ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਰੱਖੀ ਮੰਗ
ਜਲੰਧਰ (ਸਮਾਜ ਵੀਕਲੀ) ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਦੌਰਾਨ ਜਿੱਥੇ ਪੂਰਾ ਦਿਨ ਹੰਗਾਮਾ ਭਰਿਆ ਰਿਹਾ ਉੱਥੇ ਹਲਕਾ ਆਦਮਪੁਰ ਤੋਂ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੇ ਵੱਲੋਂ ਮਨਰੇਗਾ ਸਕੀਮ ਨੂੰ ਰੱਦ ਕਰਨ ਲਈ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਕਾਨੂੰਨ ਦਾ ਵਿਰੋਧ ਕੀਤਾ ਗਿਆ। ਉਥੇ ਹੀ ਉਨ੍ਹਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ 2026-2027 ਨੂੰ ਸ਼ਤਾਬਦੀ ਵਰ੍ਹੇ ਵਜੋਂ ਸਰਕਾਰੀ ਪੱਧਰ ਤੇ ਮਨਾਉਣ ਦੀ ਮੰਗ ਵਿਸ਼ੇਸ਼ ਤੌਰ ਉਠਾਈ। ਵਿਧਾਇਕ ਕੋਟਲੀ ਨੇ ਕਿਹਾ ਕਿ ਜਿੱਥੇ ਬੀਤੇਂ ਸਾਲਾਂ ਦੇ ਵਿੱਚ ਕਾਂਗਰਸ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾਂ ਜਨਮ ਸ਼ਤਾਬਦੀ ਅਤੇ ਮੌਜੂਦਾ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾਂ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਸਰਕਾਰੀ ਪੱਧਰ ਤੇ ਪੂਰੇ ਸੂਬੇ ਅੰਦਰ ਮਨਾਇਆ ਗਿਆ ਉਸੇ ਤਰ੍ਹਾਂ ਹੁਣ ਆਉਣ ਵਾਲੀ 1 ਫਰਵਰੀ 2026 ਤੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਉਤਸਵ ਮੌਕੇ ਆ ਰਹੇ 650 ਸਾਲਾਂ ਸ਼ਤਾਬਦੀ ਵਰ੍ਹੇ ਦਾ ਆਰੰਭ ਹੋ ਰਿਹਾ ਹੈ ਉਸ ਨੂੰ ਸਰਕਾਰੀ ਤੌਰ ਤੇ ਵੱਡੇ ਪੱਧਰ ਤੇ ਮਨਾਇਆ ਜਾਵੇ। ਉਨ੍ਹਾਂ ਪ੍ਰੈੱਸ ਰਲੀਜ਼ ਕਰਦਿਆਂ ਕਿਹਾ ਕਿ ਇਹ ਉਪਰਾਲਾ ਸਮਾਜ ਦੀ ਮੰਗ ਹੈ ਤਾਂ ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਫ਼ਲਸਫ਼ੇ ਬਾਰੇ ਵਿਸ਼ਵ ਪੱਧਰ ਤੇ ਜਾਗਰੂਕਤਾ ਫੈਲਾਉਣ ਲਈ ਅਤੇ ਸਮਾਜ ਦੀ ਭਲਾਈ ਅਤੇ ਉੱਨਤੀ ਲਈ 650 ਕਰੋੜ ਦਾ ਬਜਟ ਇਸ ਵਾਰ ਬਜਟ ਵਿੱਚ ਰੱਖੇ ਕਿਉਂ 2027 ਵਿੱਚ ਉਨ੍ਹਾਂ ਦੇ ਪ੍ਰਕਾਸ਼ ਉਤਸਵ ਸਮੇਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਅਤੇ ਚੋਣ ਜ਼ਾਬਤਾ ਲੱਗਿਆ ਹੋਵੇਗਾ। ਉਨ੍ਹਾਂ ਵਿਧਾਨ ਸਭਾ ਵਿੱਚ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਗੇ ਆਪਣੀ ਮੰਗ ਰੱਖਦਿਆਂ ਬੇਨਤੀ ਕੀਤੀ ਇਸ ਮੰਗ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਅਤੇ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਵਿਸ਼ਵ ਪੱਧਰ ਤੇ ਕੀਤਾ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਇਸ ਮੌਕੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸ੍ਰੀ ਰਾਹੁਲ ਗਾਂਧੀ ਜੀ ਰਾਹੀਂ ਕੇਂਦਰ ਸਰਕਾਰ ਕੋਲੋਂ ਮੰਗ ਕਰਾਂਗੇ ਕਿ ਉਹ ਵੀ 6500 ਕਰੋੜ ਦਾ ਬਜਟ ਦੇਸ਼ ਭਰ ਵਿੱਚ ਸਮਾਜ ਦੀ ਭਲਾਈ ਲਈ ਰੱਖੇ ਅਤੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਪ੍ਰਫੁੱਲਿਤ ਕਰਨ ਲਈ ਉਪਰਾਲੇ ਕਰੇ। ਉਨ੍ਹਾਂ ਕਿਹਾ ਕਿ ਉਹ ਕੇਂਦਰ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕਰਦੇ ਹਨ ਕਿ ਦੋਨੋਂ ਸਰਕਾਰਾਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ਤੇ ਜਨ ਕਲਿਆਣ ਯੋਜਨਾਵਾਂ ਦਾ ਆਰੰਭ ਕਰਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦੁਆਬੇ ਅੰਦਰ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ਤੇ ਯੂਨੀਵਰਸਿਟੀ ਅਤੇ ਏਮਜ਼ ਦੀ ਤਰਜ਼ ਤੇ ਹਸਪਤਾਲ ਸਥਾਪਤ ਕੀਤਾ ਜਾਵੇ।
https://play.google.com/store/apps/details?id=in.yourhost.samajweekly


