HOME ਸਬਕ 

ਸਬਕ 

ਗੁਰਜਿੰਦਰ ਸਿੰਘ ਸਾਹਦੜਾ
 (ਸਮਾਜ ਵੀਕਲੀ)  ਪੋਰਸ ਸੂਰਬੀਰ ਤੇ ਬਹਾਦਰ ਯੋਧਾ ਸੀ। ਸਿਕੰਦਰ ਖਿਲਾਫ ਦਲੇਰੀ ਨਾਲ ਲੜਿਆ ਪਰ ਬੁਰੀ ਤਰਾਂ ਹਾਰ ਗਿਆ। ਹਾਰ ਦਾ ਮੁੱਖ ਕਾਰਨ ਰਿਹਾ ਘੋੜਿਆਂ ਦੇ ਯੁੱਗ ਵਿੱਚ ਹਾਥੀਆਂ ਨੂੰ ਜ਼ਿਆਦਾ ਤਰਜੀਹ ਦੇਣੀ। ਓਦੋਂ ਤੋਂ ਲੈ ਕੇ ਹੁਣ ਤੱਕ ਸਮਾਂ ਬਹੁਤ ਬਦਲ ਚੁੱਕਾ ਏ। ਮਸ਼ੀਨੀ ਯੁੱਗ ‘ਚ ਗੱਲ ਘੋੜਿਆਂ ਤੋਂ ਵੀ ਕਿਤੇ ਅਗਾਂਹ ਲੰਘ ਚੁੱਕੀ ਏ। ਜੇ ਹੁਣ ਵੀ ਤੁਸੀਂ ਘੋੜਿਆਂ ਜਾਂ ਗਧਿਆਂ ਕੰਨੀ ਹੀ ਝਾਕਦੇ ਹੋ ਤਾਂ ਸਮਝ ਲਓ ਤੁਸੀਂ ਬੀਤੇ (ਇਤਿਹਾਸ) ਤੋਂ ਕੁਝ ਨੀ ਸਿੱਖਿਆ। ਇਤਿਹਾਸ ਪੜ੍ਹਿਆ ਜ਼ਰੂਰ ਹੋਵੇਗਾ ਪਰ ਸਮਝ ਨੀ ਸਕੇ।
ਆਖਰ ਕਦ ਤੱਕ ਸੜਕਾਂ-ਨਾਲੀਆਂ; ਮੁਫਤ ਪਾਣੀ, ਬਿੱਲ ਬੱਤੀਆਂ, ਆਟਾ-ਦਾਲ ਜਿਹੀਆਂ ਸਕੀਮਾਂ ਪਿੱਛੇ ਭੱਜਦੇ ਰਹਾਂਗੇ ਅਸੀਂ। ਜਾਣ ਜਾਓ ਕਿ ਸਮੇਂ ਦੇ ਹਿਸਾਬ ਨਾਲ ਹੁਣ ਸਾਡੀਆਂ ਜ਼ਰੂਰਤਾਂ ਬਦਲ ਚੁੱਕੀਆਂ ਨੇ। ਨਵੇਂ ਸਮੇਂ ਦੇ ਹਾਣੀ ਬਣਨ ਲਈ ਤੇ ਸੰਸਾਰ ਦੇ ਵਿਕਸਿਤ ਤੇ ਵਿਕਾਸਸ਼ੀਲ ਦੇਸ਼ਾਂ ਦੇ ਲੋਕਾਂ ਦੇ ਬਰਾਬਰ ਖੜਨ ਲਈ ਸਾਨੂੰ ਆਪਣੀ ਸੋਚ ਤੇ ਲੋੜਾਂ ਨੂੰ ਬਦਲਣਾ ਪਵੇਗਾ। ਸਰਕਾਰਾਂ ਤੇ ਲੀਡਰਾਂ ਦੇ ਰਹਿਮੋ-ਕਰਮਾਂ ਤੋਂ ਬਾਹਰ ਨਿਕਲ ਕੇ ਆਤਮ ਨਿਰਭਰ ਹੋਣਾ ਪਵੇਗਾ ਤੇ ਜਦੋਂ ਅਸੀਂ ਆਤਮ ਨਿਰਭਰ ਹੋ ਜਾਵਾਂਗੇ ਤਾਂ ਸਾਨੂੰ ਮੁਫਤ ਤੇ ਖੈਰਾਤ ਵਾਲੀਆਂ ਚੀਜ਼ਾ ਦੀ ਵੀ ਕੋਈ ਲੋੜ ਨਹੀਂ ਰਹੇਗੀ।
