HOME ਕਬੱਡੀ ਦੀ ਕਸਤੂਰੀ ਕਬੱਡੀ ਪ੍ਰਮੋਟਰ ਕਾਲ਼ਾ ‘ਬਾਗੜੀਆਂ’

ਕਬੱਡੀ ਦੀ ਕਸਤੂਰੀ ਕਬੱਡੀ ਪ੍ਰਮੋਟਰ ਕਾਲ਼ਾ ‘ਬਾਗੜੀਆਂ’

5

ਬਾਗੜੀਆਂ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਕਾਲ਼ੇ ਦਾ ਪੂਰਾਂ ਨਾਮ ਬਲਵਿੰਦਰ ਸਿੰਘ ਹੈ। ‘ਓਠੀ’ ਉਹਦੀ ਗੋਤ ਹੈ। ਪਰ ਪੂਰੇ ਨਾਮ ਨੂੰ ਕੋਈ ਵਿਰਲਾ-ਟਾਂਵਾ ਜਾਣਦਾ ਹੈ। ਛੋਟੇ ਨਾਮ ਤੋਂ ਬੱਚਾ-ਬੱਚਾ ਵਾਕਿਫ ਹੈ। ਜਿਵੇਂ ਬਲਵਿੰਦਰ ਸਿੰਘ ਨੂੰ ਬਹੁਤ ਘੱਟ ਲੋਕ ਜਾਣਦੇ ਹਨ ਪਰ ‘ਫਿੱਡੂ’ ਨੂੰ ਸਾਰਾ ਕਬੱਡੀ ਜਗਤ ਜਾਣਦਾ ਹੈ। ਤਲਵੰਡੀ ਚੌਧਰੀਆਂ ਦੇ ਬਲਵਿੰਦਰ ਸਿੰਘ ਨੂੰ ਕੋਈ ਨਹੀਂ ਜਾਣਦਾ ‘ਤੁੜ’ ਨੂੰ ਸਾਰੇ ਜਾਣਦੇ ਹਨ ; ਬਿਲਕੁਲ ਇਵੇਂ ਹੀ। ਬਲਵਿੰਦਰ ਸਿੰਘ ‘ਓਠੀ’ ਨੂੰ ਬਹੁਤ ਘੱਟ ਜਾਣਦੇ ਹਨ ਪਰ ਕਾਲ਼ਾ ‘ਬਾਗੜੀਆਂ’ ਕਬੱਡੀ ਦੀ ਦੁਨੀਆ ਵਿੱਚ ਹਰਮਨ ਪਿਆਰਾ ਨਾਮ ਹੈ।ਕਾਲ਼ੇ ‘ਬਾਗੜੀਆਂ’ ਨੂੰ ਪਹਿਲਾਂ ਖਿਡਾਰੀ ਕਰਕੇ ਤੇ ਹੁਣ ਕਬੱਡੀ ਦੇ ਪ੍ਰਮੋਟਰ ਕਰਕੇ ਕਬੱਡੀ ਦੁਨੀਆ ਜਾਣਦੀ ਹੈ।ਕਾਲੇ ਦਾ ਕੱਦ ਦਰਮਿਆਨਾ, ਰੰਗ ਕੱਤੇ ਦੀ ਕਪਾਹ ਵਰਗਾ ਚਿਹਰਾ ਪੂਰਨਮਾਸ਼ੀ ਦੇ ਚੰਨ ਵਰਗਾ ਗੋਲ਼ ਹੈ।ਉਸਦੇ ਬੋਲਾਂ ਵਿੱਚ ਸਿਆਣਪ ਦਾ ਰੰਗ ਤੇ ਚੜ੍ਹਦੀ ਕਲਾ ਹੁੰਦੀ ਹੈ।ਮੈਂ ਪੁੱਛਿਆ, ਇੰਨੇ ਗੋਰੇ ਰੰਗ ਵਾਲੇ ਬੱਚੇ ਦਾ ਨਾਮ ਕਾਲ਼ਾ ਕਿਵੇਂ ਹੋ ਗਿਆ ਕਹਿੰਦਾ ਪੱਡਾ ਸਾਹਬ, ਦਾਦੀ ਨੂੰ ਪਤਾ ਹੋਊ।ਸ਼ਾਇਦ ਨਜ਼ਰ ਨਾ ਲੱਗ ਜਾਵੇ। ਮੈਂ ਸੋਚਿਆ। ਪਰ ਕਾਲ਼ਾ ਕਬੱਡੀ ਦੇ ਅਸਮਾਨ ਵਿੱਚ ਚੰਨ ਵਾਂਗ ਚਮਕੇਗਾ, ਦਾਦੀ ਨੇ ਸੋਚਿਆ ਵੀ ਨਹੀਂ ਹੋਣਾ। ਸਿਆਣੇ ਸੱਚ ਕਹਿੰਦੇ ਨੇ ਕਿ ਬਜ਼ੁਰਗਾਂ ਦਾ ਪਿਆਰ,ਅਸੀਸਾਂ ਤੇ ਸ਼ੱਭ ਕਾਮਨਾਵਾਂ ਬੰਦੇ ਨੂੰ ਕਿਤੇ ਦਾ ਕਿਤੇ ਲੈ ਜਾਂਦੀਆਂ ਹਨ।