HOME ਸਕੂਲੀ ਸਿੱਖਿਆ ਵਿੱਚ ਰਾਜਾਂ ਦੀ ਗਰੇਡਿੰਗ ਦਾ ਆਧਾਰ

ਸਕੂਲੀ ਸਿੱਖਿਆ ਵਿੱਚ ਰਾਜਾਂ ਦੀ ਗਰੇਡਿੰਗ ਦਾ ਆਧਾਰ

ਪਰਮਜੀਤ ਕੌਰ (ਹੈਡ ਮਿਸਟ੍ਰੈਸ)
   (ਸਮਾਜ ਵੀਕਲੀ)  ਭਾਰਤ ਦੀ ਸਕੂਲੀ ਸਿੱਖਿਆ ਪ੍ਰਣਾਲੀ ਬਹੁਤ ਵੱਡੀ ਅਤੇ ਗੁੰਝਲਦਾਰ ਹੈ। ਇਹ ਪ੍ਰਣਾਲੀ ਵੱਖ-ਵੱਖ ਮਾਤ ਭਾਸ਼ਾਵਾਂ, ਵੱਖ ਵੱਖ ਸੱਭਿਆਚਾਰਾਂ ਅਤੇ ਵੱਖ ਵੱਖ ਧਰਮਾਂ ਨਾਲ ਜੁੜੀ ਹੋਈ ਹੈ। ਇਸ ਨੂੰ ਰਾਸ਼ਟਰੀ ਪੱਧਰ ਤੇ ਇੱਕੋ ਸਿੱਖਿਆ ਨੀਤੀ ਬਣਾ ਕੇ ਚਲਾਉਣਾ ਬਹੁਤ ਮੁਸ਼ਕਿਲ ਹੈ ਅਤੇ ਇਹਨਾਂ ਨੀਤੀਆਂ ਨਾਲ ਵੱਖ ਵੱਖ ਰਾਜਾਂ ਤੋਂ ਸੰਤੋਸ਼ਜਨਕ ਨਤੀਜੇ ਲੈਣੇ ਵੀ ਸੌਖੇ ਨਹੀਂ ਹਨ। ਜੇਕਰ ਪੂਰੇ ਭਾਰਤ ਦੀ ਸਕੂਲੀ ਸਿੱਖਿਆ ਪ੍ਰਣਾਲੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ 14.72 ਲੱਖ ਤੋਂ ਵੱਧ ਸਕੂਲ ਹਨ , 98 ਲੱਖ ਅਧਿਆਪਕ ਅਤੇ ਵੱਖ ਵੱਖ ਸਮਾਜਿਕ ਆਰਥਿਕ ਪਿਛੋਕੜ ਵਾਲੇ ਲਗਭਗ 24.8 ਕਰੋੜ ਦੇ ਕਰੀਬ ਵਿਦਿਆਰਥੀ ਹਨ। ਸਾਰੇ ਰਾਜਾ ਅਤੇ ਕੇਂਦਰ ਸ਼ਾਸਕ ਪ੍ਰਦੇਸ਼ਾਂ ਦੀ ਸਕੂਲਾਂ ਦੀ ਕਾਰਗੁਜ਼ਾਰੀ ਦੇ ਅੰਕੜਿਆਂ ਨੂੰ ਵੱਖ ਵੱਖ ਮਾਪਦੰਡਾਂ ਦੇ ਆਧਾਰ ਤੇ ਤਿਆਰ ਕੀਤੀ ਗਈ ਹੈ ਜਿਸ ਨੂੰ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਪ੍ਰਦਰਸ਼ਨ ਗ੍ਰੇਡਿੰਗ ਇੰਡੈਕਸ -2.0 (ਪੀ.ਜੀ.ਆਈ.-2.0) ਦਾ ਨਾਂ ਦਿੱਤਾ ਗਿਆ ਹੈ।ਇਸ ਰਿਪੋਰਟ ਅਨੁਸਾਰ ਚੰਡੀਗੜ੍ਹ ਸਕੂਲੀ ਸਿੱਖਿਆ ਵਿੱਚ ਪਹਿਲੇ ਸਥਾਨ ਤੇ ਰਿਹਾ ਹੈ ਪੰਜਾਬ ਦੂਜੇ ਅਤੇ ਦਿੱਲੀ ਨੇ ਤੀਸਰੇ ਸਥਾਨ ਹਾਸਲ ਕੀਤਾ ਹੈ। ਇਹ ਰਿਪੋਰਟ ਸਕੂਲੀ ਸਿੱਖਿਆ ਨਾਲ ਸੰਬੰਧਿਤ ਛੇ ਖੇਤਰਾਂ ਦੇ ਆਧਾਰ ਤੇ ਤਿਆਰ ਕੀਤੀ ਗਈ ਹੈ। ਪੀ.ਜੀ.ਆਈ.-2.0 ਦੀ ਰਿਪੋਰਟ ਤਿਆਰ ਕਰਨ ਲਈ ਵਰਤੇ ਗਏ ਛੇ ਖੇਤਰਾਂ ਵਿੱਚੋਂ ਪਹਿਲਾ ਖੇਤਰ ਵਿਦਿਅਕ ਨੀਤੀਜੇ ਅਤੇ ਗੁਣਵੱਤਾ ਹੈ। ਦੂਜੇ ਖੇਤਰਾਂ ਦੇ ਮੁਕਾਬਲੇ ਇਸ ਖੇਤਰ ਵਿੱਚ ਕਿਸੇ ਵੀ ਰਾਜ ਨੂੰ ਸੁਧਾਰ ਕਰਨ ਲਈ ਕਾਫੀ ਮਿਹਨਤ ਅਤੇ ਸਹਿਣਸ਼ੀਲਤਾ ਦੀ ਲੋੜ ਹੈ। ਗੁਣਵੱਤਾ ਵਿਚ ਸੁਧਾਰ ਲਿਆਉਣਾ ਬਹੁਤ ਧੀਮੀ ਗਤੀ ਦੀ ਪ੍ਰਕਿਰਿਆ ਹੈ। ਕਰੋਨਾ ਸਮੇਂ ਸਕੂਲੀ ਸਿੱਖਿਆ ਦੀ ਗੁਣਵੱਤਾ ਵਿੱਚ ਕਾਫੀ ਗਿਰਾਵਟ ਦੇਖਣ ਨੂੰ ਮਿਲੀ ਸੀ ਉਸ ਵਿੱਚ ਹੁਣ ਹੌਲੀ ਹੌਲੀ ਸੁਧਾਰ ਹੋ ਰਿਹਾ ਹੈ। ਇਸ ਰਿਪੋਰਟ ਵਿੱਚ ਵੱਖ ਵੱਖ ਰਾਜਾਂ ਦੀ ਸਿੱਖਿਆ ਦੀ ਗੁਣਵੱਤਾ ਰਾਸ਼ਟਰੀ ਪ੍ਰਾਪਤੀ ਸਰਵੇ 2001 (NAS 2001) ਉਪਰ ਅਧਾਰਿਤ ਹੈ। ਦੂਜਾ ਖੇਤਰ ਸਕੂਲੀ ਸਿੱਖਿਆ ਤੱਕ ਹਰ ਬੱਚੇ ਦੀ ਪਹੁੰਚ ਨਾਲ ਸੰਬੰਧਿਤ ਹੈ ਇਸ ਵਿੱਚ ਵਿਚਕਾਰ ਪੜ੍ਹਾਈ ਛੱਡਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਨੂੰ ਘਟਾਉਣਾ, ਵੱਧ ਤੋਂ ਵੱਧ ਬੱਚਿਆਂ ਨੂੰ ਸਕੂਲ ਲਿਆਉਣਾ, ਬਾਰਵੀਂ ਤੱਕ ਦੀ ਸਕੂਲੀ ਸਿੱਖਿਆ ਪੂਰਾ ਕਰਨਾ ਅਤੇ ਵੱਧ ਤੋਂ ਵੱਧ ਬੱਚਿਆਂ ਨੂੰ ਸਲਾਨਾ ਪ੍ਰੀਖਿਆ ਤੋਂ ਬਾਅਦ ਅਗਲੀ ਜਮਾਤ ਵਿੱਚ ਲੈ ਕੇ ਜਾਣਾ ਹੈ। ਇਹ ਸਾਰੇ ਵਿਸ਼ੇ ਦੂਜੇ ਖੇਤਰ ਪਹੁੰਚ ਨਾਲ ਜੁੜੇ ਹੋਏ ਹਨ ਪੀ.ਜੀ.ਆਈ.-2.0 ਦੀ ਰਿਪੋਰਟ ਅਨੁਸਾਰ ਬਿਹਾਰ ਅਤੇ ਤਿਲੰਗਾਨਾ ਨੇ ਇਸ ਉੱਪਰ ਕਾਫੀ ਕੰਮ ਕੀਤਾ ਹੈ ਅਤੇ ਇਹਨਾਂ ਰਾਜਾਂ ਵਿੱਚ ਇਸ ਖੇਤਰ ਵਿੱਚ ਸਭ ਤੋਂ ਵੱਧ ਸੁਧਾਰ ਵੇਖਣ ਨੂੰ ਮਿਲਿਆ ਹੈ। ਇਸ ਖੇਤਰ ਨੂੰ ਰਾਸ਼ਟਰੀ ਸਿੱਖਿਆ ਨੀਤੀ 2020 ਵਿੱਚ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਲਈ ਪ੍ਰਮੁੱਖ ਨਿਸ਼ਾਨੇ ਵਜੋਂ ਰੱਖਿਆ ਗਿਆ ਹੈ। ਇਹ ਨਿਸ਼ਾਨਾ 2030 ਤੱਕ ਸਾਰੇ ਬੱਚਿਆਂ ਨੂੰ ਸਕੂਲ ਤੱਕ ਲਿਆਉਣ ਦਾ ਹੈ। ਤੀਜਾ ਖੇਤਰ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਦਾ ਹੈ ਇਸ ਵਿੱਚ ਬੱਚਿਆਂ ਦੇ ਬੈਠਣ ਦਾ ਪ੍ਰਬੰਧ, ਸਾਫ ਪੀਣ ਵਾਲੇ ਪਾਣੀ ਦਾ ਪ੍ਰਬੰਧ, ਸਾਫ ਸੁਥਰੇ ਪਖਾਨੇ ,ਲੜਕੇ ਲੜਕੀਆਂ ਲਈ ਵੱਖਰੇ ਪਖਾਨੇ, ਵੱਖਰੀ ਸਮਰੱਥਾ ਵਾਲੇ ਬੱਚਿਆਂ ਲਈ ਵੱਖਰੇ ਪਖਾਨੇ ਅਤੇ ਰੈਂਪ,ਸਾਫ ਸੁਥਰਾ ਸਕੂਲ ਕੰਪਲੈਕਸ , ਇੰਟਰਨੈੱਟ ,ਕੰਪਿਊਟਰ ਅਤੇ ਲਾਈਬਰੇਰੀ ਦੀ ਸਹੂਲਤ ਆਦਿ ਹਨ। ਇਹ ਸਾਰਾ ਤੀਜੇ ਖੇਤਰ ਦਾ ਹਿੱਸਾ ਹੈ । ਪੀ.ਜੀ.ਆਈ.-2.0 ਦੀ ਰਿਪੋਰਟ ਅਨੁਸਾਰ ਦਿੱਲੀ, ਜੰਮੂ ਕਸ਼ਮੀਰ ਅਤੇ ਤਿਲੰਗਾਨਾ ਨੇ ਇਸ ਖੇਤਰ ਵਿੱਚ ਸਭ ਤੋਂ ਵੱਧ ਸੁਧਾਰ ਕੀਤਾ ਹੈ। ਪੀ ਜੀ ਆਈ-2.0 ਵਿਚ ਵਰਤਿਆ ਗਿਆ ਚੌਥਾ ਖੇਤਰ ਬਰਾਬਰੀ ਹੈ। ਸਮਾਜਿਕ ਨਿਆ ਅਤੇ ਸਮਾਨਤਾ ਪ੍ਰਾਪਤ ਕਰਨ ਲਈ ਸਿੱਖਿਆ ਸਭ ਤੋਂ ਵੱਡਾ ਸਾਧਨ ਹੈ। ਬਰਾਬਰੀ ਵਾਲੀ ਸਿੱਖਿਆ ਇਕ ਜ਼ਰੂਰੀ ਟੀਚਾ ਹੋਣ ਦੇ ਨਾਤੇ ਪ੍ਰਾਪਤ ਕਰਨਾ ਬਹੁਤ ਜਰੂਰੀ ਹੈ। ਜਿਸ ਵਿੱਚ ਹਰ ਨਾਗਰਿਕ ਸੁਪਨੇ ਦੇਖ ਸਕਦਾ ਹੈ, ਅੱਗੇ ਵੱਧ ਸਕਦਾ ਹੈ ਅਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾ ਸਕਦਾ ਹੈ। ਸਿੱਖਿਆ ਪ੍ਰਣਾਲੀ ਦਾ ਉਦੇਸ਼ ਸਾਰੇ ਬੱਚਿਆਂ ਨੂੰ ਲਾਭ ਪਹੁੰਚਾਉਣਾ ਹੈ ਤਾਂ ਜੋ ਕੋਈ ਵੀ ਬੱਚਾ ਜਨਮ ਦੀਆਂ ਸਥਿਤੀਆਂ ਜਾਂ ਪਛੜੇਪਨ ਕਾਰਨ ਸਿੱਖਿਆ ਤੋਂ ਵਾਂਝਾ ਨਾ ਰਹੇ। ਰਾਸ਼ਟਰੀ ਸਿੱਖਿਆ ਨੀਤੀ 2020 ਵੀ ਇਸ ਦੀ ਪੁਸ਼ਟੀ ਕਰਦੀ ਹੈ।