ਯਾਦ ਰੱਖੋ ਉਹਨਾਂ ਦੇਸ਼ਾਂ ਨੇ ਖੁਦ ਤਰੱਕੀ ਨੀ ਕੀਤੀ, ਸਗੋਂ  ਲੋਕਾਂ ਦੀ ਸੋਚ ਤੇ ਸਮਝ ਬਦਲਣ ਨਾਲ ਹੀ ਦੁਨੀਆ ਦੇ ਮੋਹਰੀ ਦੇਸ਼ ਬਣ ਸਕੇ ਨੇ ਤੇ ਅਸੀਂ ਹਾਲੇ ਤੱਕ ਆਟੇ ਦਾਲਾਂ ‘ਚੋਂ ਹੀ ਨੀ ਨਿਕਲ ਪਾਏ। ਦੂਜੀ ਗੱਲ ਜੇ ਲੀਡਰ ਮੁਫਤ ਵਿੱਚ ਕੁਝ ਦਿੰਦੇ ਵੀ ਨੇ ਤਾਂ ਆਪਣੇ ਪੱਲਿਓਂ ਕੱਖ ਨੀ ਦਿੰਦੇ, ਸਗੋੱ ਸਾਡੇ ਟੈਕਸਾਂ ਦੀ ਉਗਰਾਹੀ ਦੇ ਸਿਰ ਤੇ ਹੀ ਵੰਡਦੇ ਨੇ, ਜੋ ਵੀ ਵੰਡਦੇ ਨੇ ਤੇ ਉਸ ਤੋਂ ਕਿਤੇ ਜਿਆਦਾ ਆਪਣੀਆਂ ਨਿੱਜੀ ਲੋੜਾਂ ਲਈ ਸਾਡੇ ਸਾਂਝੇ ਧੰਨ ਦੀ ਵਰਤੋਂ ਕਰਦੇ ਨੇ। ਇੱਕ ਚੀਜ਼ ਮੁਫਤ ਕਰੀ ਤੇ ਦੂਜੀ ਮੂਲ ਕੀਮਤ ਜਾਂ ਟੈਕਸ ਵਧਾ ਕੇ ਮਹਿੰਗੀ ਕਰ ਦਿੱਤੀ।
ਸਿੱਧੇ ਪਾਸਿਓਂ ਨੀ ਤਾਂ ਪੁੱਠੇ ਪਾਸਿਓਂ ਮਰੋੜ ਦਿੱਤਾ ਪਰ ਕੰਨ ਤੁਹਾਡਾ ਈ ਏ। ਸੋ ਭਾਈ ਇਲੈਕਟ੍ਰਾਨਿਕ ਯੁੱਗ ‘ਚ ਗਧਿਆਂ, ਘੋੜਿਆਂ, ਹਾਥੀਆਂ ਤੋਂ ਖਹਿੜਾ ਛੁਡਾਓ ਤੇ ਨਵੀਆਂ ਤਕਨੀਕਾਂ ਦਾ ਲਾਹਾ ਲਓ।
ਅਤੇ ਹਾਂ ਸੱਚ ਬਹੁਤਾ ਲੀਡਰਾਂ ਦੀਆਂ ਗੱਲਾਂ ਵਿੱਚ ਵੀ ਨਾ ਆਇਆ ਕਰੋ। ਜੇ ਇਹ ਲੀਡਰ ਵਾਕਿਆ ਹੀ ਤੁਹਾਡਾ ਫਾਇਦਾ ਚਾਹੁੰਦੇ/ਸੋਚਦੇ ਹੁੰਦੇ ਤਾਂ ਪੂਰੇ ਪਿੰਡ ਦਾ ਸਾਲ ਦਾ ਕਰੋੜਾਂ ਦਾ ਬਿੱਲ ਮਾਫ ਕਰਨ ਦੀ ਬਜਾਏ ਇਕੱਲੇ-ਇਕੱਲੇ ਪਿੰਡ ਵਿੱਚ ਸੋਲਰ ਸਿਸਟਮ ਨਾ ਲੁਆ ਦਿੰਦੇ? ਚਾਹੁੰਦੇ ਤਾਂ ਤੁਹਾਡੇ ਘਰਾਂ ਦੀਆਂ ਛੱਤਾਂ ਤੇ ਸਬਸਿਡੀ ਤੇ ਸੋਲਰ ਲੁਆ ਸਕਦੇ ਸਨ। ਨਾਲੇ ਆਪਣੇ ਤਾਂ ਦੁਨੀਆ ਦੇ ਬਾਕੀ ਦੇਸ਼ਾਂ ਦੇ ਮੁਕਾਬਲੇ ਸੂਰਜ ਵੀ ਵਾਧੂ ਚਮਕਦਾ। ਸਦਾ ਵਾਸਤੇ ਟੈਂਟਾ ਵੱਢਿਆ ਜਾਂਦਾ, ਬਿਜਲੀ ਮਹਿਕਮੇ ਦਾ। ਨਾ ਖੇਤਾਂ ਵਿਚੋਂ ਤਾਰਾਂ ਲੰਗਦੀਆਂ ਤੇ ਨਾ ਫਸਲਾਂ ਦਾ ਉਜਾੜਾ ਹੁੰਦਾ। ਨਾ ਬਿੱਲ ਆਉਂਦੇ ਨਾ ਬਿਜਲੀ ਕਰਮਚਾਰੀ। ਸੋ ਭਾਈ ਮੁਫਤ ਦੀਆਂ ਸਹੂਲਤਾਂ ਦੇਣ ਵਾਲਿਆਂ ਨਾਲੋਂ ਰੁਜ਼ਗਾਰ ਦੇਣ ਵਾਲਿਆਂ ਨੂੰ ਚੁਣੋ। ਜਦ ਤੁਸੀਂ ਬਦਲੋਗੇ ਤਾਂ ਲੀਡਰ ਆਪੇ ਬਦਲਣਾ ਸ਼ੁਰੂ ਹੋ ਜਾਣਗੇ। ਪਿੰਡ ਵਿੱਚ ਲੀਡਰ ਆਉਂਦੇ ਨੇ ਤਾਂ ਜਾਂ ਤਾਂ ਉਨ੍ਹਾਂ ਕੋਲ ਜਾਇਆ ਈ ਨਾ ਕਰੋ ਤੇ ਜੇ ਜਾਓ ਤਾਂ ਸਵਾਲ ਕਰਿਆ ਕਰੋ ਨਾ ਕਿ ਹੱਥ ਬੰਨ੍ਹ ਕੇ ਐਵੇਂ ਘੁੱਗੂ ਜਿਹੇ ਬਣ ਕੇ ਬੈਠ ਜਾਇਆ ਕਰੋ। ਇੱਕ ਸਮਾਂ ਹੀ ਹੁੰਦਾ ਹੈ ਸਬਕ ਸਿਖਾਉਣ ਦਾ ਵੀ। ਜੇ ਵਾਕਿਆ ਹੀ ਆਪਣੀ ਆਉਣ ਵਾਲੀ ਔਲਾਦ ਤੇ ਪੀੜ੍ਹੀ ਦੀ ਤਰੱਕੀ ਤੇ ਭਲਾਈ ਚਾਹੁੰਦੇ ਹੋ ਤਾਂ ਨਵੇਂ ਸਮੇਂ ਦੇ ਹਾਣੀ ਬਣੋ। ਪੋਰਸ ਤੱਕ ਹੀ ਸੀਮਤ ਰਹਿਣ ਦੀ ਬਜਾਏ ਸਿਕੰਦਰ ਬਣੋ, ਸਿਕੰਦਰ।
ਗੁਰਜਿੰਦਰ ਸਿੰਘ ਸਾਹਦੜਾ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਗੀਤ
Next articleਰਖੇਲ