ਕਾਲ਼ੇ ਦਾ ਜਨਮ ਸੰਨ 1981 ਦੇ ਪਹਿਲੇ ਮਹੀਨੇ ਦੀ ਪਹਿਲੀ ਤਰੀਕ ਨੂੰ ਮਾਤਾ ਜਸਵੀਰ ਕੌਰ ਦੀ ਕੁੱਖੋਂ ਪਿਤਾ ਸ੍ਰ ਅਜੀਤ ਸਿੰਘ ਦੇ ਘਰ ਪਿੰਡ ਬਾਗੜੀਆਂ ਜਿਲ੍ਹਾ ਕਪੂਰਥਲਾ ਵਿੱਚ ਹੋਇਆ। ਪੰਜ ਜਮਾਤਾਂ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪਾਸ ਕੀਤੀਆਂ। ਮੈਟ੍ਰਿਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗਪੁਰ ਤੋਂ ਕੀਤੀ। ਇਹਨਾਂ ਸਮਿਆਂ ਵਿੱਚ ਉਹਦੇ ਸਾਹਾਂ ਵਿੱਚ ਕਬੱਡੀ,,,, ਕਬੱਡੀ ਦਾ ਉਚਾਰਨ ਇਵੇਂ ਰਲ਼ ਗਿਆ ਸੀ ਜਿਵੇਂ ਸੀਰੋਵਾਲ ਦੇ ਇਲਾਕੇ ਦੀ ਸ਼ੱਕਰ ਵਿੱਚ ਦੇਸੀ ਘਿਓ ਕਬੱਡੀ ਦੀ ਗੁੜ੍ਹਤੀ ਉਸਨੂੰ ਕਬੱਡੀ ਖਿਡਾਰੀ ਅਜੈਬ ਸਿੰਘ ਨੇ ਦਿੱਤੀ। ਉਸ ਦੀਆਂ ਕਬੱਡੀ ਦੀਆਂ ਕਹਾਣੀਆਂ, ਲਾਗਲੇ ਪਿੰਡਾਂ ਸਕੂਲਾਂ ਸੱਥਾਂ ਵਿੱਚ ਹੋਣ ਲੱਗੀਆਂ।ਕਬੱਡੀ ਦਾ ਨਾਮੀ ਕੋਚ ਸ੍ਰ ਰੁਪਿੰਦਰ ਸਿੰਘ ਸੈਣੀ ਉਹਨੀਂ ਦਿਨੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗਪੁਰ ਵਿੱਚ ਬਤੌਰ ਡੀ.ਪੀ. ਦੀ ਪੋਸਟ ਤੇ ਸਨ। ਹੀਰੇ ਦੀ ਪਰਖ ਜੌਹਰੀ ਨੂੰ ਹੀ ਹੁੰਦੀ ਹੈ। ਰੁਪਿੰਦਰ ਸਿੰਘ ਨੇ ਕਾਲ਼ੇ ਤੱਕ ਪਹੁੰਚ ਕੀਤੀ। ਅਤੇ ਕਬੱਡੀ ਦੇ ਇਸ ਬੂਟੇ ਨੂੰ ਭੋਗਪੁਰ ਸਕੂਲ ਦੀ ਗਰਾਊਂਡ ਵਿੱਚ ਲਾ ਦਿੱਤਾ। ਬੱਸ ਫਿਰ ਕੀ ਸੀ ਕਾਲ਼ਾ ਕਬੱਡੀ ਤੇ ਕੋਚ ਰੁਪਿੰਦਰ ਸਿੰਘ ਘਿਓ ਖਿੱਚੜੀ ਹੋ ਗਏ। ਰੁਪਿੰਦਰ ਸਿੰਘ ਦੀ ਬਦਲੀ ਜਦੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਾੜੀ ਹੋਈ ਤਾਂ ਕਾਲ਼ੇ ਦਾ ਨਾਮ ਵੀ ਕਰਾੜੀ ਸਕੂਲ ਦੇ ਰਜਿਸਟਰ ਤੇ ਲਿਖਿਆ ਗਿਆ। ਕਾਲ਼ੇ ਨੇ ਬਾਰ੍ਹਵੀਂ ਦੀ ਜਮਾਤ ਇਸੇ ਸਕੂਲ ਵਿੱਚੋਂ ਕੀਤੀ।ਮੈਂ ਰੁਪਿੰਦਰ ਸਿੰਘ ਨੂੰ ਨਿੱਜੀ ਤੌਰ ਤੇ ਜਾਣਦਾ ਹਾਂ। ਕਬੱਡੀ ਦਾ ਮੰਨਿਆ ਪ੍ਰਮੰਨਿਆ ਕੋਚ। ਉਹਦੇ ਕਬੱਡੀ ਦੇ ਕਈ ਸ਼ਗਿਰਦ ਨੈਸ਼ਨਲ, ਇੰਟਰ ਨੈਸ਼ਨਲ ਪੱਧਰ ਤੇ ਖੇਡ ਕੇ ਉੱਚ ਅਹੁਦਿਆਂ ਤੇ ਪਹੁੰਚੇ ਹਨ। ਕਾਲ਼ੇ ਦੇ ਦੱਸਣ ਮੁਤਾਬਿਕ ਰੁਪਿੰਦਰ ਸਿੰਘ ਉਹਦੇ ਲਈ ‘ਦ੍ਰੋਣਾਚਾਰੀਆ’ ਹੈ।