(ਸਮਾਜ ਵੀਕਲੀ) ਸਰਦੀਆਂ ਦੇ ਦਿਨਾਂ ਵਿੱਚ ਧੁੰਦ ਪੈਣਾ ਆਮ ਗੱਲ ਹੈ। ਲਗਭਗ ਹਰ ਸਾਲ ਧੁੰਦ ਪੈਂਦੀ ਹੈ ਅਤੇ ਕਈ ਵਾਰੀ ਤਾਂ ਵਿਜ਼ੀਬਿਲਿਟੀ ਬਹੁਤ ਘੱਟ ਜਾਂਦੀ ਹੈ। ਅੱਜ ਸਵੇਰੇ ਜਦੋਂ ਮੈਂ ਕਮਰੇ ਤੋਂ ਬਾਹਰ ਨਿਕਲਿਆ ਤਾਂ ਧੁੰਦ ਇੰਨੀ ਜ਼ਿਆਦਾ ਸੀ ਕਿ ਕੁਝ ਵੀ ਸਾਫ਼ ਨਹੀਂ ਦਿੱਖ ਰਿਹਾ ਸੀ। ਇਸ ਧੁੰਦ ਨੂੰ ਵੇਖ ਕੇ ਮੈਨੂੰ ਆਪਣੇ ਬਚਪਨ ਦੀ ਇੱਕ ਪੁਰਾਣੀ ਘਟਨਾ ਯਾਦ ਆ ਗਈ। ਇਹ ਘਟਨਾ ਅੱਜ ਸੋਚੀਏ ਤਾਂ ਹਾਸੇ ਵਾਲੀ ਲੱਗਦੀ ਹੈ, ਪਰ ਉਸ ਸਮੇਂ ਮੇਰੇ ਲਈ ਕਾਫ਼ੀ ਡਰਾਉਣੀ ਸੀ। ਇਹ ਗੱਲ ਲਗਭਗ ਤੀਹ ਤੋਂ ਇਕੱਤੀ ਸਾਲ ਪਹਿਲਾਂ ਦੀ ਹੈ, ਜਦੋਂ ਮੈਂ ਸੱਤ,ਅੱਠ ਸਾਲ ਦਾ ਸੀ। ਉਹ ਸਮਾਂ ਸੀ ਜਦੋਂ ਪਿੰਡਾਂ ਵਿੱਚ ਅੱਜ ਵਰਗੀਆਂ ਸਹੂਲਤਾਂ ਨਹੀਂ ਹੁੰਦੀਆਂ ਸਨ। ਆਮ ਘਰਾਂ ਵਿੱਚ ਟਾਇਲਟ ਨਹੀਂ ਹੁੰਦੇ ਸਨ ਅਤੇ ਸਵੇਰੇ “ਜੰਗਲ ਪਾਣੀ” ਲਈ ਬਾਹਰ ਖੇਤਾਂ ਵੱਲ ਜਾਣਾ ਪੈਂਦਾ ਸੀ। ਇੱਕ ਸਵੇਰ, ਸਕੂਲ ਜਾਣ ਤੋਂ ਪਹਿਲਾਂ, ਮੈਂ ਵੀ ਇਹੀ ਕੰਮ ਲਈ ਘਰ ਤੋਂ ਨਿਕਲਿਆ। ਸਾਡੇ ਘਰ ਤੋਂ ਲਗਭਗ ਸੋ ਮੀਟਰ ਦੂਰ ਕਮਾਦ ਦਾ ਇੱਕ ਵੱਡਾ ਖੇਤ ਸੀ, ਜੋ ਕਾਫ਼ੀ ਜ਼ਮੀਨ ਵਿੱਚ ਫੈਲਿਆ ਹੋਇਆ ਸੀ। ਸਵੇਰ ਦੀ ਤੜਕੇ ਘਣੀ ਧੁੰਦ ਪਈ ਹੋਈ ਸੀ। ਮੈਂ ਉਸੇ ਧੁੰਦ ਵਿੱਚ ਕਮਾਦ ਦੇ ਖੇਤ ਵਿੱਚ ਦਾਖਲ ਹੋ ਗਿਆ। ਧੁੰਦ ਇੰਨੀ ਸੀ ਕਿ ਮੈਨੂੰ ਇਹ ਵੀ ਯਾਦ ਨਾ ਰਿਹਾ ਕਿ ਮੈਂ ਕਿਹੜੇ ਰਸਤੇ ਅੰਦਰ ਆਇਆ ਹਾਂ। ਚਲਦੇ-ਚਲਦੇ ਮੈਂ ਕਾਫ਼ੀ ਅੰਦਰ ਤੱਕ ਚਲਾ ਗਿਆ। ਜਦੋਂ ਵਾਪਸ ਮੁੜਨ ਲੱਗਿਆ ਤਾਂ ਮੈਨੂੰ ਸਮਝ ਹੀ ਨਹੀਂ ਆਈ ਕਿ ਕਿੱਧਰ ਜਾਣਾ ਹੈ। ਨਾ ਕੋਈ ਰਸਤਾ ਦਿਖਦਾ ਸੀ, ਨਾ ਹੀ ਦਿਸ਼ਾ ਦਾ ਪਤਾ ਲੱਗਦਾ ਸੀ। ਮੈਂ ਛੋਟਾ ਬੱਚਾ ਸੀ, ਡਰ ਲੱਗਣਾ ਸੁਭਾਵਿਕ ਸੀ। ਮੈਂ ਘਬਰਾ ਗਿਆ। ਅੱਧੇ ਘੰਟੇ ਤੋਂ ਵੱਧ ਸਮਾਂ ਮੈਂ ਕਮਾਦ ਵਿੱਚ ਇੱਧਰ ਉੱਧਰ ਘੁੰਮਦਾ ਰਿਹਾ, ਪਰ ਬਾਹਰ ਨਿਕਲਣ ਦਾ ਕੋਈ ਰਾਹ ਨਹੀਂ ਮਿਲਿਆ। ਅਚਾਨਕ ਮੈਨੂੰ ਕਿਸੇ ਦੀ ਆਵਾਜ਼ ਸੁਣਾਈ ਦਿੱਤੀ। ਕਿਸੇ ਨੇ ਮੈਨੂੰ ਮੇਰੇ ਨਾਮ ਨਾਲ ਬੁਲਾਇਆ। ਉਹ ਆਵਾਜ਼ ਮੇਰੇ ਲਈ ਬਹੁਤ ਵੱਡੀ ਹੌਸਲੇ ਦੀ ਗੱਲ ਸੀ। ਮੈਂ ਧਿਆਨ ਨਾਲ ਸੁਣ ਕੇ ਉਸ ਦਿਸ਼ਾ ਵੱਲ ਤੁਰਨਾ ਸ਼ੁਰੂ ਕਰ ਦਿੱਤਾ। ਥੋੜ੍ਹੀ ਦੂਰ ਚੱਲਣ ਤੋਂ ਬਾਅਦ ਮੈਂ ਕਮਾਦ ਵਿੱਚੋਂ ਬਾਹਰ ਨਿਕਲ ਆਇਆ। ਸਾਹਮਣੇ ਮੇਰੇ ਘਰ ਦੇ ਤਿੰਨ ਮੈਂਬਰ ਖੜੇ ਸਨ। ਉਹ ਬਹੁਤ ਘਬਰਾਏ ਹੋਏ ਸਨ ਕਿਉਂਕਿ ਮੈਂ ਕਾਫ਼ੀ ਦੇਰ ਤੋਂ ਗਾਇਬ ਸੀ। ਮੈਂ ਵੀ ਡਰਿਆ ਹੋਇਆ ਸੀ। ਅੱਜ ਜਦੋਂ ਮੈਂ ਇਸ ਘਟਨਾ ਨੂੰ ਯਾਦ ਕਰਦਾ ਹਾਂ ਜਾਂ ਕਿਸੇ ਨਾਲ ਸਾਂਝੀ ਕਰਦਾ ਹਾਂ ਤਾਂ ਸਭ ਹੱਸ ਪੈਂਦੇ ਹਨ। ਪਰ ਇਹ ਘਟਨਾ ਬਚਪਨ ਦੀ ਮਾਸੂਮੀਅਤ, ਉਸ ਸਮੇਂ ਦੀ ਸਾਦਗੀ ਅਤੇ ਪਰਿਵਾਰ ਦੀ ਚਿੰਤਾ ਨੂੰ ਦਰਸਾਉਂਦੀ ਹੈ। ਕਈ ਵਾਰੀ ਧੁੰਦ ਸਿਰਫ਼ ਰਸਤੇ ਨਹੀਂ ਰੋਕਦੀ, ਇਹ ਸਾਨੂੰ ਪੁਰਾਣੀਆਂ ਯਾਦਾਂ ਵੱਲ ਵੀ ਲੈ ਜਾਂਦੀ ਹੈ। ਅਤੇ ਇਹੀ ਯਾਦਾਂ ਸਾਡੀ ਜ਼ਿੰਦਗੀ ਦੀ ਸਭ ਤੋਂ ਕੀਮਤੀ ਪੂੰਜੀ ਹੁੰਦੀਆਂ ਹਨ।
ਪਵਨ ਕੁਮਾਰ ਅੱਤਰੀ (ਕਪੂਰਥਲਾ)
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



