤੇ ਤਿਆਗ”, “ਸਮਾਂ ਬੋਲਣ ਦਾ”, “ਦਿੱਲੀ” ਅਤੇ “ਅੱਠ ਸਮੁੰਦਰ” ਵਿੱਚੋਂ ਬੇਮਿਸਾਲ ਸ਼ੇਅਰ ਸਰੋਤਿਆਂ ਦੀ ਨਜ਼ਰ ਕੀਤੇ। ਸਕੱਤਰ ਮੁਖਤਾਰ ਚੰਦੀ ਨੇ ਕਵਿੰਦਰ ਚਾਂਦ ਦੇ ਸਾਹਿਤਿਕ ਸਫਰ ਦੀਆਂ ਪ੍ਰਾਪਤੀਆਂ ਬਾਰੇ ਵੀ ਵਿਚਾਰ ਰੱਖੇ। ਉਹਨਾਂ ਕਿਹਾ ਕਿ ਕਵਿੰਦਰ ਚਾਂਦ ਨੇ ਹਰ ਸੰਭਵ ਵਿਸ਼ਾ ਲੈ ਕੇ ਇੱਕ ਜਾਨਦਾਰ ਕਵਿਤਾ ਦੀ ਸਿਰਜਣਾ ਕਰਕੇ ਪਾਠਕਾਂ ਨੂੰ ਅੰਦਰੋਂ ਤੇ ਬਾਹਰੋਂ ਪੂਰੀ ਤਰ੍ਹਾਂ ਝੰਜੋੜਿਆ ਹੈ। ਸਭਾ ਦੇ ਪ੍ਰਮੁੱਖ ਸਲਾਹਕਾਰ ਐਡ. ਰਜਿੰਦਰ ਸਿੰਘ ਰਾਣਾ ਨੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਕਵਿੰਦਰ ਚਾਂਦ ਵੱਲੋਂ ਵਿਰਸੇ ਵਿੱਚ ਮਿਲੀ ਕਾਵਿਕ ਭਾਸ਼ਾ, ਸ਼ੈਲੀ ਸੱਚਮੁੱਚ ਹੀ ਅਜੋਕੇ ਸਮੇਂ ਅਨੁਸਾਰ ਉਹਨਾਂ ਦੀ ਸਫਲ ਕਵਿਤਾ ਦੀ ਰਹਿਨੁਮਾਈ ਕਰਦੀ ਹੈ। ਉਹਨਾਂ ਕੁਵਿੰਦਰ ਚਾਂਦ ਨੂੰ ਸੰਨ 1968 ਵਿੱਚ ਉਹਨਾਂ ਦੇ ਪਿਤਾ ਜੀ ਚਰਨ ਸਿੰਘ ਚਰਨ ਵੱਲੋਂ ਰਚੀਆਂ ਦੋ ਪੁਸਤਕਾਂ ਵੀ ਭੇਂਟ ਕੀਤੀਆਂ। ਇਸ ਸਮੇਂ ਸਾਬਕਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ ਸਟੇਟ ਅਵਾਰਡੀ ਨੇ ਕਵਿੰਦਰ ਚਾਂਦ ਨੂੰ ਇੱਕ ਚੇਤਨ ਅਤੇ ਅਤਿ-ਆਧੁਨਿਕ ਸ਼ਾਇਰ ਦੱਸਦੇ ਹੋਏ ਕਿਹਾ ਕਿ ਉਹਨਾਂ ਦੀਆਂ ਰਚਨਾਵਾਂ ਪਾਠਕਾਂ ਨੂੰ ਨਵਾਂ ਉਤਸਾਹ ਦਿੰਦੀਆਂ ਹਨ ਅਤੇ ਹਰ ਸਮੇਂ ਮਨੁੱਖੀ ਸਹਾਰਾ ਬਣਦੀਆਂ ਨਜ਼ਰ ਆਉਂਦੀਆਂ ਹਨ। ਥਿੰਦ ਨੇ ਕਿਹਾ ਕਿ ਕਵਿੰਦਰ ਚਾਂਦ ਪੰਜਾਬੀ ਗਜ਼ਲ ਦਾ ਮੁਹਾਂਦਰਾ ਘੜਨ ਵਾਲਿਆਂ ਵਿੱਚ ਮੋਹਰੀ ਹਸਤਾਖਰ ਬਣ ਕੇ ਉਭਰਿਆ ਹੈ। ਬਿਕਰਮਜੀਤ ਸਿੰਘ ਥਿੰਦ ਨੇ ਕਿਹਾ ਕਿ ਸ਼ਾਇਰ ਕਵਿੰਦਰ ਚਾਂਦ ਆਪਣੇ ਆਲੇ ਦੁਆਲੇ ਵਾਪਰਨ ਵਾਲੀ ਹਰ ਘਟਨਾ ਦਾ ਨੋਟਿਸ ਲੈਂਦਾ ਹੈ ਤੇ ਫਿਰ ਇੱਕ ਵੱਖਰੇ ਕਾਵਿਕ ਅੰਦਾਜ਼ ਵਿੱਚ ਕਵਿਤਾ ਸਿਰਜ ਦਿੰਦਾ ਹੈ। ਇਸ ਸਮੇਂ ਪ੍ਰਤਾਪ ਸਿੰਘ ਮੋਮੀ ਅਤੇ ਡਾ. ਪਰਮਜੀਤ ਸਿੰਘ ਮਾਨਸਾ ਨੇ ਕਿਹਾ ਕਿ ਕਵਿੰਦਰ ਚਾਂਦ ਦੀਆਂ ਕਵਿਤਾਵਾਂ ਵਿੱਚ ਸੰਵੇਦਨਾ, ਵਿਅੰਗ, ਤਿੱਖਾਪਨ ਤੇ ਹੇਰਵਾ ਵੀ ਬਾਖੂਬੀ ਨਜ਼ਰ ਆਉਂਦਾ ਹੈ। ਉਹਨਾਂ ਕਿਹਾ ਕਿ ਕਵਿੰਦਰ ਚਾਂਦ ਜੜਾਂ ਨਾਲ ਜੁੜਿਆ ਸ਼ਾਇਰ ਹੈ ਅਤੇ ਉਹ ਗਜ਼ਲ, ਗੀਤ ਸਿਰਜਣ ਸਮੇਂ ਸਮਕਾਲੀ ਪਰਿਸਥਿਤੀਆਂ ਨੂੰ ਆਧਾਰ ਬਣਾਉਂਦਾ ਹੈ। ਸਮਾਗਮ ਵਿੱਚ ਕਵਿੰਦਰ ਚਾਂਦ ਨੇ ਸਰੋਤਿਆਂ ਨਾਲ ਆਪਣੀ ਅਹਿਮ ਕਵਿਤਾ “ਮੁਆਫੀਨਾਮਾ” ਅਤੇ “ਚੱਲ ਪੰਜਾਬ ਨੂੰ ਚੱਲੀਏ” ਗਾ ਕੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਸ਼ਾਇਰ ਚਾਂਦ ਨੇ ਆਪਣੇ ਸਾਹਿਤਿਕ ਸਫਰ ਬਾਰੇ ਦੱਸਿਆ ਕਿ ਉਹਨਾਂ ਦੇ ਪਿਤਾ ਚਰਨ ਸਿੰਘ ਚਰਨ ਦੇ ਕਵੀ ਹੋਣ ਕਾਰਨ ਵਿਰਾਸਤ ਵਿੱਚ ਮਿਲੀ ਸਾਹਿਤ ਸਿਰਜਨਾ ਕਾਰਨ ਹੀ ਉਹ ਅੱਜ ਮਾਂ ਬੋਲੀ ਪੰਜਾਬੀ ਦੇ ਚਿੰਤਕ ਸ਼ਾਇਰਾਂ ਵਿੱਚ ਨਾਮ ਬਣਾਉਣ ਚ ਸਫਲ ਹੋਇਆ ਹੈ। ਸਮਾਗਮ ਵਿੱਚ ਸਾਹਿਤ ਸਭਾ ਦੇ ਵੱਖ-ਵੱਖ ਸ਼ਾਇਰਾਂ ਬਲਬੀਰ ਸ਼ੇਰਪੁਰੀ, ਜੱਗਾ ਸਿੰਘ, ਕਵਿਤਰੀ ਕੁਲਵਿੰਦਰ ਕੰਵਲ, ਕਵਿਤਰੀ ਬੀਬਾ ਗੁਰਲਾਲ ਸੰਧੂ ਅਤੇ ਮਾਸਟਰ ਦੇਸ ਰਾਜ ਨੇ ਆਪਣੀਆਂ ਰਚਨਾਵਾਂ ਸਰੋਤਿਆਂ ਸਾਹਮਣੇ ਪੇਸ਼ ਕੀਤੀਆਂ। ਸਮਾਗਮ ਵਿੱਚ ਸਾਹਿਤ ਸਭਾ ਦੇ ਪੈਰੋਕਾਰਾਂ ਡਾ. ਸਵਰਨ ਸਿੰਘ, ਸਕੱਤਰ ਮੁਖਤਾਰ ਸਿੰਘ ਚੰਦੀ, ਸੰਤ ਬਾਬਾ ਸੁਖਜੀਤ ਸਿੰਘ ਸੀਚੇਵਾਲ, ਐਡ. ਰਜਿੰਦਰ ਸਿੰਘ ਰਾਣਾ, ਬਿਕਰਮਜੀਤ ਸਿੰਘ ਥਿੰਦ ਸਾਬਕਾ ਜ਼ਿਲ੍ਹਾ ਸਿੱਖਿਆ ਅਧਿਕਾਰੀ, ਪ੍ਰੈੱਸ ਕਲੱਬ ਪ੍ਰਧਾਨ ਸੁਰਿੰਦਰ ਪਾਲ ਸਿੰਘ ਸੋਢੀ ਦੇ ਨਾਲ ਐੱਸ.ਡੀ.ਓ. ਪ੍ਰਤਾਪ ਸਿੰਘ ਮੋਮੀ ਡਾਕਟਰ ਪਰਮਜੀਤ ਸਿੰਘ ਮਾਨਸਾ, ਸਿਮਰਨਜੀਤ ਸਿੰਘ ਚਾਂਦ, ਮਾ. ਅਜੀਤ ਸਿੰਘ, ਮਾ. ਸੁੱਚਾ ਸਿੰਘ,ਲਾਇਨ ਕਸ਼ਮੀਰ ਸਿੰਘ,ਨਰਿੰਦਰ ਸਿੰਘ ਢਿੱਲੋਂ ਬਿਜਲੀ ਵਿਭਾਗ, ਹਰਜਿੰਦਰ ਸਿੰਘ ਧੰਜੂ, ਜਗਮੋਹਨ ਸਿੰਘ, ਬੁੱਕਣ ਸਿੰਘ, ਗਾਇਕ ਬਲਬੀਰ ਸ਼ੇਰਪੁਰੀ, ਸ਼ਾਇਰ ਮਾਸਟਰ ਦੇਸਰਾਜ, ਕਵਿਤਰੀ ਕੁਲਵਿੰਦਰ ਕੰਵਲ, ਅਮਰੀਕ ਸਿੰਘ ਅਤੇ ਵੱਡੇ ਗਿਣਤੀ ਵਿੱਚ ਸਰੋਤੇ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



