HOME ਡਾਕਟਰ ਅੰਬੇਡਕਰ ਨੇ ਮਹਾਤਮਾ ਗਾਂਧੀ ਨੂੰ ਕਿਉਂ ਕਿਹਾ ਕਿ ਮੇਰੇ ਲਈ ਦੇਸ਼...

ਡਾਕਟਰ ਅੰਬੇਡਕਰ ਨੇ ਮਹਾਤਮਾ ਗਾਂਧੀ ਨੂੰ ਕਿਉਂ ਕਿਹਾ ਕਿ ਮੇਰੇ ਲਈ ਦੇਸ਼ ਵਿੱਚ ਕੋਈ ਥਾਂ ਨਹੀਂ ਹੈ

3

ਸਮਾਜ ਵੀਕਲੀ ਯੂ ਕੇ

ਡਾਕਟਰ ਅੰਬੇਡਕਰ ਨੇ ਮਹਾਤਮਾ ਗਾਂਧੀ ਦੀ ਹਰੀਜਨਵਾਦੀ ਨੀਤੀ ਦੀ ਖੁੱਲ੍ਹ ਕੇ ਆਲੋਚਨਾ ਕੀਤੀ। ਉਨ੍ਹਾਂ ਨੇ ‘ਗਾਂਧੀਵਾਦ’ ਨੂੰ ਹਿੰਦੂ ਧਰਮ ’ਚ ਊਚ-ਨੀਚ ਅਤੇ ਜਾਤੀਵਾਦ ਦੀ ਲੰਮੀ ਉਮਰ ਵਧਾਉਣ ਵਾਲਾ ਕਿਹਾ। ਵਿਰੋਧੀਆਂ ਨੇ ਉਨ੍ਹਾਂ ਦੇ ਇਸ ਰਵੱਈਏ ਕਾਰਨ ਅੰਬੇਡਕਰ ਨੂੰ ‘ਭਾਰਤੀ ਏਕਤਾ ਦਾ ਵਿਰੋਧੀ’ ਕਿਹਾ। ਡਾ. ਅੰਬੇਡਕਰ ਨੇ ਗਾਂਧੀ ਜੀ ਦਾ ਵਿਰੋਧ ਵਿਅਕਤੀਗਤ ਨਹੀਂ, ਬਲਕਿ ਵਿਚਾਰਧਾਰਕ ਤੌਰ ’ਤੇ ਕੀਤਾ। ਉਨ੍ਹਾਂ ਨੇ ਕਿਹਾ ਸੀ, “ਮੈਂ ਗਾਂਧੀ ਜੀ ਦਾ ਵਿਰੋਧੀ ਨਹੀਂ, ਪਰ ਉਹਨਾਂ ਦੇ ਵਿਚਾਰਾਂ ਦਾ ਵਿਰੋਧੀ ਹਾਂ।” ਗਾਂਧੀ ਜੀ ਅਛੂਤਾਂ ਲਈ ‘ਹਰੀਜਨ’ ਸ਼ਬਦ ਵਰਤਦੇ ਸਨ ਅਤੇ ਛੂਆਛੂਤ ਦੇ ਵਿਰੋਧੀ ਸਨ, ਪਰ ਉਹ ਵਰਣ-ਵਿਵਸਥਾ (ਚਾਰ ਵਰਣਾਂ) ਨੂੰ ਆਧਾਰਭੂਤ ਤੌਰ ’ਤੇ ਨਕਾਰਦੇ ਨਹੀਂ ਸਨ। ਡਾ. ਅੰਬੇਡਕਰ ਦਾ ਮੰਨਣਾ ਸੀ ਕਿ ਜਾਤੀ ਪ੍ਰਥਾ ਆਪੇ ਵਿੱਚ ਗ਼ਲਤ ਹੈ ਅਤੇ ਇਸ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੀ ਮੰਗ ਸਪੱਸ਼ਟ ਸੀ, “ਜਾਤੀਵਾਦ ਖ਼ਤਮ ਕਰੋ, ਨਾ ਕਿ ਸਿਰਫ਼ ਛੂਆਛਾਤ ਇਸ ਵਿਸ਼ੇ ਨੂੰ ਉਨ੍ਹਾਂ ਨੇ ਆਪਣੀ ਕਿਤਾਬ ‘ਅਨਨਹਿਲਿੳਟੋਿਨ ੋਡ ਛੳਸਟੲ’ (ਜਾਤ-ਪਾਤ ਦਾ ਨਾਸ) ਵਿੱਚ ਖੁੱਲ੍ਹ ਕੇ ਲਿਖਿਆ। ਇਸ ਤੋਂ ਇਲਾਵਾ ਗਾਂਧੀ ਜੀ ਜ਼ਿਆਦਾਤਰ ਨੈਤਿਕ–ਧਾਰਮਿਕ ਭਾਸ਼ਾ ਵਿੱਚ ਸੁਧਾਰਾਂ ਦੀ ਗੱਲ ਕਰਦੇ ਸਨ। ਜਦੋਂ ਕਿ ਡਾਕਟਰ ਅੰਬੇਡਕਰ ਵਿਗਿਆਨ, ਆਰਥਿਕਤਾ ਅਤੇ ਸੰਵਿਧਾਨਕ ਹੱਕਾਂ ਦੇ ਆਧਾਰ ’ਤੇ ਸਮਾਜਿਕ ਬਦਲਾਅ ਦੀ ਗੱਲ ਕਰਦੇ ਸਨ। ਇਸ ਤਰ੍ਹਾਂ ਡਾ. ਅੰਬੇਡਕਰ ਅਤੇ ਮਹਾਤਮਾ ਗਾਂਧੀ ਜੀ ਵਿਚਕਾਰ ਹਮੇਸ਼ਾ ਵਿਚਾਰਕ ਮੱਤਭੇਦ ਰਹੇ।

1920 ਤੋਂ 1947 ਤੱਕ ਦੇ ਸੁਤੰਤਰਤਾ ਸੰਗਰਾਮ ਵਿੱਚ ਮਹਾਤਮਾ ਗਾਂਧੀ ਸਭ ਤੋਂ ਵੱਡੇ ਨੇਤਾ ਬਣ ਕੇ ਉੱਭਰੇ ਸਨ। ਉਨ੍ਹਾਂ ਦੀਆਂ ਨੀਤੀਆਂ ਦਾ ਵਿਰੋਧ ਕਮਿਊਨਿਸਟ ਪਾਰਟੀ ਅਤੇ ਸੋਸ਼ਲਿਸਟ ਪਾਰਟੀ ਕਰ ਰਹੀ ਸੀ। ਪਰ 1947 ਤੱਕ ਇਨ੍ਹਾਂ ਪਾਰਟੀਆਂ ਦਾ ਸੰਗਠਨ ਤੇ ਜਨ-ਆਧਾਰ ਸੀਮਤ ਸੀ। 1930 ਤੋਂ 1947 ਤੱਕ ਮਹਾਤਮਾ ਗਾਂਧੀ ਨਾਲ ਸਿਧਾਂਤਕ ਅਤੇ ਸੰਗਠਨਾਤਮਿਕ ਟੱਕਰ ਦੋ ਨੇਤਾਵਾਂ ਨੇ ਲਈ। ਇਹ ਦੋ ਨੇਤਾ ਸਨ, ਮੁਹੰਮਦ ਅਲੀ ਜਿਨਾਹ ਅਤੇ ਡਾ. ਭੀਮ ਰਾਓ ਅੰਬੇਡਕਰ। ਅੱਗੇ ਦਿੱਤੀ ਮਿਟਿੰਗ ਵਿੱਚ ਵੀ ਡਾ. ਅੰਬੇਡਕਰ ਅਤੇ ਗਾਂਧੀ ਜੀ ਵਿਚਕਾਰ ਵਿਚਾਰਕ ਮੱਤਭੇਦ ਸਾਫ਼ ਝਲਕਦੇ ਹਨ।

ਕਾਂਗਰਸ ਨੇ ਪਹਿਲੀ ਕਾਨਫ਼ਰੰਸ ਦਾ ਬਾਈਕਾਟ ਕੀਤਾ ਸੀ ਇਸ ਕਰਕੇ ਗਾਂਧੀ ਜੀ ਕਾਨਫ਼ਰੰਸ ਵਿੱਚ ਭਾਗ ਲੈਣ ਲਈ ਨਹੀਂ ਗਏ। ਅਜੇ ਇਹ ਫ਼ੈਸਲਾ ਨਹੀਂ ਸੀ ਹੋਇਆ ਕਿ ਗਾਂਧੀ ਦੂਜੀ ਕਾਨਫ਼ਰੰਸ ਵਿੱਚ ਜਾਣਗੇ ਕਿ ਨਹੀਂ। ਹੁਣ ਮਾਲਾਬਾਰ ਹਿੱਲ ਬੰਬਈ ਵਿਚਲੇ ਮਨੀਭਵਨ ਤੇ ਸਭ ਅੱਖਾਂ ਕੇਂਦਰਤ ਸਨ। ਕਾਹਲੀ ਵਿੱਚ ਗਾਂਧੀ ਜੀ, ਡਾਕਟਰ ਅੰਬੇਡਕਰ ਨੂੰ ਆਪਣੀਆਂ ਮੰਗਾਂ ਬਾਰੇ ਦੱਸਣਾ ਚਾਹੁੰਦੇ ਸੀ। ਇਸ ਕਰਕੇ 6 ਅਗਸਤ, 1931 ਨੂੰ ਗਾਂਧੀ ਜੀ ਨੇ ਅੰਬੇਡਕਰ ਨੂੰ ਲਿਖਿਆ ਕਿ ਉਹ ਅੱਠ ਵਜੇ ਸ਼ਾਮ ਨੂੰ ਉਸ ਨੂੰ ਮਿਲਣ ਆਵੇਗਾ ਅਤੇ ਉਹ ਕੁੱਝ ਸਮਾਂ ਰਾਖਵਾਂ ਰੱਖ ਲੈਣ। ਪਰ ਸ਼ਾਮ ਨੂੰ ਤੇਜ਼ ਬੁਖ਼ਾਰ ਹੋਣ ਕਰਕੇ ਡਾ. ਅੰਬੇਡਕਰ ਨੇ ਸੁਨੇਹਾ ਭੇਜ ਦਿੱਤਾ ਕਿ ਉਹ ਠੀਕ ਹੋਣ ’ਤੇ ਖ਼ੁਦ ਗਾਂਧੀ ਜੀ ਨੂੰ ਮਿਲਣਗੇ।

ਡਾ. ਅੰਬੇਡਕਰ ਆਪਣੇ ਸਾਥੀਆਂ ਸਮੇਤ 14 ਅਗਸਤ ਨੂੰ ਗਾਂਧੀ ਨੂੰ ਮਿਲਣ ਗਏ। ਉਸ ਸਮੇਂ ਗਾਂਧੀ ਆਪਣੀ ਪਾਰਟੀ ਦੇ ਬੰਦਿਆਂ ਨਾਲ ਗੱਲਾਂ ਕਰ ਰਿਹਾ ਸੀ ਅਤੇ ਕੋਈ ਫ਼ਲ ਖਾ ਰਿਹਾ ਸੀ। ਡਾ. ਅੰਬੇਡਕਰ ਅਤੇ ਉਸ ਦੇ ਸਾਥੀ ਗਾਂਧੀ ਨੂੰ ਨਮਸਕਾਰ ਕਰਕੇ ਦਰੀ ਤੇ ਬੈਠ ਗਏ। ਗ਼ੈਰਯੂਰਪੀ, ਗ਼ੈਰ-ਮੁਸਲਿਮ ਅਤੇ ਹੋਰ ਨੇਤਾਵਾਂ ਨਾਲ ਗਾਂਧੀ ਜੀ ਆਪਣੇ ਹੀ ਢੰਗ ਨਾਲ ਪੇਸ਼ ਆਉਂਦੇ ਸੀ। ਉਵੇਂ ਹੀ ਉਸ ਨੇ ਇਹਨਾਂ ਵੱਲ ਵੀ ਨਾ ਵੇਖਿਆ ਅਤੇ ਮਿਸ ਸਲੇਦ ਅਤੇ ਹੋਰਨਾਂ ਨਾਲ ਉਵੇਂ ਹੀ ਗੱਲੀਂ ਰੁੱਝੇ ਰਹੇ। ਕੁੱਝ ਸਮੇਂ ਬਾਅਦ ਗਾਂਧੀ ਜੀ ਨੇ ਅੰਬੇਡਕਰ ਵੱਲ ਵੇਖਿਆ ਜਿਸ ਨੂੰ ਕਿ ਉਹ ਪਹਿਲੀ ਵਾਰ ਮਿਲ ਰਹੇ ਸੀ। ਕੁੱਝ ਗੱਲਾਂ ਪਿਛੋਂ ਉਹ ਮੁੱਖ ਵਿਸ਼ੇ ’ਤੇ ਆ ਗਏ।

ਗਾਂਧੀ – ਡਾਕਟਰ ਸਾਹਿਬ, ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਅੰਬੇਡਕਰ – ਤੁਸੀਂ ਮੈਨੂੰ ਆਪਣੀ ਗੱਲ ਸੁਨਾਉਣ ਲਈ ਸੱਦਿਆ ਹੈ। ਤੁਸੀਂ ਦੱਸੋ ਕੀ ਕਹਿਣਾ ਹੈ? ਜਾਂ ਫਿਰ ਮੈਨੂੰ ਸਵਾਲ ਪੁੱਛਦੇ ਜਾਓ ਤੇ ਮੈਂ ਜਵਾਬ ਦਿੰਦਾ ਜਾਂਦਾ ਹਾਂ।
ਗਾਂਧੀ – (ਥੋੜਾ ਘੂਰ ਕੇ) ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮੇਰੇ ਅਤੇ ਕਾਂਗਰਸ ਪ੍ਰਤੀ ਤੇਰੇ ਮਨ ਵਿੱਚ ਗਿਲੇ ਹਨ। ਮੈਂ ਤਾਂ ਸਕੂਲਾਂ ’ਚ ਪੜ੍ਹਦਾ ਹੀ ਅਛੂਤਾਂ ਦੀਆਂ ਸਮੱਸਿਆਵਾਂ ਬਾਰੇ ਸੋਚਦਾ ਹੁੰਦਾ ਸਾਂ, ਤੁਸੀਂ ਤਾਂ ਅਜੇ ਜੰਮੇ ਵੀ ਨਹੀਂ ਹੋਣੇ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਕਾਂਗਰਸ ਦੇ ਪ੍ਰੋਗਰਾਮ ਵਿੱਚ ਇਹਨੂੰ ਸ਼ਾਮਲ ਕਰਾਉਣ ਲਈ ਕਿੰਨੇ ਯਤਨ ਕੀਤੇ ਹਨ ਅਤੇ ਹੁਣ ਇਹ ਕਾਂਗਰਸ ਪ੍ਰੋਗਰਾਮ ਦਾ ਇੱਕ ਹਿੱਸਾ ਹੈ। ਕਾਂਗਰਸੀ ਨੇਤਾ ਇਸਨੂੰ ਧਾਰਮਿਕ ਅਤੇ ਸਮਾਜਕ ਸਮੱਸਿਆ ਕਰਕੇ ਨਕਾਰਦੇ ਰਹੇ ਹਨ ਅਤੇ ਇਸ ਕਰਕੇ ਹੀ ਇਸ ਨੂੰ ਰਾਜਸੀ ਪ੍ਰੋਗਰਾਮ ਦਾ ਹਿੱਸਾ ਨਹੀਂ ਸੀ ਬਣਾਉਂਦੇ। ਗੱਲ ਇੱਥੇ ਹੀ ਨਹੀਂ ਮੁੱਕ ਜਾਂਦੀ। ਕਾਂਗਰਸ ਨੇ ਅਛੂਤਾਂ ਦੇ ਉਥਾਨ ਲਈ ਵੀਹ ਲੱਖ ਤੋਂ ਵੱਧ ਹੀ ਖ਼ਰਚੇ ਹੋਣਗੇ। ਇਸ ਕਰਕੇ ਇਹ ਬੜੀ ਅਜੀਬ ਗੱਲ ਹੈ ਕਿ ਤੁਹਾਡੇ ਵਰਗੇ ਬੰਦੇ ਮੇਰੇ ਅਤੇ ਕਾਂਗਰਸ ਦੇ ਵਿਰੁੱਧ ਹਨ। ਜੇ ਤੁਹਾਡੇ ਕੋਲ ਕਹਿਣ ਨੂੰ ਕੋਈ ਗੱਲ ਹੈ ਤਾਂ ਬੇਝਿੱਜਕ ਕਹੋ।