ਦੋ ਸਾਲਾਂ ਵਿੱਚ ਕਾਲ਼ੇ ਦੀ ਕਬੱਡੀ ਦੀ ਰੰਗਤ ਬਦਲ ਗਈ। ਉਹ ਕਬੱਡੀ ਦੀਆਂ ਬਰੀਕੀਆਂ ਜਾਣ ਗਿਆ। ਹੁਣ ਉਹਦੀ ਕਬੱਡੀ ਇੰਵੇਂ ਸੀ ਜਿਵੇਂ ਸਾਫ ਸ਼ੀਸ਼ੇ ਵਿੱਚੋਂ ਸਾਬਣ ਲਾ ਕੇ ਧੋਤਾ, ਮੂੰਹ ਦਿਸਦਾ ਹੋਵੇ।ਜਿੰਦਗੀ ਦੇ ਇਸ ਸੁਨਹਿਰੀ ਸਮੇਂ ਉਹ ਅੰਡਰ 18 ਆਲ ਇੰਡੀਆ ਸਕੂਲ ਗੇਮਜ ਤਾਮਿਲਨਾਡੂ ਦੇ ਸ਼ਹਿਰ ਸੇਲ੍ਹਮ ਖੇਡਿਆ। ਅੰਡਰ 19 ਆਲ ਇੰਡੀਆ ਮੋਗਾ ਖੇਡੀ।ਕਾਲ਼ੇ ਦੇ ਦਾਦੇ ਸ੍ਰ ਸਰਦਾਰ ਸਿੰਘ ਨੇ 1947 ਤੋਂ ਪਹਿਲਾਂ ਪਾਕਿਸਤਾਨ ਦੇ ਜਿਲ੍ਹਾ ਸਿਆਲਕੋਟ ਦੀ ਤਹਿਸੀਲ ਨਾਰੋਵਾਲ ਦੇ ਪਿੰਡ ਸੌਂਹ-ਭੱਲੋ ਦੀ ਲੰਬੜਦਾਰੀ ਅਤੇ ਸਰਪੰਚੀ ਕੀਤੀ ਹੈ। ਕਾਲ਼ੇ ਦੇ ਬਾਪ ਸ੍ਰ ਅਜੀਤ ਸਿੰਘ ਨੇ ਪਿੰਡ ਬਾਗੜੀਆਂ ਦੀ ਲੰਬੜਦਾਰੀ ਅਤੇ ਸਰਪੰਚੀ ਕੀਤੀ ਹੈ। ਕਾਲ਼ਾ ਆਪਣੀ ਖੇਡ ਕਰਕੇ ਨਾਮ ਬਣਾ ਗਿਆ ਇੱਜ਼ਤ ਕਮਾ ਗਿਆ । ਕਦੇ ਯਾਰ ਬੇਲੀ ਉਸ ਨੂੰ ‘ਸਰਪੰਚ’ ਵੀ ਕਹਿ ਦਿੰਦੇ ਹਨ । ਪਤਾ ਨਹੀਂ ਪਿੰਡ ਦਾ ਜਾਂ ਕਿ ਕਬੱਡੀ ਦਾ।ਉਚੇਰੀ ਪੜ੍ਹਾਈ ਲਈ ਕਾਲ਼ਾ ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਕਾਲਜ ਕਰਤਾਰਪੁਰ ਦਾਖ਼ਲ ਹੋਇਆ। ਇਸ ਕਾਲਜ ਵਿੱਚ ਚਰਨਜੀਤ ਸਿੰਘ ਢਿੱਲੋਂ ਕਬੱਡੀ ਦੇ ਕੋਚ ਸਨ। ਕਾਲ਼ੇ ਦੇ ਦੱਸਣ ਮੂਜਬ ਢਿੱਲੋਂ ਸਾਹਿਬ ਆਪਣੇ ਕੱਪੜੇ ਲਾਹ ਕੇ ਖਿਡਾਰੀਆਂ ਨਾਲ ਮਿੱਟੀ ਨਾਲ ਮਿੱਟੀ ਹੁੰਦੇ ਸਨ ਤੇ ਖੇਡ ਤਕਨੀਕ ਦਾ ਹਰ ਦਾਅ ਪੇਚ ਆਪਣੇ ਸ਼ਗਿਰਦ ਨੂੰ ਦੇਣ ਵਿੱਚ ਸਫਲ ਹੋਏ। ਕਾਲ਼ੇ ਨੇ ਗੱਲਬਾਤ ਦੌਰਾਨ ਦੱਸਿਆ ਕਿ ਕਬੱਡੀ ਕੈਂਪਾਂ ਦੌਰਾਨ ਸ੍ਰ ਸਰਦੂਲ ਸਿੰਘ ਰੰਧਾਵਾ ਕੋਲੋ ਪੜ੍ਰੇ ਜਿੰਦਗੀ ਦੇ ਪਾਠ ਉਸਦੀ ਜੀਵਨ ਡਾਇਰੀ ਵਿੱਚ ਅੱਜ ਵੀ ਮੂਹਰਲੀਆਂ ਸਤਰਾਂ ਵਿੱਚ ਲਿਖੇ ਪਏ ਹਨ।ਕਾਲ਼ਾ ਬਾਗੜੀਆਂ ਆਪਣੇ ਪਿੰਡ ਬਾਗੜੀਆਂ ਨੂੰ ਓਨਾ ਹੀ ਪਿਆਰ ਕਰਦਾ ਹੈ ਜਿੰਨਾ ਉਹਦੀ ਜਨਮ ਦੇਣ ਵਾਲੀ ਮਾਂ ਉਸ ਨੂੰ ਕਰਦੀ ਹੈ। ਉਸਦੇ ਪਿੰਡ ਦੀ ਚਰਚਾ ਪੰਜਾਬ ਦੇ ਹਰ ਪੰਜਾਬੀ ਦੇ ਬੁੱਲ੍ਹਾਂ ਤੇ ਹੋਵੇ,,,, ਇਹ ਉਸਦੇ ਮਨ ਦੀਆਂ ਸੁੱਚੀਆਂ-ਸੁੱਚੀਆਂ ਸੱਧਰਾਂ ਹਨ। ਕਾਲ਼ੇ ਦੇ ਦੁੱਧ ਚਿੱਟੇ ਮਨ ਵਿੱਚ ਬਾਗੜੀਆਂ ਪਿੰਡ ਨੂੰ ਪੰਜਾਬ ਦੇ ਨਕਸ਼ੇ ਤੇ ਦੇਖਣ ਦੀ ਰੀਝ ਹੈ। ਆਖ਼ਰ ਦੇਸ਼ ਪਿਆਰ ਦਾ ਮੁੱਢ ਪਿੰਡ ਪਿਆਰ ਤੋਂ ਹੀ ਤਾਂ ਬੱਝਦਾ ਹੈ ਪ੍ਰਿੰਸੀਪਲ ਤੇਜਾ ਸਿੰਘ ਦੀ ਇਸ ਗੱਲ ਵਿੱਚ ਸਚਾਈ ਝਲਕਦੀ ਹੈ।ਉਸਨੇ ਸੰਨ 2016 ਵਿੱਚ ਆਪਣੇ ਪਿੰਡ ਕਬੱਡੀ ਦੇ ਆਲ ਓਪਨ ਦੇ ਮੁਕਾਬਲੇ ਕਰਵਾਏ। ਦੂਰ ਦਰਾਜ਼ ਤੋਂ ਆਏ ਖਿਡਾਰੀ ਜਦ ਚੰਗਾ ਮਾਣ ਸਨਮਾਨ ਲੈ ਕੇ ਵਾਪਸ ਗਏ ਤਾਂ ਕਾਲ਼ੇ ਨੂੰ ਲੱਗਾ ਜਿਵੇਂ ਉਹਦੇ ਪਿੰਡ ਨੇ ਪੰਜਾਬ ਦੇ ਮੁੱਛ ਫੁੱਟ ਗੱਭਰੂਆਂ ਦੇ ਹੱਥ ਦੁੱਧ ਦਾ ਗਿਲਾਸ ਫੜਾ ਦਿੱਤਾ ਹੋਵੇ। ਉਹਨੂੰ ਕਬੱਡੀ ਕਰਵਾ ਕੇ ਚੰਗਾ ਚੰਗਾ ਲੱਗਾ। ਪੁੰਨ ਵਰਗਾ,,,,,ਖੁਸ਼ੀ ਭਰਿਆ ਸਕੂਨ ਦੇਣ ਵਾਲਾ ਕੰਮ।ਸੰਨ 2017 ਵਿੱਚ ਖੇਡਣ ਆਏ ਖਿਡਾਰੀਆਂ ਦੀ ਗਿਣਤੀ ਵੱਧ ਗਈ। ਇਨਾਮ ਦੀ ਰਾਸ਼ੀ ਵੱਧ ਗਈ ਦਰਸ਼ਕਾਂ ਦੀਆਂ ਤਾੜੀਆਂ ਦੀ ਗੂੰਜ ਭੁਲੱਥ ਤੱਕ ਪਹੁੰਚ ਗਈ।ਸੰਨ 2019 ਦੇ ਮੁਕਾਬਲੇ ਵਿੱਚ ਐਲਾਨ ਕਰ ਦਿੱਤਾ ਕਿ ਤਿੰਨ ਖਿਡਾਰੀ ਬਾਹਰੋਂ ਖੇਡ ਸਕਦੇ ਹਨ। ਬੈਸਟ ਰੇਡਰ ਅਤੇ ਸਟਾਪਰ ਲਈ ਆਲਟੋ ਗੱਡੀਆਂ ਹੋਣਗੀਆਂ।ਇਸ ਐਲਾਨ ਨਾਲ ਖਿਡਾਰੀਆਂ ਵਿੱਚ ਗੰਢ-ਤੁੱਪ ਲਈ ਭਾਜੜਾਂ ਪੈ ਗਈਆਂ। ਆਲਟੋ ਗੱਡੀਆਂ ਦੇ ਐਲਾਨ ਨੇ ਮਿਹਨਤ ਦੀ ਰਫ਼ਤਾਰ ਨੂੰ ਹੋਰ ਤਿੱਖਿਆਂ ਕਰ ਦਿੱਤਾ।
ਟੂਰਨਾਮੈਂਟ ਵਾਲੇ ਦਿਨ ਦਰਸ਼ਕ ਵੀ ਵਹੀਰਾਂ ਘੱਤ ਕੇ ਪਹੁੰਚੇ। ਕਬੱਡੀ ਚਹੇਤਿਆਂ ਦਾ ਏਡਾ ਇਕੱਠ ਦੇਖ ਕੇ ਕਾਲ਼ੇ ਨੂੰ ਆਪਣੇ ਸੁਪਨੇ ਸਾਕਾਰ ਹੁੰਦੇ ਨਜ਼ਰ ਆਏ।