HOME ਪੂਰਾ ਦਿਨ ਪਏ ਮੀਂਹ ਨਾਲ ਖੁਸ਼ਕ ਮੌਸਮ ਤੋਂ ਮਿਲੀ ਰਾਹਤ, ਆਮ ਜਨ...

ਪੂਰਾ ਦਿਨ ਪਏ ਮੀਂਹ ਨਾਲ ਖੁਸ਼ਕ ਮੌਸਮ ਤੋਂ ਮਿਲੀ ਰਾਹਤ, ਆਮ ਜਨ ਜੀਵਨ ਪ੍ਰਭਾਵਿਤ

3
ਬਸੰਤ ਪੰਚਮੀ ਦਾ ਤਿਉਹਾਰ ਪਿਆ ਠੰਡਾ
ਨਵਾਂਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)  (ਜਤਿੰਦਰਪਾਲ ਸਿੰਘ ਕਲੇਰ) ਲੋਹੜੀ ਦੇ ਤਿਉਹਾਰ ਤੋਂ ਬਾਅਦ ਸਾਫ ਹੋਏ ਮੌਸਮ ਅਤੇ ਕਈ ਦਿਨ ਲਗਾਤਾਰ ਸੂਰਜ ਦੀ ਚਮਕ ਨਾਲ ਜਿੱਥੇ ਲੋਕਾਂ ਨੂੰ ਠੰਡ ਤੋਂ ਰਾਹਤ ਮਹਿਸੂਸ ਹੋਈ ਉਥੇ ਹੀ ਤਾਪਮਾਨ ਵਿੱਚ ਵਾਧੇ ਅਤੇ ਖੁਸ਼ਕ ਮੌਸਮ ਦੇ ਚੱਲਦਿਆਂ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੀ ਜਕੜ ਵਿੱਚ ਆਉਣ ਲੱਗ ਪਏ ਸਨ। ਲੋਕਾਂ ਵੱਲੋਂ ਮੀਹ ਪੈਣ ਦੀ ਉਮੀਦ ਲਗਭਗ 15-20 ਦਿਨ ਤੋਂ ਕੀਤੀ ਜਾ ਰਹੀ ਸੀ ਪ੍ਰੰਤੂ ਬੀਤੀ ਰਾਤ ਤੋਂ ਚੱਲੀਆਂ ਤੇਜ਼ ਹਵਾਵਾਂ ਦੇ ਨਾਲ-ਨਾਲ ਮੀਹ ਪੈਣਾ ਵੀ ਸ਼ੁਰੂ ਹੋ ਗਿਆ ਜੋ ਦਿਨ ਚੜਦੇ ਤੇਜ ਹੋਣਾ ਸ਼ੁਰੂ ਹੋ ਗਿਆ। ਤਕਰੀਬਨ ਪੂਰਾ ਦਿਨ ਰੁਕ ਰੁਕ ਕੇ ਕਿਧਰੇ ਤੇਜ਼ ਤੇ ਕਿਧਰੇ ਦਰਮਿਆਨੀ ਰਫਤਾਰ ਵਿੱਚ ਮੀਂਹ ਪੈਂਦਾ ਰਿਹਾ। ਤੇਜ ਹਵਾਵਾਂ ਕਾਰਨ ਕੁੱਝ ਖੇਤਾਂ ਵਿੱਚ ਕਣਕ ਦੀ ਫਸਲ ਡਿੱਗ ਪਈ ਅਤੇ ਦਰਖਤਾਂ ਦੇ ਟਾਹਣੇ ਟੁੱਟ ਗਏ। ਸਰਦੀ ਰੁੱਤ ਦੇ ਪਹਿਲੇ ਮੀਂਹ ਕਾਰਨ ਖੇਤਾਂ ਵਿੱਚ ਪਾਣੀ ਭਰ ਗਿਆ ਅਤੇ ਜਿਨਾਂ ਕਿਸਾਨਾਂ ਨੇ ਅਜੇ ਕਣਕ ਨੂੰ ਪਾਣੀ ਨਹੀਂ ਲਾਇਆ ਸੀ ਉਹਨਾਂ ਦੀਆਂ ਫਸਲਾਂ ਲਈ ਇਹ ਮੀਂਹ ਕਾਫੀ ਲਾਹੇਵੰਦ ਸਾਬਤ ਹੋਵੇਗਾ। ਮੀਂਹ ਕਾਰਨ ਲੋਕਾਂ ਨੂੰ ਖੁਸ਼ਕੀ ਭਰੇ ਮੌਸਮ ਤੋਂ ਕਾਫੀ ਰਾਹਤ ਮਿਲੇਗੀ ਅਤੇ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਖੰਘ, ਰੇਸ਼ਾ, ਬੁਖਾਰ, ਵਾਇਰਲ ਇਨਫੈਕਸ਼ਨ ਆਦਿ ਤੋਂ ਛੁਟਕਾਰਾ ਮਿਲਣ ਦੀ ਉਮੀਦ ਹੈ। ਦੂਜੇ ਪਾਸੇ ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਕੰਮਾਂ ਕਾਰਾਂ, ਡਿਊਟੀਆਂ, ਸਕੂਲਾਂ ਨੂੰ ਜਾਣ ਵਾਲੇ ਬੱਚਿਆਂ ਨੂੰ  ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਜਿਆਦਾਤਰ ਦੁਕਾਨਾਂ ਬੰਦ ਰਹੀਆਂ ਅਤੇ ਗਲੀਆਂ, ਬਾਜ਼ਾਰਾਂ ਵਿੱਚ ਲੋਕਾਂ ਦੀ ਆਵਾਜਾਈ ਨਾਮਾਤਰ ਹੀ ਰਹੀ। ਖਸਤਾ ਹਾਲ ਸੜਕਾਂ ਵਿੱਚ ਕਈ ਥਾਈਂ ਪਾਣੀ ਭਰਿਆ ਦੇਖਿਆ ਗਿਆ ਜਿੱਥੋਂ ਲੰਘਣ ਸਮੇਂ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ। ਸ਼ਾਮ ਸਮੇਂ ਅਸਮਾਨ ਵਿੱਚ ਬੱਦਲਵਾਈ ਛਾਈ ਹੋਈ ਸੀ ਤੇ ਹਲਕੀ ਬੂੰਦਾਂ ਬਾਂਦੀ ਜਾਰੀ ਸੀ।