ਅੰਬੇਡਕਰ – ਮਹਾਤਮਾ ਜੀ ਇਹ ਗੱਲ ਸੱਚ ਹੈ ਕਿ ਮੇਰੇ ਜੰਮਣ ਤੋਂ ਵੀ ਪਹਿਲਾ ਤੁਸੀਂ ਅਛੂਤਾਂ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀ। ਸਾਰੇ ਹੀ ਪੁਰਾਣੇ ਅਤੇ ਬੁੱਢੇ ਬੰਦੇ ਉਮਰ ਵਾਲੀ ਗੱਲ ਤੇ ਜ਼ਿਆਦਾ ਜ਼ੋਰ ਦਿੰਦੇ ਹਨ। ਇਹ ਵੀ ਸੱਚ ਹੈ ਕਿ ਤੁਹਾਡੇ ਕਰਕੇ ਕਾਂਗਰਸ ਨੇ ਇਸ ਸਮੱਸਿਆ ਦੀ ਪਛਾਣ ਕੀਤੀ, ਪਰ ਸਪੱਸ਼ਟ ਗੱਲ ਇਹ ਹੈ ਕਿ ਪਛਾਣ ਤੋਂ ਅੱਗੇ ਕਾਂਗਰਸ ਨੇ ਕੁੱਝ ਨਹੀਂ ਕੀਤਾ। ਤੁਸੀਂ ਕਹਿੰਦੇ ਹੋ ਕਿ ਕਾਂਗਰਸ ਨੇ ਅਛੂਤਾਂ ਦੀ ਭਲਾਈ ਲਈ ਵੀਹ ਲੱਖ ਤੋਂ ਵੱਧ ਖਰਚੇ ਹਨ। ਮੈਂ ਕਹਿੰਦਾ ਹਾਂ ਕਿ ਇਹ ਸਭ ਪੈਸੇ ਰੋੜ੍ਹਨ ਵਾਲੀ ਹੀ ਗੱਲ ਸੀ। ਅਜਿਹੇ ਪਿਛੋਕੜ ਨਾਲ ਤਾਂ ਮੈਂ ਬਹੁਤ ਕੱੁਝ ਕਰ ਸਕਦਾ ਸੀ। ਆਪਣੇ ਲੋਕਾਂ ਦੀ ਆਰਥਕ ਹਾਲਤ ਸੁੁਧਰ ਸਕਦੀ ਸੀ। ਇਸ ਸੰਦਰਭ ਵਿੱਚ ਤਾਂ ਤੁਹਾਨੂੰ ਬਹੁਤ ਪਹਿਲਾ ਹੀ ਮੈਨੂੰ ਮਿਲਣਾ ਚਾਹੀਦਾ ਸੀ। ਪਰ ਮੈਂ ਤੁਹਾਨੂੰ ਇਹ ਦੱਸਦਾ ਹਾਂ ਕਿ ਕਾਂਗਰਸ ਆਪਣੇ ਕੰਮਾਂ ਪ੍ਰਤੀ ਗੰਭੀਰ ਹੁੰਦੀ ਤਾਂ ਖੱਦਰ ਪਾਉਣ ਵਾਂਗ ਇਹ ਅਛੂਤਤਾ ਨੂੰ ਵੀ ਹਟਾ ਦਿੰਦੀ ਅਤੇ ਇਹ ਕਹਿੰਦੀ ਕਿ ਕਾਂਗਰਸ ਦਾ ਮੈਂਬਰ ਬਣਨ ਲਈ ਇਹ ਮੁੱਢਲੀ ਸ਼ਰਤ ਹੈ। ਕਾਂਗਰਸ ਦਾ ਮੈਂਬਰ ਬਣਨ ਲਈ ਕਿਸੇ ਅਛੂਤ ਨੂੰ ਕੰਮ ’ਤੇ ਲਾਉਣਾ, ਕਿਸੇ ਅਛੂਤ ਬੱਚੇ ਦਾ ਪਾਲਣ ਪੋਸ਼ਣ ਕਰਨਾ ਜਾਂ ਹਫ਼ਤੇ ਵਿੱਚ ਇੱਕ ਵਾਰ ਕਿਸੇ ਅਛੂਤ ਨਾਲ ਰੋਟੀ ਖਾਣਾ ਜ਼ਰੂਰੀ ਕਰ ਦੇਣਾ ਚਾਹੀਦਾ ਸੀ। ਜੇਕਰ ਇਸ ਤਰ੍ਹਾਂ ਦੀ ਕੋਈ ਸ਼ਰਤ ਲਾਈ ਹੁੰਦੀ ਤਾਂ ਕਾਂਗਰਸ ਦਾ ਜ਼ਿਲਾ ਪ੍ਰਧਾਨ ਅਛੂਤਾਂ ਵਲੋਂ ਮੰਦਰ ਦਾਖ਼ਲੇ ਦਾ ਵਿਰੋਧ ਨਾ ਕਰਦਾ। ਤੁਸੀਂ ਇਹ ਕਹਿ ਸਕਦੇ ਹੋ ਕਿ ਕਾਂਗਰਸ ਸ਼ਕਤੀ ਚਾਹੁੰਦੀ ਸੀ। ਇਸ ਕਰਕੇ ਇਹੋ ਜਿਹੀ ਸ਼ਰਤ ਨਹੀਂ ਸੀ ਲਾਈ ਜਾ ਸਕਦੀ। ਮੈਂ ਫਿਰ ਇਹ ਕਹਾਂਗਾ ਕਿ ਕਾਂਗਰਸ ਨੂੰ ਸ਼ਕਤੀ ਚਾਹੀਦੀ ਹੈ, ਅਸੂਲ ਨਹੀਂ ਚਾਹੀਦੇ। ਮੇਰੇ ਵਲੋਂ ਤੁਹਾਡੀ ਅਤੇ ਕਾਂਗਰਸ ਉੱਤੇ ਇਹੀ ਦੋਸ਼ ਹੈ। ਤੁਸੀਂ ਕਹਿੰਦੇ ਹੋ ਕਿ ਬਰਤਾਨਵੀ ਸਰਕਾਰ ਕੋਈ ਪਰਿਵਰਤਨ ਨਹੀਂ ਚਾਹੁੰਦੀ। ਮੈਂ ਇਹ ਕਹਿੰਦਾ ਹਾਂ ਕਿ ਸਾਡੇ ਹਿੰਦੂ ਵੀ ਕੋਈ ਪਰਿਵਰਤਨ ਨਹੀਂ ਚਾਹੁੰਦੇ ਅਤੇ ਜਦੋਂ ਤੱਕ ਉਹ ਆਪਣੀ ਗੱਲ ’ਤੇ ਅੜੇ ਰਹਿਣਗੇ ਅਸੀਂ ਕਾਂਗਰਸ ਅਤੇ ਹਿੰਦੂਆਂ ਉੱਤੇ ਭਰੋਸਾ ਨਹੀਂ ਕਰ ਸਕਾਂਗੇ। ਅਸੀਂ ਸਵੈ-ਸਹਾਇਤਾ ਅਤੇ ਸਵੈ-ਮਾਣ ਵਿੱਚ ਵਿਸ਼ਵਾਸ ਰੱਖਦੇ ਹਾਂ। ਅਸੀਂ ਵੱਡੇ ਨੇਤਾਵਾਂ ਅਤੇ ਮਹਾਤਮਾਵਾਂ ਪਿੱਛੇ ਨਹੀਂ ਲੱਗਣ ਵਾਲੇ। ਮੈਂ ਤਾਂ ਸਪੱਸ਼ਟ ਕਹਿੰਦਾ ਹਾਂ। ਇਤਿਹਾਸ ਦੱਸਦਾ ਹੈ ਕਿ ਮਹਾਤਮਾ ਘੱਟਾ ਤਾਂ ਉਡਾਉਂਦੇ ਹਨ ਪਰ ਪੱਧਰ ਉੱਚਾ ਨਹੀਂ ਕਰਦੇ। ਕਾਂਗਰਸ ਸਾਡੀ ਲਹਿਰ ਦਾ ਵਿਰੋਧ ਕਿਉਂ ਕਰ ਰਹੀ ਹੈ ਅਤੇ ਮੈਨੂੰ ਦੋਸ਼ ਧ੍ਰੋਹੀ ਕਿਉਂ ਕਹਿੰਦੀ ਹੈ? ਅੰਬੇਡਕਰ ਹੁਣ ਗੁੱਸੇ ਵਿੱਚ ਆ ਗਿਆ। ਉਸ ਦਾ ਚਿਹਰਾ ਲਾਲ ਹੋ ਗਿਆ ਅਤੇ ਅੱਖਾਂ ਭਖਣ ਲੱਗ ਪਈਆਂ। ਉਹ ਕੁੱਝ ਪਲ ਰੁਕਿਆ ਅਤੇ ਫਿਰ ਰੁੱਖਾ ਜਿਹਾ ਬੋਲਣ ਲੱਗਾ –
ਗਾਂਧੀ ਜੀ, ਮੇਰੀ ਕੋਈ ਥਾਂ ਨਹੀਂ।
ਗਾਂਧੀ – (ਹੈਰਾਨ ਹੋ ਕੇ ਵਿੱਚੋਂ ਗੱਲ ਕੱਟਦਿਆਂ) – ਤੁਹਾਡੀ ਥਾਂ ਤਾਂ ਹੈ। ਜਿਹੜੀਆਂ ਰਿਪੋਰਟਾਂ ‘ਗੋਲਮੇਜ਼ ਕਾਨਫ਼ਰੰਸ’ ਵਿੱਚ ਤੁਹਾਡੇ ਕੰਮ ਦੀਆਂ ਮੈਨੂੰ ਮਿਲਿਆ ਹਨ, ਉਹ ਤਾਂ ਇਹੀ ਦਸਦੀਆਂ ਹਨ ਕਿ ਤੁਸੀਂ ਬਹੁਮੁੱਲੇ ਦੇਸ਼ ਭਗਤ ਹੋ।
ਅੰਬੇਡਕਰ – ਤੁਸੀਂ ਤਾਂ ਕਹਿੰਦੇ ਹੋ ਕਿ ਮੇਰੀ ਥਾਂ ਜਾਂ ਮੇਰਾ ਦੇਸ਼ ਹੈ ਪਰ ਮੈਂ ਫਿਰ ਕਹਿੰਦਾ ਹਾਂ ਕਿ ਮੇਰਾ ਕੋਈ ਦੇਸ਼ ਨਹੀਂ। ਮੈਂ ਇਸ ਦੇਸ਼ ਨੂੰ ਜਾਂ ਧਰਮ ਨੂੰ ਆਪਣਾ ਕਿਵੇਂ ਕਹਿ ਸਕਦਾ ਹਾਂ ਜਿੱਥੇ ਸਾਨੂੰ ਕੁੱਤੇ ਬਿੱਲੇ ਤੋਂ ਵੱਧ ਕੁੱਝ ਨਹੀਂ ਸਮਝਿਆ ਜਾਂਦਾ? ਜਿਥੇ ਸਾਨੂੰ ਪੀਣ ਲਈ ਪਾਣੀ ਵੀ ਨਹੀਂ ਲੈਣ ਦਿੱਤਾ ਜਾਂਦਾ? ਕੋਈ ਵੀ ਸਵੈ-ਮਾਣ ਵਾਲਾ ਅਛੂਤ ਇਸ ਦੇਸ਼ ’ਤੇ ਕਿਵੇਂ ਮਾਣ ਕਰ ਸਕਦਾ ਹੈ? ਇਸ ਦੇਸ਼ ਪ੍ਰਤੀ ਬੇਵਫ਼ਾ ਵੀ ਹੋ ਜਾਈਏ ਤਾਂ ਸਾਰੀ ਦੀ ਸਾਰੀ ਜ਼ਿੰਮੇਵਾਰੀ ਦੇਸ਼ ਦੀ ਹੀ ਹੋਵੇਗੀ। ਜਦੋਂ ਤੁਸੀਂ ਮੈਨੂੰ ਦੇਸ਼ ਧ੍ਰੋਹੀ ਕਹਿੰਦੇ ਹੋ ਤਾਂ ਮੈਨੂੰ ਦੁੱਖ ਨਹੀਂ ਹੁੰਦਾ ਕਿਉਂਕਿ ਦੇਸ਼ ਨੇ ਆਪ ਹੀ ਮੈਨੂੰ ਦੇਸ਼ ਧ੍ਰੋਹੀ ਬਣਾਇਆ ਹੈ। ਜੇ ਫਿਰ ਵੀ ਜਿਵੇਂ ਤੁਸੀਂ ਕਹਿੰਦੇ ਹੋ ਕਿ ਮੈਂ ਕੋਈ ਸੇਵਾ ਕੀਤੀ ਹੈ ਜਿਹੜੀ ਕਿ ਦੇਸ਼ ਦੇ ਹਿੱਤ ਵਿੱਚ ਹੈ ਤਾਂ ਉਹ ਵੀ ਮੇਰੀ ਆਪਣੀ ਜ਼ਮੀਰ ਕਰਕੇ ਹੈ ਅਤੇ ਦੇਸ਼ ਭਗਤੀ ਦੀਆਂ ਭਾਵਨਾਵਾਂ ਕਰਕੇ ਨਹੀਂ। ਜੇ ਆਪਣੇ ਲੋਕਾਂ ਲਈ ਮਨੁੱਖੀ ਅਧਿਕਾਰ ਪ੍ਰਾਪਤ ਕਰਨ ਦੀ ਲੜਾਈ ਵਿੱਚ ਸਾਲਾਂ ਤੋਂ ਕੁਚਲੇ ਜਾਂਦੇ ਲੋਕਾਂ ਲਈ ਜੇ ਮੈਂ ਕੁੱਝ ਕਰ ਸਕਿਆ ਅਤੇ ਇਹ ਕਰਨ ਸਮੇਂ ਦੇਸ਼ ਲਈ ਕੋਈ ਅਣਸੁਖਾਵੀਂ ਗੱਲ ਵੀ ਹੋ ਜਾਵੇ ਤਾਂ ਮੈਂ ਇਸਨੂੰ ਪਾਪ ਨਹੀਂ ਗਿਣਦਾ। ਜੇ ਮੇਰੇ ਕੰਮਾਂ ਨਾਲ ਦੇਸ਼ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਤਾਂ ਇਹ ਵੀ ਮੇਰੀ ਜ਼ਮੀਰ ਕਰਕੇ ਹੀ ਹੈ। ਆਪਣੀ ਜ਼ਮੀਰ ਦੀ ਆਵਾਜ਼ ਕਰਕੇ ਹੀ ਮੈਂ ਆਪਣੇ ਲੋਕਾਂ ਲਈ ਲੜਦਾ ਹੋਇਆ ਦੇਸ਼ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਰਿਹਾ।