ਪੀ ਜੀ ਆਈ-2.0 ਦੀ ਰਿਪੋਰਟ ਤਿਆਰ ਕਰਨ ਲਈ ਵਰਤਿਆ ਗਿਆ ਪੰਜਵਾਂ ਖੇਤਰ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਦਾ ਹੈ। ਇਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਕੂਲ ਵਿੱਚ ਹਾਜਰੀ, ਲੋੜ ਮੁਤਾਬਿਕ ਫੰਡਾਂ ਦੀ ਸਕੂਲ ਤੱਕ ਪਹੁੰਚ, ਰਾਜ ਸਰਕਾਰ ਵੱਲੋਂ ਫੰਡਾਂ ਨੂੰ ਜਾਰੀ ਕਰਨ ਲਈ ਲਿਆ ਗਿਆ ਸਮਾਂ ਆਦਿ ਤੱਥਾਂ ਦੇ ਆਧਾਰ ਤੇ ਇਸ ਖੇਤਰ ਵਿੱਚ ਗਰੇਡਿੰਗ ਹੋਈ ਹੈ।
ਪੀ.ਜੀ.ਆਈ.-2.0 ਦੀ ਰਿਪੋਰਟ ਲਈ ਅਖੀਰਲਾ ਅਤੇ ਛੇਵਾਂ ਖੇਤਰ ਜੋ ਵਰਤਿਆ ਗਿਆ ਹੈ ਉਹ ਹੈ ਅਧਿਆਪਕ ਸਿੱਖਿਆ ਅਤੇ ਸਿਖਲਾਈ। ਅਧਿਆਪਕਾਂ ਦੀ ਗੁਣਵੱਤਾ, ਸਿੱਖਿਆ ਦਾ ਮਿਆਰ, ਭਰਤੀ ਦੇ ਤਰੀਕੇ ਅਤੇ ਤੈਨਾਤੀ ਆਦਿ ਕੁਝ ਅਜਿਹੇ ਪੱਖ ਹਨ ਜੋ ਅਧਿਆਪਕ ਅਤੇ ਅਧਿਆਪਨ ਕਾਰਜ ਦੇ ਚੰਗੇ ਹੋਣ ਦੀ ਪਹਿਚਾਣ ਕਰਾਉਂਦੇ ਹਨ। ਇਸ ਤਰਾਂ ਅਧਿਆਪਕਾਂ ਦੀ ਗੁਣਵੱਤਾ ਨੂੰ ਇਸ ਰਿਪੋਰਟ ਦਾ ਹਿੱਸਾ ਬਣਾਇਆ ਗਿਆ ਹੈ। ਅਧਿਆਪਨ ਸਿੱਖਿਆ ਅਤੇ ਸਿਖਲਾਈ ਵਿੱਚ ਕੇਰਲਾ ਸਭ ਤੋਂ ਉੱਤਮ ਰਾਜ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਇਆ ਹੈ।
ਪਰਮਜੀਤ ਕੌਰ (ਹੈਡ ਮਿਸਟ੍ਰੈਸ)
ਸਰਕਾਰੀ ਹਾਈ ਸਕੂਲ ਥੂਹੀ
ਮੋ-9463954610
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜ਼ਿਲ੍ਹਾ ਪ੍ਰੀਸ਼ਦ ਜੋਨ ਅੱਪਰਾ ਤੋਂ ਬਸਪਾ ਦੇ ਜੈਤੂ ਉਮੀਦਵਾਰ ਮਨਜੀਤ ਜੀਤੀ ਅੱਪਰਾ ਡੇਰਾ ਸੰਤ ਟਹਿਲ ਦਾਸ ਜੀ ਵਿਖੇ ਹੋਏ ਨਤਮਸਤਕ *2305 ਵੋਟਾਂ ਦੀ ਵੱਡੀ ਲੀਡ ਨਾਲ ਰਹੇ ਜੈਤੂ*
Next articleਸਮਾਜ ਸੇਵੀ ਯਤਨਾਂ ਦੇ ਮੱਦੇਨਜ਼ਰ ਸੂਰੀ ਹਸਪਤਾਲ ਬਲਾਚੌਰ ਤੋਂ ਡਾਕਟਰ ਭੂਪਿੰਦਰਜੀਤ ਸਿੰਘ ਸੂਰੀ ਤੇ ਸਟਾਫ ਨੂੰ ਕੀਤਾ ਸਨਮਾਨਿਤ