
(ਸਮਾਜ ਵੀਕਲੀ) ਪੋਹ ਦੇ ਮਹੀਨੇ ਦੀਆਂ ਠੰਡੀਆਂ ਰਾਤਾਂ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਸਮੁੱਚੇ ਪਰਿਵਾਰ ਨੇ ਇੱਕ ਅਜਿਹਾ ਇਤਿਹਾਸ ਸਿਰਜਿਆ, ਜੋ ਕੁਰਬਾਨੀ ਅਤੇ ਸ਼ਹਾਦਤ ਦੀ ਮੂੰਹੋਂ ਬੋਲਦੀ ਤਸਵੀਰ ਹੈ।ਇਹ 6 ਪੋਹ ਤੋਂ 13 ਪੋਹ ਤੱਕ ਦੇ ਦਿਨ ਸਾਨੂੰ ਯਾਦ ਦਿਲਾਉਂਦੇ ਹਨ ਕਿ ਇਤਿਹਾਸ ਕਿਵੇਂ ਸ਼ਹਾਦਤ ਨਾਲ ਲਿਖਿਆ ਜਾਂਦਾ ਹੈ।ਇਹ ਦਾਸਤਾਨ ਨਾ ਸਿਰਫ ਸਿੱਖ ਧਰਮ ਲਈ ਪ੍ਰੇਰਣਾਦਾਇਕ ਹੈ ਬਲਕਿ ਸਮੁੱਚੀ ਮਨੁੱਖਤਾ ਲਈ ਇੱਕ ਮਿਸਾਲ ਹੈ। ਇਹ ਇਤਿਹਾਸ ਸਾਨੂੰ ਸਿਖਾਉਂਦਾ ਹੈ ਕਿ ਧਰਮ ਅਤੇ ਸੱਚ ਦੇ ਰਾਹ ਵਿੱਚ ਕਈ ਵਾਰ ਆਪਣੇ ਆਪ ਦੀ ਕੁਰਬਾਨੀ ਵੀ ਦੇਣੀ ਪੈਂਦੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਇਸ ਤਿਆਗ ਦੇ ਸਿਰਮੌਰ ਪੱਧਰ ਦੀ ਨਿਸ਼ਾਨੀ ਹੈ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਨੇ ਚਮਕੌਰ ਦੀ ਜੰਗ ਵਿੱਚ ਵੈਰੀਆਂ ਨਾਲ ਲੜਦੇ ਹੋਏ ਧਰਮ ਦੀ ਰੱਖਿਆ ਲਈ ਸ਼ਹੀਦੀ ਦਿੱਤੀ। ਉਹਨਾਂ ਦੀ ਵੀਰਤਾ ਅਤੇ ਬਹਾਦਰੀ ਦੇ ਕਿੱਸੇ ਅੱਜ ਵੀ ਸਾਨੂੰ ਸੱਚ ਦੇ ਰਾਹ ਤੇ ਡਟੇ ਰਹਿਣ ਦਾ ਹੌਂਸਲਾ ਦਿੰਦੇ ਹਨ। ਚਮਕੌਰ ਦੀ ਜੰਗ ਨਾ ਸਿਰਫ ਸਿੱਖ ਇਤਿਹਾਸ ਵਿੱਚ ਬਲਕਿ ਦੁਨੀਆਂ ਦੇ ਇਤਿਹਾਸ ‘ਚ ਅੱਜ ਵੀ ਬੇਮਿਸਾਲ ਮੰਨੀ ਜਾਂਦੀ ਹੈ।
ਉਸੇ ਦੌਰਾਨ ਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੇ ਵੀ ਕੁਰਬਾਨੀ ਦਾ ਅਜਿਹਾ ਇਤਿਹਾਸ ਰਚਿਆ ਜੋ ਅਦੁੱਤੀ ਹੈ। ਨਿੱਕੀ ਉਮਰੇ ਛੋਟੇ ਸਾਹਿਬਜ਼ਾਦਿਆਂ ਨੇ ਹੱਸਦੇ ਹੋਏ ਆਪਣੀ ਸ਼ਹੀਦੀ ਦਿੱਤੀ, ਪਰ ਧਰਮ ਤੋਂ ਪਿੱਛੇ ਨਹੀਂ ਹਟੇ। ਸਰਹਿੰਦ ਦੇ ਨਵਾਬ ਵਲੋਂ ਉਹਨਾਂ ਨੂੰ ਨੀਹਾਂ ‘ਚ ਚਿਣਵਾਇਆ ਗਿਆ, ਪਰ ਉਹਨਾਂ ਨੂੰ ਆਪਣੇ ਧਰਮ ਤੋਂ ਕੋਈ ਹਿਲਾ ਨਹੀਂ ਸਕਿਆ। ਮਾਤਾ ਗੁਜਰੀ ਜੀ, ਜੋ ਉਹਨਾਂ ਦੇ ਨਾਲ ਹੀ ਠੰਡੇ ਬੁਰਜ ਵਿੱਚ ਕੈਦ ਸਨ, ਉਹਨਾਂ ਨੇ ਵੀ ਸਬਰ ਅਤੇ ਪ੍ਰਮਾਤਮਾ ਦੀ ਰਜ਼ਾ ਵਿਚ ਰਹਿੰਦੀਆਂ ਇਸ ਸ਼ਹਾਦਤ ਨੂੰ ਖਿੜ੍ਹੇ ਮੱਥੇ ਸਵੀਕਾਰ ਕਰ ਆਪਣੀ ਆਤਮਾ ਨੂੰ ਅਕਾਲ ਪੁਰਖ ਅੱਗੇ ਸਮਰਪਿਤ ਕੀਤਾ।