ਇੱਥੇ ਆ ਕੇ ਮਾਹੌਲ ਗੰਭੀਰ ਹੋ ਗਿਆ। ਚਿਹਰਿਆਂ ਦੇ ਰੰਗ ਬਦਲ ਗਏ। ਗਾਂਧੀ ਨੂੰ ਬੇਚੈਨੀ ਜਿਹੀ ਹੋਣ ਲੱਗੀ। ਉਹ ਡਾਕਟਰ ਅੰਬੇਡਕਰ ਦੀ ਗੱਲ ਨੂੰ ਕੋਈ ਹੋਰ ਮੋੜ ਦੇਣਾ ਚਾਹੁੰਦਾ ਸੀ। ਉਧਰ ਅੰਬੇਡਕਰ ਨੇ ਉਸ ਇੱਕ ਵਿਸ਼ੇਸ਼ ਪ੍ਰਸ਼ਨ ਪੁੱਛ ਲਿਆ ਜਿਹੜਾ ਕਿ ਇਸ ਮੁਲਾਕਾਤ ਦਾ ਮੂਲ ਮੁੱਦਾ ਸੀ।
ਅੰਬੇਡਕਰ – ਇਹ ਸਭ ਨੂੰ ਪਤਾ ਹੈ ਕਿ ਮੁਸਲਮਾਨ ਅਤੇ ਸਿੱਖ ਦੋਵੇਂ ਹੀ ਅਛੂਤਾਂ ਨਾਲੋਂ ਸਮਾਜਕ, ਰਾਜਸੀ ਅਤੇ ਆਰਥਿਕ ਤੌਰ ’ਤੇ ਵਧੇਰੇ ਸੰਪੰਨ ਹਨ। ਗੋਲਮੇਜ਼ ਕਾਨਫ਼ਰੰਸ ਦੇ ਪਹਿਲੇ ਗੇੜ ਵਿੱਚ ਮੁਸਲਮਾਨਾਂ ਦੀਆਂ ਮੰਗਾਂ ਨੂੰ ਹੀ ਵਿਚਾਰਿਆ ਗਿਆ ਅਤੇ ਉਹਨਾਂ ਵਾਸਤੇ ਰਾਜਸੀ ਸੁਰੱਖਿਆ ਦੀਆਂ ਸਿਫ਼ਾਰਿਸ਼ਾਂ ਕੀਤੀਆਂ ਗਈਆਂ। ਕਾਂਗਰਸ ਉਨ੍ਹਾਂ ਦੀਆਂ ਮੰਗਾਂ ਨਾਲ ਸਹਿਮਤ ਹੈ। ਪਹਿਲੇ ਗੇੜ ਵਿੱਚ ਹੀ ਦਲਿਤ ਸ਼੍ਰੇਣੀਆਂ ਦੀਆਂ ਰਾਜਸੀ ਅਧਿਕਾਰਾਂ ਵਾਲੀਆਂ ਮੰਗਾਂ ਮੰਨ ਕੇ ਢੁੱਕਵੀਂ ਪ੍ਰਤੀਨਿਧਤਾ ਅਤੇ ਰਾਜਸੀ ਸੁਰੱਖਿਆ ਦੀਆਂ ਸਿਫ਼ਾਰਿਸ਼ਾਂ ਕੀਤੀਆਂ ਗਈਆਂ। ਸਾਡੇ ਅਨੁਸਾਰ ਤਾਂ ਇਹ ਦਲਿਤ ਸ਼੍ਰੇਣੀਆਂ ਲਈ ਲਾਹੇਵੰਦ ਗੱਲ ਹੈ। ਤੁਹਾਡਾ ਕੀ ਵਿਚਾਰ ਹੈ?
ਗਾਂਧੀ – ਮੈਂ ਹਿੰਦੂਆਂ ਤੋਂ ਅਛੂਤਾਂ ਨੂੰ ਰਾਜਸੀ ਤੌਰ ਤੇ ਵੱਖ ਕਰਨ ਦੇ ਵਿਰੁੱਧ ਹਾਂ। ਇਹ ਤਾਂ ਉੱਕਾ ਹੀ ਆਤਮਘਾਤ ਕਰਨ ਵਾਲੀ ਗੱਲ ਹੈ।
ਅੰਬੇਡਕਰ (ਉਠਦੇ ਹੋਏ) ਮੈਂ ਤੁਹਾਡੀ ਬੇਬਾਕੀ ਲਈ ਧੰਨਵਾਦੀ ਹਾਂ। ਇਹ ਚੰਗਾ ਹੋਇਆ ਹੈ ਕਿ ਸਾਨੂੰ ਪਤਾ ਲੱਗ ਗਿਆ ਹੈ ਕਿ ਅਸੀਂ ਇਸ ਪੱਖੋਂ ਕਿਥੇ ਖੜੇ ਹਾਂ। ਮੈਂ ਹੁਣ ਛੁੱਟੀ ਲੈਂਦਾ ਹਾਂ। ਡਾਕਟਰ ਅੰਬੇਡਕਰ ਕਮਰੇ ਤੋਂ ਬਾਹਰ ਆ ਗਿਆ। ਉਨ੍ਹਾਂ ਦਾ ਚਿਹਰਾ ਗੁੱਸੇ ਨਾਲ ਲਾਲ ਸੁਰਖ ਹੋਇਆ ਪਿਆ ਸੀ। ਉਹ ਸਾਰੀ ਤਾਕਤ ਨਾਲ ਆਪਣੇ ਲੋਕਾਂ ਦੇ ਹੱਕਾਂ ਦੀ ਪ੍ਰਾਪਤੀ ਲਈ ਲੜਨਾ ਚਾਹੁੰਦੇ ਸੀ।

