HOME ਭਾਈ ਭੁੱਖ ਦਾ ਖੂਹ

ਭਾਈ ਭੁੱਖ ਦਾ ਖੂਹ

ਗੁਰਦੀਪ ਸਿੰਘ ਮੁਕੱਦਮ

   (ਸਮਾਜ ਵੀਕਲੀ)  ਸਾਡੇ ਪਿੰਡ ਤੋਂ ਬੰਗਾ ਸ਼ਹਿਰ ਨੂੰ ਜਾਂਦਿਆਂ ਤਕਰੀਬਨ ਅੱਧ ਵਿੱਚਾਲੇ ਭਾਈ ਭੁੱਖ ਦਾ ਖੂਹ ਹੋਇਆ ਕਰਦਾ ਸੀ। ਪਿੰਡ ਤੋਂ ਬੰਗਾ ਤੱਕ ਤਕਰੀਬਨ ਤਿੰਨ ਮੀਲ ਦਾ ਕੱਚਾ ਧੁਦੱਲ ਭਰਿਆ ਰਸਤਾ ਹੋਇਆ ਕਰਦਾ ਸੀ। ਆਉਣ ਜਾਣ ਦਾ ਕੋਈ ਸਾਧਨ ਨਹੀਂ ਹੁੰਦਾ ਸੀ। ਇਸ ਲਈ ਸਾਰੇ ਲੋਕ ਪੈਦਲ ਹੀ ਸ਼ਹਿਰ ਆਇਆ ਜਾਇਆ ਕਰਦੇ ਸਨ। ਭਾਈ ਭੁੱਖ ਦਾ ਖੂਹ ਮੁੱਖ ਰਸਤੇ ਤੋਂ ਛੇ – ਸੱਤ ਕੁ ਕਰਮਾਂ ਹਟ ਕੇ ਸੀ। ਅੰਬਾਂ ਦੀ ਸੰਘਣੀ ਛਾਂ ਹੋਣ ਕਰਕੇ ਸਾਰੇ ਰਾਹੀ ਦੋ ਚਾਰ ਮਿੰਟ ਇੱਥੇ ਬਹਿ ਕੇ ਅਰਾਮ ਕਰ ਲਿਆ ਕਰਦੇ ਸਨ। ਸਾਡੇ ਪਿੰਡ ਤੋਂ ਅਗਲੇ ਦੋ ਪਿੰਡਾਂ ਦੇ ਲੋਕ ਵੀ ਇਸੇ ਰਸਤੇ ਸ਼ਹਿਰ ਆਇਆ ਜਾਇਆ ਕਰਦੇ ਸਨ। ਇਸ ਲਈ ਗਰਮੀਆਂ ਵਿੱਚ ਦੁਪਿਹਰ ਦੇ ਸਮੇਂ ਤਾਂ ਆਉਣ ਜਾਣ ਵਾਲਿਆਂ ਦੀ ਇੱਥੇ ਢਾਣੀ ਲੱਗੀ ਰਹਿੰਦੀ ਸੀ।ਵੈਸੇ ਤਾਂ ਉਨ੍ਹਾਂ ਸਮਿਆਂ ਵਿੱਚ ਮਈ ਅਤੇ ਜੂਨ ਮਹੀਨੇ ਵਿੱਚ ਲੂ ਵਗਣ ਕਾਰਣ ਦੁਪਿਹਰ ਸਮੇਂ ਲੋਕ ਘੱਟ ਹੀ ਬਾਹਰ ਨਿਕਲਦੇ ਸਨ। ਫਿਰ ਵੀ ਸਕੂਲ ਤੋਂ ਮੁੜਦੇ ਮੁਡਿਆਂ ਅਤੇ ਇੱਕਾ ਦੁੱਕਾ ਰਾਹੀਆਂ ਦਾ ਜਮਾਵੜਾ ਲੱਗਾ ਰਹਿੰਦਾ ਸੀ। ਸ਼ਹਿਰ ਤੋਂ ਵਾਪਸ ਮੁੜਦਿਆਂ ਖੂਹ ਤੋਂ ਡੇਡ ਕੁ ਫਰਲਾਂਗ ਪਹਿਲਾਂ ਨਹਿਰ ਕੰਢੇ ਨਲਕਾ ਵੀ ਲੱਗਾ ਹੋਇਆ ਸੀ। ਫਿਰ ਵੀ ਸਾਰੇ ਰਾਹੀ ਇਸ ਖੂਹ ਤੋਂ ਪਾਣੀ ਪੀ ਕੇ ਇੱਥੇ ਹੀ ਦੋ ਘੜੀਆਂ ਅਰਾਮ ਕਰਿਆ ਕਰਦੇ ਸਨ। ਦੱਸਿਆ ਜਾਂਦਾ ਹੈ ਕਿ ਇਹ ਖੂਹ ਉੱਨੵੀ ਸੌ ਚਾਲੀ ਵਿੱਚ, ਬੰਗਾ ਦੇ ਵਸਨੀਕ ਭਾਈ ਭੁੱਖ ਵਲੋਂ ਆਪਣੀ ਜ਼ਮੀਨ ‘ਚ ਲੁਆਇਆ ਗਿਆ ਸੀ। ਖੂਹ ਲੁਆਉਣ ਵਾਲੇ ਭਾਈ ਭੁੱਖ ਨੇ,ਖੂਹ ਲੁਆਉਣ ਸਮੇਂ ਸੋਚਿਆ ਵੀ ਨਹੀਂ ਹੋਣਾ ਕਿ ਉਸ ਦੇ ਇਸ ਖੂਹ ਉੱਤੇ ਹਜਾਰਾਂ ਲੋਕ ਪਾਣੀ ਪੀ ਕੇ ਅਰਾਮ ਕਰਿਆ ਕਰਨ ਗੇ। ਪਹਿਲਾਂ ਇੱਥੇ ਚੜਸ ਚੱਲਿਆ ਅਤੇ ਫ਼ੇਰ  ਹਲਟ  ਲੱਗ ਗਿਆ ਸੀ।ਬਹੁਤ ਕੋਸ਼ਿਸ਼ ਕਰਨ ‘ਤੇ ਵੀ ਭਾਈ ਭੁੱਖ ਦੇ ਅਸਲੀ ਨਾਂਅ ਬਾਰੇ ਪਤਾ ਨਹੀਂ ਲੱਗ ਸਕਿਆ। ਕਿਉਂਕਿ ਉਸ ਦੇ ਵੰਸ਼ਜ ਜਮੀਨ ਵੇਚ ਕੇ ਵਿਦੇਸ਼ ਜਾ ਵਸੇ ਹਨ। ਜਦੋਂ ਮੈਂ ਛੇਵੀਂ ਜਮਾਤ ਵਿੱਚ ਸ਼ਹਿਰ ਪੜਨ ਲੱਗਾ ਸੀ ਤਾਂ ਅਸੀਂ ਸਾਰੇ ਮੁੰਡੇ ਪੈਦਲ ਤੁਰ ਕੇ ਹੀ ਸਕੂਲ ਆਇਆ ਕਰਦੇ ਸੀ। ਪੂਰੇ ਰਸਤੇ ਵਿੱਚ ਮੁੰਡਿਆਂ ਕੁੜੀਆਂ ਦੇ ਟੁਲਾਂ ਦੇ ਟੁਲ ਤੁਰੇ ਜਾਂਦੇ ਸੀ ਸਕੂਲ ਨੂੰ। ਨੋਵੀਂ – ਦਸਵੀਂ ਦੇ ਦੋ ਚਾਰ ਮੁੰਡਿਆਂ ਕੋਲ ਹੀ ਸਾਈਕਲ ਹੋਇਆ ਕਰਦੇ ਸਨ।ਨਹਿਰ ਦਾ ਪੁਲ ਤੰਗ ਅਤੇ ਟੇਡਾ ਹੋਣ ਕਾਰਨ ਕੋਈ ਬੱਸ ਜਾਂ ਟਰੱਕ ਇਸ ਰਸਤੇ ਲੰਘ ਹੀ ਨਹੀਂ ਸਕਦਾ ਸੀ। ਹੁਣ ਬੰਗਾ ਸ਼ਹਿਰ ਤੋਂ ਪਿੰਡ ਮੋਰਾਂਵਾਲੀ ਤੱਕ ਟਾਂਗੇ ਚੱਲਣ ਲੱਗ ਪਏ ਸਨ। ਪਰ ਆਮ ਲੋਕ ਸਾਡੇ ਪਿੰਡ ਲਧਾਣਾ ਝਿੱਕਾ ਤੱਕ ਟਾਂਗੇ ਦਾ ਪੰਜਾਹ ਪੈਸੇ ਕਿਰਾਇਆ ਖਰਚਣ ਲਈ ਤਿਆਰ ਨਹੀਂ ਸਨ। ਕਿਉਂਕਿ ਉਨ੍ਹਾਂ ਦਿਨਾਂ ਵਿੱਚ ਆਮ ਲੋਕਾਂ ਨੂੰ ਪੰਜਾਹ ਪੈਸੇ ਖਰਚਣੇ ਵੀ ਔਖੇ ਲਗਦੇ ਸਨ। ਜਦੋਂ ਮੈਂ ਸੱਤਵੀਂ ਜਮਾਤ ਵਿੱਚ ਸੀ ਤਾਂ ਸੜਕ ਪੱਕੀ ਕਰਨ ਲਈ, ਪਿੰਡ ਵਾਸੀਆਂ ਵਲੋਂ ਢੋਲ ਨਗਾਰੇ ਵਜਾਉਂਦਿਆਂ ਸੜਕ ਵਿੱਚ ਮਿੱਟੀ ਪਾਈ ਗਈ ਸੀ। ਉਸ ਸਮੇਂ ਪੰਜਾਬ ਸਰਕਾਰ ਵਲੋਂ ਜਦੋਂ ਵੀ ਕੋਈ ਸੜਕ ਪੱਕੀ ਕੀਤੀ ਜਾਂਦੀ ਸੀ ਤਾਂ ਪਿੰਡ ਵਾਸੀਆਂ ਵਲੋਂ ਹੀ ਸੜਕ ਵਿੱਚ ਮਿੱਟੀ ਪਾ ਕੇ ਦੇਣੀ ਹੁੰਦੀ ਸੀ। ਅਤੇ ਪਿੰਡਾਂ ਦੇ ਲੋਕ, ਇਕੱਠੇ ਹੋ ਕੇ ਨਾਲ ਲਗਦੇ ਖੇਤਾਂ ਵਿੱਚੋਂ ਖੁਸ਼ੀ ਖੁਸ਼ੀ ਮਿੱਟੀ ਪਾ ਦਿਆ ਕਰਦੇ ਸਨ। ਇਸ ਤਰ੍ਹਾਂ ਜਦੋਂ ਸੜਕ ਪੱਕੀ ਹੋਈ ਤਾਂ ਕਈ ਵਿਦਿਆਰਥੀਆਂ ਨੇ ਸਾਈਕਲ ਲੈ ਲਏ ਸਨ। ਪਰ ਫਿਰ ਵੀ ਭਾਈ ਭੁੱਖ ਦੇ ਖੂਹ ਨਾਲ ਸਾਡਾ ਰਿਸ਼ਤਾ ਬਣਿਆ ਰਿਹਾ ਸੀ। ਸਕੂਲ ਤੋਂ ਵਾਪਸ ਆਉਂਦੇ, ਹਲਟ ਗੇੜ ਕੇ, ਦੋ ਬੁੱਕ ਪਾਣੀ ਜਰੂਰ ਪੀ ਲਿਆ ਕਰਦੇ ਸੀ। ਪੱਕੀ ਸੜਕ ਬਣ ਜਾਣ ਤੋਂ ਬਾਅਦ ਬੰਗਾ ਤੋਂ ਸੈਲਾ ਤੱਕ ਟੈਂਪੂ ਚੱਲਣ ਲੱਗ ਪਏ ਸਨ। ਬੇਸ਼ਕ ਟੈਂਪੂ ਦਾ ਕਿਰਾਇਆ ਵੀ ਪੰਜਾਹ ਪੈਸੇ ਹੀ ਸੀ ਫਿਰ ਵੀ ਕਈ ਲੋਕ ਟੈਂਪੂ ਦੀ ਸਵਾਰੀ ਕਰਨ ਲੱਗ ਪਏ ਸਨ।ਜਿਸ ਨਾਲ ਭਾਈ ਭੁੱਖ ਦੇ ਖੂਹ ਦੀ ਰੌਣਕ ਫਿੱਕੀ ਪੈਣ ਲੱਗੀ ਸੀ। ਹੁਣ ਸਕੂਲ ਵਿਦਿਆਰਥੀ ਅਤੇ ਕੁਝ ਬਜ਼ੁਰਗ ਲੋਕ, ਜੋ ਅੱਜ ਵੀ ਪੈਦਲ ਚੱਲਣ ਨੂੰ ਤਰਜ਼ੀਹ ਦਿੰਦੇ ਸਨ, ਉਹ ਹੀ ਖੂਹ ‘ਤੇ ਰੁਕਦੇ ਸਨ। ਸੜਕ ਪੱਕੀ ਹੋਣ ਤੋਂ ਬਾਅਦ, ਨਹਿਰ ਦਾ ਪੁਲ ਵੀ ਚੌੜਾ ਕਰ ਦਿੱਤਾ ਗਿਆ ਸੀ। ਜਿਸ ਨਾਲ ਬੱਸਾਂ ਦੀ ਆਵਾਜਾਈ ਹੋ ਗਈ ਸੀ।ਲੋਕਾਂ ਕੋਲ ਸਾਈਕਲ ਆਮ ਹੋ ਗਏ ਸਨ। ਪਿੰਡ ਵਿੱਚ ਹਾਈ ਸਕੂਲ ਹੋ ਗਿਆ ਸੀ।