2021 ਵਾਲ਼ੀ ਚੈਂਪੀਅਨਸ਼ਿਪ ਕਾਲ਼ੇ ਨੇ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦ ਪੁਰ ਸਾਹਿਬ ਦਾ ਮਾਡਲ ਸਾਹਮਣੇ ਰੱਖ ਕੇ ਕਰਵਾਈ। ਪਹਿਲਾ ਇਨਾਮ ਚਾਰ ਲੱਖ, ਦੂਜਾ ਇਨਾਮ ਤਿੰਨ ਲੱਖ ਦਿੱਤਾ ਗਿਆ। ਉੱਤਮ ਧਾਵੀ ਅਤੇ ਜਾਫੀ ਨੂੰ ਸਵਾ-ਸਵਾ ਲੱਖ ਦਿੱਤਾ ਗਿਆ। ਪੰਜਾਬ ਵਿੱਚ ਕਾਲ਼ਾ ਕਾਲ਼ਾ ਹੋ ਗਈ। ਮਾਂ-ਖੇਡ ਕਬੱਡੀ ਦਾ ਇੱਕ ਹੋਰ ਸਪੂਤ ਇੱਜ਼ਤ ਆਬਰੂ ਦਾ ਪਹਿਰੇਦਾਰ ਖਿਡਾਰੀਆਂ ਦਾ ਮਸੀਹਾ ਕਬੱਡੀ ਦੀ ਮਹਿਕ ਨੂੰ ਕਸਤੂਰੀ ਵਾਂਗ ਦੂਰ ਦੂਰ ਤੱਕ ਪਹੁੰਚਾਉਣ ਵਾਲ਼ਾ ਬਲਵਿੰਦਰ ਸਿੰਘ ਉਰਫ ‘ਕਾਲ਼ਾ ਬਾਗੜੀਆਂ’ ਪਰਮੋਟਰਾਂ ਦੀ ਸਫ ਵਿੱਚ ਆਣ ਖਲੋਤਾ।ਕਾਲ਼ੇ ਅਤੇ ਉਸਦੇ ਸਾਥੀਆਂ ਨੇ ਸੰਨ 2024 ਅਤੇ 2025 ਵਿੱਚ ਦਿਲ ਦੇ ਦਰਵਾਜ਼ੇ ਹੋਰ ਖੁੱਲ੍ਹੇ ਕਰ ਦਿੱਤੇ। ਜੇਤੂ ਟੀਮ ਨੂੰ 500000/ (ਪੰਜ) ਲੱਖ, ਉਪ ਜੇਤੂ ਟੀਮ ਨੂੰ 400000/ (ਚਾਰ) ਲੱਖ ਦੀ ਨਕਦ ਰਾਸ਼ੀ ਨਾਲ ਸਨਮਾਨ ਦਿੱਤੇ ਗਏ।ਉੱਤਮ ਧਾਵੀ ਅਤੇ ਜਾਫੀ ਨੇ ਜਦੋਂ ਲੱਖਾਂ ਦੇ ਇਕੱਠ ਵਿੱਚ ਨਿਊ ਹੌਲੈਂਡ ਟਰੈਕਟਰਾਂ ਦੀ ਸੈਲਫ ਮਾਰ ਕੇ ਰੇਸ ਦਿੱਤੀ ਤਾਂ ਉਨ੍ਹਾਂ ਨੂੰ ਲੱਗਾ ਜਿਵੇਂ ਉਹ ਸਵਰਗ ਦੀ ਸੈਰ ਕਰ ਰਹੇ ਹੋਣ।ਮਾਂ ਖੇਡ ਦੇ ਗਲ਼ੋਂ ਟਾਕੀਆਂ ਲਾਹ ਕੇ ਸ਼ਾਹੀ ਪੁਸ਼ਾਕ ਪਾਉਣ ਦਾ ਇਹ ਸਫਲ ਯਤਨ ਸੀ।ਕਾਲ਼ੇ ਦੇ ਸਾਥੀਆਂ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਨੂੰ 138000 (ਇੱਕ ਲੱਖ ਅਠੱਤੀ ਹਜ਼ਾਰ) ਦਰਸ਼ਕਾਂ ਨੇ ਮੋਬਾਈਲਾਂ ਦੀ ਸਕਰੀਨ ਤੇ ਲਾਈਵ ਦੇਖਿਆ। ਗਰਾਊਂਡ ਵਿੱਚ ਦੋ ਲੱਖ ਤੋਂ ਵੱਧ ਹੱਥ, ਤਾੜੀਆਂ ਮਾਰਨ ਵਿੱਚ ਮਸਰੂਫ ਰਹੇ। 15 ਕਿੱਲਿਆਂ ਵਿੱਚ ਮੋਟਰ ਗੱਡੀਆਂ ਇਵੇਂ ਖੜ੍ਹੀਆਂ ਰਹੀਆਂ ਜਿਵੇਂ ਕਿਸੇ ਪੀ.ਟੀ. ਮਾਸਟਰ ਨੇ ਪਰੇਅਰ ਕਰਾਉਂਣ ਵੇਲ਼ੇ ਵਿਦਿਆਰਥੀਆਂ ਨੂੰ ਲਾਈਨਾਂ ਵਿੱਚ ਖੜਾ ਕੀਤਾ ਹੋਵੇ। ਚੈਂਪੀਅਨਸ਼ਿਪ ਵਾਲੇ ਦਿਨ ਖਿਡਾਰੀ, ਰੈਫਰੀ , ਅੰਪਾਇਰ, ਲੇਖਕ ਪ੍ਰਬੰਧਕਾਂ ਵੱਲੋਂ ਦਿੱਤੀ ਗਈ ਯੂਨੀਫ਼ਾਰਮ ਵਿੱਚ ਸਜੇ ਰਹੇ।