(ਸਮਾਜ ਵੀਕਲੀ) ਬੱਚੇ ਰੱਬ ਦੀ ਦਾਤ ਨੇ, ਇਹ ਕੋਰੇ ਕਾਗਜ਼ ਤੇ ਸੁੱਚੇ ਅੱਖਰ ਨੇ, ਪਰ ਜੇਕਰ ਇਨਾ ਵੱਲ ਧਿਆਨ ਦਿੱਤਾ ਜਾਵੇ, ਇਹ ਅਕਸਰ ਸਾਡੀ ਨਕਲ ਕਰਦੇ ਹਨ, ਇਹ ਜੋ ਬੋਲਦੇ ਹਨ ਉਹ ਸਾਡੇ ਬੋਲਾਂ ਦੇ ਨਤੀਜੇ ਹਨ, ਇਹਨਾਂ ਅੰਦਰ ਜੋ ਵੀ ਹੈ ਉਹ ਸਾਡੇ ਵਿੱਚੋਂ ਹੀ ਪ੍ਰਗਟ ਹੋਇਆ ਹੈ, ਇਹ ਸਾਡੀਆਂ ਚੰਗੀਆਂ ਮਾੜੀਆਂ ਆਦਤਾਂ ਨੂੰ ਗ੍ਰਹਿਣ ਕਰਦੇ ਹਨ, ਅਸੀਂ ਸੋਚਦੇ ਹਾਂ ਕਿ ਬੱਚਿਆਂ ਵਿੱਚ ਨੈਤਿਕ ਗੁਣਾਂ ਦੀ ਘਾਟ ਆ ਗਈ ਹੈ ਇਸ ਦਾ ਕਾਰਨ ਵੀ ਅਸੀਂ ਹੀ ਹਾਂ, ਹੁਣ ਅਸੀਂ ਸ਼ਾਇਦ ਇਨਾ ਵੱਲ ਧਿਆਨ ਦੇਣਾ ਘੱਟ ਕਰ ਦਿੱਤਾ ਹੈ, ਮੈਂ ਗੱਲ ਸੁਖ ਸਹੂਲਤਾਂ ਦੀ ਨਹੀਂ ਕਰਦੀ ਉਹ ਤਾਂ ਹੁਣ ਵੱਧ ਹਨ ਇਹਨਾਂ ਕੋਲ ਪਰ ਮੈਂ ਗੱਲ ਕਰਦੀ ਹਾਂ ਅੰਦਰਲੇ ਨੈਤਿਕ ਗੁਣਾਂ ਦੀ ਜਿੰਨਾ ਵੱਲ ਸਾਡੇ ਕੋਲੋਂ ਅਣਗਹਿਲੀ ਹੁੰਦੀ ਜਾ ਰਹੀ ਹੈ ਅਸੀਂ ਆਪਣਾ ਵਿਵਹਾਰ ਬੱਚਿਆਂ ਸਾਹਮਣੇ ਨਹੀਂ ਬਦਲਦੇ ਤੇ ਬੱਚੇ ਸਾਡੇ ਚੰਗੇ ਮਾੜੇ ਵਿਵਹਾਰ ਨੂੰ ਗ੍ਰਹਿਣ ਕਰ ਲੈਂਦੇ ਹਨ ਤੇ ਫਿਰ ਉਸੇ ਤਰ੍ਹਾਂ ਵਿਵਹਾਰ ਕਰਦੇ ਹਨ ਅਸੀਂ ਅਕਸਰ ਆਪਣਾ ਵਿਵਹਾਰ ਭੁੱਲ ਜਾਂਦੇ ਹਾਂ ਤੇ ਜਦੋਂ ਬੱਚਾ ਕੋਈ ਚੰਗਾ ਵਿਵਹਾਰ ਨਹੀਂ ਕਰਦਾ ਤਾਂ ਅਸੀਂ ਉਸ ਨੂੰ ਡਾਂਟਦੇ ਹਾਂ , ਅਸਲ ਵਿੱਚ ਸਾਨੂੰ ਆਪਣੇ ਵੱਲ ਝਾਤੀ ਮਾਰਨੀ ਚਾਹੀਦੀ ਹੈ ਕਿ ਅਸੀਂ ਜੋ ਸ਼ਬਦ ਆਪਣੇ ਰੋਜਾਨਾ ਜਿੰਦਗੀ ਵਿੱਚ ਵਰਤਦੇ ਹਾਂ ਉਹ ਸਾਡੇ ਹੀ ਸ਼ਬਦ ਸਾਡੇ ਬੱਚੇ ਵੀ ਅਪਣਾ ਲੈਂਦੇ ਹਨ, ਹੁਣ ਬੱਚੇ ਵੱਡਿਆਂ ਦਾ ਉਨਾ ਆਦਰ ਨਹੀਂ ਕਰਦੇ ਜਿੰਨਾ ਪਹਿਲਾਂ ਵਾਲੇ ਬੱਚੇ ਕਰਦੇ ਸਨ ਇਹ ਵੀ ਕਿਤੇ ਨਾ ਕਿਤੇ ਸਾਡੇ ਨਾਲ ਹੀ ਸਬੰਧਤ ਹੈ, ਬੱਚੇ ਕੋਰੇ ਕਾਗਜ਼ ਵਰਗੇ ਤੇ ਸ਼ੀਸ਼ੇ ਵਰਗੇ ਸਾਫ ਹਨ ਉਹਨਾਂ ਤੇ ਜੋ ਵੀ ਅੱਖਰ ਅਸੀਂ ਲਿਖ ਦਿਆਂਗੇ ਉਹੀ ਸਾਹਮਣੇ ਆਵੇਗਾ, ਕਦੇ ਕਦੇ ਮੈਨੂੰ ਲੱਗਦਾ ਹੁੰਦਾ ਕਿ ਮੈਂ ਕੁਝ ਸ਼ਬਦ ਅਚਨਚੇਤ ਬੋਲ ਦਿੰਦੀ ਹਾਂ ਇਹ ਉਹੀ ਸ਼ਬਦ ਹੁੰਦੇ ਹਨ ਜੋ ਕਦੇ ਮੈਂ ਆਪਣੀ ਮਾਂ ਕੋਲੋਂ ਬਚਪਨ ਵਿੱਚ ਸੁਣੇ ਸਨ, ਇਸੇ ਤਰ੍ਹਾਂ ਕਈ ਵਾਰ ਮੈਂ ਮਹਿਸੂਸ ਕੀਤਾ ਹੈ ਕਿ ਮੈਂ ਬਿਲਕੁਲ ਆਪਣੀ ਮਾਂ ਵਾਂਗ ਵਿਵਹਾਰ ਕਰਦੀ ਹਾਂ ਇਹ ਸਭ ਸਾਰੇ ਬੱਚਿਆਂ ਨਾਲ ਹੁੰਦਾ ਹੈ, ਇਸ ਲਈ ਹਮੇਸ਼ਾ ਮਾਪਿਆਂ ਨੂੰ ਆਪਣੇ ਬੋਲੀ, ਆਪਣਾ ਵਿਵਹਾਰ ਸਹੀ ਕਰਨਾ ਚਾਹੀਦਾ ਹੈ ਜੇਕਰ ਉਹ ਆਪਣੇ ਬੱਚਿਆਂ ਨੂੰ ਸਹੀ ਵਿਵਹਾਰ ਕਰਦੇ ਵੇਖਣਾ ਚਾਹੁੰਦੇ ਹਨ ਮਾਪਿਆਂ ਨੂੰ ਬੱਚਿਆਂ ਲਈ ਉਦਾਹਰਨ ਬਣਨਾ ਚਾਹੀਦਾ ਹੈ ਇੱਕ ਚੰਗਾ ਕਿਰਦਾਰ ਮਾਪਿਆਂ ਦਾ ਹੋਣਾ ਚਾਹੀਦਾ ਹੈ ਜੇਕਰ ਉਹ ਚਾਹੁੰਦੇ ਹਨ ਕਿ ਉਹਨਾਂ ਦਾ ਬੱਚਾ ਵੀ ਵਧੀਆ ਕਿਰਦਾਰ ਦਾ ਬਣੇ ਉਹਨਾਂ ਨੂੰ ਮਿਸਾਲ ਬਣਨਾ ਚਾਹੀਦਾ ਹੈ ਆਪਣੇ ਬੱਚਿਆਂ ਲਈ, ਕੁਝ ਗੱਲਾਂ ਬੱਚੇ ਘਰ ਚੋਂ ਤੇ ਕੁਝ ਬਾਹਰੋਂ ਸਮਾਜ ਵਿੱਚੋਂ ਗ੍ਰਹਿਣ ਕਰਦੇ ਹਨ ਉਹਨਾਂ ਦੀ ਸੰਗਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਕੁਝ ਗੱਲਾਂ ਉਹ ਆਪਣੇ ਦੋਸਤਾਂ ਤੋਂ ਵੀ ਸਿੱਖਦੇ ਹਨ, ਬੱਚਿਆਂ ਦੇ ਨੈਤਿਕ ਪੱਧਰ ਨੂੰ ਉੱਚਾ ਚੱਕਣ ਲਈ ਉਹਨਾਂ ਨੂੰ ਗੁਰਬਾਣੀ ਨਾਲ ਵੀ ਜੋੜਨਾ ਚਾਹੀਦਾ ਹੈ, ਗੁਰਬਾਣੀ ਪੜ੍ਨੀ ਤੇ ਸਮਝਣੀ ਉਹਨਾਂ ਨੂੰ ਸਿਖਾਉਣੀ ਚਾਹੀਦੀ ਹੈ,ਇਸ ਤਰ੍ਹਾਂ ਅਸੀਂ ਇੱਕ ਸੋਹਣਾ ਸਮਾਜ ਦੇ ਸਿਰਜਣਾ ਕਰ ਸਕਦੇ ਹਾਂ, ਕੁਦਰਤ ਦੇ ਬਾਗ ਵਿੱਚ ਬੱਚੇ ਸਭ ਤੋਂ ਸੁੰਦਰ ਫੁੱਲ ਹਨ ਤੇ ਇਹ ਫੁੱਲ ਹਮੇਸ਼ਾ ਮਹਿਕਦੇ ਰਹਿਣ ਇਸ ਲਈ ਇਹਨਾਂ ਨੂੰ ਚੰਗੇ ਗੁਣਾਂ ਨਾਲ ਭਰ ਦੇਣਾ ਮਾਪਿਆਂ ਦਾ ਪਹਿਲਾ ਫਰਜ ਹੈ।
ਗੁਰਮੀਤ ਕੌਰ ਕਾਹਲੋ ਸੰਗਰੂਰ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