ਇਹ ਸਾਰੀਆਂ ਘਟਨਾਵਾਂ ਸਾਡੇ ਸਾਹਮਣੇ ਸ਼ਹਾਦਤ ਦਾ ਉਹ ਚਿੱਤਰ ਪੇਸ਼ ਕਰਦੀਆਂ ਹਨ, ਜਿਸਨੂੰ ਦੁਨੀਆਂ ਵਿੱਚ ਕਿਸੇ ਹੋਰ ਧਰਮ ਜਾਂ ਕੌਮ ਨੇ ਨਹੀਂ ਹੰਢਾਇਆ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਾਰੇ ਘਟਨਾ ਚੱਕਰ ਨੂੰ ਅਕਾਲ ਪੁਰਖ ਦੀ ਰਜਾ ਮੰਨਦੇ ਹੋਏ ਕਦੇ ਵੀ ਆਪਣੇ ਮਨ ਵਿੱਚ ਨਿਰਾਸ਼ਾ ਜਾਂ ਦੁਖ ਨਹੀਂ ਮਨਾਇਆ। ਉਹਨਾਂ ਦੀ ਇਹ ਸੋਚ ਸਾਡੇ ਸਾਰਿਆਂ ਲਈ ਜੀਵਨ ਦੇ ਹਰ ਪੱਖ ਵਿੱਚ ਪ੍ਰੇਰਨਾ ਦਾ ਸਰੋਤ ਹੈ।
ਧਰਮ ਦੇ ਇਤਿਹਾਸ ਵਿਚ ਇਹ ਸਾਰੀ ਘਟਨਾ ਸਿੱਖਾਂ ਦੀ ਆਤਮਿਕ ਸ਼ਕਤੀ ਅਤੇ ਸ਼ਹੀਦੀ ਦੀ ਮਹਾਨਤਾ ਨੂੰ ਦਰਸਾਉਂਦੀ ਹੈ। ਇਹਨਾਂ ਕੁਰਬਾਨੀਆਂ ਨੇ ਸਿੱਖ ਕੌਮ ਨੂੰ ਸਦਾ ਲਈ ਇਹ ਸਿਖਾਇਆ ਕਿ ਸੱਚਾਈ ਅਤੇ ਧਰਮ ਦੇ ਰਾਹ ਤੇ ਚਲਦੇ ਹੋਏ ਕੋਈ ਵੀ ਵੱਡੀ ਤੋਂ ਵੱਡੀ ਔਕੜ੍ਹ ਉਹਨਾਂ ਨੂੰ ਝੁਕਾ ਨਹੀਂ ਸਕਦੀ। ਇਹ ਕੁਰਬਾਨੀਆਂ ਸਾਡੇ ਲਈ ਸਿਰਫ ਇਤਿਹਾਸਕ ਕਿੱਸੇ ਹੀ ਨਹੀਂ ਹਨ ਸਗੋਂ ਇਹ ਸਮੁੱਚੀ ਮਨੁੱਖਤਾ ਲਈ ਸੱਚਾਈ, ਧੀਰਜ ਅਤੇ ਅਡੋਲਤਾ ਦੇ ਸਬਕ ਵੀ ਹਨ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਦੀ ਇਹ ਸ਼ਹਾਦਤ ਅੱਜ ਵੀ ਸਾਡੇ ਲਈ ਪ੍ਰੇਰਣਾ ਸਰੋਤ ਹੈ। ਇਹ ਸਾਡੇ ਦਿਲਾਂ ਵਿੱਚ ਇਹ ਯਕੀਨ ਪੈਦਾ ਕਰਦੀ ਹੈ ਕਿ ਧਰਮ ਅਤੇ ਸੱਚਾਈ ਲਈ ਜੇ ਅਸੀਂ ਸੱਚੇ ਦਿਲ ਨਾਲ ਖੜ੍ਹੇ ਹੋਈਏ, ਤਾਂ ਕੋਈ ਵੀ ਤਾਕਤ ਸਾਨੂੰ ਰੋਕ ਨਹੀਂ ਸਕਦੀ। ਇਹ ਸ਼ਹਾਦਤ ਸਾਨੂੰ ਯਾਦ ਕਰਾਉਂਦੀ ਹੈ ਕਿ ਸੱਚਾ ਸਿੱਖ ਕਦੇ ਵੀ ਜ਼ੁਲਮ ਅੱਗੇ ਨਹੀਂ ਝੁਕਦਾ ਤੇ ਨਾ ਹੀ ਕਦੇ ਮੌਤ ਤੋਂ ਡਰਦਾ ਹੈ, ਬਲਕਿ ਉਹ ਇਸ ਨੂੰ ਵੀ ਆਪਣੀ ਜਿੱਤ ਦਾ ਮੌਕਾ ਬਣਾ ਲੈਂਦਾ ਹੈ।
ਬਲਦੇਵ ਸਿੰਘ ਬੇਦੀ ਜਲੰਧਰ
https://play.google.com/store/apps/details?id=in.yourhost.samajweekly