ਮੀਂਹ ਕਾਰਨ ਪਤੰਗ ਉਡਾਉਣ ਦੇ ਸ਼ਕੀਨਾਂ ਵਿੱਚ ਰਹੀ ਨਮੋਸ਼ੀ 
ਅੱਜ ਬਸੰਤ ਪੰਚਮੀ ਦੇ ਤਿਉਹਾਰ ਮੌਕੇ ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਬਸੰਤ ਪੰਚਮੀ ਦਾ ਤਿਉਹਾਰ ਪੂਰੀ ਪੂਰਾ ਦਿਨ ਹੀ ਠੰਡਾ ਰਿਹਾ ਜਿਸ ਨਾਲ ਆਮ ਲੋਕਾਂ ਤੇ ਪਤੰਗ ਉਡਾਉਣ ਦੇ ਸ਼ੌਕੀਨਾਂ ਵਿੱਚ ਪੂਰਾ ਦਿਨ ਨਮੋਸ਼ੀ ਛਾਈ ਰਹੀ ਕਿਉਂਕਿ ਪਤੰਗ ਉਡਾਉਣ ਦੇ  ਸ਼ੌਕੀਨ ਪੂਰਾ ਸਾਲ ਹੀ ਇਸ ਦਿਨ ਦਾ ਖਾਸ ਤੌਰ ‘ਤੇ ਇੰਤਜ਼ਾਰ ਕਰਦੇ ਹਨ। ਬਸੰਤ ਪੰਚਮੀ ਦਾ ਤਿਉਹਾਰ ਜਿੱਥੇ ਸੁਹਾਵਣੀ ਰੁੱਤ ਦੇ ਆਗਾਜ਼ ਦਾ ਪ੍ਰਤੀਕ ਹੈ ਉਥੇ ਹੀ ਅੱਜ ਦੇ ਦਿਨ ਮਾਤਾ ਸਰਸਵਤੀ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ ਤੇ ਲੋਕ ਘਰਾਂ ਵਿੱਚ ਪੀਲੇ ਰੰਗ ਦਾ ਪ੍ਰਸ਼ਾਦ ਬਣਾ ਕੇ ਵੰਡਦੇ ਹਨ ਤੇ ਇੱਕ ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕਰਦੇ ਹਨ ਜਦ ਕਿ ਪਤੰਗ ਉਡਾਉਣ ਦੀ ਸ਼ੌਕੀਨ ਇਕ-ਦੋ ਦਿਨ ਪਹਿਲਾਂ ਹੀ ਪਤੰਗ ਤੇ ਡੋਰਾਂ ਆਦਿ ਖਰੀਦ ਕੇ ਆਪਣੀ ਤਿਆਰੀ ਕਰ ਲੈਂਦੇ ਹਨ। ਕਾਠਗੜ੍ਹ ਵਿੱਚ ਪਤੰਗਬਾਜ਼ੀ ਦਾ ਜਨੂਨ ਬੱਚਿਆਂ ਅਤੇ ਨੌਜਵਾਨਾਂ ਦੇ ਸਿਰ ਚੜ ਕੇ ਬੋਲਦਾ ਹੈ ਅਤੇ ਪੂਰਾ ਦਿਨ ਕਸਬੇ ਵਿੱਚ ਡੀ.ਜੇ ਲਗਾ ਕੇ ਲੋਕ ਪਤੰਗ ਚੜਾਉਂਦੇ ਤੇ ਖੁਸ਼ੀ ਮਨਾਉਂਦੇ ਹਨ ਪ੍ਰੰਤੂ ਮੀਂਹ ਕਾਰਨ ਬਸੰਤ ਪੰਚਮੀ ਦੇ ਚਾਅ ਲੋਕਾਂ ਦੇ ਮਨਾਂ ਵਿੱਚ ਦੱਬੇ ਹੀ ਰਹਿ ਗਏ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਾਲਵਾ ਸੱਭਿਆਚਾਰਕ ਮੰਚ ਦੀ ਸ਼ੁਕਰਾਨਾ ਮੀਟਿੰਗ ਵਿੱਚ ਰਮਿੰਦਰ ਸਿੰਘ ਰਿਟਾ. ਆਈ.ਏ.ਐੱਸ. ਮੰਚ ਦੇ ਮੁੱਖ ਸਰਪ੍ਰਸਤ ਬਣੇ
Next articleਪੀਐਮ ਸ਼੍ਰੀ ਸਕੀਮ ਦੁਆਰਾ ਸੰਚਾਲਿਤ ਸਕੂਲ ਟਵਿਨਿੰਗ ਪ੍ਰੋਗਰਾਮ ਦੀ ਯੋਜਨਾ ਦੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰੱਤੇਵਾਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਦ ਨੌਰਵੁੱਡ ਸਕੂਲ ਦਾ ਵਿਦਿਅਕ ਦੌਰਾ