ਚੱਲਦੇ ਮੈਚ ਵਿੱਚ ਖਿਡਾਰੀਆਂ ਅਤੇ ਆਫੀ਼ਸ਼ੀਅਲ ਤੋਂ ਇਲਾਵਾ ਗਰਾਊਂਡ ਵਿੱਚ ਕਿਸੇ ਨੇ ਪੈਰ ਨਾ ਪਾਇਆ।ਮਾਈਕ ਤੇ ਸਿਰਫ ਚੱਲਦੇ ਮੈਚ ਦੀ ਕਹਾਣੀ ਬਿਆਨ ਹੁੰਦੀ ਰਹੀ। ਸਪਾਂਸਰਾਂ ਦੇ ਨਾਮ ਵਾਟਰ ਬ੍ਰੇਕ ਜਾਂ ਹਾਫ ਟਾਈਮ ਵਿੱਚ ਬੋਲਣ ਲਈ ਨਿਯਮ ਨਿਰਧਾਰਤ ਕੀਤੇ ਗਏ। ਛੋਟੇ ਮੋਟੇ ਝਗੜਿਆਂ ਨੂੰ ਨਜਿੱਠਣ ਲਈ ਸਬ-ਕਮੇਟੀ ਬਣਾਈ ਗਈ। ਦਰਸ਼ਕ ਅਤੇ ਖਿਡਾਰੀਆਂ ਲਈ ਸਾਫ-ਸੁਥਰਾ ਲੰਗਰ ਦੇਖ ਕੇ ਬਾਬੇ ਨਾਨਕ ਦਾ ਵੀਹ ਰੁਪਏ ਵਾਲ਼ਾ ਲੰਗਰ ਯਾਦ ਆਉਂਦਾ ਰਿਹਾ।ਲੋਕ ਕਬੱਡੀ ਦੇਖ ਕੇ ਅਜੇ ਘਰ ਪਹੁੰਚਦੇ ਹਨ ਕਾਲ਼ੇ ਦੀਆਂ ਅੱਖਾਂ ਵਿੱਚ ਅਗਲੀ ਚੈਂਪੀਅਨਸ਼ਿਪ ਦੇ ਸੁਪਨੇ ਆ ਕੇ ਥਾਂ ਮੱਲ ਲੈਂਦੇ ਹਨ। ਕਾਲ਼ੇ ਨੇ ਦੱਸਿਆ ਕਿ ਸੰਨ 2026 ਵਿੱਚ ਕਬੱਡੀ ਦਾ ਵਰਲਡ ਕੱਪ ਫਰਵਰੀ ਦੇ ਮਹੀਨੇ ਕਰਵਾਇਆ ਜਾਵੇਗਾ ।ਜੇਤੂ ਟੀਮ ਨੂੰ 1100000/ (ਗਿਆਰਾਂ ਲੱਖ) ਅਤੇ ਉਪ ਜੇਤੂ ਟੀਮ ਨੂੰ 900000/ (ਨੌਂ ਲੱਖ) ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਸੈਮੀਫਾਈਨਲ ਖੇਡੀਆਂ ਟੀਮਾਂ ਨੂੰ 700000/ (ਸੱਤ ਲੱਖ) ਅਤੇ ਕੇਵਲ ਹਿੱਸਾ ਲੈਣ ਵਾਲੀ ਹਰੇਕ ਟੀਮ ਨੂੰ 600000/ (ਛੇ ਲੱਖ) ਰੁਪਏ ਦੇ ਕੇ ਤੋਰਿਆ ਜਾਵੇਗਾ। ਉੱਤਮ ਧਾਵੀ ਤੇ ਜਾਫੀ ਦੇ ਹੱਥਾਂ ਵਿੱਚ ਨਿਊ ਹੌਲੈਂਡ ਟਰੈਕਟਰਾਂ ਦੀਆਂ ਚਾਬੀਆਂ ਖਿਡਾਰੀਆਂ ਲਈ ਖੁਸ਼ੀਆਂ ਅਤੇ ਖੇੜਿਆਂ ਦੇ ਦਰਵਾਜ਼ੇ ਖੋਲ੍ਹ ਦੇਣਗੀਆਂ। ਜੇਕਰ ਲਹਿੰਦੇ ਪੰਜਾਬ ਪਾਕਿਸਤਾਨ ਤੋਂ ਟੀਮ ਆਵੇਗੀ ਤਾਂ ਮਹਿਮਾਨਾਂ ਵਾਲਾ ਰਵੱਈਆ ਉਚੇਚੇ ਤੌਰ ਤੇ ਕੀਤਾ ਜਾਵੇਗਾ।ਏਡੇ ਮੇਲੇ ਕਰਵਾਉਣ ਲਈ ਕਾਲ਼ੇ ਦੀ ਟੀਮ ਵਿੱਚ 138 ਜਣੇ ਹਨ। ਇਹਨਾਂ ਵਿੱਚ ਸੱਜਣ ਮਿੱਤਰ, ਸਹਿਪਾਠੀ, ਪੇਂਡੂ ਅਤੇ ਵਿਦੇਸ਼ੀਂ ਵੱਸਦੇ ਕਰੀਬੀ ਹਨ।