ਗੋਲ ਮੇਜ਼ ਕਾਨਫ਼ਰੰਸਾਂ (1930–32) ਦੌਰਾਨ ਡਾਕਟਰ ਅੰਬੇਡਕਰ ਨੇ ‘ਅਛੂਤਾਂ ਲਈ ਵੱਖਰੀ ਚੋਣ ਪ੍ਰਣਾਲੀ’ (ਸ਼ੲਪੳਰੳਟੲ ਓਲੲਚਟੋਰੳਟੲਸ) ਦੀ ਮੰਗ ਕੀਤੀ ਤਾਂ ਜੋ ਉਹ ਆਪਣੇ ਸੱਚੇ ਨੇਤਾ ਚੁਣ ਸਕਣ। ਇਸ ਦੇ ਉਲਟ ਗਾਂਧੀ ਜੀ ਨੇ ਇਸਦਾ ਵਿਰੋਧ ਕਰਦੇ ਸਨ। ਇਸੇ ਤਰ੍ਹਾਂ ਬ੍ਰਿਟਿਸ਼ ਸਰਕਾਰ ਵੱਲੋਂ 1932 ਵਿੱਚ ਸੁਣਾਏ ‘ਕਮਿਊਨਲ ਐਵਾਰਡ’ (ਫ਼ਿਰਕੁ ਫ਼ੈਸਲੇ) ਮੌਕੇ ਮਹਾਤਮਾ ਗਾਂਧੀ ਜੀ ਨੇ ਮਰਨ ਵਰਤ ਰੱਖਿਆ। ‘ਕਮਿਊਨਲ ਐਵਾਰਡ’ ਅਨੁਸਾਰ ਵੱਖਰੇ-ਵੱਖਰੇ ਰਾਜਾਂ ਵਿੱਚ ਅਛੂਤਾਂ ਵਾਸਤੇ 71 ਸੀਟਾਂ ਵਿਧਾਨ ਸਭਾ ਰਾਖਵੀਆਂ ਰੱਖੀਆਂ ਗਈਆਂ। ਮੁਸਲਮਾਨ, ਸਿੱਖ ਇਸਾਈਆਂ ਵਾਂਗ ਦਲਿਤਾਂ ਨੂੰ ਵੀ ਘੱਟ ਗਿਣਤੀ ਮੰਨਦੇ ਹੋਏ, ਅਲੱਗ ਪ੍ਰਤੀਨਿਧੀ ਚੁਣਨ ਦਾ ਅਧਿਕਾਰ ਦੇ ਦਿੱਤਾ ਗਿਆ। ਗਾਂਧੀ ਜੀ ਨੇ ਵੀ ਅਛੂਤਾਂ ਲਈ ਇੱਕ ਵੱਖਰੇ ਚੋਣ ਹਲਕੇ ਦਾ ਜ਼ੋਰਦਾਰ ਵਿਰੋਧ ਕੀਤਾ। ਉਨ੍ਹਾਂ ਨੂੰ ਡਰ ਸੀ ਕਿ ਅਜਿਹੀ ਵਿਵਸਥਾ ਹਿੰਦੂ ਭਾਈਚਾਰੇ ਨੂੰ ਵੰਡ ਦੇਵੇਗੀ। ਇਸ ਲਈ ਗਾਂਧੀ ਜੀ ਨੇ ਕਿਹਾ ਕਿ ਸਰਕਾਰ ਆਪਣੇ ਫ਼ੈਸਲੇ ਵਿੱਚ ਤਰਮੀਮ ਕਰੇ ਅਤੇ ਦਲਿਤਾਂ ਦੇ ਵੱਖਰੇ ਅਧਿਕਾਰ ਵਾਪਸ ਲਵੇ।

ਇਸ ਮੌਕੇ ’ਤੇ ਡਾਕਟਰ ਅੰਬੇਡਕਰ ਨੇ ਇੱਕ ਬਿਆਨ ਜਾਰੀ ਕਰਦਿਆ ਕਿਹਾ, “ਜੇਕਰ ਗਾਂਧੀ ਜੀ ਭਾਰਤ ਦੀ ਆਜ਼ਾਦੀ ਵਾਸਤੇ ਮਰਨ ਵਰਤ ਰੱਖਦੇ ਤਾਂ ਉਹ ਹੱਕੀ ਸੀ ਪਰ ਇਹ ਇੱਕ ਦੁਖਦਾਈ ਹੈਰਾਨੀ ਹੈ ਕਿ ਗਾਂਧੀ ਜੀ ਨੇ ਇੱਕਲੇ ਅਛੂਤਾਂ ਨੂੰ ਹੀ ਆਪਣੇ ਵਿਰੋਧ ਲਈ ਚੁਣਿਆ ਹੈ। ‘ਫ਼ਿਰਕੂ ਫ਼ੈਸਲੇ’ ਰਾਹੀਂ ਭਾਰਤੀ ਇਸਾਈਆਂ, ਮੁਸਲਮਾਨਾਂ, ਸਿੱਖਾਂ, ਯੋਰਪੀ ਅਤੇ ਐਂਗਲੋ ਇੰਡੀਅਨ ਲੋਕਾਂ ਨੂੰ ਵੀ ਵੱਖਰੇ ਚੋਣ ਖੇਤਰਾਂ ਦੇ ਅਧਿਕਾਰ ਦਿੱਤੇ ਗਏ ਸਨ ਪਰ ਗਾਂਧੀ ਜੀ ਨੇ ਉਨ੍ਹਾਂ ਬਾਰੇ ਇਤਰਾਜ਼ ਨਹੀਂ ਕੀਤਾ”। ਆਪਣਾ ਬਿਆਨ ਸਮਾਪਤ ਕਰਦਿਆਂ ਡਾਕਟਰ ਅੰਬੇਡਕਰ ਨੇ ਕਿਹਾ, “ਮਹਾਤਮਾ ਗਾਂਧੀ ਕੋਈ ਅਮਰ ਨਹੀਂ ਹਨ ਨਾ ਹੀ ਕਾਂਗਰਸ ਸਦੀਵੀ ਹੈ। ਭਾਰਤ ਵਿੱਚ ਅਜਿਹੇ ਅਨੇਕਾਂ ਮਹਾਤਮਾ ਹੋਏ ਹਨ ਜਿਨ੍ਹਾਂ ਦਾ ਇੱਕੋ ਇੱਕ ਉਦੇਸ਼ ਸੀ ਛੂਆ-ਛਾਤ ਖ਼ਤਮ ਕਰਨਾ, ਅਛੂਤਾਂ ਦਾ ਸੁਧਾਰ ਤੇ ਅਛੂਤਾਂ ਨੂੰ ਸਮਾਜ ਵਿੱਚ ਲੀਨ ਕਰਨਾ, ਪਰ ਉਹ ਸਾਰੇ ਆਪਣੇ ਯਤਨਾਂ ਵਿੱਚ ਅਸਫ਼ਲ ਰਹੇ ਹਨ, ਅਨੇਕਾਂ ਮਹਾਤਮਾ ਆਏ, ਅਨੇਕਾ ਚਲੇ ਗਏ ਪਰ ਅਛੂਤ, ਅਛੂਤ ਹੀ ਰਹੇ।”
ਡਾਕਟਰ ਅੰਬੇਡਕਰ ਨੇ 26 ਫਰਵਰੀ 1955 ਨੂੰ ਬੀ. ਬੀ. ਸੀ. ਰੇਡੀਓ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਵੀ ਗਾਂਧੀ ਨਾਲ ਆਪਣੇ ਸਿਧਾਂਤਕ ਮੱਤਭੇਦਾਂ ਬਾਰੇ ਗੱਲਬਾਤ ਕੀਤੀ ਸੀ। ਇਹ ਰਿਪੋਰਟ ਪਹਿਲੀ ਵਾਰ ਸਾਲ 2018 ਵਿੱਚ ਛਪੀ ਸੀ। ਇਸ ਰਿਪੋਰਟ ਦੇ ਕੁੱਝ ਅੰਸ ਪੇਸ਼ ਹਨ।

