ਅੰਤਿਮ ਅਰਦਾਸ 21 ਜਨਵਰੀ ਦਿਨ ਬੁੱਧਵਾਰ ਨੂੰ ਲੁਧਿਆਣਾ ਵਿਖੇ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਪਨੈਲਟੀ ਕਾਰਨਰ ਦੇ ਕਿੰਗ ਵਜੋਂ ਜਾਣੇ ਜਾਂਦੇ ਆਲਮੀ ਹਾਕੀ ਦੇ ਸੁਪਰ ਸਟਾਰ ਓਲੰਪੀਅਨ ਪ੍ਰਿਥੀਪਾਲ ਸਿੰਘ ਜਿਨਾਂ ਨੇ 1958 ਤੋਂ ਲੈ ਕੇ 1968 ਤੱਕ ਭਾਰਤੀ ਹਾਕੀ ਟੀਮ ਦੀ ਨੁਮਾਇੰਦਗੀ ਅਤੇ ਕਪਤਾਨੀ ਕੀਤੀ । ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਚਰਨਜੀਤ ਕੌਰ (90 ਸਾਲ) ਦਾ 16 ਜਨਵਰੀ 2026 ਨੂੰ ਦੇਹਾਂਤ ਹੋ ਗਿਆ ਹੈ। ਸਵਰਗੀ ਚਰਨਜੀਤ ਕੌਰ ਦਾ ਅੰਤਿਮ ਸਸਕਾਰ ਲੁਧਿਆਣਾ ਦੇ ਪਿੰਡ ਸੁਨੇਤ ਦੇ ਸਮਸ਼ਾਨਘਾਟ ਵਿਖੇ ਕੀਤਾ ਗਿਆ । ਜਿੱਥੇ ਵੱਖ- ਵੱਖ ਧਰਮਾਂ ਦੇ ਲੋਕਾਂ, ਖੇਡ ਜਗਤ ਦੀਆਂ ਸ਼ਖ਼ਸੀਅਤਾਂ, ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਹੰਝੂਆਂ ਭਰੀ ਅੰਤਿਮ ਵਧਾਈ ਗਈ ਦਿੱਤੀ।ਹਾਕੀ ਦੇ ਸੁਪਰ ਸਟਾਰ ਓਲੰਪੀਅਨ ਪ੍ਰਿਥੀਪਾਲ ਸਿੰਘ ਜਿਨ੍ਹਾਂ ਨੇ 1960 ਰੋਮ ਉਲੰਪਿਕ, 1964 ਟੋਕੀਉ ਅਤੇ 1968 ਮੈਕਸੀਕੋ ਉਲੰਪਿਕ ਵਿੱਚ ਭਾਰਤੀ ਟੀਮ ਦੀ ਕਪਤਾਨੀ ਕਰਨ ਦਾ ਮਾਣ ਪ੍ਰਾਪਤ ਕੀਤਾ ਉਹ ਤਿੰਨੇ ਓਲੰਪਿਕਾਂ ਵਿੱਚ ਤਗਮਾ ਜੇਤੂ ਅਤੇ ਉਹ ਟੋਪ ਸਕੋਰਰ ਵੀ ਰਹੇ । ਉਹਨਾਂ ਨੇ ਤਿੰਨੇ ਓਲੰਪਿਕਾਂ ਵਿੱਚ ਕੁੱਲ 27 ਗੋਲ ਕਰਨ ਦਾ ਰਿਕਾਰਡ ਆਪਣੇ ਨਾਮ ਕੀਤਾ । ਉਹ 20ਵੀਂ ਸਦੀ ਦੀ ਹਾਕੀ ਦੇ ਦੁਨੀਆ ਦੇ ਧਿਆਨ ਚੰਦ ਤੋਂ ਬਾਅਦ ਦੂਸਰੇ ਆਲਮੀ ਸੁਪਰਸਟਾਰ ਖਿਡਾਰੀ ਸਨ। ਓਲੰਪੀਅਨ ਪ੍ਰਿਥੀਪਾਲ ਸਿੰਘ ਹੋਰਾਂ ਦਾ 20 ਮਈ 1983 ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਤਲ ਹੋ ਗਿਆ ਸੀ । ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਡਾਇਰੈਕਟਰ ਸਟੂਡੈਂਟ ਵੈਲਫੇਅਰ ਦੇ ਅਹੁਦੇ ਤੇ ਬਿਰਾਜਮਾਨ ਸਨ। ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਚਰਨਜੀਤ ਕੌਰ ਨੇ ਜਿੱਥੇ ਵੱਡੇ ਰੁਤਬਿਆਂ ਦਾ ਅਨੰਦ ਮਾਣਿਆ ਉੱਥੇ ਜ਼ਿੰਦਗੀ ਦਾ ਆਖਰੀ ਪੜਾਅ ਬੜਾ ਔਖੇ ਟਾਈਮ ਵਿੱਚ ਵੀ ਕੱਢਿਆ। ਸ਼੍ਰੀਮਤੀ ਚਰਨਜੀਤ ਕੌਰ ਆਪਣੇ ਪਿੱਛੇ ਇੱਕ ਬੇਟੀ ਜਸਪ੍ਰੀਤ ਕੌਰ ਨੂੰ ਛੱਡ ਗਏ ਹਨ। ਸ਼੍ਰੀਮਤੀ ਚਰਨਜੀਤ ਕੌਰ ਨੇ ਸ੍ਰ: ਪ੍ਰਿਥੀਪਾਲ ਸਿੰਘ ਹੋਰਾਂ ਦੇ ਬੰਨੀ ਹੋਈ ਆਖਰੀ ਪੱਗ, ਉਹਨਾਂ ਦੀ 1964 ਓਲੰਪਿਕ ਖੇਡਾਂ ਵਾਲੀ ਜੇਤੂ ਹਾਕੀ ਅਤੇ ਉਹਨਾਂ ਦੀਆਂ ਜੇਤੂ ਟਰਾਫ਼ੀਆਂ ਨੂੰ ਜ਼ਿੰਦਗੀ ਤੇ ਆਖਰੀ ਦਮ ਤੱਕ ਸੰਭਾਲ ਕੇ ਰੱਖਿਆ ਹੋਇਆ ਹੈ। ਸਵਰਗੀ ਚਰਨਜੀਤ ਕੌਰ ਦੇ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 21 ਜਨਵਰੀ ਦਿਨ ਬੁੱਧਵਾਰ ਨੂੰ ਦੁਪਹਿਰ 1 ਤੋਂ 2 ਵਜੇ ਤੱਕ ਗੁਰਦੁਆਰਾ ਸਿੰਘ ਸਭਾ, ਈ-ਬਲਾਕ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ ਵਿਖੇ ਹੋਵੇਗੀ। ਜਿੱਥੇ ਰਾਜਨੀਤਿਕ, ਸਮਾਜਿਕ ਅਤੇ ਖੇਡ ਜਗਤ ਦੀਆਂ ਸ਼ਖ਼ਸੀਅਤਾਂ ਸਵਰਗੀ ਮਾਤਾ ਚਰਨਜੀਤ ਕੌਰ ਜੀ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨਗੀਆਂ।ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦੇ ਸਰਪ੍ਰਸਤ ਦਰੋਣਾਚਾਰੀਆ ਐਵਾਰਡੀ ਕੋਚ ਬਲਦੇਵ ਸਿੰਘ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਓਲੰਪੀਅਨ ਹਰਦੀਪ ਸਿੰਘ ਗਰੇਵਾਲ, ਸ੍ਰ: ਦਲਜੀਤ ਸਿੰਘ ਗਰੇਵਾਲ ਸਾਬਕਾ ਡੀਜੀਐਮ ਰੇਲ ਕੋਚ ਫੈਕਟਰੀ ਕਪੂਰਥਲਾ, ਹਰਭਜਨ ਸਿੰਘ ਗਰੇਵਾਲ, ਪ੍ਰੀਤਮ ਸਿੰਘ ਗਰੇਵਾਲ ਸਾਬਕਾ ਮੇਅਰ ਹੰਸਲੋ ਇੰਗਲੈਂਡ, ਹਰਿੰਦਰ ਸਿੰਘ ਭੁੱਲਰ ਸਾਬਕਾ ਡਿਪਟੀ ਡਾਇਰੈਕਟਰ ਸਪੋਰਟਸ ਪੀ.ਏ.ਯੂ, ਪ੍ਰੋਫੈਸਰ ਰਜਿੰਦਰ ਸਿੰਘ ਖਾਲਸਾ ਕਾਲਜ, ਸ੍ਰ: ਜਗਮੋਹਨ ਸਿੰਘ ਸੰਧੂ, ਜਗਰੂਪ ਸਿੰਘ ਜਰਖੜ ਡਾਇਰੈਕਟਰ ਜਰਖੜ ਹਾਕੀ ਅਕੈਡਮੀ, ਅਮਰੀਕ ਸਿੰਘ ਮਿਨਹਾਸ ਪ੍ਰਧਾਨ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ, ਚੇਅਰਮੈਨ ਸੁਖਵਿੰਦਰ ਸਿੰਘ, ਸੁਰਜੀਤ ਹਾਕੀ ਸੁਸਾਇਟੀ ਜਲੰਧਰ ਵੱਲੋਂ ਸ੍ਰ: ਇਕਬਾਲ ਸਿੰਘ ਸੰਧੂ, ਸੁਰਿੰਦਰ ਸਿੰਘ ਭਾਪਾ ਅਤੇ ਖੇਡ ਜਗਤ ਦੀਆਂ ਹੋਰ ਨਾਮੀ ਸ਼ਖ਼ਸ਼ੀਅਤਾਂ ਨੇ ਸਵਰਗੀ ਮਾਤਾ ਚਰਨਜੀਤ ਕੌਰ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਜਿੱਥੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਉਥੇ ਓਲੰਪੀਅਨ ਪ੍ਰਿਥੀਪਾਲ ਸਿੰਘ ਹੋਰਾਂ ਦੀਆਂ ਪ੍ਰਾਪਤੀਆਂ ਨੂੰ ਵੀ ਯਾਦ ਕੀਤਾ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਓਲੰਪੀਅਨ ਪ੍ਰਿਥੀਪਾਲ ਸਿੰਘ ਹੋਰਾਂ ਦੀ ਲੁਧਿਆਣਾ ਵਿਖੇ ਕੋਈ ਢੁੱਕਵੀਂ ਯਾਦਗਾਰ ਉਸਾਰੀ ਜਾਵੇ ਤਾਂ ਜੋ ਸ਼੍ਰੀਮਤੀ ਚਰਨਜੀਤ ਕੌਰ ਅਤੇ ਉਲੰਪੀਅਨ ਪ੍ਰਿਥੀਪਾਲ ਸਿੰਘ ਨੂੰ ਇੱਕ ਸੱਚੀ ਸ਼ਰਧਾਂਜਲੀ ਭੇਂਟ ਕੀਤੀ ਜਾ ਸਕੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