ਉਸਦੇ ਡਾਇਮੰਡ ਸਪਾਂਸਰ 100000/ ਰੁਪਏ ਦੀ ਕੈਟਾਗਰੀ ਵਾਲੇ ਹੁੰਦੇ ਹਨ ਅਤੇ 50000/ ਵਾਲੇ ਗੋਲ਼ਡ ਸਪਾਂਸਰ ਅਖਵਾਉਂਦੇ ਹਨ । ਇਹਨਾਂ ਦੇ ਨਾਂਵਾਂ ਦਾ ਜ਼ਿਕਰ ਪਾਣੀ ਵਾਲੀ ਬ੍ਰੇਕ ਜਾਂ ਮੈਚ ਦੇ ਅੱਧੇ ਸਮੇਂ ਦੌਰਾਨ ਕੀਤਾ ਜਾਂਦਾ ਹੈ।ਨੰਗਲ ਅੰਬੀਆਂ ਕਬੱਡੀ ਕਲੱਬ ਲਈ ਜਿੰਦਗੀ ਭਰ ਸਹਾਇਤਾ ਦੇਣੀ ਇਹ ਉਸਦਾ ਨਿਰਵਿਘਨ ਚੱਲਦਾ ਆ ਰਿਹਾ ਵਾਅਦਾ ਹੈ।ਉਹਦੇ ਦੱਸਣ ਮੁਤਾਬਿਕ ਉਹਦੇ ਖਿਡਾਰੀ ਮਨ ਨੂੰ ਚਿਣਗ ਚੁਆਤੀ ਬਾਬਾ ਜੌਹਨ ਸਿੰਘ , ਗੁਰਦਿਆਲ ਸਿੰਘ ਪੱਡਾ,ਲੱਛਰ ਬ੍ਰਦਰਜ, ਟੁੱਟ ਬ੍ਰਦਰਜ, ਪੁਰੇਵਾਲ ਬ੍ਰਦਰਜ ਹਰਜਿੰਦਰ ਸਿੰਘ ਧਨੋਆ, ਮੱਖਣ ਧਾਲੀਵਾਲ ਨੇ ਲਾਈ ਹੈ।ਉਸਨੇ ਪੰਜਾਬ ਸਟਾਈਲ ਕਬੱਡੀ ਆਲ ਓਪਨ ‘ਬਾਬਾ ਹੁੰਦਾਲ ਕਬੱਡੀ ਕਲੱਬ ਬੋਪਾਰਾਏ’ ਕੋਚ ਮਦਨ ਲਾਲ ਮੱਦੂ ਦੀ ਅਗਵਾਈ ਹੇਠ ਖੇਡੀ । ਚਮਿਆਰੇ ਪਿੰਡ ਦਾ ਤੁੰਨਾ, ਮੀਆਂ ਵਿੰਡ ਦਾ ਕਾਲ਼ਾ, ਖਹਿਰਿਆਂ ਦਾ ਗਗਨ, ਗੜ੍ਹੀ ਬਖਸ਼ ਦਾ ਦੀਪ, ਤੇ ਮੰਗਾ ਉਹਦੇ ਫੱਟੇ ਚ ਲੱਗੇ ਕਿੱਲ ਵਰਗੇ ਸਾਥੀ ਸਨ।ਕਾਲ਼ੇ ਦੇ ਦੱਸਣ ਮੂਜਬ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ‘ਦਾਲਮ’ ਵਾਲਾ ਮੈਚ ਉਹਦੀ ਜ਼ਿੰਦਗੀ ਦਾ ਯਾਦਗਾਰੀ ਮੈਚ ਹੈ। ਇਹ ਮੈਚ ‘ਕਬੱਡੀ ਕਲੱਬ ਬਾਗੜੀਆਂ’ ਅਤੇ ਕਬੱਡੀ ਦੇ ਜਹਾਜ਼ ਜਿੰਦਰ ਖਾਨੋਵਾਲੀਏ ਦੀ ਟੀਮ ‘ਦਸਮੇਸ਼ ਕਬੱਡੀ ਕਲੱਬ ਨਕੋਦਰ’ ਦਰਮਿਆਨ ਖੇਡਿਆ ਗਿਆ।ਕਾਲ਼ੇ ਦੇ ਨਾਲ ਗਗਨ ਖਹਿਰਾ, ਪਾਲ਼ਾ, ਤੇ ਸ਼ਿੰਦਰ ਲਿੱਦੜਾਂ ਰੇਡਰ ਸਨ। ਜਾਫੀਆਂ ਵਿੱਚ ਭੀਮਾ, ਬਿੰਦਰਖੀਆ, ਸੁੱਖਾ ਘੁੱਗਸ਼ੋਰ, ਬੰਤ ਤੇ ਰਘੂ ਕੁਰਾਲ਼ੀ ਸਨ। ਵਿਰੋਧੀ ਟੀਮ , ਦਸਮੇਸ਼ ਕਬੱਡੀ ਕਲੱਬ ਨਕੋਦਰ ਦੇ ਜੱਸਾ ਅੱਤੋਵਾਲ, ਪਾਲੀ ਖੋਜੇਵਾਲ,ਤੇ ਲਵਲੂ ਕਾਹਰੀ ਸਾਹਰੀ ਹਵਾ ਨੂੰ ਗੰਢਾਂ ਦੇਣ ਵਾਲੇ ਖਿਡਾਰੀ ਸਨ।