ਜਦੋਂ ਅੰਬੇਡਕਰ ਨੂੰ ਸਵਾਲ ਕੀਤਾ ਗਿਆ ਕਿ ਤੁਸੀਂ ਮਹਾਤਮਾ ਗਾਂਧੀ ਬਾਰੇ ਕੀ ਸਿੱਟਾ ਕੱਢਦੇ ਹੋ? ਤਾਂ ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਦੇ ਕਰੀਬੀਆਂ ਤੋਂ ਵੱਧ ਉਨ੍ਹਾਂ ਨੂੰ ਜਾਣਦਾ ਹਾਂ। ਮੈਂ ਬਾਕੀ ਦੁਨੀਆਂ ਦੀ ਗਾਂਧੀ ਬਾਰੇ ਦਿਲਚਸਪੀ ਦੇਖ ਕੇ ਹੈਰਾਨ ਹੁੰਦਾ ਹਾਂ ਕਿਉਂਕਿ ਮੇਰੇ ਮੁਤਾਬਿਕ ਉਹ ਭਾਰਤੀ ਇਤਿਹਾਸ ਦਾ ਇੱਕ ਅਧਿਆਇ ਹਨ। ਉਹ ਕਦੇ ਵੀ ਅਜਿਹੀ ਸ਼ਖਸ਼ੀਅਤ ਨਹੀਂ ਰਹੇ ਜਿਨ੍ਹਾਂ ਨੇ ਭਵਿੱਖ ਦੀਆਂ ਪੀੜ੍ਹੀਆਂ ਦੀ ਸੋਚ ਉੱਤੇ ਅਸਰ ਪਾਇਆ ਹੋਵੇ। ਗਾਂਧੀ ਦੇਸ਼ ਦੀ ਯਾਦ ਤੋਂ ਗਾਇਬ ਹੋ ਚੁੱਕੇ ਹਨ। ਉਨ੍ਹਾਂ ਦੀ ਯਾਦ ਕੱੁਝ ਹੱਦ ਤੱਕ ਇਸ ਲਈ ਵੀ ਸਾਂਭੀ ਹੋਈ ਹੈ ਕਿਉਂਕਿ ਕਾਂਗਰਸ ਪਾਰਟੀ ਹਰ ਸਾਲ ਉਨ੍ਹਾਂ ਦੇ ਜਨਮ ਦਿਨ ਜਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਕਿਸੇ ਦਿਨ ਲਈ ਛੁੱਟੀ ਦਾ ਐਲਾਨ ਕਰਦੀ ਹੈ। ਉਨ੍ਹਾਂ ਦੀ ਯਾਦ ਵਿੱਚ 7-7 ਦਿਨਾਂ ਤੱਕ ਸਮਾਗਮ ਕੀਤੇ ਜਾਂਦੇ ਹਨ। ਜੇ ਤੁਸੀਂ ਇੱਕ ਹਫ਼ਤੇ ਤੱਕ ਉਨ੍ਹਾਂ ਦੀ ਗੱਲ ਕਰੋਗੇ ਤਾਂ ਕੁਦਰਤੀ ਹੈ ਕਿ ਉਨ੍ਹਾਂ ਦੀ ਯਾਦ ਤਾਂ ਤਾਜ਼ਾ ਹੋਵੇਗੀ। ਪਰ ਜੇ ਅਜਿਹੀਆਂ ਕੋਸ਼ਿਸ਼ਾਂ ਨਾ ਕੀਤੀਆਂ ਜਾਂਦੀਆਂ ਤਾਂ ਉਨ੍ਹਾਂ ਦੀ ਯਾਦ ਕਾਫ਼ੀ ਸਮਾਂ ਪਹਿਲਾਂ ਹੀ ਵਿਸਰ ਜਾਂਦੀ।

ਇੰਟਰਵਿਊ ਦੌਰਾਨ ਜਦੋਂ ਅੰਬੇਡਕਰ ਨੂੰ ਸਵਾਲ ਪੁੱਛਿਆ ਗਿਆ ਕਿ, ਕੀ ਤੁਹਾਨੂੰ ਨਹੀਂ ਲਗਦਾ ਕਿ ਉਨ੍ਹਾਂ ਨੇ ਸਿਧਾਂਤਕ ਬਦਲਾਅ ਕੀਤਾ ਹੈ? ਤਾਂ ਉਨ੍ਹਾ ਜਵਾਬ ਦਿੱਤਾ: ਬਿਲਕੁੱਲ ਨਹੀਂ…ਉਹ ਹਮੇਸ਼ਾ ਦੋਗਲਾ ਰਵੱਈਆ ਅਪਣਾਉਂਦੇ ਸਨ। ਇਸ ਦਾ ਉਦਾਹਰਨ ਤੁਹਾਨੂੰ ਉਨ੍ਹਾਂ ਵੱਲੋਂ ਛਾਪੇ ਜਾਂਦੇ ਦੋ ਅਖ਼ਬਾਰਾਂ ਤੋਂ ਮਿਲਦਾ ਹੈ। ਅੰਗਰੇਜ਼ੀ ਵਿੱਚ ਨੌਜਵਾਨਾਂ ਲਈ ਉਹ ‘ਹਰੀਜਨ’ ਅਖ਼ਬਾਰ ਚਲਾਉਂਦੇ ਸਨ ਤੇ ਗੁਜਰਾਤੀ ਵਿੱਚ ਉਹ ‘ਦੀਨ ਬੰਧੂ’ ਅਖ਼ਬਾਰ ਚਲਾਇਆ ਕਰਦੇ ਸਨ। ਜੇ ਤੁਸੀਂ ਦੋਵੇਂ ਭਾਸ਼ਾਵਾਂ ਦੇ ਅਖ਼ਬਾਰ ਪੜ੍ਹੋ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਗਾਂਧੀ ਕਿਵੇਂ ਲੋਕਾਂ ਨੂੰ ਮੂਰਖ ਬਣਾ ਰਹੇ ਸਨ। ਅੰਗਰੇਜ਼ੀ ਅਖ਼ਬਾਰ ਵਿੱਚ ਉਹ ਜਾਤੀਵਾਦ ਤੇ ਛੂਤਛਾਤ ਦੇ ਵਿਰੋਧੀ ਵਜੋਂ ਖੁਦ ਨੂੰ ਪੇਸ਼ ਕਰਦੇ ਸਨ। ਪਰ ਜੇ ਤੁਸੀਂ ਗੁਜਰਾਤੀ ਮੈਗਜ਼ੀਨ ਪੜ੍ਹੋ ਤਾਂ ਉਹ ਤੁਹਾਨੂੰ ਜਾਤੀਵਾਦ ਤੇ ਵਰਣਵਾਦ ਦੇ ਹਮਾਇਤੀ ਵਜੋਂ ਨਜ਼ਰ ਆਉਣਗੇ ਜਾਂ ਤੁਹਾਨੂੰ ਲੱਗੇਗਾ ਕਿ ਉਹ ਉਸ ਕੱਟੜਵਾਦੀ ਧਾਰਮਿਕ ਸੋਚ ਦੇ ਮਾਲਿਕ ਹਨ ਜਿਸ ਨੇ ਭਾਰਤ ਨੂੰ ਸਦੀਆਂ ਤੱਕ ਜਕੜਿਆ ਹੋਇਆ ਹੈ। ਪੱਛਮੀ ਦੇਸ ਕੇਵਲ ਅੰਗਰੇਜ਼ੀ ਅਖ਼ਬਾਰ ਪੜ੍ਹਦੇ ਹਨ ਜਿੱਥੇ ਗਾਂਧੀ ਪੱਛਮ ਦੇਸਾਂ ਦੇ ਲੋਕਾਂ ਨੂੰ ਖੁਸ਼ ਕਰਨ ਲਈ ਲੋਕਤੰਤਰ ਅਤੇ ਲੋਕਤੰਤਰਿਕ ਕੀਮਤਾਂ ਦੀ ਹਮਾਇਤ ਕਰਦੇ ਨਜ਼ਰ ਆਉਂਦੇ ਹਨ।
ਸਵਾਲ: ਤੁਸੀਂ ਕਹਿਣਾ ਚਾਹੁੰਦੇ ਹੋ ਕਿ ਗਾਂਧੀ ਕੱਟੜਵਾਦੀ ਹਿੰਦੂ ਸਨ?
ਜਵਾਬ: ਬਿਲਕੁੱਲ, ਗਾਂਧੀ ਕੱਟੜਵਾਦੀ ਹਿੰਦੂ ਸਨ। ਉਹ ਕਦੇ ਵੀ ਇੱਕ ਸੁਧਾਰਕ ਨਹੀਂ ਰਹੇ। ਛੂਤ-ਛਾਤ ਬਾਰੇ ਉਨ੍ਹਾਂ ਦੀਆਂ ਗੱਲਾਂ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਕਾਂਗਰਸ ਵੱਲ ਲਿਆਉਣ ਲਈ ਕੀਤੀਆਂ ਜਾਂਦੀਆਂ ਸਨ। ਉਹ ਚਾਹੁੰਦੇ ਸਨ ਕਿ ਅਨੁਸੂਚਿਤ ਜਾਤੀ ਦੇ ਲੋਕ ਉਨ੍ਹਾਂ ਦੇ ਸਵਰਾਜ ਦੇ ਮਿਸ਼ਨ ਦੀ ਰੁਕਾਵਟ ਨਾ ਬਣਨ। ਮੈਨੂੰ ਨਹੀਂ ਲਗਦਾ ਕਿ ਇਸ ਤੋਂ ਬਿਨਾਂ ਗਾਂਧੀ ਦਾ ਹੋਰ ਕੋਈ ਮਕਸਦ ਸੀ ਜਿਸ ਲਈ ਉਹ ਅਨੁਸੂਚਿਤ ਜਾਤੀ ਦੇ ਲੋਕਾਂ ਬਾਰੇ ਗੱਲ ਕਰਦੇ ਸਨ।