ਹੁਣ ਕਿਸੇ ਨੂੰ ਵੀ ਭਾਈ ਭੁੱਖ ਦੇ ਖੂਹ ‘ਤੇ ਰੁਕ ਕੇ, ਪਾਣੀ ਪੀਣ ਜਾਂ ਦੋ ਪਲ ਅਰਾਮ ਕਰਨ ਦੀ ਜਰੂਰਤ ਨਹੀਂ ਰਹਿ ਗਈ ਸੀ।ਉਤੋਂ ਕੁਦਰਤ ਦੀ ਐਸੀ ਮਾਰ ਪਈ ਜਿਸ ਨਾਲ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਨੂੰ ਪਾਣੀ ਪਿਲਾਉਣ ਅਤੇ ਠੰਡੀ ਛਾਂ ਦੇਣ ਵਾਲੇ ਇਸ ਖੂਹ ਦਾ ਵਜੂਦ ਹੀ ਖਤਮ ਹੋ ਗਿਆ। ਜਮੀਨੀ ਪਾਣੀ ਦਾ ਪੱਧਰ ਹੇਠਾਂ ਜਾਣ ਤੋਂ ਬਾਅਦ ਵਿਦੇਸ਼ ਵਸਦੇ ਜਮੀਨ ਮਾਲਕਾਂ ਨੇ ਖੂਹ ਬੰਦ ਕਰ ਕੇ, ਇੱਥੇ ਟਿਊਬਵੈੱਲ ਲਾ ਉੱਠਣ ਬੈਠਣ ਨੂੰ ਚੁਬਾਰਾ ਪਾ ਦਿੱਤਾ। ਇੱਕ ਬੂਟਾ ਜੋ ਸ਼ਾਇਦ ਚੁਬਾਰੇ ਤੋਂ ਪਾਸੇ ਰਹਿ ਗਿਆ ਸੀ, ਨੂੰ ਛੱਡ ਕੇ ਸਾਰੇ ਅੰਬ ਵੀ ਵੱਢ ਦਿੱਤੇ। ਮੇਰੇ ਤੋਂ ਅਗਲੀ ਪੀੜੀ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਇਸ ਖੂਹ ( ਅੱਜ ਟਿਊਬਵੈੱਲ ) ਨੂੰ ਭਾਈ ਭੁੱਖ ਦਾ ਖੂਹ ਕਿਹਾ ਜਾਂਦਾ ਸੀ। ਅਤੇ ਅੱਜ ਮੈਂ ਵੀ ਇੱਕ ਸਰਸਰੀ ਜਿਹੀ ਨਜ਼ਰ ਭਾਈ ਭੁੱਖ ਦੇ ਖੂਹ ਵੱਲ ਦੇਖਦਾ ਹੋਇਆ ਅੱਗੇ ਲੰਘ ਜਾਂਦਾ ਹਾਂ।
ਗੁਰਦੀਪ ਸਿੰਘ ਮੁਕੱਦਮ
ਪਿੰਡ ਲਧਾਣਾ ਝਿੱਕਾ
9878160133

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਤੀਸਰਾ ਖੂਨਦਾਨ ਅਤੇ ਫ੍ਰੀ ਮੈਡੀਕਲ ਕੈਂਪ 24 ਦਸੰਬਰ ਨੂੰ ਕਾਠਗੜ੍ਹ ‘ਚ ਲਗਾਇਆ ਜਾਵੇਗਾ – ਵਿੱਕੀ ਚਾਹਲ
Next articleਮਿੰਟਾਂ ‘ਚ ਤਸਵੀਰ ਤਿਆਰ ਕਰ ਦਿੰਦਾ ਹੈ ਚੌਥੀ ‘ਚ ਪੜ੍ਹਦਾ ਵਰਿੰਦਰ ਸਿੰਘ