ਵਿਰੋਧੀ ਟੀਮ ਦੇ ਜਾਫੀ ਤੁੰਨਾ ਚਮਿਆਰਾ, ਮਾਣ੍ਹਾ ਵਡਾਲਾ,ਕਾਲ਼ੂ ਮਹੇੜੂ,ਤੇ ਜੀਤਾ ਸੰਧੂ ਚੱਠਾ, ਕਿਸੇ ਕਿਲੇ ਦੀ ਕੰਧ ਨਾਲ਼ੋਂ ਘੱਟ ਨਹੀਂ ਸਨ ।ਪੱਛਮ ਵਾਲੇ ਪਾਸੇ ਉੱਲਰਿਆ ਹੋਇਆ ਸੂਰਜ ਦਰਸ਼ਕਾਂ ਦਾ ਠਾਠਾਂ ਮਾਰਦਾ ਇਕੱਠ ਰੰਗ ਬਰੰਗੀਆਂ ਪੱਗਾਂ ਦਗਦੇ ਚਿਹਰੇ ਇਕੱਲੇ ਕਾਲ਼ੇ ਨੇ ਇਸ ਮੈਚ ਵਿੱਚ 26 ਕਬੱਡੀਆਂ ਪਾਈਆਂ। ਕਾਲ਼ੇ ਦੀਆਂ ਕਬੱਡੀਆਂ ਕਰਕੇ ਬਾਜ਼ੀ ਹੱਥੋਂ ਨਿੱਕਲਦੀ ਦੇਖ ਖਾਨੋਵਾਲੀਏ ਜਿੰਦਰ ਨੂੰ ਕੱਪੜੇ ਲਾਹ ਕੇ ਜਾਫ ਲਾਈਨ ਵਿੱਚ ਆਪ ਆਉਣਾ ਪਿਆ।ਪਰ ਵਕਤ ਨੇ ਉਸ ਦਿਨ ਤਾਜ ਕਾਲ਼ੇ ਦੇ ਸਿਰ ਤੇ ਰੱਖਣਾ ਸੀ। ਕਾਲ਼ੇ ਦੀਆਂ ਕਾਲ਼ੀ ਹਨੇਰੀ ਵਾਂਗ ਸ਼ੂਕਦੀਆਂ ਕਬੱਡੀਆਂ ਨੇ ਸਿਰਾ ਲਾ ਦਿੱਤਾ। ਕਾਲ਼ਾ ਕਾਲ਼ਾ ਬੱਲੇ ਬੱਲੇ ਦੇ ਬੋਲਾਂ ਨੇ ਬਹਿਜਾ, ਬਹਿਜਾ ਕਰਵਾ ਦਿੱਤੀ।ਕਾਲ਼ਾ ਤੇਜ ਰਫਤਾਰ ਪੱਬਾਂ ਦਾ ਛੋਹਲ਼ਾ ਜੋਸ਼ ਤੇ ਹੋਸ਼ ਦਾ ਸੁਮੇਲ ਡ੍ਹਾਜ ਮਾਰਨ ਵਿੱਚ ਨਿਪੁੰਨ ਹੈ। ਉਹ ਚਾਰ ਭਰਾਵਾਂ ਵਿੱਚ ਸੱਭ ਤੋਂ ਛੋਟਾ ਅਤੇ ਲਾਡਲਾ ਹੈ। ਜਦੋਂ ਮੈਂ ਬੱਚਿਆਂ ਬਾਰੇ ਪੁੱਛਿਆ ਤਾਂ ਕਹਿਣ ਲੱਗਾ,” ਪੱਡਾ ਸਾਹਬ ਵਿਆਹ ਨਹੀਂ ਕਰਵਾਇਆ, ਮਾਂ-ਖੇਡ ਕਬੱਡੀ ਲਈ ਜੀਊਂਦੇ ਹਾਂ।” ਇਹਦੇ ਨਾਲ ਹੀ ਪੱਕੀਆਂ ਮੁਹੱਬਤਾਂ ਨੇ। ਮੇਰਾ ਪਿੰਡ ਤੇ ਕਬੱਡੀ ਦੁਨੀਆ ਦੇ ਨਕਸ਼ੇ ਤੇ ਆ ਜਾਣ ਇਹੀ ਸੁਪਨਾ ਹੈ।ਬਾਕੀ ਗੱਲਾਂ ਮੈਂ ਡਾਇਰੀ ਵਿੱਚ ਨੋਟ ਕਰ ਲਈਆਂ ਸਨ , ਆਖਰੀ ਗੱਲ ਦਿਲ ਦੇ ਸਫ਼ੇ ਤੇ ਲਿਖੀ ਗਈ।

ਇੰਦਰਜੀਤ ਸਿੰਘ ਪੱਡਾ (ਲੈਕ)ਪਿੰਡ/ ਡਾ ਲੱਖਣ -ਕੇ-ਪੱਡਾ
ਜ਼ਿਲ੍ਹਾ ਕਪੂਰਥਲਾ ਮੋਬ -9815967462

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾਂ ਪ੍ਰਕਾਸ਼ ਉਤਸਵ ਸ਼ਤਾਬਦੀ ਵਰ੍ਹੇ ਵਜੋਂ ਮਨਾਵੇ ਪੰਜਾਬ ਸਰਕਾਰ :-ਵਿਧਾਇਕ ਸੁਖਵਿੰਦਰ ਸਿੰਘ ਕੋਟਲੀ
Next articleਡਰਾਈਵਰ ਦੀ ਡਿਊਟੀ ਕਿਸੇ ਸੰਤ ਦੀ ਤਪੱਸਿਆ ਤੋਂ ਘੱਟ ਨਹੀਂ: ਜੀ.ਐਮ ਜਸਬੀਰ ਸਿੰਘ ਕੋਟਲਾ