ਅੰਬੇਡਕਰ ਗਾਂਧੀ ਨੂੰ ਕਿਉਂ ਨਹੀਂ ਕਹਿੰਦੇ ਸੀ ਮਹਾਤਮਾ?
ਮੈਂ ਉਨ੍ਹਾਂ ਨੂੰ ਚਿੱਠੀਆਂ ਵੀ ਲਿਖੀਆਂ ਸਨ। ਇਸ ਸਿਸਟਮ ਨਾਲ ਕੋਈ ਸਮੱਸਿਆ ਵੀ ਨਹੀਂ ਆਉਣੀ ਸੀ। ਮੈਕਡੌਨਲਡ ਵੱਲੋਂ ਸਾਨੂੰ ਵੱਖਰਾ ਇਲੈਕਟਰੋਰੇਟ ਅਤੇ ਵੱਖਰਾ ਵੋਟ ਦੇ ਦਿੱਤਾ ਗਿਆ ਸੀ। ਪਰ ਗਾਂਧੀ ਨਹੀਂ ਚਾਹੁੰਦੇ ਸਨ ਕਿ ਅਸੀਂ ਆਪਣੇ ਸੱਚੇ ਨੁਮਾਇੰਦੇ ਚੁਣ ਕੇ ਭੇਜ ਸਕੀਏ।
ਸਵਾਲ: ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਉਹ ਸਿਆਸਤਦਾਨ ਵੱਧ ਸਨ?
ਜਵਾਬ: ਸਿਆਸਤਦਾਨ ਵਜੋਂ ਉਹ ਕਦੇ ਵੀ ਮਹਾਤਮਾ ਨਹੀਂ ਸਨ। ਮੈਂ ਉਨ੍ਹਾਂ ਨੂੰ ਮਹਾਤਮਾ ਨਹੀਂ ਕਹਿੰਦਾ ਸੀ। ਉਹ ਇਸ ਸਨਮਾਨ ਦੇ ਲਾਇਕ ਹੀ ਨਹੀਂ ਸਨ। ਨੈਤਿਕਤਾ ਦੇ ਲਿਹਾਜ਼ ਨਾਲ ਵੀ ਨਹੀਂ।
ਮਾਰਕਸਵਾਦੀ ਵਿਚਾਰਧਾਰਾ ਦੀ ਸਮੱਰਥਕ ਉੱਘੀ ਲੇਖਿਕਾ ਰੰਗਨਾਇਕੰਮਾ ਅਨਸਾਰ, “ਛੂਆ-ਛੂਤ ਦੇ ਸਵਾਲ ’ਤੇ ਅੰਬੇਡਕਰ ਨੇ ਕਾਂਗਰਸ ਅਤੇ ਗਾਂਧੀ ਨੂੰ ਹੱਦ ਤੋਂ ਵੱਧ ਤੱਕ ਨੰਗਾ ਕਰ ਦਿੱਤਾ। ਜੇਕਰ ਅੰਬੇਡਕਰ ਨੇ ਉਹਨਾਂ ਨੂੰ ਨੰਗਾ ਨਾ ਕੀਤਾ ਹੁੰਦਾ ਤਾਂ ਸਾਰੇ ਲੋਕ ਹੁਣ ਤੱਕ ਵੀ ਇਹੀ ਸਮਝਦੇ ਰਹਿੰਦੇ ਕਿ ਗਾਂਧੀ ਨੂੰ ਛੁਆ-ਛੂਤ ਦੀ ਬਹੁਤ ਚਿੰਤਾ ਸੀ। ਹੁਣ ਘੱਟ ਤੋਂ ਘੱਟ ਕੱੁਝ ਲੋਕ ਤਾਂ ਗਾਂਧੀ ਦੀ ਸੱਚਾਈ ਜਾਣ ਚੁੱਕੇ ਸਨ।”

ਉਪਰੋਕਤ ਹਵਾਲਿਆਂ ਤੋਂ ਸਾਫ਼ ਝਲਕਦਾ ਹੈ ਕਿ ਅੰਬੇਡਕਰ ਅਤੇ ਮਹਤਮਾ ਗਾਂਧੀ ਜੀ ਵਿਚਕਾਰ ਸਿਧਾਂਤਕ ਮੱਤਭੇਦ ਸਨ। ਦੋਵੇਂ ਸ਼ਖ਼ਸੀਅਤਾਂ ਆਪਸੀ ਵਿਚਾਰਕ ਮੱਤਭੇਦ ਦੂਰ ਨਹੀਂ ਕਰ ਸਕੀਆਂ। ਦੱਬੇ-ਕੁੱਚਲੇ ਵਰਗ ਦੇ ਲੋਕਾਂ ਲਈ ਗਾਂਧੀ ਜੀ ਦੇ ਪਿਆਰ ਅਤੇ ਉਨ੍ਹਾਂ ਦੇ ਦਾਅਵਿਆਂ ਨੂੰ ਡਾ. ਅੰਬੇਡਕਰ ਜੋੜ-ਤੋੜ ਦੀ ਰਣਨੀਤੀ ਮੰਨਦੇ ਸਨ। ਡਾਕਟਰ ਭੀਮਰਾਓ ਅੰਬੇਡਕਰ ਅਤੇ ਮਹਾਤਮਾ ਗਾਂਧੀ ਦੇ ਆਪਸੀ ਸੰਬੰਧਾਂ ਨੂੰ ਸਿਰਫ਼ ਵਿਰੋਧ ਕਰਕੇ ਨਹੀਂ ਦੇਖਿਆ ਜਾ ਸਕਦਾ, ਬਲਕਿ ਇਹ ਵਿਚਾਰਧਾਰਕ ਮੱਤਭੇਦ ਸਨ। ਦੋਹਾਂ ਨੇ ਭਾਰਤ ਦੀ ਆਜ਼ਾਦੀ ਅਤੇ ਸਮਾਜਿਕ ਨਿਆਂ ਲਈ ਬਹੁਤ ਕੰਮ ਕੀਤਾ, ਪਰ ਦੋਹਾਂ ਦੇ ਰਸਤੇ ਵੱਖਰੇ ਸਨ।

ਪ੍ਰੋ  ਫ਼ੈਸਰ ਮਨਜੀਤ ਤਿਆਗੀ

ਲੇਖਕ :
ਪ੍ਰੋਫ਼ੈਸਰ ਮਨਜੀਤ ਤਿਆਗੀ ‘ਸਟੇਟ ਐਵਾਰਡੀ’
ਮਾਲੇਰਕੋਟਲਾ/ਅੰਮ੍ਰਿਤਸਰ ਫ਼ੋਨ: 9814096108
ਸੰਸਥਾਪਕ ਤੇ ਮੁੱਖ ਬੁਲਾਰਾ: ਮਿਸ਼ਨ ‘ਜ਼ਿੰਦਗੀ ਖ਼ੂਬਸੂਰਤ ਹੈ’

Previous articleThe Tragedy of Ryan Al Najjar
Next articleNationwide Movement Against  instructs Four Central Labour Codes: An Analysis